ਭਾਰਤ-ਅਮਰੀਕਾ ਰਣਨੀਤਕ ਸਾਂਝ ਦੀਆਂ ਸੀਮਾਵਾਂ
ਸ਼ਿਆਮ ਸਰਨ
ਭਾਰਤ ਅਤੇ ਅਮਰੀਕਾ ਵਿਚਾਲੇ ਜਦੋਂ 2008 ਵਿਚ ਸਿਵਲ ਪਰਮਾਣੂ ਸੰਧੀ ਸਹੀਬੰਦ ਹੋਈ ਸੀ ਤਾਂ ਦੁਵੱਲੇ ਰਿਸ਼ਤੇ ਹਾਂਦਰੂ ਲੀਹ ’ਤੇ ਚੜ੍ਹ ਗਏ ਸਨ। ਉਸ ਤੋਂ ਬਾਅਦ ਸੁਰੱਖਿਆ, ਤਕਨਾਲੋਜੀ, ਰੱਖਿਆ, ਅਰਥਚਾਰੇ ਅਤੇ ਵਣਜ ਜਿਹੇ ਬਹੁਤ ਸਾਰੇ ਖੇਤਰਾਂ ਵਿਚ ਵਿਸਤਾਰ ਹੋ ਰਿਹਾ ਹੈ। ਅੱਜ ਵਡੇਰੀ ਅਤੇ ਗਹਿਰੀ ਸਾਂਝ ਬਣ ਗਈ ਹੈ। ਬਿਨਾਂ ਸ਼ੱਕ, ਇਹ ਪਾਏਦਾਰ ਰਣਨੀਤਕ ਮਿਲਾਪ ’ਤੇ ਟਿਕੀ ਹੋਈ ਹੈ ਜਿਸ ਦਾ ਖ਼ਾਸ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਕਤੀ ਸਮਤੋਲ ਬਰਕਰਾਰ ਰੱਖਣਾ ਹੈ ਪਰ ਇਹ ਇੱਥੋਂ ਤੱਕ ਹੀ ਸੀਮਤ ਨਹੀਂ ਹੈ। ਇਸ ਲਈ ਚਹੁੰ-ਧੁਰੀ ਮੰਚ ਬਣ ਗਏ ਹਨ ਜਿਨ੍ਹਾਂ ਵਿਚ ਹਿੰਦ-ਪ੍ਰਸ਼ਾਂਤ ਵਾਲੇ ਸਮੂਹ ਵਿਚ ਭਾਰਤ, ਅਮਰੀਕਾ ਅਤੇ ਜਪਾਨ ਤੇ ਆਸਟਰੇਲੀਆ ਜਿਹੇ ਇਸ ਦੇ ਫ਼ੌਜੀ ਇਤਹਾਦੀ ਸ਼ਾਮਿਲ ਹਨ; ਖਾੜੀ ਖੇਤਰ ਵਿਚ ਆਈ2ਯੂ2 ਸਮੂਹ ਵਿਚ ਭਾਰਤ, ਅਮਰੀਕਾ, ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ। ਭਾਰਤ ਦੇ ਪੂਰਬੀ ਅਤੇ ਪੱਛਮੀ ਪਾਸੇ ਚੀਨ ਦੇ ਉਭਾਰ ਨੂੰ ਲੈ ਕੇ ਸਾਂਝੇ ਸਰੋਕਾਰ ਦੇ ਪੇਸ਼ੇਨਜ਼ਰ ਇਹ ਸੁਰੱਖਿਆ ਢਾਂਚੇ ਦੇਸ਼ ਲਈ ਬਹੁਤ ਲਾਹੇਵੰਦ ਹਨ।
ਅਮਰੀਕਾ ਦੇ ਪੈਂਤੜੇ ਤੋਂ ਭਾਰਤ ਦੀਆਂ ਆਰਥਿਕ, ਫ਼ੌਜੀ ਅਤੇ ਤਕਨੀਕੀ ਸਮੱਰਥਾਵਾਂ ਵਿਚ ਇਜ਼ਾਫਾ ਕਰਨ ਦਾ ਇਹ ਤਰਕ ਸਮਝ ਪੈਂਦਾ ਹੈ; ਹਾਲਾਂਕਿ ਭਾਰਤ ਜੋ ਆਪਣੇ ਕੁਝ ਕਾਰਨਾਂ ਕਰ ਕੇ ਉਸ ਦਾ ਬਾਕਾਇਦਾ ਸਹਿਯੋਗੀ ਮੁਲਕ ਨਹੀਂ, ਚੀਨ ਦੀ ਤਾਕਤ ਨੂੰ ਚੁਣੌਤੀ ਦੇਣ ਵਾਲੀਆਂ ਨੀਤੀਆਂ ਦੀ ਪੈਰਵੀ ਕਰੇਗਾ। ਇਸ ਨਾਲ ਚੀਨ ਦੀ ਘੇਰਾਬੰਦੀ ਦੇ ਅਮਰੀਕਾ ਦੇ ਉਦੇਸ਼ ਦੀ ਪੂਰਤੀ ਹੋਵੇਗੀ। ਇਸ ਤੋਂ ਇਲਾਵਾ ਭਾਰਤ ਹੀ ਇਕਲੌਤਾ ਅਜਿਹਾ ਦੇਸ਼ ਹੈ ਜੋ ਚੀਨ ਦੇ ਮੁਕਾਬਲੇ ਦੇ ਪੈਮਾਨੇ ’ਤੇ ਪੂਰਾ ਉੱਤਰ ਸਕਦਾ ਹੈ। ਉਂਝ, ਇਹ ਗੱਲ ਹਮੇਸ਼ਾ ਸਾਫ਼ ਕੀਤੀ ਜਾਂਦੀ ਰਹੀ ਹੈ ਕਿ ਭਾਰਤ ਮਸਲਨ, ਤਾਇਵਾਨ ਦੇ ਮਾਮਲੇ ’ਤੇ ਚੀਨ ਅਤੇ ਅਮਰੀਕਾ ਵਿਚਕਾਰ ਪੈਦਾ ਹੋਣ ਵਾਲੇ ਟਕਰਾਅ ਵਿਚ ਸ਼ਾਮਿਲ ਨਹੀਂ ਹੋ ਸਕੇਗਾ। ਨਾ ਹੀ ਚੀਨ ਖਿਲਾਫ਼ ਕਿਸੇ ਤਰ੍ਹਾਂ ਦੇ ਭਾਰਤੀ ਹਥਿਆਰਬੰਦ ਅਪਰੇਸ਼ਨ ਵਿਚ ਅਮਰੀਕਾ ਜ਼ਮੀਨੀ ਪੱਧਰ ’ਤੇ ਹਮਾਇਤ ਦੇਣ ਲਈ ਉਤਰੇਗਾ। ਦੋਵੇਂ ਧਿਰਾਂ ਇਨ੍ਹਾਂ ਮਜਬੂਰੀਆਂ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਅਮਰੀਕਾ ਅਤੇ ਭਾਰਤ ਵਿੱਚੋਂ ਕਿਸੇ ਨੇ ਵੀ ਅਜਿਹਾ ਕੋਈ ਜਨਤਕ ਐਲਾਨ ਨਹੀਂ ਕੀਤਾ ਜਿਸ ਤੋਂ ਕੋਈ ਹੋਰ ਨਤੀਜਾ ਕੱਢਿਆ ਜਾ ਸਕਦਾ ਹੈ।
ਇਹ ਸੱਚ ਹੈ ਕਿ ਚੀਨ ਭਾਰਤ-ਅਮਰੀਕਾ ਸਾਂਝ ਭਿਆਲੀ ਦਾ ਅਹਿਮ ਹਿੱਸਾ ਹੈ ਪਰ ਇਹ ਸਭ ਕੁਝ ਨਹੀਂ ਹੈ। ਰਿਸ਼ਤੇ ਦੇ ਵਿਸਤਾਰ ਦਾ ਆਪਣਾ ਤਰਕ ਹੈ ਅਤੇ ਭਾਰਤ ਨੇ ਇਸ ਨਿਸ਼ਚੇ ਨੂੰ ਪ੍ਰਗਟਾ ਕੇ ਸਹੀ ਕੀਤਾ ਹੈ। ਇਸੇ ਪਿਛੋਕੜ ਵਿਚ ਹੀ 21 ਫਰਵਰੀ ਨੂੰ ਦੂਜੀ ਭਾਰਤ ਅਮਰੀਕਾ ਰੱਖਿਆ ਮਿਲਣੀ ਮੌਕੇ ਯੂਐੱਸ-ਇੰਡੋ ਪੈਸੇਫਿਕ ਕਮਾਂਡ ਦੇ ਮੁਖੀ ਐਡਮਿਰਲ ਜੌਨ ਸੀ ਐਕੁਲੀਨੋ ਨਾਲ ਮੁਲਾਕਾਤ ਮੌਕੇ ਭਾਰਤ ਦੇ ਰੱਖਿਆ ਸਕੱਤਰ ਗਿਰੀਧਰ ਅਰਮਾਨੇ ਦੀਆਂ ਟਿੱਪਣੀਆਂ ਬਾਰੇ ਕਿਆਸ ਲਾਏ ਜਾ ਰਹੇ ਹਨ। ਰਿਪੋਰਟਾਂ ਮੁਤਾਬਕ ਉਨ੍ਹਾਂ ਆਖਿਆ ਸੀ- “ਇਸ ਖਿੱਤੇ ਦੇ ਜਟਿਲ ਗਤੀਮਾਨਾਂ ’ਚੋਂ ਲੰਘਦਿਆਂ ਭਾਰਤ ਅਤੇ ਅਮਰੀਕਾ ਆਪਣੇ ਆਪ ਨੂੰ ਖਾਸ ਧਿਰ ਵਜੋਂ ਦੇਖਦੇ ਹਨ ਜਿਨ੍ਹਾਂ ਦੀਆਂ ਕਦਰਾਂ-ਕੀਮਤਾਂ ਅਤੇ ਹਿੱਤਾਂ ਦੀ ਸਾਂਝ ਬਣਦੀ ਹੈ।” ਇੱਥੋਂ ਤੱਕ ਤਾਂ ਠੀਕ ਸੀ ਪਰ ਅਗਾਂਹ ਉਨ੍ਹਾਂ ਲੱਦਾਖ ਵਿਚ ਚੀਨ ਨਾਲ ਬਣੇ ਫ਼ੌਜੀ ਟਕਰਾਅ ਬਾਰੇ ਆਖਿਆ- “ਭਾਰਤ ਆਪਣੇ ਗੁਆਂਢੀ ਨੂੰ ਲਗਭਗ ਹਰੇਕ ਮੁਹਾਜ਼ ’ਤੇ ਟੱਕਰ ਦੇ ਰਿਹਾ ਹੈ। ਜਿੱਥੇ ਵੀ ਕਿਤੇ ਕੋਈ ਪਹਾੜੀ ਦੱਰਾ ਹੈ, ਉੱਥੇ ਅਸੀਂ ਤਾਇਨਾਤੀ ਕਰ ਦਿੱਤੀ ਹੋਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਜਿੱਥੇ ਤੱਕ ਕੋਈ ਸੜਕ ਜਾਂਦੀ ਹੈ, ਉੱਥੇ ਵੀ ਸਾਨੂੰ ਤਿਆਰੀ ਕਰਨੀ ਪੈਣੀ ਹੈ। ਇਸ ਲਈ ਅਸੀਂ ਕਿਸੇ ਵੀ ਧੱਕੜ ਨਾਲ ਟੱਕਰ ਲੈਣ ਲਈ ਪੂਰੀ ਤਰ੍ਹਾਂ ਦ੍ਰਿੜ ਹਾਂ।”
ਅਤੀਤ ਵਿਚ ਭਾਵੇਂ ਗੁਪਤ ਵਿਚਾਰ-ਚਰਚਾ ’ਚ ਇਸ ਬਾਰੇ ਗੱਲ ਹੁੰਦੀ ਰਹੀ ਹੋਵੇ ਪਰ ਜਨਤਕ ਤੌਰ ’ਤੇ ਅਜਿਹੀਆਂ ਟਿੱਪਣੀਆਂ ਪਹਿਲੀ ਵਾਰ ਕੀਤੀਆਂ ਗਈਆਂ ਹਨ। ਰੱਖਿਆ ਸਕੱਤਰ ਦੀਆਂ ਇਹ ਟਿੱਪਣੀਆਂ ਪੜ੍ਹ ਕੇ ਸਗੋਂ ਹੋਰ ਵੀ ਹੈਰਾਨੀ ਹੁੰਦੀ ਹੈ: “ਤੇ ਅਸੀਂ ਆਸ ਕਰਦੇ ਹਾਂ ਕਿ ਲੋੜ ਪੈਣ ਵੇਲੇ ਸਾਡਾ ਮਿੱਤਰ ਅਮਰੀਕਾ ਉੱਥੇ ਸਾਡੇ ਨਾਲ ਖੜ੍ਹਾ ਹੋਵੇ। ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਸਾਨੂੰ ਮਿਲ ਕੇ ਇਹ ਕਰਨਾ ਪਏਗਾ। ਅਜਿਹੀ ਸਥਿਤੀ ਦੌਰਾਨ ਸਾਡੇ ਨਾਲ ਖੜ੍ਹਨ ਲਈ ਅਸੀਂ ਆਪਣੇ ਦੋਸਤਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਸਾਂਝੇ ਖ਼ਤਰਿਆਂ ਅੱਗੇ ਇਕ-ਦੂਜੇ ਦੇ ਨਾਲ ਖੜ੍ਹਨ ਦਾ ਇਹ ਮਜ਼ਬੂਤ ਅਹਿਦ ਸਾਡੇ ਲਈ ਬਹੁਤ ਮਹੱਤਵ ਰੱਖਦਾ ਹੈ।” ਇਨ੍ਹਾਂ ਟਿੱਪਣੀਆਂ ਤੋਂ ਜਾਪਦਾ ਹੈ ਕਿ ਸਰਹੱਦ ’ਤੇ ਚੀਨ ਨਾਲ ਫ਼ੌਜੀ ਟਕਰਾਅ ਨਾਲ ਨਜਿੱਠਣ ਲਈ ਭਾਰਤ ਜਨਤਕ ਤੌਰ ’ਤੇ ਅਮਰੀਕਾ ਨੂੰ ਮਦਦ ਦੀ ਅਪੀਲ ਕਰ ਰਿਹਾ ਹੈ, ਇਹ ਗੱਲ ਸਾਧਾਰਨ ਬਿਲਕੁਲ ਨਹੀਂ ਹਨ। ਇਹ ਮੌਕੇ ਮੁਤਾਬਕ ਢੁੱਕਵੀਆਂ ਨਹੀਂ ਲੱਗਦੀਆਂ ਤੇ ਸ਼ਾਇਦ ਅਣਜਾਣੇ ਵਿਚ ਇਸ਼ਾਰਾ ਵੀ ਕਰ ਰਹੀਆਂ ਹਨ ਕਿ ਭਾਰਤ ਸਰਹੱਦ ਉੱਤੇ ਚੀਨ ਦੇ ਖ਼ਤਰੇ ਨਾਲ ਆਪਣੇ ਦਮ ’ਤੇ ਨਜਿੱਠਣ ਦੇ ਸਮਰੱਥ ਨਹੀਂ ਹੈ। ਇਸ ਬੈਠਕ ਬਾਰੇ ਅਮਰੀਕੀ ਰੱਖਿਆ ਵਿਭਾਗ ਦੇ ਜਾਰੀ ਕੀਤੇ ਬਿਆਨ ਵਿਚ ਇਨ੍ਹਾਂ ਟਿੱਪਣੀਆਂ ਦਾ ਨਾ ਤਾਂ ਕੋਈ ਹਵਾਲਾ ਦਿੱਤਾ ਗਿਆ ਹੈ ਤੇ ਨਾ ਹੀ ਅਮਰੀਕਾ ਦੇ ਹਿੰਦ-ਪ੍ਰਸ਼ਾਂਤ ਬਾਰੇ ਕਮਾਂਡਰ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਜਨਤਕ ਬਿਆਨ ’ਤੇ ਅਮਰੀਕੀ ਧਿਰ ਨੂੰ ਸ਼ਾਇਦ ਕੁਝ ਸ਼ਰਮਿੰਦਗੀ ਵੀ ਹੋਈ ਹੋਵੇ।
ਕੁਝ ਦਿਨਾਂ ਬਾਅਦ ਭਾਰਤ ’ਚ ਅਮਰੀਕਾ ਦੇ ਰਾਜਦੂਤ ਰਹੇ ਅਤੇ ਵਰਤਮਾਨ ਉਪ ਸਕੱਤਰ (ਵਿਦੇਸ਼ ਵਿਭਾਗ) ਰਿਚਰਡ ਵਰਮਾ ਦੀ ਮੀਡੀਆ ਇੰਟਰਵਿਊ ਸਾਹਮਣੇ ਆਈ। ਇੰਟਰਵਿਊ ’ਚ ਰਿਚਰਡ ਵਰਮਾ ਨੂੰ ਭਾਰਤੀ ਰੱਖਿਆ ਸਕੱਤਰ ਦੀਆਂ ਟਿੱਪਣੀਆਂ ਦੇ ਹਵਾਲੇ ਨਾਲ ਪੁੱਛਿਆ ਗਿਆ ਕਿ “... ਕੀ ਅਮਰੀਕਾ ਭਾਰਤ ਦੇ ਨਾਲ ਖੜ੍ਹਾ ਹੈ?” ਉਨ੍ਹਾਂ ਦੇ ਜਵਾਬ ’ਚੋਂ ਕਾਫ਼ੀ ਕੁਝ ਨਿਕਲ ਕੇ ਸਾਹਮਣੇ ਆਇਆ ਤੇ ਇਸ ਵਿਚਾਰ ਦੀ ਪੁਸ਼ਟੀ ਹੁੰਦੀ ਜਾਪੀ ਕਿ ਭਾਰਤੀ ਅਧਿਕਾਰੀ ਦੇ ਬਿਆਨਾਂ ਨੇ ਅਮਰੀਕੀਆਂ ਨੂੰ ਸ਼ਰਮਿੰਦਾ ਕੀਤਾ ਹੈ ਜੋ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਅਮਰੀਕਾ ਚੀਨ ਖਿ਼ਲਾਫ਼ ਭਾਰਤ ਨਾਲ ਗੁੱਟਬੰਦੀ ਕਰ ਰਿਹਾ ਹੈ। ਉਹ ਸਾਰੇ ਸਿਧਾਂਤਕ ਕਾਰਨ ਗਿਣਾਉਂਦਿਆਂ ਕਿ ਕਿਉਂ ਭਾਰਤ-ਅਮਰੀਕਾ ਰਿਸ਼ਤਾ ‘ਆਪਣੇ ਦਮ ’ਤੇ ਖੜ੍ਹਾ ਹੈ’, ਉਨ੍ਹਾਂ ਕਿਹਾ- “... ਇਹ ਕਿਸੇ ਤੀਜੇ ਮੁਲਕ ਕਰ ਕੇ ਨਹੀਂ ਹੈ। ਮੈਂ ਜਦ ਇਸ ਰਿਸ਼ਤੇ ਬਾਰੇ ਸੋਚਦਾ ਹਾਂ ਤਾਂ ਮੈਂ ਇਸ ਨੂੰ ਦੁਵੱਲੇ ਅਰਥਾਂ ਵਿਚ ਲੈਂਦਾ ਹਾਂ ਅਤੇ ਇਉਂ ਅਸੀਂ ਕੌਮਾਂਤਰੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੀ ਕਰ ਸਕਦੇ ਹਾਂ।”
ਸ੍ਰੀ ਵਰਮਾ ਨੇ ਨਾਲ ਹੀ ਕਿਹਾ ਕਿ ਚੰਗੇ ਨਤੀਜਿਆਂ ਲਈ “ਮੈਂ ਸੋਚਦਾ ਹਾਂ, ਸਾਡੇ ’ਚੋਂ ਹਰ ਕੋਈ ਆਪਣੇ ਲੋਕਾਂ ਤੇ ਆਪਣੇ ਸਮਾਜ ਲਈ ਜੋ ਸਹੀ ਹੈ, ਉਸ ਨੂੰ ਵਿਚਾਰ ਕੇ ਆਪਣਾ ਰਾਹ ਆਪ ਚੁਣੇਗਾ।” ਦਰਅਸਲ ਅਮਰੀਕਾ ਇਸ ਵੇਲੇ ਕਮਜ਼ੋਰ ਹੈ ਕਿਉਂਕਿ ਇਹ ਯੂਰੋਪ ਤੇ ਪੱਛਮੀ ਏਸ਼ੀਆ ’ਚ ਦੋ ਜੰਗਾਂ ’ਚ ਉਲਝਿਆ ਹੋਇਆ ਹੈ। ਇਹ ਭਾਵੇਂ ਹਿੰਦ-ਪ੍ਰਸ਼ਾਂਤ ਵਿਚ ਚੀਨ ਨਾਲ ਵੀ ਦੁਸ਼ਮਣੀ ਮੁੱਲ ਲੈ ਰਿਹਾ ਹੈ ਪਰ ਉੱਥੇ ਹਾਲੇ ਹਾਲਾਤ ਜਿ਼ਆਦਾ ਮਾੜੇ ਨਹੀਂ ਹਨ ਤੇ ਅਮਰੀਕਾ ਇਸ ਦੀ ਸੰਭਾਵਨਾ ਬਣਨ ਵੀ ਨਹੀਂ ਦੇਣਾ ਚਾਹੁੰਦਾ।
ਤੇ ਇਸ ਟਕਰਾਅ ਤੋਂ ਬਚਣ ਲਈ ਚੀਨ ਨਾਲ ਤਣਾਅ ਲਾਜ਼ਮੀ ਤੌਰ ’ਤੇ ਘਟਾਉਣਾ ਪਏਗਾ। ਚੀਨ ਵੀ ਆਪਣੀਆਂ ਵਿੱਤੀ ਮੁਸ਼ਕਲਾਂ ’ਚ ਉਲਝਿਆ ਹੋਇਆ ਹੈ ਤੇ ਅਮਰੀਕਾ ਵੱਲੋਂ ਟਕਰਾਅ ਨੂੰ ਸੀਮਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਪ੍ਰਤੀ ਸਕਾਰਾਤਮਕ ਪ੍ਰਤੀਕਿਰਿਆ ਦੇਣ ਦਾ ਚਾਹਵਾਨ ਹੈ; ਇਸੇ ਦੌਰਾਨ ਭਾਰਤ ਨਾਲ ਚੀਨ ਵਿਰੋਧੀ ਮੋਰਚਾ ਬਣਾਉਣ ਬਾਰੇ ਕੋਈ ਵੀ ਜਨਤਕ ਪ੍ਰਗਟਾਵਾ ਇਸ ਸਭ ਦੇ ਉਲਟ ਜਾ ਸਕਦਾ ਹੈ। ਨਵੀਂ ਦਿੱਲੀ ਕੁਆਡ ਸਿਖਰ ਸੰਮੇਲਨ ਜਿਸ ਵਿਚ ਸ਼ਾਮਲ ਹੋਣ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤ ਆਉਣਾ ਸੀ, ਦੇ ਮੁਲਤਵੀ ਹੋਣ ਤੋਂ ਵੀ ਇਹੀ ਇਸ਼ਾਰਾ ਮਿਲਦਾ ਹੈ ਕਿ ਇਸ ਨਾਜ਼ੁਕ ਸਮੇਂ ’ਤੇ ਚੀਨ ਨੂੰ ਨਿਖੇੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸਾਨੂੰ ਰਹੱਸਮਈ ਲਿਖਤਾਂ ਨੂੰ ਸਹੀ ਢੰਗ ਨਾਲ ਪੜ੍ਹਨਾ ਚਾਹੀਦਾ ਸੀ ਅਤੇ ਅਮਰੀਕਾ ਦੇ ਬਦਲਦੇ ਹੋਏ ਭੂ-ਰਾਜਸੀ ਤੇਵਰਾਂ ਸਨਮੁੱਖ ਆਪਣੀਆਂ ਕਮਜ਼ੋਰੀਆਂ ਉਜਾਗਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਇਸ ਨਾਲ ਚੀਨ ਨੂੰ ਵੀ ਗ਼ਲਤ ਸੰਦੇਸ਼ ਜਾ ਸਕਦਾ ਹੈ।
*ਲੇਖਕ ਸਾਬਕਾ ਵਿਦੇਸ਼ ਸਕੱਤਰ ਹਨ।