ਸਾਹਿਤਕ ਮਿਲਣੀ: ਪੁਸਤਕ ‘ਪੁੱਠ ਸਿਧ’ ਬਾਰੇ ਸੰਵਾਦ
ਕੁਲਦੀਪ ਸਿੰਘ
ਨਵੀਂ ਦਿੱਲੀ, 5 ਜਨਵਰੀ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸ਼ੁਰੂ ਕੀਤੀ ਮਹੀਨਾਵਾਰ ਸਾਹਿਤਕ ਮਿਲਣੀ ‘ਸਾਹਿਤ ਸੰਵਾਦ’ ਦੀ ਲੜੀ ਤਹਿਤ ਪੰਜਵਾਂ ਸਮਾਗਮ ਨਵਤੇਜ ਭਾਰਤੀ ਦੀ ਪੁਸਤਕ ‘ਪੁੱਠ ਸਿਧ’ ਬਾਰੇ ਕਰਵਾਇਆ ਗਿਆ। ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਕਿਹਾ ਕਿ ‘ਪੁੱਠ ਸਿਧ’ ਕਿਤਾਬ ਗਹਿਰੀਆਂ ਗੱਲਾਂ ਨੂੰ ਕਾਵਿਕ ਭਾਸ਼ਾ ਵਿੱਚ ਬਿਆਨ ਕਰਦੀ ਹੈ ਤੇ ਇਸ ਨੂੰ ਕਾਹਲੀ ਕਾਹਲੀ ਨਹੀਂ ਪੜ੍ਹਿਆ ਜਾ ਸਕਦਾ। ਸਮਾਗਮ ਦੇ ਕੋਆਰਡੀਨੇਟਰ ਡਾ. ਰਜਨੀ ਬਾਲਾ ਨੇ ਕਿਹਾ ਕਿ ਇਸ ਕਿਤਾਬ ਦੀ ਹਰ ਪੜ੍ਹਤ ’ਚੋਂ ਕੁਝ ਨਵਾਂ ਸੋਚਣ ਸਮਝਣ ਨੂੰ ਮਿਲਦਾ ਹੈ। ਇਸ ਕਿਤਾਬ ’ਤੇ ਦੋ ਖੋਜਾਰਥੀਆਂ ਸੁਖਚੈਨ ਸਿੰਘ ਅਤੇ ਗੁਰਦੀਪ ਸਿੰਘ ਨੇ ਆਪੋ ਆਪਣੇ ਖੋਜ-ਪੱਤਰ ਪੜ੍ਹੇ। ਸੁਖਚੈਨ ਸਿੰਘ ਨੇ ਆਪਣੇ ਖੋਜ-ਪੱਤਰ ਵਿੱਚ ਕਿਹਾ ਕਿ ਸਮ੍ਰਿਤੀ ਵਿੱਚੋਂ ਹੀ ਸਭਿਆਚਾਰ ਦੀ ਉਪਜ ਹੁੰਦੀ ਹੈ ਤੇ ਸਭਿਆਚਾਰ ਪਿੰਡ ਦੀ ਰਹਿਤਲ ਦੀ ਰਹਿਨੁਮਾਈ ਕਰਦਾ ਹੈ। ਲੇਖਕ ਨੇ ਰੋਡੇ ਪਿੰਡ ਦੀ ਰਹਿਤਲ ਨੂੰ ਵਿਸ਼ਾਲ ਅਰਥ ਦੇ ਕੇ ਅਸਮਾਨ ਦੀ ਫ਼ਿਜ਼ਾ ਵਿੱਚ ਘੋਲ ਦਿੱਤਾ ਹੈ। ‘ਪੁੱਠ ਸਿਧ’ ਬਾਰੇ ਦੂਸਰਾ ਖੋਜ-ਪੱਤਰ ਗੁਰਦੀਪ ਸਿੰਘ ਨੇ ਪੇਸ਼ ਕੀਤਾ। ਉਸ ਨੇ ਕਿਹਾ ਕਿ ‘ਪੁੱਠ ਸਿਧ’ ਪੁਸਤਕ ਨਵਤੇਜ ਭਾਰਤੀ ਦੇ ਅੰਦਰਲੇ ਠਹਿਰਾਅ ਨੂੰ ਪੇਸ਼ ਕਰਦੀ ਹੈ। ਇਸ ਪੁਸਤਕ ਵਿੱਚ ਇਤਿਹਾਸ, ਦਰਸ਼ਨ, ਸਿਮਰਤੀ, ਪਾਠ ਪੜ੍ਹਤ ਦੀ ਵਿਧੀ ਅਤੇ ਕਿਤੇ ਕਿਤੇ ਰੋਸਾ ਹੈ। ਉਸ ਨੇ ਕਿਹਾ ਕਿ ਇਸ ਪੁਸਤਕ ਨੂੰ ਕਿਸੇ ਇੱਕ ਵਿਧਾ ਵਿੱਚ ਨਹੀਂ ਰੱਖਿਆ ਜਾ ਸਕਦਾ। ਜਸਪਾਲ ਸਿੰਘ ਨੇ ਕਿਹਾ ਕਿ ਨਵਤੇਜ ਭਾਰਤੀ ਸਾਡੇ ਸਮਿਆਂ ਵਿੱਚ ਸੂਖਮਤਾ ਅਤੇ ਵਿਰਾਟ ਮਾਨਵੀ ਚੇਤਨਾ ਦਾ ਰਚਨਾਕਾਰ ਹੈ। ਭਾਵੇਂ ਉਹ ਕੈਨੇਡਾ ਦਾ ਬਾਸ਼ਿੰਦਾ ਹੈ, ਪਰ ਉਸ ਦੀ ਰਚਨਾ ਹੱਦਾਂ-ਸਰਹੱਦਾਂ ਤੋਂ ਪਾਰ ਹੈ। ਦੂਸਰੇ ਟਿੱਪਣੀਕਾਰ ਵਰਿੰਦਰ ਨਾਥ ਨੇ ਕਿਤਾਬ ਦੇ ਸਿਰਲੇਖ ‘ਪੁੱਠ ਸਿਧ’ ਦੀ ਵਿਆਖਿਆ ਵਿਅਕਤੀ ਦੇ ਚੇਤਨ ਅਤੇ ਅਵਚੇਤਨ ਮਨ ਦੀ ਅਵਸਥਾ ਨੂੰ ਅਧਾਰ ਬਣਾ ਕੇ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਯਾਦਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।