Punjab News: ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਬਣੀ ਸੋਨੀਆ ਗੋਇਲ
ਰਛਪਾਲ ਸਿੰਘ ਪਾਲਾ ਸੀਨੀਅਰ ਮੀਤ ਪ੍ਰਧਾਨ ਅਤੇ ਬਲਪ੍ਰੀਤ ਕੌਰ ਮੀਤ ਪ੍ਰਧਾਨ ਬਣੇ
ਦੇਵਿੰਦਰ ਸਿੰਘ ਜੱਗੀ
ਪਾਇਲ, 14 ਜਨਵਰੀ
Punjab News: ਜ਼ਿਲ੍ਹਾ ਲੁਧਿਆਣਾ ਦੀ ਸਬ-ਡਿਵੀਜ਼ਨ ਪਾਇਲ ਅਧੀਨ ਪੈਂਦੀ ਨਗਰ ਪੰਚਾਇਤ ਮਲੌਦ ਦੀ ਨਵੀਂ ਚੁਣੀ ਗਈ ਕਮੇਟੀ ਦੀ ਪਹਿਲੀ ਮੀਟਿੰਗ ਦਫ਼ਤਰ ਨਗਰ ਪੰਚਾਇਤ ਮਲੌਦ ਵਿਖੇ ਹੋਈ, ਜਿਸ ਵਿੱਚ ਕੌਂਸਲਰਾਂ ਨੂੰ ਸਹੁੰ ਚੁਕਾਉਣ ਉਪਰੰਤ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਐੱਸਡੀਐਮ ਪਾਇਲ ਪ੍ਰਦੀਪ ਸਿੰਘ ਬੈਂਸ ਅਤੇ ਈਓ ਹਰਨਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਪ੍ਰਧਾਨਗੀ ਦੀ ਚੋਣ ਹੋਈ।
ਇਸ ਚੋਣ ਵਿੱਚ ਵਾਰਡ ਨੰ. 3 ਤੋਂ ਜੇਤੂ ਕੌਂਸਲਰ ਸੋਨੀਆ ਗੋਇਲ ਪਤਨੀ ਸਵ. ਸੰਜੀਵ ਗੋਇਲ ਮਿੰਟਾ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ। ਗ਼ੌਰਤਲਬ ਹੈ ਕਿ ਇਹ ਤੀਜੀ ਵਾਰ ਹੋਇਆ ਹੈ ਕਿ ਬਿਨਾਂ ਰਿਜ਼ਰਵੇਸ਼ਨ ਤੋਂ ਕੋਈ ਇਸਤਰੀ ਨਗਰ ਪੰਚਾਇਤ ਦੀ ਪ੍ਰਧਾਨ ਬਣੀ ਹੈ।
ਇਸ ਦੇ ਨਾਲ ਹੀ ਸੀਨੀਅਰ ਆਗੂ ਰਛਪਾਲ ਸਿੰਘ ਪਾਲਾ ਸੋਮਲ ਖੇੜੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਬਲਪ੍ਰੀਤ ਕੌਰ ਸੋਮਲ ਖੇੜੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ‘ਆਪ’ ਦੇ ਕੌਂਸਲਰ ਜਗਦੀਪ ਸਿੰਘ, ਜਸਵਿੰਦਰ ਸਿੰਘ, ਸੋਨੀਆ ਗੋਇਲ, ਪਰਮਜੀਤ ਕੌਰ, ਦੀਪਕ ਗੋਇਲ, ਬਲਪ੍ਰੀਤ ਕੌਰ ਅਤੇ ਰਛਪਾਲ ਸਿੰਘ ਪਾਲਾ, ਕਾਂਗਰਸ ਦੇ ਕੌਂਸਲਰ ਰਮਨਦੀਪ ਕੌਰ ਅਤੇ ਅਵਿੰਦਰਦੀਪ ਸਿੰਘ ਜੱਸਾ ਰੋੜੀਆ, ਆਜ਼ਾਦ ਕੌਂਸਲਰ ਪਰਮਜੀਤ ਕੌਰ ਅਤੇ ਕਾਮਰੇਡ ਭਗਵਾਨ ਸਿੰਘ ਹਾਜ਼ਰ ਹੋਏ, ਜਿਨ੍ਹਾਂ ਵੱਲੋਂ ਸਹੁੰ ਚੁੱਕਣ ਉਪਰੰਤ ਚੋਣ ਹੋਈ।
ਇਸ ਦੌਰਾਨ ਕਾਂਗਰਸ ਦੇ ਦੋਵੇਂ ਕੌਂਸਲਰਾਂ ਨੇ ਚੋਣ ਵਿੱਚ ਭਾਗ ਨਹੀਂ ਲਿਆ ਪਰ ਉਨ੍ਹਾਂ ਕਿਹਾ ਕਿ ਉਹ ਲੋਕ ਹਿੱਤ ਕੰਮਾਂ ਵਿੱਚ ਸਾਥ ਦੇਣਗੇ ਅਤੇ ਲੋਕ ਵਿਰੋਧੀ ਕੰਮਾਂ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਵੀ ਨਿਭਾਉਣਗੇ। ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਨਵੇਂ ਚੁਣੇ ਅਹੁਦੇਦਾਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਬਿਨਾਂ ਕਿਸੇ ਭੇਦਭਾਵ ਤੋਂ ਸਾਰੇ ਵਾਰਡਾਂ ਦੇ ਕੰਮ ਹੋਣਗੇ।
ਇਸ ਮੌਕੇ ਰਮਨਜੀਤ ਕੌਰ ਗਿਆਸਪੁਰਾ, ਚੇਅਰਮੈਨ ਕਰਨ ਸਿਹੌੜਾ, ਪਰਗਟ ਸਿੰਘ ਸਿਆੜ, ਸਰਪੰਚ ਅਮਰਦੀਪ ਸਿੰਘ ਕੂਹਲੀ, ਪ੍ਰਧਾਨ ਏਪੀ ਜੱਲ੍ਹਾ, ਸਤਨਾਮ ਸਿੰਘ ਸੱਤਾ, ਬਲਾਕ ਪ੍ਰਧਾਨ ਬਹਾਦਰ ਸਿੰਘ ਸੋਮਲ ਖੇੜੀ, ਕੁਲਦੀਪ ਸਿੰਘ ਸੋਮਲ, ਮਨਜੀਤ ਸਿੰਘ ਡੀਸੀ, ਮਨਜੀਤ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਸੀਹਾਂ ਦੌਦ, ਗੁਰਬਿੰਦਰ ਸਿੰਘ ਬਿੰਦਾ ਬੇਰ ਕਲਾਂ, ਕੀਮਾ ਰਾਮ, ਜਗਵਿੰਦਰ ਸਿੰਘ ਸੋਹੀਆਂ, ਸੰਦੀਪ ਸਿੰਘ ਟਿੰਬਰਵਾਲ, ਲਖਵੀਰ ਸਿੰਘ ਨਵਾਂ ਪਿੰਡ, ਪਿਊਸ਼ ਸਿੰਗਲਾ, ਗੌਰਵ ਗੋਇਲ, ਪ੍ਰਸ਼ੋਤਮ ਜਿੰਦਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ‘ਆਪ’ ਆਗੂ, ਪੰਚ-ਸਰਪੰਚ ਅਤੇ ਸਮਰਥਕ ਹਾਜ਼ਰ ਸਨ।
ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਸੋਨੀਆ ਗੋਇਲ, ਰਛਪਾਲ ਸਿੰਘ ਪਾਲਾ ਸੋਮਲ ਖੇੜੀ, ਬਲਪ੍ਰੀਤ ਕੌਰ, ਦੀਪਕ ਗੋਇਲ ਅਤੇ ਸਮਰਥਕਾਂ ਵੱਲੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਗੱਡੀਆਂ ਦੇ ਕਾਫ਼ਲੇ ਨਾਲ ਸ਼ਹਿਰ ਦਾ ਧੰਨਵਾਦੀ ਦੌਰਾ ਕੀਤਾ ਗਿਆ।