For the best experience, open
https://m.punjabitribuneonline.com
on your mobile browser.
Advertisement

ਓਲੰਪਿਕ ਵਾਸਤੇ 117 ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੇ 140 ਮੈਂਬਰਾਂ ਦੀ ਸੂਚੀ ਜਾਰੀ

01:24 PM Jul 17, 2024 IST
ਓਲੰਪਿਕ ਵਾਸਤੇ 117 ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੇ 140 ਮੈਂਬਰਾਂ ਦੀ ਸੂਚੀ ਜਾਰੀ
Advertisement

ਨਵੀਂ ਦਿੱਲੀ, 17 ਜੁਲਾਈ
ਪੈਰਿਸ ਓਲੰਪਿਕ ਵਿੱਚ ਭਾਰਤ ਦੇ 117 ਖਿਡਾਰੀ ਹਿੱਸਾ ਲੈਣਗੇ। ਖੇਡ ਮੰਤਰਾਲੇ ਨੇ ਇਸ ਤੋਂ ਇਲਾਵਾ ਸਹਿਯੋਗੀ ਸਟਾਫ਼ ਦੇ 140 ਮੈਂਬਰਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ ਜਿਸ ਵਿੱਚ ਖੇਡ ਅਧਿਕਾਰੀ ਵੀ ਸ਼ਾਮਲ ਹਨ। ਸਹਿਯੋਗੀ ਸਟਾਫ਼ ਦੇ 72 ਮੈਂਬਰਾਂ ਨੂੰ ਸਰਕਾਰ ਦੇ ਖਰਚੇ ’ਤੇ ਮਨਜ਼ੂਰੀ ਮਿਲੀ ਹੈ। ਓਲੰਪਿਕ ਵਾਸਤੇ ਜਿਨ੍ਹਾਂ ਖਿਡਾਰੀਆਂ ਨੇ ਕੁਆਲੀਫਾਈ ਕੀਤਾ ਸੀ ਉਨ੍ਹਾਂ ਵਿੱਚੋਂ ਸਿਰਫ਼ ਗੋਲਾ ਸੁੱਟਣ ਵਾਲੀ ਅਥਲੀਟ ਆਭਾ ਖਟੁਆ ਦਾ ਨਾਮ ਸੂਚੀ ਵਿੱਚ ਨਹੀਂ ਹੈ। ਵਿਸ਼ਵ ਰੈਂਕਿੰਗ ਰਾਹੀਂ ਕੋਟਾ ਹਾਸਲ ਕਰਨ ਵਾਲੀ ਆਭਾ ਖਟੁਆ ਦਾ ਨਾਮ ਹਟਾਉਣ ਨੂੰ ਲੈ ਕੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਵਿਸ਼ਵ ਅਥਲੈਟਿਕਸ ਦੀ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਸੂਚੀ ’ਚੋਂ ਉਸ ਦਾ ਨਾਮ ਹਟਾ ਦਿੱਤਾ ਗਿਆ ਸੀ। ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਸੱਟ ਲੱਗਣ, ਡੋਪਿੰਗ ਉਲੰਘਣਾ ਜਾਂ ਕਿਸੇ ਹੋਰ ਤਕਨੀਕੀ ਸਮੱਸਿਆ ਕਾਰਨ ਉਸ ਦਾ ਨਾਮ ਹਟਾਇਆ ਗਿਆ ਹੈ। ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਹੋਰ ਖਿਡਾਰੀਆਂ ਨੂੰ ਆਸ ਮੁਤਾਬਕ ਮਨਜ਼ੂਰੀ ਮਿਲ ਗਈ। ਲੰਡਨ ਓਲੰਪਿਕ ਦੇ ਕਾਂਸੀ ਤਗ਼ਮਾ ਜੇਤੂ ਸਾਬਕਾ ਨਿਸ਼ਾਨੇਬਾਜ਼ ਗਗਨ ਨਾਰੰਗ ਨੂੰ ਟੀਮ ਦਾ ਮੁਖੀ ਬਣਾਇਆ ਗਿਆ ਹੈ। ਨਾਰੰਗ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਵਿੱਚ ਮੀਤ ਪ੍ਰਧਾਨ ਵੀ ਹੈ। ਖੇਡ ਮੰਤਰਾਲੇ ਵੱਲੋਂ ਆਈਓਏ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਲਿਖੇ ਗਏ ਪੱਤਰ ਵਿੱਚ ਕਿਹਾ ਗਿਆ ਹੈ, ‘‘ਓਲੰਪਿਕ ਖੇਡਾਂ 2024 ਦੀ ਪ੍ਰਬੰਧਕ ਕਮੇਟੀ ਦੇ ਮਾਪਦੰਡਾਂ ਮੁਤਾਬਕ ਸਹਿਯੋਗੀ ਸਟਾਫ਼ ਦੇ 67 ਮੈਂਬਰ ਹੀ ਖੇਡ ਪਿੰਡ ਵਿੱਚ ਰੁਕ ਸਕਦੇ ਹਨ ਜਿਨ੍ਹਾਂ ਵਿੱਚ ਆਈਓਏ ਦੇ 11 ਅਧਿਕਾਰੀ ਵੀ ਸ਼ਾਮਲ ਹਨ। ਅਧਿਕਾਰੀਆਂ ਵਿੱਚ ਪੰਜ ਮੈਂਬਰ ਮੈਡੀਕਲ ਟੀਮ ਦੇ ਹਨ।’’ ਆਭਾ ਖਟੁਆ ਦਾ ਨਾਮ ਸ਼ਾਮਲ ਨਾ ਹੋਣ ਦੇ ਬਾਵਜੂਦ ਖਿਡਾਰੀਆਂ ਦੀ ਸੂਚੀ ਵਿੱਚ ਸਭ ਤੋਂ ਵੱਧ 29 (11 ਮਹਿਲਾ ਤੇ 18 ਪੁਰਸ਼) ਖਿਡਾਰੀ ਅਥਲੈਟਿਕਸ ਦੇ ਹਨ। ਉਨ੍ਹਾਂ ਤੋਂ ਬਾਅਦ ਨਿਸ਼ਾਨੇਬਾਜ਼ੀ (21) ਅਤੇ ਹਾਕੀ (19) ਦਾ ਨੰਬਰ ਆਉਂਦਾ ਹੈ। ਟੇਬਲ ਟੈਨਿਕਸ ਵਿੱਚ ਭਾਰਤ ਦੇ ਅੱਠ ਜਦਕਿ ਬੈਡਮਿੰਟਨ ’ਚ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਸਣੇ ਸੱਤ ਖਿਡਾਰੀ ਹਿੱਸਾ ਲੈਣਗੇ। ਕੁਸ਼ਤੀ (6), ਤੀਰਅੰਦਾਜ਼ੀ (6) ਅਤੇ ਮੁੱਕੇਬਾਜ਼ੀ (6) ਵਿੱਚ ਛੇ-ਛੇ ਖਿਡਾਰੀ ਓਲੰਪਿਕ ’ਚ ਆਪਣੀ ਚੁਣੌਤੀ ਪੇਸ਼ ਕਰਨਗੇ। ਇਸ ਤੋਂ ਬਾਅਦ ਗੌਲਫ (4), ਟੈਨਿਸ (3), ਤੈਰਾਕੀ (2), ਸੇਲਿੰਗ (2) ਦਾ ਨੰਬਰ ਆਉਂਦਾ ਹੈ। ਘੋੜਸਵਾਰੀ, ਜੂਡੋ, ਰੋਇੰਗ ਅਤੇ ਭਾਰ ਚੁੱਕਣ (ਵੇਟਲਿਫਟਿੰਗ) ਵਿੱਚ ਇਕ-ਇਕ ਖਿਡਾਰੀ ਹਿੱਸਾ ਲੈਣਗੇ। ਨਿਸ਼ਾਨੇਬਾਜ਼ੀ ਟੀਮ ਵਿੱਚ 11 ਮਹਿਲਾਵਾਂ ਅਤੇ 10 ਪੁਰਸ਼ ਖਿਡਾਰੀ ਸ਼ਾਮਲ ਹਨ। ਟੇਬਲ ਟੈਨਿਸ ਵਿੱਚ ਪੁਰਸ਼ ਤੇ ਮਹਿਲਾ ਦੋਵੇਂ ਵਰਗਾਂ ਵਿੱਚ ਚਾਰ-ਚਾਰ ਖਿਡਾਰੀ ਸ਼ਾਮਲ ਹਨ। ਟੋਕੀਓ ਓਲੰਪਿਕ ਦੀ ਚਾਂਦੀ ਤਗ਼ਮਾ ਜੇਤੂ ਮੀਰਾਬਾਈ ਚਾਨੂ ਟੀਮ ’ਚ ਸ਼ਾਮਲ ਇਕਮਾਤਰ ਵੇਟਲਿਫਟਰ ਹਨ। ਉਹ ਮਹਿਲਾਵਾਂ ਦੇ 49 ਕਿੱਲੋ ਵਰਗ ’ਚ ਚੁਣੌਤੀ ਪੇਸ਼ ਕਰੇਗੀ। -ਪੀਟੀਆਈ

Advertisement

Advertisement
Author Image

Advertisement
Advertisement
×