ਸ੍ਰੀਲੰਕਾ ਖ਼ਿਲਾਫ਼ ਟੀ-20 ਲੜੀ ’ਚ ਪਾਂਡਿਆ ਕਰੇਗਾ ਭਾਰਤੀ ਟੀਮ ਦੀ ਅਗਵਾਈ
ਨਵੀਂ ਦਿੱਲੀ, 16 ਜੁਲਾਈ
ਸ੍ਰੀਲੰਕਾ ਖ਼ਿਲਾਫ਼ 27 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਲੜੀ ਵਿਚ ਹਰਫਨਮੌਲਾ ਹਾਰਦਿਕ ਪਾਂਡਿਆ ਭਾਰਤੀ ਟੀਮ ਦੀ ਅਗਵਾਈ ਕਰੇਗਾ। ਹਾਲਾਂਕਿ ਨਿੱਜੀ ਕਾਰਨਾਂ ਕਰਕੇ ਉਹ ਅਗਸਤ ’ਚ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਟੀਮ ਦਾ ਹਿੱਸਾ ਨਹੀਂ ਹੋਵੇਗਾ। ਬੀਸੀਸੀਆਈ ਦੇ ਸੂਤਰ ਨੇ ਦੱਸਿਆ, “ਰੋਹਿਤ ਸ਼ਰਮਾ ਦੀ ਕਪਤਾਨੀ ਵੇਲੇ ਹਾਰਦਿਕ ਪਾਂਡਿਆ ਭਾਰਤੀ ਟੀ-20 ਟੀਮ ਦਾ ਉਪ-ਕਪਤਾਨ ਸੀ। ਹਾਰਦਿਕ ਪੂਰੀ ਤਰ੍ਹਾਂ ਫਿੱਟ ਹੈ ਅਤੇ ਤਿੰਨ ਮੈਚਾਂ ਦੀ ਟੀ-20 ਲੜੀ ਲਈ ਉਪਲਬਧ ਵੀ ਹੈ, ਇਸ ਲਈ ਉਹ ਕਪਤਾਨ ਹੋਵੇਗਾ।।’’ ਰੋਹਿਤ ਨੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀ-20 ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਟੀ-20 ਲੜੀ 27 ਤੋਂ 30 ਜੁਲਾਈ ਤੱਕ ਪੱਲੇਕੇਲੇ ’ਚ ਜਦਕਿ ਇੱਕ ਰੋਜ਼ਾ ਲੜੀ 2 ਤੋਂ 7 ਅਗਸਤ ਤੱਕ ਕੋਲੰਬੋ ’ਚ ਖੇਡੀ ਜਾਵੇਗੀ। ਟੀਮ ਦਾ ਐਲਾਨ ਅਗਲੇ ਦਿਨਾਂ ’ਚ ਕਰ ਦਿੱਤਾ ਜਾਵੇਗਾ। ਟੀਮ ਦੇ ਉਪ ਕਪਤਾਨ ਬਾਰੇ ਹਾਲੇ ਫ਼ੈਸਲੈ ਨਹੀਂ ਲਿਆ ਗਿਆ। ਇਸ ਬਾਰੇ ਸ਼ੁਭਮਨ ਗਿੱਲ ਜਾਂ ਸੂਰਿਆਕੁਮਾਰ ਯਾਦਵ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਪਾਂਡਿਆ ਨੇ ਨਿੱਜੀ ਕਾਰਨਾਂ ਕਰਕੇ ਇੱਕ ਰੋਜ਼ਾ ਲੜੀ ਤੋਂ ਬਰੇਕ ਮੰਗੀ ਹੈ ਤੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਇੱਕ ਰੋਜ਼ਾ ਲੜੀ ਦੀ ਕਪਤਾਨੀ ਲਈ ਗਿੱਲ ਜਾਂ ਕੇਐੱਲ ਰਾਹੁਲ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। -ਪੀਟੀਆਈ