ਨਵ-ਵਿਆਹੁਤਾ ਦੀ ਮੌਤ: ਪੀੜਤ ਪਰਿਵਾਰ ਨੇ ਬਠਿੰਡਾ ’ਚ ਕੌਮੀ ਮਾਰਗ ’ਤੇ ਆਵਾਜਾਈ ਰੋਕੀ
ਸ਼ਗਨ ਕਟਾਰੀਆ
ਬਠਿੰਡਾ, 9 ਜਨਵਰੀ
ਪਿਛਲੇ ਦਿਨੀਂ ਰਹੱਸਮਈ ਹਾਲਤ ’ਚ ਮੌਤ ਦੇ ਮੂੰਹ ਜਾ ਪਈ ਇੱਕ ਨਵ-ਵਿਆਹੁਤਾ ਮੁਟਿਆਰ ਦੇ ਪੇਕੇ ਪਿੰਡ ਭਦੌੜ ਤੋਂ ਆਏ ਵੱਡੀ ਗਿਣਤੀ ’ਚ ਲੋਕਾਂ ਨੇ ਨਿਆਂ ਲਈ ਇੱਥੇ ਥਾਣਾ ਕੈਂਟ ਅੱਗੇ ਧਰਨਾ ਦਿੱਤਾ। ਕੁਝ ਧਰਨਾਕਾਰੀ ਥਾਣੇ ਅੱਗਿਓਂ ਲੰਘਦੇ ਬਠਿੰਡਾ-ਚੰਡੀਗੜ੍ਹ ਮਾਰਗ ’ਤੇ ਬੈਠ ਗਏ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।
ਭਦੌੜ ਤੋਂ ਆਏ ਮ੍ਰਿਤਕ ਲੜਕੀ ਦੇ ਭਰਾ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਅਰਸ਼ਦੀਪ ਕੌਰ (22 ਸਾਲ) ਦੀ ਸ਼ਾਦੀ ਇੱਥੇ 11 ਅਕਤੂਬਰ 2024 ਨੂੰ ਹੋਈ ਸੀ। ਉਸ ਨੇ ਦੋਸ਼ ਲਾਇਆ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਲੜਕੀ ਨੂੰ ਆਨੇ-ਬਹਾਨੇ ਤੰਗ ਕੀਤਾ ਜਾਂਦਾ ਸੀ। ਉਨ੍ਹਾਂ ਆਖਿਆ ਕਿ ਕੁੜੀ ਨਿਆਣੀ ਸੀ, ਉਹ ਪੇਕੇ ਪਰਿਵਾਰ ਤੋਂ ਇਹ ਗੱਲ ਲੁਕਾ ਕੇ ਵੀ ‘ਅੱਤਿਆਚਾਰ’ ਝੱਲਦੀ ਰਹੀ। ਉਸ ਨੇ ਦੱਸਿਆ ਕਿ ਵਿਆਹ ਦੇ ਡੇਢ ਕੁ ਮਹੀਨੇ ਬਾਅਦ ਉਨ੍ਹਾਂ ਨੂੰ ਸੁਨੇਹਾ ਪੁੱਜਾ ਕਿ ਲੜਕੀ ਦੀ ਮੌਤ ਹੋ ਗਈ ਹੈ। ਉਸ ਨੇ ਕਿਹਾ ਕਿ ਇੱਥੇ ਆਣ ਕੇ ਪਤਾ ਲੱਗਾ ਕਿ ਲੜਕੀ ਦੀ ਮੌਤ ਗਲ਼ਾ ਘੁੱਟਣ ਨਾਲ ਹੋਈ ਹੈ ਅਤੇ ਇਸ ਲਈ ਉਸ ਦਾ ਸਹੁਰਾ ਪਰਿਵਾਰ ਜ਼ਿੰਮੇਵਾਰ ਹੈ। ਉਸ ਨੇ ਕਿਹਾ ਕਿ ਪਹਿਲਾਂ ਤਾਂ ਪੁਲੀਸ ਐੱਫਆਈਆਰ ਦਰਜ ਕਰਨ ਤੋਂ ਆਨਾਕਾਨੀ ਕਰਦੀ ਰਹੀ, ਅਖੀਰ ਕਈ ਘੰਟਿਆਂ ਬਾਅਦ ਜਾ ਕੇ ਪਰਚਾ ਦਰਜ ਹੋਇਆ ਅਤੇ ਹੁਣ ਕਥਿਤ ਚਾਰ ਮੁਲਜ਼ਮਾਂ ’ਚੋਂ 3 ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਪਰ ਮੁੱਖ ਮੁਲਜ਼ਮ ਲੜਕੀ ਦੇ ਪਿਤਾ ਨੂੰ ਪੁਲੀਸ ਕਾਬੂ ਨਹੀਂ ਕਰ ਰਹੀ।
ਧਰਨੇ ’ਚ ਸ਼ਾਮਲ ਪੰਜਾਬੀ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋਂ ਨੇ ਦੋਸ਼ ਲਾਇਆ ਕਿ ਲੜਕੇ ਵਾਲਿਆਂ ਦੀ ਇੱਕ ਮੁੰਡਾ ਮੁੱਖ ਮੰਤਰੀ ਦੀ ਸਕਿਓਰਿਟੀ ਵਿੱਚ ਹੈ, ਇਸ ਲਈ ਪੁਲੀਸ ਦਬਾਅ ਹੇਠ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਆ ਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੂੰ ਬੇਨਤੀ ਕਰਦੇ ਰਹੇ ਹਨ, ਪਰ ਹੁਣ ਹੰਭ ਕੇ ਧਰਨਾ ਲਾਉਣਾ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਧਰਨੇ ’ਚ ਕਈ ਜਥੇਬੰਦੀਆਂ ਸ਼ਾਮਲ ਹਨ ਅਤੇ ਉਹ ਪੁਲੀਸ ਵੱਲੋਂ ਠੋਸ ਭਰੋਸਾ ਮਿਲਣ ’ਤੇ ਹੀ ਇੱਥੋਂ ਹਿੱਲਣਗੇ।
ਉਧਰ ਤਫ਼ਤੀਸ਼ੀ ਅਧਿਕਾਰੀ ਏਐਸਆਈ ਕੌਰ ਸਿੰਘ ਨੇ ਦੱਸਿਆ ਕਿ 30 ਦਸੰਬਰ 2024 ਨੂੰ ਥਾਣਾ ਕੈਂਟ ਵਿੱਚ ਐਫਆਈਆਰ ਨੰਬਰ 112 ਦਰਜ ਕੀਤੀ ਗਈ ਸੀ, ਜਿਸ ਵਿੱਚ ਨਾਮਜ਼ਦ ਚਾਰ ਜਣਿਆਂ ’ਚੋਂ ਤਿੰਨ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਜਦ ਕਿ ਬਲਵਿੰਦਰ ਸਿੰਘ ਹਾਲੇ ਪੁਲੀਸ ਦੀ ਗ੍ਰਿਫ਼ਤ ’ਚ ਨਹੀਂ ਆਇਆ। ਉਨ੍ਹਾਂ ਮਾਮਲੇ ਨੂੰ ‘ਆਤਮ ਹੱਤਿਆ’ ਨਾਲ ਜੁੜਿਆ ਹੋਇਆ ਦੱਸਦਿਆਂ ਕਿਹਾ ਕਿ ਫਿਰ ਵੀ ਇਹ ਤਫ਼ਤੀਸ਼ ਦਾ ਵਿਸ਼ਾ ਹੈ ਅਤੇ ਪੁਲੀਸ ਵੱਲੋਂ ਟੀਮਾਂ ਬਣਾ ਕੇ ਬਲਵਿੰਦਰ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ।