ਰਾਮ ਸਰੂਪ ਅਣਖੀ ਦੇ ਜਨਮ ਦਿਨ ਮੌਕੇ ਸਾਹਿਤਕ ਸਮਾਗਮ
ਪੱਤਰ ਪ੍ਰੇਰਕ
ਟੱਲੇਵਾਲ, 29 ਅਗਸਤ
ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਵੱਲੋਂ ਪੰਜਾਬੀ ਦੇ ਉੱਘੇ ਗਲਪਕਾਰ ਮਰਹੂਮ ਰਾਮ ਸਰੂਪ ਅਣਖੀ ਦੇ 92ਵੇਂ ਜਨਮ ਦਿਨ ਮੌਕੇ ਸਾਹਿਤਕ ਸਮਾਗਮ ਅਰੁਣ ਮੈਮੋਰੀਅਲ ਕਮਿਊਨਿਟੀ ਐਂਡ ਕਲਚਰ ਸੈਂਟਰ ਬਰਨਾਲਾ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਵਿਅੰਗਕਾਰ ਡਾ. ਕੇ. ਐੱਲ ਗਰਗ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ। ਡਾ. ਕੇ.ਐੱਲ ਗਰਗ ਨੇ ਕਿਹਾ ਕਿ ਰਾਮ ਸਰੂਪ ਅਣਖੀ ਇੱਕ ਸੱਚਮੁੱਚ ਸਿੱਧਾ ਬਿਨਾਂ ਵਿੰਗ ਵਲ ਵਾਲਾ ਲੇਖਕ ਸੀ। ਬਲਦੇਵ ਸੜਕਨਾਮਾ ਨੇ ਕਿਹਾ ਕਿ ਸ੍ਰੀ ਅਣਖੀ ਖ਼ੁਦ ਵੱਡਾ ਲੇਖਕ ਹੁੰਦੇ ਹੋਏ ਨਵੇਂ ਲੇਖ਼ਕਾਂ ਨੂੰ ਕਦੇ ਛੋਟਾ ਮਹਿਸੂਸ ਨਹੀਂ ਹੋਣ ਦਿੱਤਾ।
ਉੱਘੇ ਗਜ਼ਲਗੋ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਅਣਖੀ ਨੇ ਪੰਜਾਬੀ ਕਹਾਣੀ ਵਿਚ ਆਪਣੀ ਟਕਸਾਲ ਪੈਦਾ ਕੀਤੀ। ਇਸ ਮੌਕੇ ਡਾ. ਸਤਨਾਮ ਸਿੰਘ ਜੱਸਲ, ਸੀ. ਮਾਰਕੰਡਾ, ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਭਾਸ਼ਾ ਅਧਿਕਾਰੀ ਅਜੀਤਪਾਲ, ਕੌਮੀ ਪੁਰਸਕਾਰ ਜੇਤੂ ਪਾਲੀ ਖਾਦਿਮ, ਖੋਜ ਅਫ਼ਸਰ ਮਾਨਸਾ ਗੁਰਪ੍ਰੀਤ, ਡਾ. ਸੁਰਿੰਦਰ ਸਿੰਘ ਭੱਠਲ, ਪ੍ਰੋ. ਕਰਾਂਤੀ ਪਾਲ, ਡਾ. ਭੁਪਿੰਦਰ ਸਿੰਘ ਬੇਦੀ ਆਦਿ ਨੇ ਵੀ ਵਿਚਾਰ ਰੱਖੇ। ਸਭਾ ਦੇ ਸਰਪ੍ਰਸਤ ਗੁਰਸੇਵਕ ਸਿੰਘ ਧੌਲਾ, ਪ੍ਰਧਾਨ ਬੇਅੰਤ ਸਿੰਘ ਬਾਜਵਾ ਤੇ ਮੀਤ ਪ੍ਰਧਾਨ ਅਮਨਦੀਪ ਸਿੰਘ ਮਾਰਕੰਡਾ ਨੇ ਪੰਜਾਬੀ ਦੇ ਕਥਾਕਾਰ ਰਾਜਵਿੰਦਰ ਸਿੰਘ ਰਾਜਾ ਦਾ ਰਾਮ ਸਰੂਪ ਅਣਖੀ ਯਾਦਗਾਰੀ ਪੁਰਸਕਾਰ 2024 ਨਾਲ ਸਨਮਾਨ ਕੀਤਾ।