ਸਾਂਝੀਵਾਲਤਾ ਦਾ ਤਿਓਹਾਰ ਲੋਹੜੀ
ਡਾ. ਇਕਬਾਲ ਸਿੰਘ ਸਕਰੌਦੀ
ਲੋਹੜੀ ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਕਸ਼ਮੀਰ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾਣ ਵਾਲਾ ਸਰਬ ਸਾਂਝਾ ਤਿਓਹਾਰ ਹੈ। ਇਹ ਤਿਓਹਾਰ ਖੇਤੀਬਾੜੀ ਅਤੇ ਫ਼ਸਲਾਂ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੋਣ ਕਰਕੇ ਪੁਰਾਤਨ ਸਮੇਂ ਤੋਂ ਹੀ ਇਸ ਦੀ ਬਹੁਤ ਜ਼ਿਆਦਾ ਮਹੱਤਤਾ ਬਣੀ ਹੋਈ ਹੈ। ਪਹਿਲਾਂ ਜ਼ਮੀਨਾਂ ਬਟਾਈ ਉੱਤੇ ਵਾਹੁਣ ਜਾਂ ਚਕੋਤੇ ’ਤੇ ਚੁੱਕਣ ਅਤੇ ਉਧਾਰ ਲੈਣ-ਦੇਣ ਦੇ ਵਹੀ ਖ਼ਾਤੇ ਲਈ ਸਾਲ ਵਿਚ ਲੋਹੜੀ ਅਤੇ ਨਿਮਾਣੀ ਦੋ ਖ਼ਾਸ ਦਿਨ ਮੰਨੇ ਜਾਂਦੇ ਸਨ ਯਾਨੀ ਪਹਿਲਾਂ ਪਿੰਡ ਦੇ ਲੋਕਾਂ ਦਾ ਆਰਥਿਕ ਵਰ੍ਹਾ ਲੋਹੜੀ ਤੋਂ ਹੀ ਆਰੰਭ ਹੁੰਦਾ ਸੀ।
ਪਹਿਲਾਂ ਬਹੁਤੀਆਂ ਫ਼ਸਲਾਂ ਮੀਂਹ ਦੇ ਪਾਣੀ ’ਤੇ ਨਿਰਭਰ ਕਰਦੀਆਂ ਸਨ। ਉਦੋਂ ਮੋਠ ਅਤੇ ਬਾਜਰੇ ਦੀ ਫ਼ਸਲ ਵਧੇਰੇ ਉਗਾਈ ਜਾਂਦੀ ਸੀ ਕਿਉਂਕਿ ਇਨ੍ਹਾਂ ਫ਼ਸਲਾਂ ਨੂੰ ਵਧੇਰੇ ਸਿੰਚਾਈ ਕਰਨ ਦੀ ਲੋੜ ਨਹੀਂ ਸੀ। ਮੋਠ ਤੇ ਬਾਜਰਾ ਆਮ ਹੋਣ ਕਾਰਨ ਇਨ੍ਹਾਂ ਨੂੰ ਮਿਲਾ ਕੇ ਹਾਰੇ ਵਿਚ ਲੋਹੜੀ ਵਾਲੀ ਸ਼ਾਮ ਖਿਚੜੀ ਧਰ ਦਿੱਤੀ ਜਾਂਦੀ ਸੀ। ਉਹ ਹਾਰੇ ਦੀ ਮੱਠੀ-ਮੱਠੀ ਅੱਗ ’ਤੇ ਹੌਲੀ-ਹੌਲੀ ਸਾਰੀ ਰਾਤ ਰਿੱਝਦੀ ਰਹਿੰਦੀ ਸੀ। ਅਗਲੇ ਦਿਨ ਸਵੇਰ ਤੱਕ ਹਾਰੇ ਵਿਚ ਪਾਥੀਆਂ ਦੀ ਭੁੱਬਲ ਉੱਤੇ ਖਿਚੜੀ ਨਿੱਘੀ ਰਹਿੰਦੀ ਸੀ। ਇਸ ਲਈ ਕਿਹਾ ਜਾਂਦਾ ਸੀ: ਪੋਹ ਰਿੰਨ੍ਹੀ, ਮਾਘ ਖਾਧੀ। ਸਮੇਂ ਦੇ ਬਦਲਣ ਨਾਲ ਪੰਜਾਬ ਵਿਚ ਖਿਚੜੀ ਦੀ ਥਾਂ ਦੁੱਧ ਜਾਂ ਗੰਨੇ ਦੇ ਰਸ ਦੀ ਖੀਰ ਵੀ ਬਣਾਈ ਜਾਣ ਲੱਗੀ।
ਲੋਹੜੀ ਦਾ ਸਬੰਧ ਪੰਜਾਬ ਦੇ ਲੋਕ ਸਾਹਿਤ ਵਿਚ ਦੁੱਲਾ ਭੱਟੀ ਨਾਲ ਵੀ ਜੁੜਿਆ ਹੋਇਆ ਮਿਲਦਾ ਹੈ। ਦੁੱਲਾ ਸਾਂਦਲ ਬਾਰ ਦਾ ਜੰਮਪਲ ਫ਼ਰੀਦ ਖ਼ਾਂ ਦਾ ਪੁੱਤਰ ਅਤੇ ਭੱਟੀ ਰਾਜਪੂਤ ਖ਼ਾਨਦਾਨ ਨਾਲ ਸਬੰਧ ਰੱਖਦਾ ਸੀ। ਉਸ ਦੇ ਪਿਓ-ਦਾਦੇ ਬਹਾਦਰ, ਅਣਖੀਲੇ, ਸੂਰਬੀਰ ਯੋਧੇ ਸਨ। ਉਹ ਮੁਗ਼ਲਾਂ ਵੱਲੋਂ ਜਨ-ਸਧਾਰਨ ਉੱਤੇ ਕੀਤੇ ਜ਼ੁਲਮਾਂ ਕਾਰਨ ਉਨ੍ਹਾਂ ਦੀ ਧੌਂਸ ਨਹੀਂ ਸਨ ਮੰਨਦੇ। ਇਸ ਕਰਕੇ ਉਹ ਮਾਮਲਾ ਵੀ ਨਹੀਂ ਦਿੰਦੇ ਸਨ। ਪੰਜਾਬੀ ਲੋਕ ਕਥਾ ਅਨੁਸਾਰ ਮੁਗ਼ਲ ਬਾਦਸ਼ਾਹ ਅਕਬਰ ਨੇ ਸ਼ਾਹੀ ਫ਼ੌਜਾਂ ਦੇ ਜ਼ੋਰ ਨਾਲ ਦੁੱਲੇ ਭੱਟੀ ਦੇ ਪਿਓ-ਦਾਦੇ ਨੂੰ ਕੈਦ ਕਰਕੇ ਬਾਅਦ ਵਿਚ ਲਾਹੌਰ ਵਿਚ ਉਨ੍ਹਾਂ ਦਾ ਕਤਲ ਕਰਵਾ ਦਿੱਤਾ। ਮੁਗ਼ਲਾਂ ਵੱਲੋਂ ਜਨ-ਸਧਾਰਨ ਵਿਚ ਆਪਣੀ ਸ਼ਕਤੀ ਦੀ ਦਹਿਸ਼ਤ ਪਾਉਣ ਲਈ ਉਨ੍ਹਾਂ ਦੀਆਂ ਖੱਲਾਂ ਵਿਚ ਤੂੜੀ ਭਰਵਾ ਕੇ ਸ਼ਹਿਰ ਦੇ ਮੁੱਖ ਦਰਵਾਜ਼ੇ ਉੱਤੇ ਟੰਗਵਾ ਦਿੱਤੀਆਂ ਸਨ।
ਆਪਣੇ ਪਿਓ-ਦਾਦੇ ਦੇ ਕਤਲ ਦਾ ਬਦਲਾ ਲੈਣ ਦੀ ਅੱਗ ਦੁੱਲਾ ਭੱਟੀ ਦੇ ਸੀਨੇ ਵਿਚ ਸਦਾ ਭੜਕਦੀ ਰਹਿੰਦੀ ਸੀ। ਉਸ ਨੇ ਮੁਗ਼ਲ ਹਕੂਮਤ ਨੂੰ ਸਰਕਾਰੀ ਮਾਮਲਾ ਦੇਣਾ ਬੰਦ ਕਰ ਦਿੱਤਾ ਤੇ ਸ਼ਾਹੀ ਦਰਬਾਰ ਲਈ ਲਿਜਾਏ ਜਾਂਦੇ ਘੋੜਿਆਂ ਅਤੇ ਹੋਰ ਮਹਿੰਗੇ ਤੋਹਫ਼ਿਆਂ ਨੂੰ ਉਹ ਆਪਣੇ ਸਾਥੀਆਂ ਨਾਲ ਰਾਹ ਵਿਚ ਹੀ ਲੁੱਟ ਲੈਂਦਾ ਸੀ। ਲੁੱਟਿਆ ਹੋਇਆ ਧਨ ਦੌਲਤ ਉਹ ਲੋੜਵੰਦਾਂ, ਗ਼ਰੀਬਾਂ, ਕੰਮੀਆਂ ਤੇ ਕਿਰਤੀਆਂ ਵਿਚ ਵੰਡ ਦਿੰਦਾ ਸੀ। ਇਸ ਪ੍ਰਕਾਰ ਸ਼ਾਹੀ ਫ਼ੌਜਾਂ ਦਾ ਬਾਗੀ ਜਨ ਸਧਾਰਨ ਲਈ ‘ਲੋਕ ਨਾਇਕ’ ਬਣ ਗਿਆ। ਦੁੱਲਾ ਭੱਟੀ ਦੇ ਜੀਵਨ ਨਾਲ ਸਬੰਧਿਤ ਪਰਉਪਕਾਰ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਪੰਜਾਬੀ ਲੋਕ ਸਾਹਿਤ ਵਿਚ ਮਿਲਦਾ ਹੈ। ਇਕ ਕਥਾ ਅਨੁਸਾਰ ਇਕ ਗ਼ਰੀਬ ਪੰਡਿਤ ਦੀਆਂ ਸੁੰਦਰੀ ਅਤੇ ਮੁੰਦਰੀ ਨਾਂ ਦੀਆਂ ਦੋ ਬਹੁਤ ਖ਼ੂਬਸੂਰਤ ਧੀਆਂ ਸਨ। ਧੀਆਂ ਦੇ ਜੁਆਨ ਹੋਣ ’ਤੇ ਪਿਤਾ ਨੇ ਇਕੋ ਘਰ ਦੇ ਦੋ ਜੁਆਨ ਮੁੰਡੇ ਵੇਖ ਕੇ ਉਨ੍ਹਾਂ ਨਾਲ ਰਿਸ਼ਤਾ ਕਰ ਦਿੱਤਾ। ਜਦੋਂ ਮੁਗ਼ਲ ਸਰਦਾਰ ਨੂੰ ਪੰਡਿਤ ਦੀਆਂ ਸੋਹਣੀਆਂ ਧੀਆਂ ਦੀ ਭਿਣਕ ਪਈ ਤਾਂ ਉਸ ਨੇ ਦੋਵੇਂ ਕੁੜੀਆਂ ਨੂੰ ਉਧਾਲ ਕੇ ਲਿਜਾਣ ਦੀ ਯੋਜਨਾ ਬਣਾ ਲਈ। ਕਿਸੇ ਤਰ੍ਹਾਂ ਕੁੜੀਆਂ ਦੇ ਪਿਓ ਨੂੰ ਵੀ ਪਤਾ ਲੱਗ ਗਿਆ। ਉਸ ਨੇ ਕੁੜੀ ਦੇ ਸਹੁਰਿਆਂ ਦੇ ਘਰ ਸੁਨੇਹਾ ਘੱਲ ਦਿੱਤਾ ਕਿ ਅੱਜ ਰਾਤ ਨੂੰ ਦੋਵੇਂ ਕੁੜੀਆਂ ਨੂੰ ਵਿਆਹ ਕੇ ਲੈ ਜਾਵੋ। ਪੰਡਿਤ ਬਹੁਤ ਜ਼ਿਆਦਾ ਗ਼ਰੀਬ ਸੀ। ਇਸ ਲਈ ਉਹ ਮਦਦ ਮੰਗਣ ਲਈ ਪਿੰਡ ਦੇ ਨੇੜਲੇ ਜੰਗਲ ਵਿਚ ਚਲਾ ਗਿਆ, ਜਿੱਥੇ ਦੁੱਲਾ ਭੱਟੀ ਆਪਣੇ ਸਾਥੀਆਂ ਨਾਲ ਰਹਿ ਰਿਹਾ ਸੀ। ਪੰਡਿਤ ਦੀ ਸਾਰੀ ਗੱਲ ਸੁਣਨ ਉਪਰੰਤ ਦੁੱਲੇ ਭੱਟੀ ਨੇ ਉਸ ਪੰਡਿਤ ਦੇ ਘਰ ਪੁੱਜ ਕੇ ਸੁੰਦਰੀ ਅਤੇ ਮੁੰਦਰੀ ਦੋਵਾਂ ਕੁੜੀਆਂ ਦੇ ਵਿਆਹ ਆਪ ਕੀਤੇ। ਕੁੜੀਆਂ ਦੀ ਝੋਲੀ ਵਿਚ ਸ਼ੱਕਰ ਪਾ ਕੇ ਉਨ੍ਹਾਂ ਨੂੰ ਵਿਦਾ ਕੀਤਾ। ਇਸ ਘਟਨਾ ਤੋਂ ਬਾਅਦ ਦੁੱਲਾ ਭੱਟੀ ਸਾਰੇ ਪੰਜਾਬੀਆਂ ਵਿਚ ਇੰਨਾ ਜ਼ਿਆਦਾ ਹਰਮਨਪਿਆਰਾ ਹੋ ਗਿਆ ਕਿ ਲੋਕਾਂ ਨੇ ਉਹਦੇ ਨਾਂ ਨਾਲ ਜੋੜ ਕੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ:
ਸੁੰਦਰ ਮੁੰਦਰੀਏ, ਹੋ!/ ਤੇਰਾ ਕੌਣ ਵਿਚਾਰਾ, ਹੋ!
ਦੁੱਲਾ ਭੱਟੀ ਵਾਲਾ, ਹੋ!/ ਦੁੱਲੇ ਧੀ ਵਿਆਹੀ, ਹੋ!
ਇਹ ਵੀ ਇਕ ਰਵਾਇਤ ਚੱਲਦੀ ਆ ਰਹੀ ਹੈ ਕਿ ਸ਼ਗਨਾਂ ਵਜੋਂ ਲੋਹੜੀ ਦੇ ਤਿਓਹਾਰ ਉੱਤੇ ਗੰਨਾ ਪੱਟ ਕੇ ਚੂਪਿਆ ਜਾਂਦਾ ਸੀ। ਖ਼ਿਆਲ ਕੀਤਾ ਜਾਂਦਾ ਸੀ ਕਿ ਲੋਹੜੀ ਦੇ ਤਿਓਹਾਰ ਤੱਕ ਗੰਨੇ ਵਿਚ ਪੂਰਾ ਰਸ ਭਰ ਜਾਂਦਾ ਹੈ। ਪਹਿਲਾਂ ਪਹਿਲ ਮੂਲੀ ਵੀ ਲੋਹੜੀ ਵਾਲੇ ਦਿਨ ਪੱਟ ਕੇ ਅਗਲੇ ਦਿਨ ਖਾਧੀ ਜਾਂਦੀ ਸੀ, ਪ੍ਰੰਤੂ ਖੇਤੀਬਾੜੀ ਦੇ ਧੰਦੇ ਵਿਚ ਇਨਕਲਾਬੀ ਤਬਦੀਲੀ ਆਉਣ ਕਾਰਨ ਫ਼ਸਲਾਂ ਹੁਣ ਅਗੇਤੀਆਂ ਹੋ ਗਈਆਂ ਹਨ।
ਪਹਿਲਾਂ ਪਿੰਡਾਂ ਦੇ ਦਰਵਾਜ਼ਿਆਂ ਮੂਹਰੇ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿਚ ਲੋਹੜੀ ਵਾਲੇ ਦਿਨ ਪਾਥੀਆਂ ਅਤੇ ਲੱਕੜਾਂ ਇਕੱਠੀਆਂ ਕਰਕੇ ਧੂਣੀਆਂ ਲਾਈਆਂ ਜਾਂਦੀਆਂ ਸਨ। ਜਿਨ੍ਹਾਂ ਉੱਤੇ ਅੱਧੀ ਰਾਤ ਤੱਕ ਕੁੜੀਆਂ-ਮੁੰਡੇ ਧਮਾਲਾਂ ਪਾ ਪਾ ਨੱਚਦੇ, ਟੱਪਦੇ ਅਤੇ ਗਾਉਂਦੇ ਰਹਿੰਦੇ ਸਨ। ਲੋਹੜੀ ਤੋਂ ਲਗਭਗ ਹਫ਼ਤਾ ਪਹਿਲਾਂ ਛੋਟੇ-ਛੋਟੇ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ, ਜਿਸ ਜਿਸ ਘਰ ਇਸ ਸਾਲ ਮੁੰਡਾ ਹੋਇਆ ਹੁੰਦਾ ਹੈ, ਗੁੜ, ਤਿਲ ਅਤੇ ਖਾਣ ਵਾਲੀਆਂ ਹੋਰ ਵਸਤਾਂ ਤੇ ਬਾਲਣ ਮੰਗਣ ਜਾਂਦੇ ਸਨ। ਬਾਲਾਂ ਦੀਆਂ ਟੋਲੀਆਂ ਨਿੱਕੀਆਂ-ਨਿੱਕੀਆਂ ਤੋਤਲੀਆਂ ਜ਼ੁਬਾਨਾਂ ਨਾਲ ਗੁੜ ਮੰਗਦੀਆਂ ਬਹੁਤ ਪਿਆਰੀਆਂ ਲੱਗਦੀਆਂ:
ਤਿਲ ਛੰਡੇ ਛੰਡ ਛੰਡਾਏ, ਗੁੜ ਦੇਹ ਮੁੰਡੇ ਦੀਏ ਮਾਏ।
ਕੋਠੀ ਹੇਠ ਚਾਕੂ, ਗੁੜ ਦੇਊ ਮੁੰਡੇ ਦਾ ਬਾਪੂ।
ਕੋਠੇ ਉੱਤੇ ਕਾਂ, ਗੁੜ ਦੇ ਏ ਮੁੰਡੇ ਦੀ ਮਾਂ।
ਉੱਖਲੀ ’ਚ ਛੱਕੇ, ਤੇਰਾ ਪੁੱਤ ਚੜ੍ਹੇ ਯੱਕੇ।
ਸਾਡੀ ਲੋਹੜੀ ਮਨਾ ਦੇ।
ਜਦੋਂ ਘਰਾਂ ਵਿਚੋਂ ਖਾਣ-ਪੀਣ ਦੇ ਸਾਮਾਨ ਸਮੇਤ ਪਾਥੀਆਂ ਅਤੇ ਲੱਕੜਾਂ ਇਕ ਥਾਂ ਇਕੱਠੀਆਂ ਕਰ ਲਈਆਂ ਜਾਂਦੀਆਂ, ਤਦ ਲੋਹੜੀ ਦਾ ਆਰੰਭ ਕੀਤਾ ਜਾਂਦਾ। ਪਾਥੀਆਂ ਅਤੇ ਲੱਕੜਾਂ ਦੇ ਢੇਰ ਨੂੰ ਇਕ ਸਥਾਨ ’ਤੇ ਇਕੱਠਾ ਕਰਕੇ ਧੂਣੀ ਬਾਲੀ ਜਾਂਦੀ। ਬਲਦੀ ਅੱਗ ਵਿਚ ਤਿਲ ਪਾ ਕੇ ਅਰਦਾਸ ਕੀਤੀ ਜਾਂਦੀ। ਇਕ ਤਰ੍ਹਾਂ ਨਾਲ ਅੱਗ ਦੀ ਪੂਜਾ ਕੀਤੀ ਜਾਂਦੀ ਹੈ। ਅਸੀਂ ਬਲਦੀ ਧੂਣੀ ਵਿਚ ਤਿਲ ਪਾ ਕੇ ਮੱਥਾ ਟੇਕਦੇ ਹਾਂ ਤੇ ਅਰਦਾਸ ਕਰਦੇ ਹਾਂ: ਈਸ਼ਰ ਆ ਦਲਿੱਦਰ ਜਾਹ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।
ਜਿੱਥੇ ਪਹਿਲਾਂ ਲੋਹੜੀ ਨੂੰ ਵਿਸ਼ੇਸ਼ ਤੌਰ ’ਤੇ ਪੁੱਤਰ ਦੀ ਆਮਦ ਉੱਤੇ ਜਾਂ ਨਵਾਂ ਵਿਆਹ ਹੋਣ ਦੀ ਖ਼ੁਸ਼ੀ ਵਿਚ ਹੀ ਵਧੇਰੇ ਚਾਹ, ਉਤਸ਼ਾਹ ਅਤੇ ਉਮਾਹ ਨਾਲ ਮਨਾਇਆ ਜਾਂਦਾ ਸੀ। ਅਜੋਕੇ ਦੌਰ ਵਿਚ ਧੀਆਂ ਦੀ ਲੋਹੜੀ ਵੀ ਓਨੇ ਹੀ ਉਤਸ਼ਾਹ ਨਾਲ ਮਨਾਈ ਜਾਣ ਲੱਗੀ ਹੈ, ਪਰ ਧੀਆਂ ਦੀ ਲੋਹੜੀ ਮਨਾਉਣ ਦੇ ਨਾਲ ਨਾਲ ਸਾਡੀ ਸੋਚ ਵਿਚ ਤਬਦੀਲੀ ਆਉਣੀ ਬਹੁਤ ਜ਼ਰੂਰੀ ਹੈ। ਕੇਵਲ ਲੋਹੜੀ ਮਨਾ ਲੈਣ ਨਾਲ ਸਾਡੀਆਂ ਬੇਟੀਆਂ ਤੇ ਭੈਣਾਂ ਦਾ ਕੁਝ ਸੰਵਰਨ ਵਾਲਾ ਨਹੀਂ ਹੈ। ਸਾਨੂੰ ਸਾਰਿਆਂ ਨੂੰ ਆਪਣੀ ਪੁਰਾਣੀ ਸੋਚ ਤਿਆਗ ਕੇ ਧੀਆਂ ਨੂੰ ਧੁਰ ਅੰਦਰੋਂ ਪੁੱਤਾਂ ਬਰਾਬਰ ਸਮਾਨਤਾ ਦਾ ਦਰਜਾ ਦੇਣ ਦੀ ਲੋੜ ਹੈ।
ਸੰਪਰਕ: 84276-85020