ਰਾਜਧਾਨੀ ਦੇ ਕਈ ਖੇਤਰਾਂ ਵਿੱਚ ਹਲਕਾ ਮੀਂਹ
ਨਵੀਂ ਦਿੱਲੀ, 6 ਜਨਵਰੀ
ਕੌਮੀ ਰਾਜਧਾਨੀ ਵਿੱਚ ਅੱਜ ਠੰਢ ਦਾ ਪ੍ਰਕੋਪ ਜਾਰੀ ਰਿਹਾ। ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ ਅਤੇ ਘੱਟੋ ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਅਨੁਸਾਰ ਧੁੰਦ ਨਾ ਪੈਣ ਕਾਰਨ ਅੱਜ ਸੜਕਾਂ ’ਤੇ ਦੇਖਣ ਦੀ ਤੀਬਰਤਾ ਠੀਕ ਰਹੀ। ਜ਼ਿਕਰਯੋਗ ਹੈ ਕਿ ਇੱਥੇ ਪਿਛਲੇ ਤਿੰਨ ਦਿਨਾਂ ਵਿੱਚ ਦੇਖਣ ਦੀ ਤੀਬਰਤਾ ਜ਼ੀਰੋ ਹੋ ਗਈ ਸੀ। ਇਸ ਕਾਰਨ ਕੁੱਝ ਹਵਾਈ ਉਡਾਣਾਂ ਰੱਦ ਕਰਨੀਆਂ ਪਈਆਂ ਸਨ ਤੇ ਕੁੱਝ ਦਾ ਰੂਟ ਵੀ ਬਦਲਣਾ ਪਿਆ ਸੀ। ਰੇਲਾਂ ਪਹਿਲਾਂ ਹੀ ਦੇਰੀ ਨਾਲ ਚੱਲ ਰਹੀਆਂ ਹਨ। ਆਈਐੱਮਡੀ ਨੇ ਦੱਸਿਆ ਕਿ ਦਿੱਲੀ ਵਿੱਚ ਮੁੱਢਲੇ ਮੌਸਮ ਕੇਂਦਰ ਸਫਦਰਜੰਗ ਬੇਧਸ਼ਾਲਾ ਨੇ ਸਵੇਰੇ ਸਾਢੇ ਅੱਠ ਵਜੇ ਘੱਟੋ ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ, ਜੋ ਸਾਲ ਦੇ ਇਸ ਸਮੇਂ ਦੇ ਆਮ ਤਾਪਮਾਨ ਨਾਲੋਂ 2.7 ਡਿਗਰੀ ਵੱਧ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸਵੇਰੇ ਸਾਢੇ ਪੰਜ ਵਜੇ ਸਫਦਰਜੰਗ ਅਤੇ ਪਾਲਮ ਵਿੱਚ ਦਿਖਣ ਦੀ ਤੀਬਰਤਾ 300 ਮੀਟਰ ਸੀ। ਕੌਮੀ ਰਾਜਧਾਨੀ ਦੇ ਕੁੱਝ ਹਿੱਸਿਆਂ ਵਿੱਚ ਹਲਕਾ ਮੀਂਹ ਪਿਆ। ਮੌਸਮ ਵਿਭਾਗ ਨੇ ਦਿਨ ਵੇਲੇ ਅਸਮਾਨ ਵਿੱਚ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਪੈਣ ਦੀ ਪੇਸ਼ੀਨਗੋਈ ਕੀਤੀ ਸੀ। ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਆਈਐੱਮਡੀ ਅਨੁਸਾਰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁੁਸਾਰ ਸਵੇਰੇ ਨੌਂ ਵਜੇ ਦਿੱਲੀ ਦਾ ਹਵਾ ਗੁਣਵਤਾ ਸੂਚਕ ਅੰਕ (ਏਕਿਊਆਈ) 320 ਰਿਹਾ। -ਪੀਟੀਆਈ