ਆਉਂਦੇ ਦਿਨੀਂ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੇ ਆਸਾਰ
ਸ਼ਗਨ ਕਟਾਰੀਆ
ਬਠਿੰਡਾ, 9 ਜਨਵਰੀ
ਮੌਸਮ ਮਾਹਿਰਾਂ ਨੇ 11 ਅਤੇ 12 ਜਨਵਰੀ ਨੂੰ ਪੰਜਾਬ ਵਿੱਚ ਨਵੇਂ ਸਾਲ ਦੇ ਪਹਿਲੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਜਾਣਕਾਰੀ ਅਨੁਸਾਰ 10 ਜਨਵਰੀ ਦੀ ਸ਼ਾਮ ਨੂੰ ਹੀ ਪੱਛਮੀ ਸਿਸਟਮ ਦੇ ਬੱਦਲਾਂ ਦੀ ਆਮਦ ਨਾਲ ਮੌਸਮ ਕਰਵਟ ਲੈ ਸਕਦਾ ਹੈ। ਤਕਾਜ਼ਾ ਹੈ ਕਿ ਹਲਕੇ ਤੋਂ ਦਰਮਿਆਨੇ ਪ੍ਰਭਾਵ ਵਾਲਾ ਇਹ ਸਿਸਟਮ ਦੱਖਣ-ਪੱਛਮੀ ਪੰਜਾਬ ਦੇ ਮਾਲਵਾ ਖਿੱਤੇ ਨੂੰ ਵੱਧ ਪ੍ਰਭਾਵਿਤ ਕਰੇਗਾ। ਇਸ ਸਿਸਟਮ ਦਾ ਅਸਰ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਵੇਖਣ ਨੂੰ ਮਿਲੇਗਾ। ਅੱਜ ਵੀਰਵਾਰ ਨੂੰ ਮਾਲਵੇ ਦੇ ਜ਼ਿਆਦਾਤਰ ਹਿੱਸਿਆਂ ’ਚ ਕੜਾਕੇਦਾਰ ਧੁੱਪ ਨਿੱਕਲੀ। ਧੁੱਪ ਦਾ ਹੀ ਕ੍ਰਿਸ਼ਮਾ ਰਿਹਾ ਕਿ ਸੰਗਰੂਰ ਵਿੱਚ ਅੱਜ ਪੰਜਾਬ ਵਿਚੋਂ ਸਭ ਤੋਂ ਵੱਧ ਤਾਪਮਾਨ 22.7 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ। ਰਾਤਾਂ ’ਤੇ ਕਾਬਜ਼ ਸ਼ੀਤ ਲਹਿਰ ਦਾ ਅਸਰ ਵੀ ਮਾਲਵੇ ’ਚ ਹੀ ਵੇਖਣ ਨੂੰ ਮਿਲਿਆ। ਪੰਜਾਬ ਭਰ ’ਚੋਂ ਸਭ ਤੋਂ ਘੱਟ ਤਾਪਮਾਨ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਧ ਸਿੰਘ ਵਾਲਾ ਵਿਖੇ 2.3 ਡਿਗਰੀ ਸੈਂਟੀਗਰੇਡ ਨੋਟ ਕੀਤਾ ਗਿਆ। ਇਸ ਤੋਂ ਉੱਪਰ ਫ਼ਰੀਦਕੋਟ ਤੇ ਅਬੋਹਰ 2.6, ਸੰਗਰੂਰ 3.5, ਫ਼ਿਰੋਜ਼ਪੁਰ 4.2, ਬਠਿੰਡਾ 5.0 ਅਤੇ ਬਰਨਾਲਾ ਦਾ ਹੇਠਲਾ ਪਾਰਾ 5.5 ਨੋਟ ਕੀਤਾ ਗਿਆ।
ਮੌਸਮ ਮਾਹਿਰਾਂ ਦਾ ਤਕਾਜ਼ਾ ਹੈ ਕਿ 10 ਜਨਵਰੀ ਨੂੰ ਪੰਜਾਬ ਦੇ ਕੁਝ ਹਿੱਸਿਆਂ ’ਚ ਸੰਘਣੀ ਜ਼ਮੀਨੀ ਧੁੰਦ ਪੈਣ ਦੇ ਆਸਾਰ ਬਣੇ ਹੋਏ ਹਨ। 12 ਜਨਵਰੀ ਤੋਂ ਬਾਅਦ ਮੌਸਮ ਭਾਵੇਂ ਆਮ ਤੌਰ ’ਤੇ ਖ਼ੁਸ਼ਕ ਰਹੇਗਾ, ਪਰ 16 ਜਨਵਰੀ ਤੱਕ ਰਾਤਾਂ ਦੇ ਠੰਢੀਆਂ ਰਹਿਣ ਦੀ ਸੰਭਾਵਨਾ ਹੈ।