ਛੋਟੀ ਮਾਂ
ਬੁਸ਼ਰਾ ਏਜਾਜ਼ ਪਾਕਿਸਤਾਨ ਦੀ ਉੱਘੀ ਉਰਦੂ ਅਫ਼ਸਾਨਾਨਿਗਾਰ ਅਤੇ ਸ਼ਾਇਰਾ ਹੈ। ਚੜ੍ਹਦੇ ਤੇ ਲਹਿੰਦੇ ਪੰਜਾਬ ਦਰਮਿਆਨ ਸਾਹਿਤਕ ਵਟਾਂਦਰੇ ਨੇ ਉਸ ਨੂੰ ਉਰਦੂ ਤੋਂ ਪੰਜਾਬੀ ਵੱਲ ਮੁੜਨ ਲਈ ਪ੍ਰੇਰਿਆ। ਉਸ ਦੀਆਂ ਕਹਾਣੀਆਂ ਹਕੀਕਤ ਅਤੇ ਬੇਨਿਆਜ਼ੀ ਵਿਚਕਾਰਲੀ ਸੁਨਹਿਰੀ ਧੁੰਦ ਤੋਂ ਜਨਮ ਲੈਂਦੀਆਂ ਹਨ। ਕਹਾਣੀ ਦੇ ਵਿਸਤਾਰ, ਬਣਤਰ ਅਤੇ ਪਾਤਰਾਂ ਦੇ ਉਤਰਾਅ ਚੜ੍ਹਾਅ ਵਿਚ ਉਸ ਦਾ ਨਾਰੀਵਾਦੀ ਅਹਿਸਾਸ ਝਲਕਦਾ ਹੈ। ਬੁਸ਼ਰਾ ਦੂਹਰੀ ਅੱਖ ਨਾਲ ਜੀਵਨ ਅਤੇ ਸਮਾਜ ਦਾ ਅਧਿਐਨ ਕਰਦੀ ਹੈ। ਇਕ ਔਰਤ ਦੀ ਅੱਖ, ਜਿਸ ਸਦਕਾ ਉਸਦੀ ਕਹਾਣੀ ਵਿਚ ਨਾਰੀਵਾਦੀ ਭਾਵਨਾ ਦੀ ਰੰਗਤ ਹੁੰਦੀ ਹੈ ਅਤੇ ਦੂਜੀ ਇਕ ਕਲਾਕਾਰ ਦੀ ਅੱਖ, ਜੋ ਕਹਾਣੀ ਦੇ ਮੌਜੂਦਾ ਮਾਹੌਲ ਤੋਂ ਗੁਜ਼ਰ ਕੇ ਹੇਠਲੀ ਸਤਹਿ ’ਤੇ ਗੋਤਾ ਲਗਾਉਂਦੀ ਹੈ ਅਤੇ ਦੁਖਦਾਈ ਸੰਸਾਰ ਦਾ ਦ੍ਰਿਸ਼ ਪੇਸ਼ ਕਰਦੀ ਹੈ। ਬੁਸ਼ਰਾ ਨੇ ਆਪਣੀਆਂ ਕਹਾਣੀਆਂ ਵਿੱਚ ਨਾਰੀ ਮਨ ਦੀਆਂ ਵੱਖ-ਵੱਖ ਪਰਤਾਂ ਅਤੇ ਉਸ ਦੇ ਵਜੂਦ ਨਾਲ ਜੁੜੀਆਂ ਸਮਾਜਿਕ ਸਮੱਸਿਆਵਾਂ ਨੂੰ ਬਿਆਨ ਕੀਤਾ ਹੈ। ਉਸ ਦਾ ਅਨੁਭਵ ਵਿਸ਼ਾਲ ਹੈ ਅਤੇ ਭਾਸ਼ਾ ਉੱਪਰ ਉਸ ਦੀ ਪੂਰੀ ਪਕੜ ਹੈ। ਉਹ ਪਰੰਪਰਾਵਾਦੀ ਹੁੰਦੀ ਹੋਈ ਵੀ ਆਧੁਨਿਕ ਅਤੇ ਆਧੁਨਿਕ ਹੁੰਦੀ ਹੋਈ ਵੀ ਪਰੰਪਰਾਵਾਦੀ ਹੈ।
ਛੋਟੀ ਮਾਂ ਦੀ ਸ਼ਾਦੀ ਹੈ। ਹੈਰਾਨ ਨਾ ਹੋਵੋ, ਵਾਕਈ ਛੋਟੀ ਮਾਂ ਦੀ ਸ਼ਾਦੀ ਹੈ। ਅਸੀਂ ਸਾਰੀਆਂ ਭੈਣਾਂ ਇਸਦੀ ਤਿਆਰੀ ਜ਼ੋਰ ਸ਼ੋਰ ਨਾਲ ਕਰ ਰਹੀਆਂ ਹਾਂ। ਭਰਾ ਆਪਣੇ ਬੀਵੀ ਬੱਚਿਆਂ ਨੂੰ ਲੈ ਕੇ ਵਿਆਹ ਵਿਚ ਸ਼ਾਮਲ ਹੋਣ ਲਈ ਲੰਮੀਆਂ ਛੁੱਟੀਆਂ ਲੈ ਕੇ ਆ ਗਏ ਹਨ। ਭਾਬੀਆਂ ਹਰ ਰੋਜ਼ ਸਾਮਾਨ ਦੀ ਲੰਮੀ ਲਿਸਟ ਲੈ ਕੇ ਬਾਜ਼ਾਰ ਜਾਂਦੀਆਂ ਹਨ ਤੇ ਅਗਲੇ ਦਿਨ ਫੇਰ ਇਕ ਨਵੀਂ ਲਿਸਟ ਤਿਆਰ ਹੁੰਦੀ ਹੈ। ਇਹ ਸਿਲਸਿਲਾ ਕਈ ਦਿਨਾਂ ਤੋਂ ਜਾਰੀ ਹੈ।
ਹੋਰ ਤਾਂ ਹੋਰ ਹਮੇਸ਼ਾਂ ਦੇ ਲਾਪਰਵਾਹ ਅੱਬਾ ਜਾਨ ਜੋ ਸਵੇਰੇ ਸ਼ਾਮ ਖਾਣਾ ਖਾ ਕੇ ਆਪਣੇ ਬੈੱਡਰੂਮ ਦਾ ਦਰਵਾਜ਼ਾ ਬੰਦ ਕਰਕੇ ਸੌਣ ਦੇ ਆਦੀ ਸਨ, ਉਹ ਵੀ ਛੋਟੀ ਮਾਂ ਦੀ ਸ਼ਾਦੀ ਵਿਚ ਆਰਾਮ ਨੂੰ ਭੁਲਾ ਕੇ ਕੰਮਾਂ ਵਿਚ ਪੂਰੀ ਦਿਲਚਸਪੀ ਲੈ ਰਹੇ ਹਨ। ਖੁੱਲ੍ਹੇ ਹੱਥਾਂ ਨਾਲ ਪੈਸਾ ਖ਼ਰਚ ਕਰ ਰਹੇ ਹਨ। ਸਾਨੂੰ ਵੀ ਉਨ੍ਹਾਂ ਵੱਲੋਂ ਹਦਾਇਤ ਹੈ ਕਿ ਕਿਸੇ ਕਿਸਮ ਦੀ ਕੰਜੂਸੀ ਨਾ ਹੋਵੇ, ਦਹੇਜ ਬਹੁਤ ਵੱਡਾ ਹੋਣਾ ਚਾਹੀਦਾ ਹੈ, ਬਰਾਤ ਲਈ ਖਾਣਾ ਬਿਹਤਰੀਨ ਹੋਵੇ। ਮਹਿਮਾਨਾਂ ਅਤੇ ਬਰਾਤੀਆਂ ਦੀ ਸੇਵਾ ਹੀ ਸ਼ਾਦੀ ਦੇ ਸਮਾਰੋਹ ਨੂੰ ਖ਼ੂਬਸੂਰਤ ਤੇ ਯਾਦਗਾਰੀ ਬਣਾਉਂਦੀ ਹੈ। ਜੇ ਖਾਣਾ ਚੰਗਾ ਨਾ ਹੋਇਆ ਤਾਂ ਸਾਰੇ ਕੀਤੇ ਕਰਾਏ ’ਤੇ ਪਾਣੀ ਫਿਰ ਜਾਵੇਗਾ। ਸੋ ਖ਼ੂਬ ਸੋਚ ਸਮਝ ਕੇ ਮੈਨਯੂ ਬਣਾਉਣਾ। ... ਅਸੀਂ ਸਭ ਭੈਣ ਭਰਾ ਉਨ੍ਹਾਂ ਦੀ ਹਦਾਇਤ ਅਤੇ ਖ਼ਾਹਿਸ਼ ਮੁਤਾਬਿਕ ਸ਼ਾਦੀ ਦਾ ਇੰਤਜ਼ਾਮ ਕਰ ਰਹੇ ਹਾਂ।
ਛੋਟੀ ਮਾਂ ਆਪਣੇ ਕਮਰੇ ਵਿਚ ਖ਼ਾਮੋਸ਼ ਬੈਠੀ ਰਹਿੰਦੀ ਹੈ। ਉਸ ਦੀਆਂ ਅੱਖਾਂ ਦੇ ਆਲੇ-ਦੁਆਲੇ ਕਾਲੇ ਘੇਰੇ ਰਾਤਾਂ ਨੂੰ ਜਾਗਣ ਦੀ ਗਵਾਹੀ ਭਰਦੇ ਹਨ। ਉਸ ਦਾ ਜ਼ਰਦ ਪੀਲਾ ਰੰਗ ਅੰਦਰੂਨੀ ਦਰਦ ਦੀ ਅੱਕਾਸੀ ਕਰਦਾ ਹੈ। ਉਹ ਆਪਣੇ ਨਾਜ਼ੁਕ ਛੋਟੇ ਛੋਟੇ ਹੱਥਾਂ ਦੇ ਨਹੁੰ ਹੁਣ ਕੁਝ ਜ਼ਿਆਦਾ ਹੀ ਚੱਬਣ ਲੱਗ ਪਈ ਹੈ। ਕਈ ਵਾਰ ਕਿਹਾ ਹੈ ਕਿ ਇਸ ਤਰ੍ਹਾਂ ਹੱਥਾਂ ਦਾ ਹੁਸਨ ਖ਼ਰਾਬ ਹੋ ਜਾਂਦਾ ਹੈ। ਦੁਲਹਨ ਦੇ ਹੱਥ ਖ਼ੂਬਸੂਰਤ ਨਾ ਹੋਣ ਤਾਂ ਇੰਪ੍ਰੈਸ਼ਨ ਚੰਗਾ ਨਹੀਂ ਪੈਂਦਾ ਕਿਉਂਕਿ ਪਹਿਲੇ ਦਿਨ ਦੁਲਹਨ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਤਕਨੀਕੀ ਨਜ਼ਰਾਂ ਨਾਲ ਹੀ ਵੇਖਿਆ ਜਾਂਦਾ ਹੈ। ਇਸ ਲਈ ਤੂੰ ਆਪਣੇ ਰੂਪ ਨੂੰ ਸੰਵਾਰਨ ਵਿਚ ਕੋਈ ਕਸਰ ਨਾ ਛੱਡੀਂ। ਇਹੋ ਜਿਹੀ ਲੱਗੇਂ ਕਿ ਜੋ ਵੀ ਕੋਈ ਵੇਖੇ ਦੰਗ ਰਹਿ ਜਾਵੇ।
ਪਰ ਛੋਟੀ ਮਾਂ ਤਾਂ ਕੁਝ ਸਮਝਦੀ ਹੀ ਨਹੀਂ... ਵੱਟਣਾ ਮਲਣ ਤੋਂ ਉਸ ਨੇ ਇਨਕਾਰ ਕਰ ਦਿੱਤਾ ਹੈ... ਦੇਸੀ ਜੜ੍ਹੀ ਬੂਟੀਆਂ ਦੇ ਤੇਲ ਨਾਲ ਮਾਲਸ਼ ਨਾ ਕਰਨ ਦਿੱਤੀ। ਰੂਪ ਨਿਖਾਰਨ ਦੇ ਨਵੇਂ ਤਰੀਕਿਆਂ ’ਤੇ ਅਮਲ ਕਰਨ ਤੋਂ ਉਸ ਨੇ ਇਨਕਾਰ ਕਰ ਦਿੱਤਾ। ਅਸੀਂ ਕਹਿ ਕਹਿ ਕੇ ਹਾਰ ਗਏ ਪਰ ਉਸ ਦੀ ਇਕ ਜ਼ਿੱਦ ਹੈ ਕਿ ਮੈਨੂੰ ਤਾਂ ਇਹ ਸਭ ਕੁਝ ਪਸੰਦ ਨਹੀਂ ਹੈ, ਮੈਨੂੰ ਤੰਗ ਨਾ ਕਰੋ...। ਉਸ ਦੇ ਇਨਕਾਰ ਵਿਚ, ਇਨਕਾਰ ਤੋਂ ਜ਼ਿਆਦਾ ਮਿੰਨਤ ਹੁੰਦੀ ਸੀ। ਜੇਕਰ ਆਪਣੇ ਘਰ ਦੇ ਬੱਚਿਆਂ ਵਿਚੋਂ ਕਿਸੇ ਦਾ ਵੀ ਬੱਚਾ ਉਸਦੇ ਕਮਰੇ ਵਿਚ ਚਲਾ ਜਾਂਦਾ ਤਾਂ ਉਹ ਖਿੜ ਉੱਠਦੀ। ਉਸਨੂੰ ਗੋਦੀ ਚੁੱਕ ਕੇ ਫਟਾਫਟ ਉਸ ਦੀਆਂ ਬਲਾਵਾਂ ਲੈਂਦੀ ਅਤੇ ਆਪਣੇ ਕੋਲ ਬਿਠਾ ਕੇ ਉਸ ਨੂੰ ਆਪਣੇ ਪਸੰਦੀਦਾ ਸ਼ਹਿਜ਼ਾਦੇ ਅਤੇ ਸ਼ਹਿਜ਼ਾਦੀ ਦੀ ਕਹਾਣੀ ਸੁਣਾਉਂਦੀ। ਜਿਨ੍ਹਾਂ ਕਹਾਣੀਆਂ ਵਿਚ ਬੱਚਿਆਂ ਦੀ ਮਾਂ ਮਰ ਜਾਂਦੀ ਹੈ ਅਤੇ ਮਤਰੇਈ ਮਾਂ ਉਨ੍ਹਾਂ ਨੂੰ ਘਰੋਂ ਕੱਢ ਦਿੰਦੀ ਹੈ। ਫੇਰ ਉਹ ਮਾਂ ਦੀ ਕਬਰ ’ਤੇ ਚਲੇ ਜਾਂਦੇ ਹਨ ਅਤੇ ਮਿੱਠੂ...। ਉਹ ਪਿਆਰ ਨਾਲ ਕਹਿੰਦੀ। ‘ਉਨ੍ਹਾਂ ਨੂੰ ਬਹੁਤ ਭੁੱਖ ਲੱਗੀ ਹੁੰਦੀ ਹੈ ਪਰ ਉਨ੍ਹਾਂ ਕੋਲ ਖਾਣ ਨੂੰ ਕੁਝ ਨਹੀਂ ਹੁੰਦਾ’। ‘ਟਾਫੀ ਵੀ ਨਹੀਂ?’ ਸਹਰਸ਼ ਮਾਸੂਮੀਅਤ ਨਾਲ ਪੁੱਛਦੀ...। ‘ਨਹੀਂ ਜਾਨੂੰ ... ਟਾਫੀ ਵੀ ਨਹੀਂ।’ ‘ਫੇਰ ਉਹ ਕੀ ਖਾਂਦੇ ਸੀ?’ ਸਹਰਸ਼ ਹੈਰਾਨ ਹੋ ਕੇ ਕਹਿੰਦੀ ਸੀ...। ‘ਉਹ ਮਾਂ ਦੀ ਕਬਰ ’ਤੇ ਲੱਗੀਆਂ ਪੀਲੂ ਦੀਆਂ ਝਾੜੀਆਂ ਤੋਂ ਪੀਲੂ ਤੋੜ ਤੋੜ ਕੇ ਖਾਂਦੇ ਸੀ।’ ਛੋਟੀ ਮਾਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਸਨ। ਉਸਦਾ ਗਲਾ ਭਰ ਆਉਂਦਾ ਅਤੇ ਉਹ ਬੇਇਖ਼ਤਿਆਰ ਨਹੁੰ ਚੱਬਣ ਲੱਗ ਜਾਂਦੀ।
ਅੱਜ ਤੋਂ ਦੋ ਸਾਲ ਪਹਿਲਾਂ ਉਹ ਛੋਟੀ ਮਾਂ ਨਹੀਂ, ਅਮੀਨਾ ਸੀ। ਸਾਰੇ ਘਰ ਦੀਆਂ ਅੱਖਾਂ ਦਾ ਤਾਰਾ। ਭੈਣ ਭਰਾਵਾਂ ਵਿਚ ਸਭ ਤੋਂ ਛੋਟੀ ਹੋਣ ਕਾਰਨ ਉਹ ਸਭਨਾਂ ਦੀ ਲਾਡਲੀ ਸੀ ਕਿਉਂਕਿ ਦੂਜੇ ਭੈਣ ਭਰਾਵਾਂ ਤੋਂ ਕੁਝ ਜ਼ਿਆਦਾ ਹੀ ਦੇਰ ਬਾਅਦ ਦੁਨੀਆ ਵਿਚ ਆਈ ਸੀ। ਇਸ ਲਈ ਅੰਮੀ ਅੱਬਾ ਦੇ ਨਾਲ ਨਾਲ ਉਸਦੇ ਲਾਡ ਅਸੀਂ ਭੈਣ ਭਰਾਵਾਂ ਨੇ ਵੀ ਬਹੁਤ ਕੀਤੇ। ਬਚਪਨ ਵਿਚ ਅਸੀਂ ਸਭ ਉਸ ਨੂੰ ਵਾਰੀ ਵਾਰੀ ਗੋਦੀ ਚੁੱਕਦੇ ਤੇ ਆਪਸ ਵਿਚ ਸ਼ਰਤਾਂ ਲਗਦੀਆਂ। ‘ਅੱਜ ਤੁਸੀਂ ਵੇਖ ਲੈਣਾ, ਇਸ ਨੂੰ ਖਿਡਾਉਣ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਮੇਰੀ ਹੋਵੇਗੀ’, ਮੈਂ ਯਕੀਨ ਨਾਲ ਕਹਿੰਦੀ। ‘ਅਰੇ... ਜਾਓ ਜਾਓ ਅੱਜ ਤਾਂ ਸਭ ਤੋਂ ਪਹਿਲਾਂ ਅੰਮੀ ਜਾਨ ਨੇ ਮੈਨੂੰ ਕਿਹਾ ਸੀ’, ਸਾਰਾ ਕਹਿੰਦੀ। ‘ਤੁਸੀਂ ਆਪਸ ਵਿਚ ਵਾਰੀਆਂ ਹੀ ਵੰਡਦੀਆਂ ਰਹਿ ਜਾਓਗੀਆਂ ਅਮੀਨਾ ਨੂੰ ਮੈਂ ਲੈ ਜਾਵਾਂਗਾ ਆਪਣੇ ਨਾਲ’, ਸਾਜਿਦ ਕਹਿੰਦਾ।
ਸਵੇਰੇ ਉਸ ਦੇ ਉੱਠਣ ਦਾ ਇੰਤਜ਼ਾਰ ਬੜੀ ਸ਼ਿੱਦਤ ਨਾਲ ਕੀਤਾ ਜਾਂਦਾ। ਉਹ ਜਾਗਦੀ ਤਾਂ ਅਸੀਂ ਸਾਰੇ ਉਸ ਦੇ ਆਲੇ-ਦੁਆਲੇ ਜਮ੍ਹਾਂ ਹੋ ਜਾਂਦੇ, ਉਹ ਆਪਣੀਆਂ ਛੋਟੀਆਂ ਛੋਟੀਆਂ ਅੱਖਾਂ ਵਿਚ ਹੈਰਾਨੀ ਭਰ ਕੇ ਸਾਡੇ ਵੱਲ ਵੇਖਦੀ। ਉਸਦਾ ਗੁਲਾਬੀ ਤੇ ਚਿੱਟਾ ਗੋਲ-ਮਟੋਲ ਚਿਹਰਾ ਨੀਂਦ ਤੋਂ ਜਾਗ ਕੇ ਕੁਝ ਜ਼ਿਆਦਾ ਹੀ ਭੋਲਾ-ਭਾਲਾ ਨਜ਼ਰ ਆਉਂਦਾ। ਉਸ ਵੇਲੇ ਉਹ ਏਨੀ ਪਿਆਰੀ ਲਗਦੀ ਕਿ ਅਸੀਂ ਸਾਰੇ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਕੁਝ ਜ਼ਿਆਦਾ ਹੀ ਯਤਨ ਕਰਦੇ। ਆਪਣੀਆਂ ਛੋਟੀਆਂ ਛੋਟੀਆਂ ਬਾਹਵਾਂ ਉਹ ਜਿਸ ਵੱਲ ਫੈਲਾ ਦੇਂਦੀ, ਉਸ ਨੂੰ ਤਾਂ ਮਜ਼ਾ ਹੀ ਆ ਜਾਂਦਾ। ਸਵੇਰ ਦੇ ਵਕਤ ਅਮੀਨਾ ਨੂੰ ਸਭ ਤੋਂ ਪਹਿਲਾਂ ਉਠਾਉਣ ਵਾਲਾ ਇਕ ਜੇਤੂ ਵਾਂਗ ਦੂਜਿਆਂ ਦੇ ਲਟਕੇ ਹੋਏ ਚਿਹਰੇ ’ਤੇ ਇਕ ਨਜ਼ਰ ਮਾਰਦਾ ਅਤੇ ਅਮੀਨਾ ਨੂੰ ਚੁੱਕ ਕੇ ਉਛਲਦਾ ਕੁੱਦਦਾ ਬਾਹਰ ਨਿਕਲ ਜਾਂਦਾ। ਸਾਡੇ ਘਰ ਵਿਚ ਉਹ ਜਿਊਂਦਾ-ਜਾਗਦਾ, ਅੱਖਾਂ ਫੜਫੜਾਉਂਦਾ, ਰੋਂਦਾ ਹੱਸਦਾ, ਇਕ ਜਿਊਂਦਾ ਖਿਡੌਣਾ ਏਨਾ ਅਨੋਖਾ ਸੀ ਕਿ ਅਸੀਂ ਪਤਾ ਨਹੀਂ ਕਿੰਨਾ ਸਮਾਂ ਉਸਦੇ ਆਲੇ-ਦੁਆਲੇ ਘੁੰਮਦੇ ਰਹਿੰਦੇ।
ਉਸਨੇ ਮੈਟ੍ਰਿਕ ਪਾਸ ਕਰ ਲਈ ਤਾਂ ਮੈਂ ਬਹੁਤ ਹੈਰਾਨੀ ਨਾਲ ਉਸ ਨੂੰ ਵੇਖਿਆ। ਉਹ ਛੋਟੀ ਜਿਹੀ ਭੋਲੀ-ਭਾਲੀ, ਸੁਰਖ਼ ਤੇ ਸਫ਼ੈਦ ਚਿਹਰੇ ਅਤੇ ਤਾਰੇ ਵਰਗੀਆਂ ਅੱਖਾਂ ਵਾਲੀ ਅਮੀਨਾ ਵੱਡੀ ਹੋ ਗਈ ਹੈ। ਕੱਦ ਦੇ ਹਿਸਾਬ ਨਾਲ ਤੇ ਜ਼ਿਹਨੀ ਲਿਹਾਜ਼ ਨਾਲ ਵੀ। ਮੈਂ ਉਸਨੂੰ ਸੀਨੇ ’ਤੇ ਬੜੇ ਸਲੀਕੇ ਨਾਲ ਦੁਪੱਟਾ ਫੈਲਾਉਂਦਿਆਂ ਵੇਖ ਕੇ ਹੈਰਤ ਨਾਲ ਉਸ ਬਾਰੇ ਸੋਚਦੀ। ਉਸ ਦੇ ਬੁਆਇ ਕੱਟ ਵਾਲ ਹੁਣ ਗੁੱਤ ਦੀ ਸੂਰਤ ਵਿਚ ਸਲੀਕੇ ਨਾਲ ਬੰਨ੍ਹੇ ਹੋਏ ਸੀ। ਉਸ ਦੀ ਖੱਬੀ ਕਲਾਈ ’ਤੇ ਗੁੱਟ ਘੜੀ ਚਮਕ ਰਹੀ ਸੀ। ਉਸਦਾ ਚਿਹਰਾ ਮਾਸੂਮ ਵੀ ਸੀ ਅਤੇ ਖ਼ੂਬਸੂਰਤ ਵੀ। ਇਹ ਅਮੀਨਾ ਹੈ? ਮੈਂ ਉਸ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਘੂਰਦਿਆਂ ਵੇਖਿਆ। ਇਹ ਹੁਣ ਤਕ ਮੇਰੀ ਨਿਗਾਹ ਤੋਂ ਓਝਲ ਕਿਵੇਂ ਰਹੀ? ‘ਬਾਜੀ ਕੀ ਹੋਇਆ?’ ਮੈਨੂੰ ਗੁੰਮਸੁੰਮ ਦੇਖ ਕੇ ਉਹ ਹੈਰਤ ਨਾਲ ਬੋਲੀ, ‘ਕੀ ਮੇਰੇ ਨੰਬਰ ਘੱਟ ਨੇ?’ ਉਸ ਦੇ ਹੱਥਾਂ ਵਿਚ ਮੈਟ੍ਰਿਕ ਦਾ ਰਿਜ਼ਲਟ ਅਤੇ ਉਸਦਾ ਮਾਸੂਮ ਇਜ਼ਹਾਰ ਮੈਨੂੰ ਸ਼ਰਮਿੰਦਾ ਕਰ ਗਿਆ। ‘ਨਹੀਂ ਨਹੀਂ ਮੇਰੀ ਗੁੜੀਆ ਨੇ ਤਾਂ ਇਸ ਦਫ਼ਾ ਇਤਨੇ ਅੱਛੇ ਨੰਬਰ ਲੈ ਕੇ ਮੈਨੂੰ ਹੈਰਾਨ ਕਰ ਦਿੱਤਾ ਹੈ।’ ਮੈਂ ਉਸ ਦੇ ਚਮਕਦੇ ਮੱਥੇ ’ਤੇ ਪਿਆਰ ਕਰਦਿਆਂ ਕਿਹਾ ਤੇ ਉਹ ਸ਼ਰਮਾ ਗਈ।
ਫੇਰ ਇਕ ਹਨੇਰੀ ਰਾਤ ਦੇ ਆਖ਼ਰੀ ਪਹਿਰ ਵਿਚ ਸਾਡੀ ਮਾਂ ਹਮੇਸ਼ਾਂ ਲਈ ਸਾਡੇ ਤੋਂ ਨਾਰਾਜ਼ ਹੋ ਕੇ ਚਲੀ ਗਈ। ਅਸੀਂ ਸਾਰੇ ਹੈਰਾਨ ਹੋ ਕੇ ਇਕ ਦੂਜੇ ਦਾ ਮੂੰਹ ਵੇਖਦੇ ਰਹਿ ਗਏ। ਅਚਾਨਕ ਵੱਡੀ ਭਾਰੀ ਸਿਲ ਸਾਡੇ ਉੱਤੇ ਧੜੰਮ ਕਰਕੇ ਡਿੱਗੀ। ਅਸੀਂ ਸਾਰੇ ਉਸਦੇ ਥੱਲੇ ਦਬੇ ਹੋਏ ਮਾਂ, ਮਾਂ ਪੁਕਾਰਦੇ ਰਹੇ। ਹਜ਼ਾਰਾਂ ਸੁਆਲ...। ... ਪਰ ਜੁਆਬ ਸਾਰੇ ਦੇ ਸਾਰੇ ਇਕ ਹਸਤੀ ਕੋਲ ਸਨ ਜੋ ਅੱਖਾਂ ਬੰਦ ਕਰਕੇ ਸਾਡੇ ਦਰਮਿਆਨ ਪਈ ਸੀ। ਸਾਡੀ ਚੀਖ਼-ਓ-ਪੁਕਾਰ ਤੋਂ ਬੇਪਰਵਾਹ। ਇਹ ਕੀ ਹੋ ਗਿਆ? ਸਭ ਦੇ ਬੁੱਲ੍ਹਾਂ ’ਤੇ ਇਹੀ ਗੱਲ ਸੀ। ਨੀਲੀ ਛੱਤ ਵੀ ਸਲਾਮਤ ਸੀ ਤੇ ਪੈਰਾਂ ਦੇ ਥੱਲੇ ਖ਼ਾਕੀ ਫਰਸ਼ ਵੀ, ਫੇਰ ਵੀ ਪਤਾ ਨਹੀਂ ਕਿਉਂ ਅਤੇ ਕਿਸ ਤਰ੍ਹਾਂ ਅਸੀਂ ਖਲਾਅ ਵਿਚ ਲਟਕੇ ਹੋਏ ਸੀ। ਫਰਸ਼ ਵੀ ਖੋਹਿਆ ਗਿਆ ਅਤੇ ਸਾਇਬਾਨ ਵੀ। ਤੇਜ਼ ਧੁੱਪ ਸਾਨੂੰ ਸਾੜਨ ਲੱਗੀ, ਅਸੀਂ ਸਾਏ ਦੀ ਤਲਾਸ਼ ਵਿਚ ਤੁਰਨਾ ਸ਼ੁਰੂ ਕੀਤਾ। ਉਹੋ ਜਿਹੀ ਛੱਤ ਤਾਂ ਨਹੀਂ ਪਰ ਸਿਰ ਛੁਪਾਉਣ ਅਤੇ ਦਮ ਲੈਣ ਨੂੰ ਇਕ ਥਾਂ ਮਿਲ ਹੀ ਗਈ। ਇਹ ਛਾਂ ਛੋਟੀ ਮਾਂ ਹੀ ਸੀ। ਛੋਟੀ ਮਾਂ... ਪਤਾ ਨਹੀਂ ਕਿਸ ਤਰ੍ਹਾਂ ਅਮੀਨਾ ਦੀ ਓਟ ਵਿਚੋਂ ਨਿਕਲ ਕੇ ਸਾਡੇ ਸਾਹਮਣੇ ਆ ਗਈ ਅਤੇ ਅਮੀਨਾ ਉਸ ਦੀ ਓਟ ਵਿਚ ਜਾ ਕੇ ਕਿਤੇ ਲੁਕ ਗਈ। ਇਹ ਅਦਲਾ-ਬਦਲੀ ਕਿਵੇਂ ਤੇ ਕਦੋਂ ਹੋਈ, ਅਸੀਂ ਇਸ ਤੋਂ ਬੇਖ਼ਬਰ ਸੀ।
ਅਸੀਂ ਤਾਂ ਜਦੋਂ ਵੇਖਿਆ, ਸਾਡੇ ਆਸ ਪਾਸ ਛੋਟੀ ਮਾਂ ਤੁਰਦੀ ਫਿਰਦੀ ਨਜ਼ਰ ਆਈ, ਅਮੀਨਾ ਦਾ ਕਿਤੇ ਨਾਮੋ-ਨਿਸ਼ਾਨ ਵੀ ਨਹੀਂ ਸੀ। ਬੱਸ ਜੋ ਵੀ ਸੀ, ਛੋਟੀ ਮਾਂ ਹੀ ਸੀ, ਛੋਟੀ ਮਾਂ। ਪਤਾ ਨਹੀਂ ਕਿਸ ਤਰ੍ਹਾਂ ਛੋਟੀ ਅਮੀਨਾ ਨੇ ਛੋਟੀ ਮਾਂ ਦੇ ਸਾਂਚੇ ਵਿਚ ਖ਼ੁਦ ਨੂੰ ਢਾਲ ਲਿਆ ਅਤੇ ਕਿਵੇਂ ਮਾਂ ਦੀ ਜਗ੍ਹਾ ਸੰਭਾਲ ਲਈ। ਉਹ ਚਾਬੀਆਂ ਜੋ ਮਾਂ ਦੀ ਚਾਦਰ ਦੇ ਪੱਲੇ ਨਾਲ ਬੰਨ੍ਹੀਆਂ ਹੁੰਦੀਆਂ ਸਨ, ਛੋਟੀ ਮਾਂ ਨੇ ਰੇਸ਼ਮੀ ਪਤਲੇ ਆਂਚਲ ਦੇ ਕਿਨਾਰੇ ਨਾਲ ਗੰਢ ਦੇ ਕੇ ਬੰਨ੍ਹ ਲਈਆਂ ਸਨ। ਉਸਨੇ ਅਜੀਬ ਤਰੀਕੇ ਨਾਲ ਸਾਡੇ ’ਤੇ ਆਪਣੇ ਪਿਆਰ ਦਾ ਸਾਇਬਾਨ ਤਾਣਨਾ ਸ਼ੁਰੂ ਕਰ ਦਿੱਤਾ, ਐਵੇਂ ਹੀ ਕਦੇ ਕਦੇ ਖ਼ੈਰੀਅਤ ਮਾਲੂਮ ਕਰਨਾ, ਛੋਟੀਆਂ ਛੋਟੀਆਂ ਸੁਗਾਤਾਂ, ਅਚਾਰ, ਮੁਰੱਬੇ, ਲੱਡੂ ਅਤੇ ਬਰਫ਼ੀ ਦੇ ਤੋਹਫ਼ੇ। ਹਰ ਮੌਸਮ ਦੇ ਕੱਪੜੇ ਅਤੇ ਮਾਂ ਦੇ ਘਰ ਜਾਣ ’ਤੇ ਉਸੇ ਤਰ੍ਹਾਂ ਦੀ ਸੇਵਾਦਾਰੀ ਜਿਵੇਂ ਪਹਿਲਾਂ ਹੁੰਦੀ ਸੀ।
ਮੈਨੂੰ ਯਾਦ ਹੈ ਮੈਂ ਜਦੋਂ ਵੀ ਮਾਂ ਦੇ ਘਰ ਜਾਂਦੀ, ਮੇਰੀ ਇਹ ਕੋਸ਼ਿਸ਼ ਹੁੰਦੀ ਸੀ ਕਿ ਮੇਰੀ ਸਭ ਤੋਂ ਪਹਿਲਾਂ ਨਜ਼ਰ ਮੇਰੀ ਮਾਂ ’ਤੇ ਪਵੇ। ਇਸ ਵਾਸਤੇ ਮੈਨੂੰ ਕਦੇ ਵੀ ਕੋਸ਼ਿਸ਼ ਨਾ ਕਰਨੀ ਪੈਂਦੀ। ਗੇਟ ’ਤੇ ਕਾਰ ਦਾ ਹਾਰਨ ਵੱਜਦਿਆਂ ਹੀ ਮੈਂ ਮਾਂ ਨੂੰ ਵੇਖਦੀ ਜੋ ਸਾਹਮਣੇ ਬਾਹਵਾਂ ਫੈਲਾ ਕੇ ਖੜ੍ਹੀ ਬਿਸਮਿਲਾੱਹ ਕਹਿ ਰਹੀ ਹੁੰਦੀ। ਆਦਤਾਂ ਕਈ ਦਫ਼ਾ ਤਕਲੀਫ਼ਦੇਹ ਰੂਪ ਧਾਰਨ ਕਰ ਲੈਂਦੀਆਂ ਹਨ, ਉਹ ਇਨਸਾਨ ਲਈ ਦੁਖਦਾਈ ਬਣ ਜਾਂਦੀਆਂ ਹਨ। ਮਾਂ ਦੀ ਜੁਦਾਈ ਇਸ ਆਦਤ ਦੇ ਲਿਹਾਜ਼ ਨਾਲ ਵੀ ਬਹੁਤ ਹੀ ਤਕਲੀਫ਼ਦੇਹ ਸੀ। ਉਸ ਤੋਂ ਬਾਅਦ ਪਹਿਲੀ ਦਫ਼ਾ ਉਧਰ ਗਈ, ਕਾਰ ਦਾ ਹਾਰਨ ਵੱਜਿਆ, ਗੇਟ ਖੁੱਲ੍ਹਿਆ ਅਤੇ ਆਦਤ ਅਨੁਸਾਰ ਨਜ਼ਰ ਉੱਠੀ ਤਾਂ ਸਭ ਤੋਂ ਪਹਿਲਾਂ ਮਾਂ ਦੀ ਜਗ੍ਹਾ ’ਤੇ ਛੋਟੀ ਮਾਂ ਖੜ੍ਹੀ ਸੀ। ਉਸ ’ਤੇ ਨਜ਼ਰ ਪਈ ਜੋ ਝੁਕੀਆਂ ਹੋਈਆਂ ਨਜ਼ਰਾਂ ਤੇ ਉਦਾਸ ਚਿਹਰੇ ਨਾਲ ਮਾਂ ਵਾਲੇ ਵਿਸ਼ੇਸ਼ ਸਥਾਨ ’ਤੇ ਖੜ੍ਹੀ ਸੀ। ਮੈਂ ਕਾਰ ਤੋਂ ਉੱਤਰ ਕੇ ਉਸਦੇ ਸੀਨੇ ਨਾਲ ਲੱਗ ਗਈ... ਅੱਖਾਂ ਆਪਣੇ ਆਪ ਹੀ ਭਿੱਜ ਗਈਆਂ। ਉਹ ਹੰਝੂ ਮਾਂ ਦੀ ਜੁਦਾਈ ਦੇ ਸੀ ਜਾਂ ਛੋਟੀ ਮਾਂ ਨੂੰ ਉਸ ਦੇ ਨਵੇਂ ਬਦਲ ਦੇ ਤੌਰ ’ਤੇ ਪਾ ਲੈਣ ਦੇ ਸੀ - ਇਹ ਸਮਝ ਨਾ ਸਕੀ।
ਅਮੀਨਾ ਸਭ ਤੋਂ ਛੋਟੀ ਅਤੇ ਲਾਡਲੀ ਸੀ। ਪਤਾ ਨਹੀਂ ਕਿਸ ਤਰ੍ਹਾਂ ਇੰਨੀ ਵੱਡੀ, ਮਜ਼ਬੂਤ ਅਤੇ ਮੋਹਤਬਰ ਬਣ ਗਈ ਕਿ ਉਸਨੇ ਬੋਹੜ ਦੇ ਦਰੱਖ਼ਤ ਦੀ ਤਰ੍ਹਾਂ ਸਾਨੂੰ ਸਾਰਿਆਂ ਨੂੰ ਆਪਣੀ ਛਾਂ ਵਿਚ ਲੈ ਲਿਆ। ਪੇਕੇ ਨਾਲ ਨਾਤਾ ਇਸ ਤਰ੍ਹਾਂ ਬਣਿਆ ਰਿਹਾ ਕਿ ਮੈਂ ਉੱਥੇ ਆਉਂਦੀ ਜਾਂਦੀ ਰਹੀ। ਉਹ ਸਬੰਧ ਜੋ ਮਾਂ ਨਾਲ ਸੀ, ਅਮੀਨਾ ਨਾਲ ਬਣ ਗਿਆ। ਹੁਣ ਉਹ ਅਮੀਨਾ ਨਹੀਂ ਸੀ, ਗੁੜੀਆ ਨਹੀਂ ਸੀ, ਛੋਟੀ ਮਾਂ ਸੀ, ਸਿਰਫ਼ ਛੋਟੀ ਮਾਂ। ਸਾਡੀਆਂ ਤਕਲੀਫ਼ਾਂ ’ਤੇ ਪਰੇਸ਼ਾਨ ਰਹਿਣ ਵਾਲੀ, ਸਾਡੇ ਛੋਟੇ ਛੋਟੇ ਸੁੱਖਾਂ ਦਾ ਖ਼ਿਆਲ ਕਰਨ ਵਾਲੀ, ਪੇਕੇ ਵਿਚ ਸਾਡਾ ਸਥਾਨ ਬਣਾਉਣ ਵਾਲੀ ਤੇ ਸਾਡੇ ਲਈ ਲਗਾਤਾਰ ਮੁਸੱਲੇ ’ਤੇ ਬੈਠ ਕੇ ਦੁਆ ਮੰਗਣ ਵਾਲੀ। ਸਾਡੇ ’ਤੇ ਜਾਨ ਛਿੜਕਣ ਵਾਲੀ ਛੋਟੀ ਮਾਂ ਨੇ ਬਹੁਤ ਹੱਦ ਤੱਕ ਮਾਂ ਦੀ ਜੁਦਾਈ ਵਿਚ ਵਗਣ ਵਾਲੇ ਹੰਝੂਆਂ ਨੂੰ ਆਪਣੇ ਆਂਚਲ ਵਿਚ ਸਮੋ ਕੇ ਸਾਨੂੰ ਵਕਤੀ ਤੌਰ ’ਤੇ ਸੰਭਾਲ ਲਿਆ। ਹੁਣ ਉਸ ਦੀ ਸ਼ਾਦੀ ਕਰੀਬ ਹੈ, ਤਿਆਰੀਆਂ ਜ਼ੋਰ ਸ਼ੋਰ ਨਾਲ ਜਾਰੀ ਹਨ। ਉਹ ਵਿਦਾ ਹੋ ਜਾਵੇਗੀ। ਮੈਂ ਉਸ ਦੇ ਰੁਪਹਿਲੇ ਦੁਪੱਟੇ ’ਤੇ ਗੋਟਾ ਲਗਾਉਂਦਿਆਂ ਸੋਚ ਰਹੀ ਸੀ ਕਿ ਮਾਂ ਤੋਂ ਬਾਅਦ ਤਾਂ ਸਾਨੂੰ ਛੋਟੀ ਮਾਂ ਮਿਲ ਗਈ ਸੀ, ਹੁਣ ਇਸ ਤੋਂ ਬਾਅਦ ਕੀ ਹੋਵੇਗਾ? ਹੁਣ ਇਹ ਖ਼ਲਾਅ ਕਿਵੇਂ ਪੂਰਾ ਹੋਵੇਗਾ?
(ਕਿਤਾਬ ‘ਬਾਰਾਂ ਆਨਿਆਂ ਦੀ ਔਰਤ’ ਵਿਚੋਂ, ਅਨੁਵਾਦ: ਕੁਲਜੀਤ ਕਪੂਰ; ਯੂਨੀਸਟਾਰ ਬੁੱਕਸ)