For the best experience, open
https://m.punjabitribuneonline.com
on your mobile browser.
Advertisement

ਦੁਨੀਆ ਵਿੱਚ ਜਗਦੀ ਆਜ਼ਾਦੀ ਦੀ ਜੋਤ

05:34 AM Aug 15, 2023 IST
ਦੁਨੀਆ ਵਿੱਚ ਜਗਦੀ ਆਜ਼ਾਦੀ ਦੀ ਜੋਤ
Advertisement

ਜਸਵੰਤ ਸਿੰਘ ਪੂਨੀਆ

ਇਤਿਹਾਸ ਦੇ ਝਰੋਖਿਆਂ ’ਚੋਂ ਪਤਾ ਚੱਲਦਾ ਹੈ ਕਿ ਮਨੁੱਖੀ ਮਾਨਸਿਕਤਾ ਵੱਖ ਵੱਖ ਵਰਤਾਰਿਆਂ ਨੂੰ ਸਿਰਜਦੀ ਰਹੀ ਹੈ। ਕੁਝ ਲੋਕਾਂ ਦਾ ਮਕਸਦ ਦੂਜਿਆਂ ’ਤੇ ਦਬਦਬਾ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਕੇ ਆਪਣਾ ਪਲੜਾ ਭਾਰਾ ਰੱਖਣਾ ਤੇ ਦੂਜਿਆਂ ਦੀ ਕਮਾਈ ਦੇ ਸਿਰ ’ਤੇ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਤੀਤ ਕਰਨਾ ਹੁੰਦਾ ਹੈ। ਇਹ ਸੋਚ ਤੇ ਵਰਤਾਰਾ ਛੋਟੇ ਪੱਧਰ ਤੋਂ ਲੈ ਕੇ ਸ਼ਾਸਕਾਂ ਤੱਕ ਸਾਰੀ ਦੁਨੀਆ ਵਿੱਚ ਚੱਲਦਾ ਆ ਰਿਹਾ ਹੈ। ਇੱਕ ਹੋਰ ਧਿਰ ਦੀ ਰੁਚੀ ਹੁੰਦੀ ਹੈ ਕਿ ਸਮਾਜ ’ਚ ਪਿਆਰ, ਸ਼ਾਂਤੀ, ਬਰਾਬਰਤਾ, ਇੱਕ ਦੂਜੇ ਦੇ ਦੁੱਖਾਂ ਸੁੱਖਾਂ ਦੀਆਂ ਸਾਂਝਾਂ ਵਾਲਾ ਸਮਾਜ ਸਿਰਜਿਆ ਜਾਵੇੇ। ਇਹ ਦੋਵੇਂ ਧਾਰਨਾਵਾਂ ਟਕਰਾਅ ਪੈਦਾ ਕਰਦੀਆਂ ਰਹੀਆਂ ਹਨ ਜਿਹਦੇ ਵਿੱਚੋਂ ਤਾਨਾਸ਼ਾਹੀ ਤੇ ਵਿਦਰੋਹੀ ਉਪਜਦੇ ਹਨ।
ਦੋ ਮੁੱਖ ਧਿਰਾਂ ਦੇ ਵਿਰੋਧ ’ਚ ਤਾਨਾਸ਼ਾਹਾਂ ਨੇ ਆਪਣਾ ਸਿੱਕਾ ਕਾਇਮ ਰੱਖਣ ਲਈ ਕਤਲੋਗਾਰਤ, ਘੱਲੂਘਾਰੇ ਕੀਤੇ ਜਦੋਂ ਕਿ ਇਨਸਾਫ਼ ਲਈ ਲੜਦੇ ਰਹੇ ਲੋਕਾਂ ਨੂੰ ਭਾਵੇਂ ਫਾਂਸੀਆਂ ’ਤੇ ਲਮਕਣਾ ਪਿਆ, ਪਰ ਉਨ੍ਹਾਂ ਦਾ ਅਕੀਦਾ ਨਹੀਂ ਡੋਲਿਆ। ਉਹ ਆਜ਼ਾਦੀ ਦੇ ਪਰਵਾਨਿਆਂ ਦੇ ਰੂਪ ’ਚ ਲੋਕਾਈ ਦੇ ਨਾਇਕ ਬਣ ਗਏ। ਇਹ ਵਰਤਾਰਾ ਸਾਰੀ ਦੁਨੀਆ ਵਿੱਚ ਚੱਲਿਆ ਤੇ ਅੱਜ ਵੀ ਜਾਰੀ ਹੈ। ਇਸ ਜੱਦੋਜਹਿਦ ਦਾ ਵੀ ਰੂਪ ਬਦਲ ਜਾਂਦਾ ਹੈ ਜਿਵੇਂ 1968 ਵਿੱਚ ਯੂਰਪੀਅਨ ਦੇਸ਼ਾਂ ਖਾਸ ਕਰ ਫਰਾਂਸ ’ਚ ਔਰਤਾਂ ਵੱਲੋਂ ਬਰਾਬਰਤਾ ਲਈ ਅਤੇ ਹੋਰ ਸਮਾਜਿਕ ਨਿਆਂ ਲਈ ਸੰਘਰਸ਼ ਕੀਤਾ ਗਿਆ, ਸਵਿਟਜ਼ਰਲੈਂਡ ’ਚ ਔਰਤਾਂ ਨੂੰ ਵੋਟ ਪਾਉਣ ਦੇ ਹੱਕ ਲਈ ਲੜਾਈ ਲੜਨੀ ਪਈ। ਨਸਲਵਾਦ ਦੇ ਖਿਲਾਫ਼ 1985 ’ਚ ਫਰਾਂਸ ’ਚ ਕਈ ਵਿਦੇਸ਼ੀਆਂ ਖਾਸ ਕਰਕੇ ਅਲਜੀਰੀਆ, ਅਫ਼ਰੀਕਨਾਂ ਖਿਲਾਫ਼ ਹੋਈਆਂ ਖਤਰਨਾਕ ਵਾਰਦਾਤਾਂ ਨੂੰ ਰੋਕਣ ਲਈ ਐੱਸਓਐੱਸ ਰੇਸਿਜ਼ਮ ਦੀ ਲਹਿਰ ਹੋਂਦ ’ਚ ਆਈ। ਇਸ ਲਹਿਰ ਦੀ ਮਕਬੂਲੀ ਕਾਰਨ ਫਰਾਂਸ ’ਚ ਨਸਲਵਾਦੀ ਗੁੰਡਾਗਰਦੀ ਨੂੰ ਠੱਲ੍ਹ ਪਈ।
ਭਾਰਤ ਵਿੱਚ ਜਦੋਂ ਗ਼ਦਰੀ ਬਾਬਿਆਂ ਨੇ ਜਥੇਬੰਦ ਹੋ ਕੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਰਸਤੇ ਤੁਰਨ ਲਈ ਸੰਗਠਨ ਬਣਾਇਆ ਤਦ ਇਹ ਪਹਿਲੀ ਸੰਸਾਰ ਜੰਗ ਦਾ ਸਮਾਂ ਸੀ। ਉਸ ਵਕਤ ਭਾਵੇਂ ਬਸਤੀਵਾਦ ਪੂਰੇ ਜ਼ੋਰਾਂ ’ਤੇ ਸੀ, ਪਰ ਯੂਰਪ ਦੇ ਫਰਾਂਸ, ਇੰਗਲੈਂਡ, ਜਰਮਨੀ, ਆਸਟਰੀਆ, ਹੰਗਰੀ, ਸਰਬੀਅਨ ਰਾਸ਼ਟਰੀਵਾਦ, ਓਟੋਮੈਨ ਸਾਮਰਾਜ ਤੇ ਹੋਰ ਬਹੁਤ ਸਾਰੇ ਦੇਸ਼ਾਂ ਦੀ ਆਪਸੀ ਖਿੱਚੋਤਾਣ ਅਤੇ ਮੌਕਾਪ੍ਰਸਤੀ ਲਈ ਬਣਦੇ ਟੁੱਟਦੇ ਗੱਠਜੋੜ ਵੀ ਬਸਤੀਵਾਦੀ ਹਾਕਮਾਂ ਲਈ ਚੁਣੌਤੀ ਬਣ ਰਹੇ ਸਨ ਜਿਨ੍ਹਾਂ ਨੇ ਆਖਿਰਕਾਰ ਪਹਿਲੇ ਸੰਸਾਰ ਜੰਗ ਨੂੰ ਜਨਮ ਦਿੱਤਾ। ਜੇਕਰ ਗ਼ਦਰੀਆਂ ਦੀ ਭਾਰਤ ਦੀ ਆਜ਼ਾਦੀ ਦੀ ਦੁਨੀਆ ਦੇ ਹੋਰ ਦੇਸ਼ਾਂ ’ਚ ਆਜ਼ਾਦੀ ਲਈ ਚੱਲੀਆਂ ਲੜਾਈਆਂ ਦੀ ਜੜ੍ਹ ਤੱਕ ਪਹੁੰਚਣਾ ਹੈ ਤਾਂ ਉਸ ਵੇਲੇ ਯੂਰਪ ਦੇ ਬਸਤੀਵਾਦੀ ਤੇ ਗ਼ੈਰਬਸਤੀਵਾਦੀ ਦੇਸ਼ਾਂ ਦੇ ਆਪਸੀ ਵਿਵਹਾਰ ਤੇ ਟਕਰਾਅ ਨੂੰ ਸਮਝਣਾ ਲਾਜ਼ਮੀ ਹੈ। ਉਸ ਤੋਂ ਬਾਅਦ ਅਕਤੂਬਰ 1917 ਦੀ ਰੂਸ ’ਚ ਹੋਈ ਇਨਕਲਾਬੀ ਤਬਦੀਲੀ ਨੇ ਦੁਨੀਆ ਤੇ ਬਸਤੀਵਾਦ ਦਾ ਸ਼ਿਕਾਰ ਦੇਸ਼ਾਂ ਦੇ ਲੋਕਾਂ ਦੀ ਸੋਚ ਤੇ ਹੋਸ਼ ਨੂੰ ਇੱਕ ਨਵਾਂ ਰਾਹ ਵਿਖਾਇਆ। ਗ਼ਦਰੀ ਬਾਬੇ ਭਾਰਤ ਤੋਂ ਬਾਹਰ ਯੂਰਪ ਦੇ ਦੇਸ਼ਾਂ ’ਚ, ਏਸ਼ੀਆ ਤੇ ਅਮਰੀਕਨ ਮਹਾਂਦੀਪ ’ਚ ਰਹਿ ਕੇ ਵੀ ਆਪਣੇ ਦੇਸ਼ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਸੁਚੇਤ ਤੇ ਦ੍ਰਿੜ ਸਨ। ਜਿਹੜੇ ਗ਼ਦਰੀ ਬਾਬੇ ਅਮਰੀਕਾ ਤੇ ਕੈਨੇਡਾ ’ਚ ਰਹਿੰਦੇ ਸਨ ਤਾਂ ਉਸ ਵੇਲੇ ਇਨ੍ਹਾਂ ਦੇਸ਼ਾਂ ’ਚ ਨਸਲਵਾਦ ਸਿਖਰਾਂ ’ਤੇ ਸੀ ਕਿਉਂਕਿ ਉਸ ਵੇਲੇ ਦੇ ਉੱਥੋਂ ਦੇ ਹਾਕਮਾਂ ਦੇ ਯੂਰਪੀਅਨ ਦੇਸ਼ਾਂ ਦੇ ਗੋਰੇ ਮੂਲ ਦੇ ਪੁਰਖਿਆਂ ਨੇ ਉੱਥੋਂ ਦੇ ਵਸਨੀਕਾਂ ਨੂੰ ਮਾਰ ਕੇ, ਧਮਕਾ ਕੇ, ਜ਼ਮੀਨਾਂ ਖੋਹੀਆਂ। ਸਮੁੰਦਰੀ ਜਹਾਜ਼ਾਂ ਰਾਹੀਂ ਅਫ਼ਰੀਕਾ ਤੋਂ ਜ਼ਬਰੀ ਗੁਲਾਮ ਬਣਾ ਕੇ ਲਿਆਂਦੇ ਕਾਲੇ ਮੂਲ ਅਫ਼ਰੀਕਨ ਕਾਮਿਆਂ ਨੂੰ ਅਮਰੀਕਾ ਵਿੱਚ ਕੰਮ ਕਰਨ ਲਈ ਵੇਚਿਆ ਜਾਂਦਾ। ਪਹਿਰਾਵੇ ਕਾਰਨ ਸਿੱਖਾਂ ਤੇ ਭਾਰਤੀ ਮੂਲ ਦੇ ਹੋਰ ਲੋਕਾਂ ’ਤੇ ਵੱਖਰੇ ਰੰਗ ਕਾਰਨ ਹਮਲੇ ਹੁੰਦੇ ਸਨ। ਇਹ ਵਰਤਾਰਾ ਗ਼ਦਰੀਆਂ ਨੇ ਬਹੁਤ ਦੇਸ਼ਾਂ ’ਚ ਵੇਖਿਆ ਤੇ ਹੰਢਾਇਆ ਸੀ। ਗ਼ਦਰੀ ਬਾਬਿਆਂ ਦਾ ਉਸ ਵੇਲੇ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਲੜਨਾ ਉਨ੍ਹਾਂ ਦੇ ਅਕੀਦੇ ਦਾ ਅਹਿਮ ਬਿੰਦੂ ਬਣ ਗਿਆ ਸੀ। ਗ਼ਦਰੀਆਂ ਨੂੰ ਪੱਛਮੀ ਦੇਸ਼ਾਂ ਦੀ ਸਿਆਸਤ ਤੇ ਉੱਥੋਂ ਦੇ ਹਾਲਤਾਂ ਦੀ ਸਮਝ ਸੀ ਜੋ ਨਵੀਨਤਾ ਵਾਲਾ ਪਹਿਲੂ ਸੀ। ਗ਼ਦਰੀਆਂ ਨੇ ਆਪਣੀ ਗੱਲ ਹੋਰਨਾਂ ਭਾਰਤੀਆਂ ਤੱਕ ਪਹੁੰਚਾਉਣ ਲਈ ਅਖ਼ਬਾਰ ਵੀ ਕੱਢਿਆ। ਇਸ ਲਹਿਰ ਵਿੱਚ ਭਾਵੇਂ ਬਹੁਮਤ ਪੰਜਾਬੀਆਂ ਦੀ ਸੀ, ਪਰ ਹੋਰ ਸੂਬਿਆਂ ਦੇ ਲੋਕ ਵੀ ਸ਼ਾਮਲ ਸਨ ਤੇ ਹਿੰਦੂ, ਸਿੱਖ, ਮੁਸਲਮਾਨ ਸਾਰੇ ਇਕੱਠੇ ਹੋ ਕੇ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਲਈ ਤਿਆਰ ਸਨ। ਬਸਤੀਵਾਦ ਤਾਕਤਾਂ ਜਿਨ੍ਹਾਂ ’ਚ ਇੰਗਲੈਂਡ, ਫਰਾਂਸ, ਸਪੇਨ, ਪੁਰਤਗਾਲ, ਬੈਲਜੀਅਮ ਸ਼ਾਮਲ ਸਨ, ਬਹੁਤ ਨਿਰਦਈ ਤੇ ਜ਼ਾਲਮ ਰਵੱਈਆ ਅਖਤਿਆਰ ਕਰ ਕੇ ਮੌਤਾਂ ਨੂੰ ਅੰਜਾਮ ਦੇਣ ’ਚ ਦੇਰ ਨਹੀਂ ਲਾਉਂਦੀਆਂ ਸਨ ਤਾਂ ਕਿ ਲੋਕ ਸਹਿਮੇ ਰਹਿਣ ਤੇ ਬਗਾਵਤ ਨਾ ਕਰਨ। ਪਰ ਇੰਗਲੈਂਡ, ਫਰਾਂਸ ਦੇ ਬਹੁਤ ਨਾਗਰਿਕ ਜੋ ਸੋਸ਼ਲਿਸਟ ਅਤੇ ਕਮਿਊਨਿਸਟ ਵਿਚਾਰਧਾਰਾ ਦੇ ਸਨ, ਉਹ ਬਸਤੀਵਾਦ ਦੇ ਖਿਲਾਫ਼ ਸਨ ਤੇ ਉਹ ਗੁਲਾਮ ਦੇਸ਼ਾਂ ਦੇ ਹੱਕ ’ਚ ਯੂਨੀਅਨਾਂ ਰਾਹੀਂ ਮੁਜ਼ਾਹਰੇ ਕਰਦੇ ਰਹੇ ਹਨ। ਇਸੇ ਤਰ੍ਹਾਂ ਗ਼ਦਰੀ ਬਾਬੇ ਭਾਰਤ ਦੇ ਲੋਕਾਂ ਨੂੰ ਜਗਾਉਣ ਲਈ ਅਤੇ ਆਜ਼ਾਦੀ ਲਈ ਪ੍ਰੇਰਿਤ ਕਰਨ ਲਈ ਲਾਮਬੰਦ ਹੋ ਕੇ ਬਾਹਰੋਂ ਆਏ। ਗ਼ਦਰੀ ਬਾਬਿਆਂ ਤੋਂ ਬਗੈਰ ਵੀ ਬਹੁਤ ਸਾਰੇ ਸੁਤੰਤਰਤਾ ਸੰਗਰਾਮੀਏ ਮੈਦਾਨ ’ਚ ਕੁੱਦੇ ਅਤੇ ਕੁਰਬਾਨੀਆਂ ਦੇ ਕੇ ਹੀ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ ਕੀਤੀ। ਦੇਸ਼ ਦੀ ਆਜ਼ਾਦੀ ਲਈ ਪੰਜਾਬ ’ਚੋਂ ਕੂਕਾ ਲਹਿਰ, ਅਕਾਲੀ ਮੋਰਚੇ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਅਨੇਕਾਂ ਹੋਰ ਸ਼ਹੀਦਾਂ ਦੇ ਨਾਂ ਸ਼ਾਮਲ ਹਨ। ਹੋਰ ਸੂਬਿਆਂ ਤੋਂ ਵੀ ਬਹੁਤ ਲੋਕ ਸ਼ਹੀਦ ਹੋਏ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫ਼ੌਜ ਬਣਾਈ, ਇੰਡੀਅਨ ਨੈਸ਼ਨਲ ਕਾਂਗਰਸ ਤੇ ਬਰਤਾਨੀਆ ਦੀ ਨਾਗਰਿਕ ਐਨੀ ਬੇਸੈਂਟ (ਸੋਸ਼ਲਿਸਟ) ਦਾ ਭਾਰਤ ਦੀ ਆਜ਼ਾਦੀ ’ਚ ਕਾਫ਼ੀ ਯੋਗਦਾਨ ਹੈ। ਭਾਰਤ ਦੀ ਆਜ਼ਾਦੀ ਨੇ ਹੋਰ ਗ਼ੁਲਾਮ ਦੇਸ਼ਾਂ ਵਿੱਚ ਚੱਲ ਰਹੇ ਮੁਕਤੀ ਘੋਲਾਂ ਦੇ ਦੀਵੇ ਵਿੱਚ ਤੇਲ ਪਾਉਣ ਦਾ ਕੰਮ ਵੀ ਕੀਤਾ। ਭਾਰਤ ਦੀ ਆਜ਼ਾਦੀ ਤੋਂ ਬਾਅਦ ਅਫ਼ਰੀਕਨ ਦੇਸ਼ਾਂ ’ਚ ਸੁਤੰਤਰਤਾ ਦਾ ਬਿਗਲ 1950 ਤੋਂ ਲੈ ਕੇ 1975 ਤੱਕ ਵੱਜਦਾ ਰਿਹਾ। ਅਲਜੀਰੀਆ ਫਰਾਂਸ, ਅੰਗੋਲਾ ਪੁਰਤਗਾਲ, ਕੋਂਗੋ ਬੈਲਜੀਅਮ, ਕੀਨੀਆ, ਨਾਈਜੀਰੀਆ ਇੰਗਲੈਂਡ ਤੋਂ ਅਤੇ ਹੋਰ ਬਹੁਤ ਸਾਰੇ ਦੇਸ਼ ਬਸਤੀਵਾਦ ਤੋਂ ਆਜ਼ਾਦ ਹੋ‌ਏ।
ਭਾਰਤ ਦੀ ਆਜ਼ਾਦੀ ਦਾ ਪ੍ਰਭਾਵ ਅਫ਼ਰੀਕਨ ਦੇਸ਼ਾਂ ’ਤੇ ਬਹੁਤ ਪਿਆ। 27 ਸਾਲਾਂ ਦੀ ਜੇਲ੍ਹ ’ਚੋਂ ਬਾਹਰ ਆ ਕੇ ਜਾਂ ਰਾਸ਼ਟਰਪਤੀ ਬਣ ਕੇ ਨੈਲਸਨ ਮੰਡੇਲਾ ਨੇ ਗੋਰਿਆਂ ਖਿਲਾਫ਼ ਕੋਈ ਜ਼ਹਿਰ ਨਹੀਂ ਉਗਲਿਆ। ਉਹ ਕਹਿੰਦੇ ਰਹੇ ਕਿ ਸਾਡੀ ਲੜਾਈ ਕਿਸੇ ਨਸਲ ਜਾਂ ਕੌਮ ਦੇ ਖਿਲਾਫ਼ ਨਹੀਂ ਸਗੋਂ ਨਸਲੀ ਵਿਤਕਰੇ ਵਾਲੀ ਸੋਚ, ਧੱਕੇਸ਼ਾਹੀ, ਜ਼ਬਰਦਸਤੀ ਫੈਸਲੇ ਠੋਸਣ ਦੇ ਖਿਲਾਫ਼ ਹੈ। ਸਾਰੀ ਦੁਨੀਆ ਦੇ ਸ਼ਾਸਕਾਂ ਨੂੰ ਨੈਲਸਨ ਮੰਡੇਲਾ ਤੋਂ ਸਿੱਖਣਾ ਚਾਹੀਦਾ ਹੈ ਕਿ ਬਹੁਕੌਮੀ ਦੇਸ਼ਾਂ ’ਚ ਸਰਕਾਰਾਂ ਕਿਵੇਂ ਚਲਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਜੇਲ੍ਹ ਤੋਂ ਬਾਹਰ ਆ ਕੇ ਵੱਡੇ ਵਿਚਾਰ ਦੁਨੀਆ ਦੇ ਸਾਹਮਣੇ ਰੱਖ ਕੇ ਇਹ ਸਿੱਧ ਕਰ ਦਿੱਤਾ ਕਿ ਨਸਲਾਂ ਵੱਡੀਆਂ ਨਹੀਂ ਹੁੰਦੀਆਂ ਸਗੋਂ ਵਿਚਾਰ ਵੱਡੇ ਹੁੰਦੇ ਹਨ। ਮੰਡੇਲਾ ਤੇ ਓਬਾਮਾ ਉਸ ਵਿਚਾਰਧਾਰਾ ਦੀ ਪੂਰੀ ਪੁਸ਼ਟੀ ਕਰਦੇ ਹਨ। ਪੰਜ ਸਾਲ ਰਾਸ਼ਟਰਪਤੀ ਰਹਿ ਕੇ ਉਨ੍ਹਾਂ ਨੇ ਖੁਦ ਚੋਣ ਲੜਨ ਤੋਂ ਨਾਂਹ ਕੀਤੀ ਅਤੇ ਦੁਨੀਆ ਵਿੱਚ ਅਮਨ, ਸ਼ਾਂਤੀ, ਮਨੁੱਖੀ ਕਦਰਾਂ ਕੀਮਤਾਂ ਦੀ ਮਹੱਤਤਾ, ਭਾਈਚਾਰਕ ਸਾਂਝ ਅਤੇ ਗੁਲਾਮੀ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਨੂੰ ਪਹਿਲ ਦਿੱਤੀ। ਅੱਜ ਵੀ ਲੋਕ ਫ਼ੌਜੀ ਰਾਜਾਂ ਦੇ ਖਿਲਾਫ਼, ਮਨੁੱਖੀ ਅਧਿਕਾਰਾਂ ਨੂੰ ਬਚਾਉਣ ਲਈ ਲਾਤੀਨੀ ਅਮਰੀਕਾ, ਅਫ਼ਰੀਕਾ, ਅਰਬੀ ਦੇਸ਼ਾਂ ’ਚ, ਏਸ਼ੀਆ ’ਚ ਅਤੇ ਖਾਸ ਕਰਕੇ ਮਿਆਂਮਾਰ (ਬਰਮਾ) ’ਚ ਲੜ ਰਹੇ ਹਨ ਜਿੱਥੇ ਵੀ ਮਨੁੱਖੀ ਕਦਰਾਂ ਦਾ ਘਾਣ ਹੋ ਰਿਹਾ ਹੈ। ਬਰਮਾ ਦੀ ਵਿਰੋਧੀ ਧਿਰ ਦੀ ਨੇਤਾ ਆਂਗ ਸਾਨ ਸੂ ਚੀ ਅੱਜ ਵੀ ਸਲਾਖਾਂ ਪਿੱਛੇ ਬਹਿ ਕੇ ਆਜ਼ਾਦੀ ਦੀ ਆਸ ਲਈ ਜੱਦੋਜਹਿਦ ਕਰ ਰਹੀ ਹੈ। ਭਾਰਤ ਦੀ ਆਜ਼ਾਦੀ ਦੁਨੀਆ ਲਈ ਇੱਕ ਸੰਕਲਪ ਤੇ ਉਦਾਹਰਨ ਬਣੀ ਰਹੀ ਹੈ। ਆਓ, ਸੁਤੰਤਰਤਾ ਨੂੰ ਸਮਰਪਿਤ ਹੋ ਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰ ਕੇ ਭਾਰਤੀ ਆਜ਼ਾਦੀ ਨੂੰ ਸੰਸਾਰ ਭਰ ਵਿੱਚ ਇੱਕ ਆਦਰਸ਼ ਦਾ ਰੂਪ ਦੇਣ ਦੇ ਕਾਬਲ ਬਣੀਏ।
ਸੰਪਰਕ: 96464-66055

Advertisement

Advertisement
Author Image

joginder kumar

View all posts

Advertisement
Advertisement
×