For the best experience, open
https://m.punjabitribuneonline.com
on your mobile browser.
Advertisement

ਸਾਹਿਤਕ ਸਿਨੇਮਾ ਦੀ ਸਟੀਕ ਪੇਸ਼ਕਾਰੀ ‘ਬੁੱਕਲ ਦੇ ਸੱਪ’

11:38 AM Apr 20, 2024 IST
ਸਾਹਿਤਕ ਸਿਨੇਮਾ ਦੀ ਸਟੀਕ ਪੇਸ਼ਕਾਰੀ ‘ਬੁੱਕਲ ਦੇ ਸੱਪ’
ਫਿਲਮ ‘ਬੁੱਕਲ ਦੇ ਸੱਪ’ ਦਾ ਇੱਕ ਦ੍ਰਿਸ਼
Advertisement

ਸੁਰਜੀਤ ਜੱਸਲ

ਪੰਜਾਬੀ ਸਿਨੇਮਾ ਦੀ ਇਹ ਤਰਾਸਦੀ ਰਹੀ ਹੈ ਕਿ ਪੰਜਾਬ ਵਿੱਚ ਸਾਹਿਤ ਦਾ ਖੁੱਲ੍ਹਾ ਖ਼ਜ਼ਾਨਾ ਹੋਣ ਦੇ ਬਾਵਜੂਦ ਬਹੁਤੇ ਫਿਲਮਸਾਜ਼ਾਂ ਨੂੰ ਮਨਘੜਤ ਕਹਾਣੀਆਂ ਜਾਂ ਹੋਰ ਭਾਸ਼ਾਈ ਫਿਲਮਾਂ ਦੀ ਚੀਰ ਫਾੜ ਕਰਕੇ ਨਵੀਆਂ ਫਿਲਮਾਂ ਦੀ ਸਿਰਜਣਾ ਕਰਨੀ ਪੈਂਦੀ ਹੈ। ਅਜਿਹੇ ਬਹੁਤ ਘੱਟ ਫਿਲਮਸਾਜ਼ ਹਨ ਜਿਨ੍ਹਾਂ ਨੇ ਪੰਜਾਬ ਦੇ ਸਾਹਿਤ ਨੂੰ ਆਪਣੀਆਂ ਫਿਲਮਾਂ ਦਾ ਹਿੱਸਾ ਬਣਾਇਆ। ਭਾਵੇਂ ਇਹ ਫਿਲਮਾਂ ਵਪਾਰਕ ਪੱਖੋਂ ਊਣੀਆਂ ਰਹੀਆਂ ਪਰ ਦਰਸ਼ਕਾਂ ਦੀ ਕਸਵੱਟੀ ’ਤੇ ਖਰੀਆਂ ਉਤਰੀਆਂ। ਚੰਗੀ ਗੱਲ ਹੋਵੇਗੀ ਜੇ ਇਸ ਰੁਝਾਨ ਨੂੰ ਹੋਰ ਹੁਲਾਰਾ ਦਿੱਤਾ ਜਾਵੇ ਅਤੇ ਵੱਧ ਤੋਂ ਵੱਧ ਸਾਹਿਤਕ ਲਿਖਤਾਂ ਉੱਪਰ ਫਿਲਮਾਂ ਦਾ ਨਿਰਮਾਣ ਹੋਵੇ। ਅਜਿਹੀ ਹੀ ਇੱਕ ਨਵੀਂ ਕੋਸ਼ਿਸ਼ ਅਧੀਨ ਫਿਲਮ ‘ਬੁੱਕਲ ਦੇ ਸੱਪ’ ਪਿਛਲੇ ਦਿਨੀਂ ਯੂ-ਟਿਊਬ ਚੈਨਲ ’ਤੇ ਵੇਖਣ ਨੂੰ ਮਿਲੀ ਜੋ ਪੰਜਾਬ ਦੇ ਪਿੰਡਾਂ ਦੇ ਵਿਰਾਸਤੀ ਸੱਭਿਆਚਾਰ ’ਚੋਂ ਪੈਦਾ ਹੋਈ ਇੱਕ ਸਮਾਜਿਕ ਕਹਾਣੀ ਹੈ। ਉੱਘੇ ਨਾਵਲਕਾਰ ਜੀਤ ਸਿੰਘ ਸੰਧੂ ਦੇ ਚਰਚਿਤ ਨਾਵਲ ‘ਬੁੱਕਲ ਦੇ ਸੱਪ’ ’ਤੇ ਬਣੀ ਇਸ ਫਿਲਮ ਨੂੰ ਨਿਰਦੇਸ਼ਕ ਰਵਿੰਦਰ ਰਵੀ ਨੇ ਬਣਾਇਆ ਹੈ। ਰਵਿੰਦਰ ਰਵੀ ਪੰਜਾਬੀ ਸਿਨੇਮਾ ਨਾਲ ਜੁੜਿਆ ਇੱਕ ਪੁਰਾਣਾ ਤੇ ਚਰਚਿਤ ਨਾਂ ਹੈ ਜਿਸ ਨੇ ‘ਬਦਲਾ ਜੱਟੀ ਦਾ’, ‘ਜੱਟ ਜਿਉਣਾ ਮੌੜ’, ‘ਪ੍ਰਤਿੱਗਿਆ’, ‘ਟਰੱਕ ਡਰਾਈਵਰ’, ‘ਸਿਕੰਦਰਾ’, ‘ਮਿਰਜ਼ਾ ਜੱਟ’ ਆਦਿ ਫਿਲਮਾਂ ਦਾ ਨਿਰਮਾਣ ਕੀਤਾ।
ਨਾਵਲਕਾਰ ਜੀਤ ਸਿੰਘ ਸੰਧੂ ਹੁਣ ਤੱਕ 25 ਦੇ ਕਰੀਬ ਨਾਵਲ ਲਿਖ ਚੁੱਕਿਆ ਹੈ। ਇਸ ਤੋਂ ਪਹਿਲਾਂ ਉਸ ਦੇ ਨਾਵਲ ‘ਤੇਜਾ ਨਗੌਰੀ’ ’ਤੇ ਵੀ ਇੱਕ ਸਫ਼ਲ ਵੈੱਬ ਸੀਰੀਜ਼ ਬਣ ਚੁੱਕੀ ਹੈ। ‘ਬੁੱਕਲ ਦੇ ਸੱਪ’ ਦੀ ਕਹਾਣੀ ਪੰਜਾਬ ਦੇ ਪੇਂਡੂ ਸੱਭਿਆਚਾਰ ਨਾਲ ਜੁੜੀ ਸੱਚੀ ਸਮਾਜਿਕ ਗਾਥਾ ਹੈ ਜੋ ਔਲਾਦ ਦੀ ਪੂਰਤੀ ਲਈ ਦੂਜਾ ਵਿਆਹ ਕਰਵਾ ਕੇ ਪੈਦਾ ਹੋਏ ਹਾਲਾਤ ’ਤੇ ਆਧਾਰਿਤ ਹੈ। ਮਨੋਰੰਜਨ ਦੇ ਨਾਲ ਨਾਲ ਸਮਾਜ ਨੂੰ ਇੱਕ ਚੰਗੀ ਸੇਧ ਦਿੰਦੀ ਇਸ ਫਿਲਮ ਦੀ ਕਹਾਣੀ ਰਣਜੀਤ ਅਤੇ ਕੰਵਲ ਦੁਆਲੇ ਘੁੰਮਦੀ ਹੈ। ਖੇਤੀ-ਪੱਤੀ ਕਰਨ ਵਾਲੇ ਰਣਜੀਤ ਦੇ ਵਿਆਹ ਨੂੰ ਜਦ ਚਾਰ-ਪੰਜ ਸਾਲ ਲੰਘ ਜਾਂਦੇ ਹਨ ਤਾਂ ਉਸ ਦੇ ਘਰ ਬੱਚੇ ਦੀ ਕਿਲਕਾਰੀ ਨਹੀਂ ਗੂੰਜਦੀ। ਸਾਰਾ ਪਿੰਡ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਔਰਤਾਂ ਦੇ ਤਾਅਨੇ-ਮਿਹਣਿਆਂ ਤੋਂ ਤੰਗ ਆਈ ਕੰਵਲ, ਜੀਤ ਨੂੰ ਦੂਜਾ ਵਿਆਹ ਕਰਵਾਉਣ ਨੂੰ ਕਹਿੰਦੀ ਹੈ ਪਰ ਜੀਤ ਉਸ ਦੀ ਗੱਲ ਨੂੰ ਅਣਸੁਣਿਆ ਕਰ ਦਿੰਦਾ ਹੈ। ਅਖੀਰ ਉਸ ਨੂੰ ਕਮਲ ਦੀ ਜ਼ਿੱਦ ਮੂਹਰੇ ਝੁਕਣਾ ਪੈਂਦਾ ਹੈ।
ਦੂਜੇ ਵਿਆਹ ਦੀ ਪਤਨੀ ਸਮੁੰਦਰੋ ਜਦ ਵਿਹੜੇ ਪੈਰ ਪਾਉਂਦੀ ਹੈ ਤਾਂ ਘਰ ਵਿੱਚ ਭੁਚਾਲ ਲਿਆ ਦਿੰਦੀ ਹੈ। ਕੰਵਲ, ਸਮੁੰਦਰੋ ਨੂੰ ਆਪਣੀ ਛੋਟੀ ਭੈਣ ਵਾਂਗ ਸਮਝਦੀ ਹੈ ਜਦਕਿ ਸਮੁੰਦਰੋ ਹਮੇਸ਼ਾ ਉਸ ਨੂੰ ਘਰ ਦੀ ਨੌਕਰਾਣੀ ਸਮਝ ਕੇ ਮਹਾਰਾਣੀਆਂ ਵਾਂਗ ਹੁਕਮ ਚਲਾਉਂਦੀ ਹੈ। ਫਿਲਮ ਦੀ ਕਹਾਣੀ ਅਚਾਨਕ ਖਤਰਨਾਕ ਮੋੜ ਲੈਂਦੀ ਹੈ ਜਦ ਸਮੁੰਦਰੋ ਦਾ ਵੈਲੀ ਕਿਸਮ ਦਾ ਜੀਜਾ ਬਲੌਰੀ, ਜੀਤ ਦੇ ਘਰ ਵਿੱਚ ਦਖਲਅੰਦਾਜ਼ੀ ਕਰਦਾ ਹੈ ਤਾਂ ਘਰ ਦੇ ਹਾਲਾਤ ਵਿਗੜਨ ਲੱਗਦੇ ਹਨ। ਆਖਿਰ ਸਮੁੰਦਰੋ ਤੇ ਬਲੌਰੀ ਦਾ ਸਤਾਇਆ ਜੀਤ ਦੋਵਾਂ ਦੇ ਖ਼ੂਨ ’ਚ ਆਪਣੇ ਹੱਥ ਰੰਗ ਲੈਂਦਾ ਹੈ। ਇੱਕ ਘੰਟਾ ਚਾਲੀ ਮਿੰਟ ਦੀ ਇਹ ਫਿਲਮ ਜਿੱਥੇ ਔਰਤ ਦੇ ਚੰਗੇ-ਮਾੜੇ ਕਿਰਦਾਰਾਂ ਨੂੰ ਪੇਸ਼ ਕਰਦੀ ਹੈ, ਉੱਥੇ ਇਹ ਵੀ ਵਿਖਾਉਂਦੀ ਹੈ ਕਿ ਕਿਵੇਂ ਹਾਲਾਤ ਤੋਂ ਤੰਗ ਆਇਆ ਭਲਾਮਾਣਸ ਇਨਸਾਨ ਹਥਿਆਰ ਚੁੱਕਦਾ ਹੈ।
ਫਿਲਮ ਦੀ ਕਹਾਣੀ ਤੇ ਸੰਵਾਦ ਨਾਵਲਕਾਰ ਜੀਤ ਸਿੰਘ ਸੰਧੂ ਨੇ ਲਿਖੇ ਹਨ ਤੇ ਸਕਰੀਨ ਪਲੇਅ ਤੇ ਨਿਰਦੇਸ਼ਨ ਰਵਿੰਦਰ ਰਵੀ ਦਾ ਹੈ। ਰਵਿੰਦਰ ਰਵੀ ਨੇ ਦੱਸਿਆ ਕਿ ਇਹ ਫਿਲਮ ਹੂਬਹੂ ਨਾਵਲ ਦੇ ਹਿੱਸਿਆਂ ਨੂੰ ਪੇਸ਼ ਕਰਦੀ ਹੈ। ਫਿਲਮ ਦੇ ਸੰਵਾਦ ਬਿਲਕੁਲ ਦੇਸੀ, ਮਲਵਈ ਬੋਲੀ ਵਿੱਚ ਬੋਲੇ ਗਏ ਹਨ ਜੋ ਫਿਲਮ ਲਈ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੇ ਹਨ। ਸਮੁੰਦਰੋ ਦੇ ਕਿਰਦਾਰ ਨੂੰ ਕੁਲਵਿੰਦਰ ਕੌਰ ਨੇ ਬਹੁਤ ਬਾਖੂਬੀ ਪੇਸ਼ ਕੀਤਾ ਹੈ। ਉਸ ਦੀ ਅਦਾਕਾਰੀ ਤੇ ਸੰਵਾਦ ਰਚਨਾ ਕਮਾਲ ਦੀ ਹੈ। ਬਲੌਰੀ ਦੇ ਕਿਰਦਾਰ ਵਿੱਚ ਨੀਟੂ ਪੰਧੇਰ, ਕਾਮਰੇਡ ਦੇ ਕਿਰਦਾਰ ਵਿੱਚ ਹੌਬੀ ਧਾਲੀਵਾਲ ਅਤੇ ਸੀਰੀ ਦੇ ਕਿਰਦਾਰ ਵਿੱਚ ਕੁਲਦੀਪ ਨਿਆਮੀ ਆਪਣਾ ਪੂਰਾ ਪ੍ਰਭਾਵ ਛੱਡਦੇ ਨਜ਼ਰ ਆਏ। ਮੁੱਖ ਕਿਰਦਾਰ ਦੀ ਗੱਲ ਕਰੀਏ ਤਾਂ ਸੋਨਪ੍ਰੀਤ ਜਵੰਧਾ ਅਤੇ ਜੋਤ ਚਾਹਲ ਫਿਲਮ ਦੀ ਜਿੰਦਜਾਨ ਹਨ। ਫਿਲਮ ਦੀ ਫੋਟੋਗ੍ਰਾਫੀ ਕਰਨ ਅੰਜਾਨ ਨੇ ਕੀਤੀ ਹੈ।
ਫਿਲਮ ਵਿੱਚ ਕੁਝ ਅਜਿਹੇ ਦ੍ਰਿਸ਼ ਵੀ ਹਨ ਜੋ ਕਿ ਪਰਿਵਾਰ ਵਿੱਚ ਵੇਖਦਿਆਂ ਇਤਰਾਜ਼ਯੋਗ ਲੱਗਦੇ ਹਨ। ਇਨ੍ਹਾਂ ਬਾਰੇ ਰਵਿੰਦਰ ਰਵੀ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਦੀ ਮੰਗ ਮੁਤਾਬਕ ਇਹ ਜ਼ਰੂਰੀ ਸੀ ਤਾਂ ਕਿ ਉਨ੍ਹਾਂ ਕਿਰਦਾਰਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ। ਇਸ ਵਿੱਚ ਅਜਿਹਾ ਕੁਝ ਵੀ ਨਹੀਂ ਜੋ ਧੱਕੇ ਨਾਲ ਪਰੋਸਿਆ ਗਿਆ ਹੋਵੇ। ਨਿਰਮਾਤਾ ਸਵਰਨ ਸਿੰਘ ਦਾ ਯਤਨ ਸ਼ਲਾਘਾਯੋਗ ਹੈ ਕਿ ਉਨ੍ਹਾਂ ਚਾਲੂ ਕਿਸਮ ਦੇ ਵਿਸ਼ਿਆਂ ਤੋਂ ਪਾਸੇ ਹੋ ਕੇ ਸਾਹਿਤਕ ਰਚਨਾ ਨੂੰ ਫਿਲਮੀ ਰੂਪ ਦਿੱਤਾ ਹੈ।

Advertisement

ਸੰਪਰਕ: 98146-07737

Advertisement
Author Image

sukhwinder singh

View all posts

Advertisement
Advertisement
×