ਬਠਿੰਡਾ ਸੀਵਰੇਜ ਦਾ ਪਾਣੀ ਚੰਦਭਾਨ ਡਰੇਨ ’ਚ ਛੱਡਣ ਲਈ ਪ੍ਰਸ਼ਾਸਨ ਸਖ਼ਤ
ਮਨੋਜ ਸ਼ਰਮਾ
ਬਠਿੰਡਾ, 9 ਜਨਵਰੀ
ਬਠਿੰਡਾ ਸ਼ਹਿਰ ਦੇ ਆਦਰਸ਼ ਨਗਰ, ਕਰਤਾਰ ਕਲੋਨੀ ਅਤੇ ਗੋਬਿੰਦਪੁਰਾ ਪਿੰਡ ਵਿੱਚ ਸਥਿਤ ਕੇਂਦਰੀ ਜੇਲ੍ਹ ਤੋਂ ਨਿਕਲਣ ਵਾਲੇ ਗੰਦੇ ਪਾਣੀ ਨੂੰ ਪਿੰਡ ਅਬਲੂ ਅਤੇ ਕੋਠੇ ਲਾਲ ਸਿੰਘ ਵਾਲਾ ਦੇ ਵਿਚਕਾਰੋਂ ਗੁਜ਼ਰਨ ਵਾਲੇ ਚੰਦਭਾਨ ਬਰਸਾਤੀ ਨਾਲ਼ੇ ਵਿੱਚ ਛੱਡਣ ਲਈ ਜ਼ਿਲ੍ਹਾ ਪ੍ਰਸ਼ਾਸਨ ਪਿਛਲੇ ਦੋ ਦਿਨਾਂ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੰਮ ਕਰ ਰਿਹਾ ਹੈ। ਸੀਵਰੇਜ ਪਾਈਪਲਾਈਨ ਪਾਉਣ ਦਾ ਕੰਮ ਜੋਰ-ਸ਼ੋਰ ਨਾਲ ਜਾਰੀ ਹੈ।
ਵਿਰੋਧ ਦੇ ਮੱਦੇਨਜ਼ਰ ਸੀਵਰੇਜ ਵਿਭਾਗ ਨੇ ਮਸ਼ੀਨਰੀ ਦੀ ਗਿਣਤੀ ਵਧਾ ਕੇ ਇਸ ਕੰਮ ਨੂੰ ਜਲਦੀ ਨਿਪਟਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਬੀਕੇਯੂ (ਸਿੱਧੂਪੁਰ) ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਦੀ ਅਗਵਾਈ ਹੇਠ ਵਿਰੋਧ ਕਰ ਰਹੇ ਦਰਜਨ ਤੋਂ ਵੱਧ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬੀਤੀ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ।
ਅੱਜ ਕਿਸਾਨ ਆਗੂ ਲਖਵਿੰਦਰ ਸਿੰਘ ਲੱਖਾ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਪਿੰਡ ਵਿੱਚ ਜ਼ਬਰਦਸਤੀ ਪਾਈਪ ਲਾਈਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਈਪਲਾਈਨ ਦੇ ਕੰਮ ਨੂੰ ਰੋਕਣ ਲਈ ਪਿੰਡਾਂ ਵਿੱਚ ਲਾਮਬੰਦੀ ਲਈ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਪਿੰਡ ਅਬਲੂ ਅਤੇ ਕੋਠੇ ਲਾਲ ਸਿੰਘ ਵਾਲਾ ਦੇ ਕਿਸਾਨਾਂ ਵੱਲੋਂ ਵਿਰੋਧ ਦੇ ਬਾਵਜੂਦ ਕੰਮ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀਵਰੇਜ ਵਿਭਾਗ ਆਪਣੇ ਕੰਮ ਵਿੱਚ ਜੁਟਿਆ ਹੋਇਆ ਹੈ। ਦੂਜੇ ਪਾਸੇ ਅਬਲੂ ਪਿੰਡ ਦੇ ਸਰਪੰਚ ਗਗਨਦੀਪ ਸ਼ਰਮਾ, ਕੋਠੇ ਲਾਲ ਸਿੰਘ ਵਾਲਾ ਦੇ ਸਰਪੰਚ ਦਿਲਬਾਗ ਸਿੰਘ ਅਤੇ ਕਿਸਾਨ ਆਗੂ ਅਵਤਾਰ ਸਿੰਘ ਸਮੇਤ ਅੱਧੀ ਦਰਜਨ ਲੋਕਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਮਿਲ ਕੇ ਪਾਈਪਲਾਈਨ ਦੇ ਕੰਮ ਨੂੰ ਰੋਕਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਦੌਰਾ ਕੀਤਾ ਜਾਵੇਗਾ। ਅਬਲੂ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਸੀਵਰੇਜ ਦੇ ਪਾਣੀ ਨੂੰ ਖੇਤਰ ਵਿੱਚ ਛੱਡਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਡਰ ਵਿਆਪਕ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ। ਐੱਸਡੀਓ ਸੁਰਿੰਦਰ ਸਿੰਘ ਨੇ ਦੱਸਿਆ ਕਿ 14 ਕਿਲੋਮੀਟਰ ਪਾਈਪਲਾਈਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਕੇਵਲ 1.5 ਕਿਲੋਮੀਟਰ ਕੰਮ ਬਾਕੀ ਹੈ, ਜਿਸ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਦੀ ਸਹਾਇਤਾ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੀਵਰੇਜ ਦੇ ਪਾਣੀ ਨੂੰ ਟਰੀਟ ਕਰਕੇ ਡਰੇਨ ਵਿੱਚ ਛੱਡਿਆ ਜਾਵੇਗਾ।