ਵਿੱਦਿਅਕ ਸੰਸਥਾਵਾਂ ’ਚ ਲੋਹੜੀ ਧੂਮ-ਧਾਮ ਨਾਲ ਮਨਾਈ
ਜੋਗਿੰਦਰ ਸਿੰਘ ਓਬਰਾਏ
ਖੰਨਾ, 13 ਜਨਵਰੀ
ਇੱਥੋਂ ਦੇ ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਲੋਹੜੀ ਦੇ ਗੀਤ ਗਾਏ। ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਤਿਉਹਾਰ ਸੱਭਿਆਚਾਰਕ ਪੱਖ ਤੋਂ ਬਹੁਤ ਖਾਸ ਹੈ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਂਦਿਆਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਡਾ. ਗੁਰਮੋਹਨ ਸਿੰਘ ਵਾਲੀਆ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਪ੍ਰੋ. ਬਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਦੱਸਦਿਆਂ ‘ਈਸ਼ਰ ਆਏ ਦਲਿੱਦਰ ਜਾਏ’ ਗਾਉਂਦੇ ਹੋਏ ਲੋਹੜੀ ਦੀ ਅੱਗ ਬਾਲੀ। ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਮੂੰਗਫਲੀਆਂ-ਰਿਓੜੀਆਂ ਵੀ ਵੰਡੀਆਂ ਗਈਆਂ। ਜਿੱਥੇ ਵਿਦਿਆਰਥੀਆਂ ਨੇ ਗਿੱਧੇ-ਭੰਗੜੇ ਨਾਲ ਇਹ ਤਿਉਹਾਰ ਮਨਾਇਆ, ਉੱਥੇ ਪੰਜਾਬੀ ਵਿਸ਼ੇ ਦੇ ਅਧਿਆਪਕ ਨਰਿੰਦਰ ਸਿੰਘ ਵੱਲੋਂ ਆਪਣੀ ਪੁੱਤਰੀ ਹਰਮਿਹਰ ਕੌਰ ਦੀ ਪਹਿਲੀ ਲੋਹੜੀ ਦੀ ਖੁਸ਼ੀ ਸਟਾਫ਼ ਤੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਰਵਿੰਦਰ ਕੌਰ, ਹਰਿੰਦਰ ਕੌਰ, ਕਮਲਜੀਤ ਕੌਰ, ਰੂਹੀ ਸ਼ਰਮਾ, ਨਰਿੰਦਰ ਸਿੰਘ (ਪੰਜਾਬੀ), ਕਾਜਲ ਅਨੰਦ, ਸਿਮਰਜੀਤ ਕੌਰ, ਹਰਿੰਦਰਦੀਪ ਸ਼ਰਮਾ, ਸੰਤੋਸ਼ ਗੁਪਤਾ, ਕਨਿਕਾ ਖੁੱਲਰ, ਮਨਜੋਤ ਕੌਰ, ਮਨਦੀਪ ਕੌਰ, ਨਰਿੰਦਰ ਸਿੰਘ ਅਤੇ ਗੁਰਚਰਨ ਸਿੰਘ ਹਾਜ਼ਰ ਸਨ।
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ’ਚ ਬੱਚਿਆਂ ਨੇ ਲੋਹੜੀ ਦਾ ਤਿਉਹਾਰ ਮਨਾਇਆ। ਬੱਚਿਆਂ ਨੇ ਅਧਿਆਪਕਾਂ ਨਾਲ ਮਿਲ ਕੇ ਧੂਣੀ ਬਾਲੀ। ਇਸ ਸਮੇਂ ਡਾਇਰੈਕਟਰ ਸ਼ਸ਼ੀ ਜੈਨ ਨੇ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਉਨ੍ਹਾਂ ਲੋਹੜੀ ਦੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ। ਇਸ ਸਮੇਂ ਬੱਚਿਆਂ ਨੇ ਲੋਹੜੀ ਨਾਲ ਸਬੰਧਤ ਗੀਤ ਗਾਉਣ ਤੋਂ ਇਲਾਵਾ ਭੰਗੜਾ ਤੇ ਗਿੱਧਾ ਵੀ ਪਾਇਆ। ਲੋਹੜੀ ਮਨਾਉਣ ਮੌਕੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਸਮੂਹ ਬੱਚਿਆਂ ਨੂੰ ਮੂੰਗਫਲੀ ਤੇ ਰਿਓੜੀਆਂ ਵੰਡੀਆਂ ਗਈਆਂ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈੱਨ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਦੀ ਅਗਵਾਈ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਤਿਉਹਾਰ ਦੇ ਮੁੱਖ ਆਕਰਸ਼ਣ ਪਤੰਗਬਾਜ਼ੀ ਅਤੇ ਲੋਹੜੀ ਨਾਲ ਸਬੰਧਤ ਲੋਕ ਗੀਤਾਂ ਦੇ ਮੁਕਾਬਲੇ ਰਹੇ। ਮੁਕਾਬਲੇ ਵਿੱਚ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਸ ਮੌਕੇ ਪ੍ਰਿੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਕਮੇਟੀ ਮੈਂਬਰਾਂ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਆਰੀਆ ਕਾਲਜ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲੋਹੜੀ ਦੇ ਗੀਤ ਸੰਗੀਤ ਦੇ ਨਾਲ-ਨਾਲ ਮੂੰਗਫਲੀ, ਗੁੜ ਅਤੇ ਤਿਲ ਭੇਟ ਕਰ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਐੱਸ.ਐੱਮ. ਸ਼ਰਮਾ ਨੇ ਸਟਾਫ਼ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਸੁਖਸ਼ਮ ਆਹਲੂਵਾਲੀਆ ਨੇ ਸਾਰਿਆਂ ਨੂੰ ਕਾਲਜ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਕਿਸ਼ੋਰੀ ਲਾਲ ਜੇਠ ਸਕੂਲ ਨੇ ਧੀਆਂ ਦੇ ਸਨਮਾਨ ਦਾ ਸੱਦਾ ਦਿੱਤਾ
ਖੰਨਾ (ਨਿੱਜੀ ਪੱਤਰ ਪ੍ਰੇਰਕ): ਧੀਆਂ ਦਾ ਸਨਮਾਨ ਵਧਾਉਣ ਅਤੇ ਸਮਾਜ ਵਿੱਚ ਲਿੰਗ ਸਮਾਨਤਾ ਦਾ ਸੰਦੇਸ਼ ਦੇਣ ਲਈ ਕਿਸ਼ੋਰੀ ਲਾਲ ਜੇਠੀ ਸਕੂਲ ਆਫ਼ ਐਮੀਨੈਂਸ ਵਿੱਚ ਪ੍ਰਿੰਸੀਪਲ ਰਾਜੇਸ਼ ਕੁਮਾਰ ਫੁੱਲ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਉਣ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲੋਹੜੀ ਬਾਲ ਕੇ ਗੀਤ ਗਾਏ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਅਧਿਆਪਕ ਸੰਧਿਆ ਕਪੂਰ, ਕੁਲਬੀਰ ਕੌਰ, ਹਰਜੀਤ ਕੌਰ, ਮੋਨਿਕਾ ਸ਼ੁਕਲਾ ਅਤੇ ਸੁਨੀਤਾ ਗੌੜ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ ਗਈਆਂ। ਸਮਾਗਮ ਮੌਕੇ ਲੈਕਚਰਾਰ ਨੀਰੂ ਸ਼ਾਹੀ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਬਤੌਰ ਕਾਮਰਸ ਲੈਕਚਰਾਰ ਤਰੱਕੀ ਹੋ ਕੇ ਗਏ ਅਧਿਆਪਕ ਦਿਨੇਸ਼ ਪਾਸੀ ਦਾ ਸਨਮਾਨ ਕੀਤਾ ਗਿਆ। ਗੀਤਾਂਜਲੀ ਸ਼ਰਮਾ ਨੇ ਲੋਹੜੀ ਦੇ ਇਤਿਹਾਸ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਸਵਾਲ ਵੀ ਪੁੱਛੇ। ਇਸ ਮੌਕੇ ਨੀਨਾ ਗਾਂਧੀ, ਮੋਨਿਕਾ ਬੱਤਾ, ਅਨੀਤਾ ਰਾਣੀ, ਮਨਦੀਪ ਕੌਰ, ਕੁਲਵੀਰ ਕੌਰ, ਕਮਲੇਸ਼ ਕੌਰ, ਸੁਨੀਤਾ ਗੌੜ, ਬਲਜੀਤ ਕੌਰ, ਚਰਨਜੀਤ ਕੌਰ, ਰੁਪੇਸ਼ ਕੁਮਾਰ, ਗਗਨਦੀਪ ਸਿੰਘ ਤੇ ਮਮਤਾ ਲਾਂਬਾ ਹਾਜ਼ਰ ਸਨ।
ਖ਼ਾਲਸਾ ਕਾਲਜ ਸੁਧਾਰ ਵਿੱਚ ਧੀਆਂ ਦੀ ਲੋਹੜੀ ਮਨਾਈ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਵਿੱਚ ਲੋਹੜੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰਿੰਸੀਪਲ ਪ੍ਰੋਫੈਸਰ ਇੰਦਰਜੀਤ ਸਿੰਘ ਨੇ ਕਿਹਾ ਕਿ ਕਾਲਜ ਆਪਣੀ ਪੁਰਾਣੀ ਪਰੰਪਰਾ ਅਨੁਸਾਰ ‘ਧੀਆਂ ਦੀ ਲੋਹੜੀ’ ਮਨਾਉਂਦਾ ਆ ਰਿਹਾ ਹੈ। ਡਾ. ਰਾਜਿੰਦਰ ਸਿੰਘ ਨੇ ਲੋਹੜੀ ਨਾਲ ਜੁੜੀ ਮਾਨਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਪੰਜਾਬੀ ਵਿਭਾਗ ਦੀ ਮੁਖੀ ਪ੍ਰੋਫੈਸਰ ਹਰਪ੍ਰੀਤ ਕੌਰ ਟਿਵਾਣਾ ਨੇ ਕਿਹਾ ਕਿ ਸਮਾਜ ਵਿੱਚ ਧੀਆਂ ਨੂੰ ਬਰਾਬਰਤਾ ਦਾ ਦਰਜਾ ਦੇਣ ਲਈ ਹਰ ਤਿਉਹਾਰ ਮੌਕੇ ਧੀਆਂ ਨੂੰ ਪਹਿਲ ਦੇਣ ਦੀ ਲੋੜ ਹੈ। ਇਸ ਮੌਕੇ ਪਰੰਪਰਾਗਤ ਢੰਗ ਨਾਲ ਧੂਣੀ ਬਾਲੀ ਗਈ। ਮੂੰਗਫਲੀ, ਰਿਉੜੀਆਂ, ਲੱਡੂ ਅਤੇ ਗੱਚਕ ਆਦਿ ਵੰਡੀ ਗਈ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਜਸਪ੍ਰੀਤ ਕੌਰ ਗੁਲਾਟੀ ਨੇ ਨਿਭਾਈ। ਕਾਲਜ ਵਿਦਿਆਰਥਣ ਰਮਨਦੀਪ ਕੌਰ, ਮਨਦੀਪ ਕੌਰ, ਵਰਿੰਦਰ ਕੌਰ, ਮਨਪ੍ਰੀਤ ਕੌਰ, ਹਰਸਿਮਰਨ ਕੌਰ ਅਤੇ ਇਨ੍ਹਾਂ ਦੇ ਸਾਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।