ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਆਰਾ ਵੱਸਦਾ ਰਹੇ...

06:54 AM Dec 25, 2023 IST

ਜਸਬੀਰ ਕੌਰ

Advertisement

ਮੰਗਣ ਵਾਲਿਆਂ ਦਾ ਕੋਈ ਅੰਤ ਨਹੀਂ। ਚਾਹੇ ਵੋਟਾਂ ਦਾ ਵਕਤ ਤੇ ਚਾਹੇ ਖੁਸ਼ੀ ਦੇ ਹੋਰ ਮੌਕੇ ਹੋਣ, ਮੰਗਤਿਆਂ ਦੀਆਂ ਲਾਈਨਾਂ ਲਗ ਜਾਂਦੀਆਂ। ਬਹੁਤ ਸਾਰੀ ਜਨਤਾ ਮਿਹਨਤ ਮਜ਼ਦੂਰੀ ਅਤੇ ਹੱਕ ਹਲਾਲ ਦੀ ਕਮਾਈ ਕਰਨ ਨਾਲੋਂ ਇਸ ਪਾਸੇ ਤੁਰ ਪਈ ਜਾਪਦੀ ਹੈ। ਰੁਜ਼ਗਾਰ ਕੋਈ ਮਿਲ ਨਹੀਂ ਰਿਹਾ, ਲੁੱਟਾਂ ਖੋਹਾਂ ਅਤੇ ਮੰਗਣਾ ਹੀ ਉਨ੍ਹਾਂ ਦਾ ਰੁਜ਼ਗਾਰ ਬਣ ਕੇ ਰਹਿ ਗਿਆ ਹੈ।
ਅਸਾਂ ਆਪਣੇ ਲੜਕੇ ਦਾ ਵਿਆਹ ਕੀ ਕੀਤਾ, ਦਿਨ ਚੜ੍ਹਦੇ ਹੀ ਹੇੜ੍ਹਾਂ ਦੀਆਂ ਹੇੜ੍ਹਾਂ ਮੰਗਣ ਤੁਰ ਪਈਆਂ... ਦੁਆਰਾ ਵੱਸਦਾ ਰਹੇ, ਜੋੜੀ ਜੀਵੇ, ਪੁੱਤ ਪੋਤਰੇ ਖੇਡਣ ਵਗੈਰਾ ਦੀਆਂ ਉੱਚੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲਾਂ ਆਏ ‘ਜ਼ੋਰੀਂ ਮੰਗੇ ਦਾਨ ਵੇ ਲਾਲੋ’ ਵਾਂਗ ਤਿੰਨ ਚਾਰ ਹੱਟੇ ਕੱਟੇ; ਅਖੇ, ਅਸੀਂ ਤਾਂ ਜੀ ਛੁਰੀਮਾਰ ਹਾਂ, ਸਾਨੂੰ ਕੁਝ ਲਾਗ ਦੇ ਕੇ ਤੋਰੋ, ਨਹੀਂ ਤਾਂ ਅਸੀਂ ਇਥੇ ਹੀ ਛੁਰੀ ਮਾਰ ਮਾਰ ਖੂਨ ਵਹਾ ਦੇਣਾ। ਅਜਿਹੀਆਂ ਧਮਕੀਆਂ ਲੱਗੇ ਦੇਣ। ਅਸਾਂ ਸੌ ਰੁਪਿਆ ਦੇ ਦਿੱਤਾ। ਅਖੇ, ਅਸੀਂ ਤਾਂ ਪੰਜ ਸੌ ਤੋਂ ਘੱਟ ਨਹੀਂ ਲੈਣਾ। ਉਹ ਚਾਰ ਜਣੇ ਸਨ ਤੇ ਚਾਰ ਸੌ ਦੇ ਕੇ ਜਾਨ ਛੁਡਾਈ।
ਪੰਜ ਮਿੰਟ ਬਾਅਦ ਹੀ ਆਪਣੀ ਡਫਲੀ ਖੜਕਾਉਂਦੇ ਭੰਡ ਆ ਗਏ। ਉਚੀ ਉੱਚੀ ਆਵਾਜ਼ਾਂ ਲੱਗੇ ਮਾਰਨ। ਇਨ੍ਹਾਂ ਨੂੰ ਵੀ ਸੌ ਰੁਪਏ ਦਿੱਤੇ ਤਾਂ ਕਹਿਣ ਲੱਗੇ, “100 ਰੁਪਏ ਵੀ ਕੋਈ ਚੀਜ਼ ਆ। ਸੁਖ ਨਾਲ ਮੁੰਡੇ ਦਾ ਵਿਆਹ ਕੀਤਾ, ਜਿਊਂਦੇ ਵੱਸਦੇ ਰਹਿਣ।” ਖੈਰ! ਸੌ ਹੋਰ ਦੇ ਕੇ ਤੋਰੇ। ਉਹ ਗਏ ਤਾਂ ਹਿਜੜੇ ਆ ਗਏ। ਸੱਜੀ ਫੱਬੀ ਔਰਤ ਤਾੜੀ ਮਾਰ ਕੇ ਧੁਸ ਦੇਣੀ ਵਿਹੜੇ ਵਿਚ ਆ ਕੇ ਕੁਰਸੀ ’ਤੇ ਬੈਠ ਗਈ: “ਸੁਖੀ ਵੱਸੇ ਜੋੜੀ।”
ਸੁਣਿਆ ਕਿ ਇਹ ਤਾਂ ਹਜ਼ਾਰਾਂ ’ਚ ਪੈਸੇ ਬਟੋਰ ਕੇ ਜਾਂਦੇ ਹਨ। ਤੇ ਉਹ ਤਾਂ ਨੱਚਣ ਲਗ ਪਈ। ਗਲੋਂ ਲਾਹੁਣ ਲਈ ਪੰਜ ਸੌ ਦਿੱਤਾ। ਉਸ ਹੱਥ ਮਾਰ ਮੋੜ ਦਿੱਤਾ। ਬਾਕੀ ਇਹਦੇ ਨਾਲ ਦੇ ਡਿਓੜੀ ਵਿਚ ਹੀ ਬੈਠੇ ਰਹੇ। ਕਹਿਣ, “ਇਹ ਤਾਂ ਸਾਡੀ ਬੇਇਜ਼ਤੀ ਵਾਲੀ ਗੱਲ ਹੋ ਗਈ। ਅਸਾਂ ਤਾਂ ਪੰਜ ਹਜ਼ਾਰ ਤੋਂ ਘੱਟ ਕਿਸੇ ਤੋਂ ਨਹੀਂ ਲਏ।”
“ਦੇਖੋ, ਉਹ ਅਮੀਰ ਲੋਕ ਹੋਣਗੇ ਜੋ ਤੁਹਾਨੂੰ ਇੰਨੇ ਦੇ ਦਿੰਦੇ ਨੇ। ਸਾਡੀ ਇੰਨੀ ਸਮਰੱਥਾ ਨਹੀਂ ਹੈ। ਸਾਡਾ ਤਾਂ ਮਸੀਂ ਰੋਟੀ ਪਾਣੀ ਹੀ ਚੱਲਦਾ ਹੈ।” ਬੈਠੀਆਂ ਰਹੀਆਂ ਢੀਠ ਹੋ ਕੇ।
“ਅੱਛਾ ਲਿਆ ਭਰਾ ਇੱਕੀ ਸੌ ਹੀ ਕਰਦੇ।”
“ਅਸੀਂ ਤਾਂ ਵੱਧ ਤੋਂ ਵੱਧ ਗਿਆਰਾਂ ਸੌ ਕਰ ਸਕਦੇ ਹਾਂ। ਆਹ ਗਿਆਰਾਂ ਸੌ ਪਿਆ, ਲੈਣਾ ਤਾਂ ਲਓ ਨਹੀਂ ਤਾਂ ਬੈਠੀਆਂ ਰਹੋ।” ਅਸੀਂ ਵੀ ਅੰਦਰ ਆ ਕੇ ਬੈਠ ਗਏ। “ਅੱਛਾ ਕੋਈ ਮਿੱਠਾ ਜਾਂ ਕੋਈ ਆਟਾ ਤਾਂ ਨਾਲ ਦਿਓ।” ਅਸੀਂ ਕੌਲੀ ਆਟੇ ਦੀ ਤੇ ਥੋੜ੍ਹੀ ਭਾੱਜੀ ਦਿੱਤੀ ਤੇ ਉਹ ਗਿਆਰਾਂ ਸੌ ਲੈ ਕੇ ਤਿੱਤਰ ਹੋਈਆਂ। ਅਸੀਂ ਸੁਖ ਦਾ ਸਾਹ ਲਿਆ ਪਰ ਬਾਹਰਲਾ ਦਰਵਾਜ਼ਾ ਫਿਰ ਖੜਕਣ ਲੱਗ ਪਿਆ। ਦੇਖਿਆ ਤਾਂ ‘ਦੁਆਰਾ ਵੱਸਦਾ ਰਹੇ’ ਦੀਆਂ ਹੇਕਾਂ ਲਾਉਂਦੀਆਂ ਛੇ ਕੁ ਜ਼ਨਾਨੀਆਂ ਚੰਗੀਆਂ ਤਕੜੀਆਂ, ਡਿਓਢੀ ’ਚ ਆਣ ਵੜੀਆਂ ਤੇ ਥਪੜਾ ਮਾਰ ਕੇ ਬੂਹਾ ਫੜ ਕੇ ਬੈਠ ਗਈਆਂ। ਗਲੋਂ ਲਾਹੁਣ ਲਈ ਉਨ੍ਹਾਂ ਨੂੰ ਪੰਜਾਹ ਦਾ ਨੋਟ ਫਵਾਇਆ, “ਚਲੋ ਲਓ ਜਾਓ ਹੁਣ।” ਫਿਰ ਤਿੰਨ ਕੁ ਹੋਰ ਅੱਗੇ ਹੋ ਕੇ ਕਹਿਣ ਲੱਗੀਆਂ- “ਉਹ ਤਾਂ ਤੂੰ ਉਨ੍ਹਾਂ ਨੂੰ ਦੇ ਦਿੱਤੇ, ਸਾਨੂੰ ਸੱਖਣਾ ਤੋਰਨਾ ਈ? ਜਿਊਂਦਾ ਰਹੁ, ਰੱਬ ਭਲਾ ਕਰੇ ਤੇਰਾ।” ਉਨ੍ਹਾਂ ਨੂੰ ਵੀ ਪੰਜਾਹ ਦਾ ਨੋਟ ਦੇਣਾ ਪਿਆ। ਅਸਾਂ ਸੋਚਿਆ, ਇਹ ਤਾਂ ਖੁੰਬਾਂ ਵਾਂਗ ਉੱਗੀ ਆਉਂਦੇ ਨੇ। ਵਿਆਹ ਕੀਤਾ ਮੁੰਡੇ ਦਾ, ਕੀ ਗੁਨਾਹ ਕਰ ਲਿਆ ਜਿਹੜਾ ਸਾਨੂੰ ਜੁਰਮਾਨਾ ਭਰਨਾ ਪੈ ਰਿਹਾ।
ਉਹ ਗਈਆਂ ਤੇ ਪੰਜ ਕੁ ਜਣੀਆਂ ਦਾ ਇਕ ਹੋਰ ਟੋਲਾ ਆਣ ਵੜਿਆ। ਲੱਗ ਪਈਆਂ ਉੱਚੀ ਉਚੀ ਅਸੀਸਾਂ ਦੀਆਂ ਝੜੀਆਂ ਲਾਉਣ। ਐਤਕੀਂ ਸੋਚਿਆ, ਇਨ੍ਹਾਂ ਨੂੰ ਕੋਈ ਵੱਡਾ ਨੋਟ ਨਹੀਂ ਦੇਣਾ, ਹਰ ਇਕ ਦੇ ਹੱਥ 10 ਰੁਪਏ ਦੇ ਕੇ ਤੋਰੋ। ਦਸ ਦਸ ਰੁਪਏ ਦੇਣ ਲਈ ਅਗਾਂਹ ਵਧੇ, ਉਨ੍ਹਾਂ ਕਿਸੇ ਨੇ ਨਾ ਲਿਆ। ਅਸੀਂ ਆਖਿਆ, “ਚਲੀਆਂ ਜਾਓ, ਨਹੀਂ ਤਾਂ ਪੁਲੀਸ ਬੁਲਾਉਣੀ ਪਊ।”
“ਅੱਛਾ ਵੀਹ ਵੀਹ ਕਰਦੇ।” ਤੇ ਅਸਾਂ ਹਰ ਇਕ ਦੇ ਹੱਥ ’ਤੇ ਵੀਹ ਵੀਹ ਰੱਖ ਦਿੱਤੇ।
ਥੋੜ੍ਹੀ ਦੇਰ ਨੂੰ ਚਾਰ ਪੰਜ ਹੋਰ ਲੱਗ ਪਈਆਂ ਜ਼ੋੋਰ ਜ਼ੋਰ ਦੀ ਬੂਹਾ ਖੜਕਾਉਣ। ਹੁਣ ਸਾਡੇ ਸਬਰ ਦਾ ਪਿਆਲਾ ਭਰ ਚੁੱਕਾ ਸੀ।... ਇਉਂ ਤਾਂ ਇਹ ਕੰਮ ਮੁੱਕਣਾ ਹੀ ਨਹੀਂ। ਜਿਉਂ ਸਵੇਰੇ ਛੇ ਵਜੇ ਤੋਂ ਹੁਣ ਇਕ ਵੱਜਣ ਲੱਗਾ ਹੈ, ਸਿਰ ਖਾਣ ਲੱਗੇ ਹੋਏ ਨੇ। ਅਸੀਂ ਸੋਟੀਆਂ ਫੜ ਲਈਆਂ- “ਤੁਸੀਂ ਜਾਂਦੀਆਂ ਕਿ ਨਹੀਂ ਇੱਥੋਂ। ਭਜ ਜਾਓ ਕੋਈ ਪੈਸਾ ਨਹੀਂ ਮਿਲਣਾ। ਖਬਰਦਾਰ ਜੇ ਥੜ੍ਹੇ ’ਤੇ ਇਕ ਕਦਮ ਵੀ ਰੱਖਿਆ।” ਉਨ੍ਹਾਂ ਨੂੰ ਉੱਥੋਂ ਭੱਜਣਾ ਪਿਆ, ਤੇ ਮੁੜ ਕੋਈ ਨਹੀਂ ਆਇਆ।
ਅਸਾਂ ਸਾਦਗੀ ਨਾਲ ਵਿਆਹ ਕੀਤਾ। ਕੋਈ ਵਾਜਾ, ਘੋੜੀ, ਮੈਰਿਜ ਪੈਲੇਸ, ਹੋਟਲ, ਫਾਰਮ ਆਦਿ ਨਹੀਂ ਕੀਤਾ। ਸਿੱਧੇ ਗੁਰਦੁਆਰੇ ਜਾ ਕੇ ਲਾਵਾਂ ਲਈਆਂ ਅਤੇ ਉਥੇ ਹੀ ਆਪਣੇ ਰਿਸ਼ਤੇਦਾਰਾਂ ਸਬੰਧੀਆਂ ਨਾਲ ਖਾਣਾ ਖਾਧਾ। ਦਸ ਹਜ਼ਾਰ ਵਾਟ ਦਾ ਡੀਜੇ ਲਗਾ ਕੇ ਕਿਸੇ ਦਾ ਚੈਨ ਹਰਾਮ ਨਹੀਂ ਕੀਤਾ; ਤੇ ਇਨ੍ਹਾਂ ਨੇ ਛੇ ਘੰਟੇ ਸਾਡਾ ਸਿਰ ਖਾ ਲਿਆ। ਇਸ ਦਾ ਜ਼ਰੂਰ ਕੋਈ ਹੱਲ ਹੋਣਾ ਚਾਹੀਦਾ ਹੈ। ਕੀ ਅਜਿਹੇ ਵਿਹਲੜਾਂ ਲਈ ਕੋਈ ਕਾਨੂੰਨ ਨਹੀਂ ਬਣ ਸਕਦਾ?
ਸੰਪਰਕ: 84278-53313

Advertisement
Advertisement