‘ਆਪ’ ਅਤੇ ਭਾਜਪਾ ਨੇ ਵਾਅਦਾਖ਼ਿਲਾਫ਼ੀ ਕੀਤੀ: ਪਾਂਡੇ
ਨਵੀਂ ਦਿੱਲੀ, 7 ਜਨਵਰੀ
ਕਾਂਗਰਸ ਨੇ ਅੱਜ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ’ਤੇ ਉਨ੍ਹਾਂ ਦੀ ਸੱਤਾ ਵਾਲੇ ਰਾਜਾਂ ਵਿੱਚ ਲੋਕਾਂ ਨਾਲ ਵਾਅਦਾਖ਼ਿਲਾਫ਼ੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੌਰਾਨ ਪਾਰਟੀ ਆਗੂਆਂ ਨੇ ਦਾਅਵਾ ਕੀਤਾ ਕਿ ਦਿੱਲੀ ਵਾਸੀ ਕਈ ਸਮੱਸਿਆਵਾਂ ਕਾਰਨ ਪ੍ਰੇਸ਼ਾਨ ਹਨ ਪਰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਸ਼ੀਸ ਮਹਿਲ ਦੇ ਲਾਲ’ ਬਣ ਕੇ ਰਹਿ ਗਏ ਹਨ। ਕਾਂਗਰਸ ਆਗੂ ਅਤੇ ਝਾਰਖੰਡ ਦੀ ਪੰਚਾਇਤੀ ਰਾਜ ਮੰਤਰੀ ਦੀਪਿਕਾ ਪਾਂਡੇ ਸਿੰਘ ਨੇ ਅੱਜ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਂਗਰਸ ਜੁਮਲੇ ਦੀ ਨਹੀਂ ਸਗੋਂ ਲੋੜਵੰਦਾਂ ਦੀ ਪਾਰਟੀ ਹੈ। ਇਸ ਦੌਰਾਨ ਉਨ੍ਹਾਂ ਦਿੱਲੀ ਵਿੱਚ ਪਾਰਟੀ ਵੱਲੋਂ ਘੋਸ਼ਿਤ ਕੀਤੀ ‘ਪਿਆਰੀ ਦੀਦੀ’ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਹਰ ਔਰਤ ਨੂੰ 2500 ਰੁਪਏ ਮਹੀਨਾ ਦਿੱਤਾ ਜਾਵੇਗਾ। ਦੀਪਿਕਾ ਨੇ ਕਿਹਾ ਕਿ ਜਿੱਥੇ ਵੀ ਕਾਂਗਰਸ ਦੀ ਸਰਕਾਰ ਹੈ, ਭਾਵੇਂ ਹਿਮਾਚਲ, ਕਰਨਾਟਕ ਹੋਵੇ ਜਾਂ ਜਿੱਥੇ ਗੱਠਜੋੜ ਵਿੱਚ ਹੋਵੇ, ਉਥੇ ਔਰਤਾਂ ਨੂੰ ਸ਼ਕਤੀਕਰਨ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਨੂੰ ਤਿੰਨ ਸਾਲ ਹੋਣ ਵਾਲੇ ਹਨ ਪਰ ਉਥੇ ਅਜੇ ਵੀ ਔਰਤਾਂ ਨੂੰ ਕੋਈ ਆਰਥਿਕ ਸਹਾਇਤਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ‘ਆਪ’ ਅਤੇ ਭਾਜਪਾ ਆਪਣਾ ਚੋਣ ਵਾਅਦਾ ਪੂਰਾ ਨਹੀਂ ਕਰਦੀਆਂ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਇਸ ਦਾ ਸਭ ਤੋਂ ਵੱਡਾ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਵਾਅਦਾ ਕਰਦੇ ਹਾਂ ਉਸ ਨੂੰ ਪੂਰਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ 16,000 ਤੋਂ ਵੱਧ ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ 30,000 ਤੋਂ ਵੱਧ ਔਰਤਾਂ ਅਗਵਾ ਹੋਈਆਂ ਹਨ ਪਰ ਫੇਰ ਵੀ ਕੋਈ ਕਾਰਵਾਈ ਨਹੀਂ ਹੋਈ। ਛੱਠ ਪੂਜਾ ਵੇਲੇ ਸਾਡੇ ਰਾਜਾਂ ਦੇ ਲੋਕਾਂ ਨੂੰ ਖਾਸਕਰ ਔਰਤਾਂ ਨੂੰ ਇੱਥੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯਮੁਨਾ ਨਦੀ ਦਾ ਜਲ ਦੂਸ਼ਿਤ ਹੈ। ਲੋਕਾਂ ਨੂੰ ਸਾਹ ਲੈਣਾ ਕਾਫ਼ੀ ਦੁੱਭਰ ਹੋ ਜਾਂਦਾ ਹੈ ਅਤੇ ਥਾਂ-ਥਾਂ ਕੂੜੇ ਦੇ ਢੇਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਦਿੱਲੀ ਵਾਸੀ ਕਾਂਗਰਸ ’ਤੇ ਭਰੋਸਾ ਕਰਨਗੇ, ਕਿਉਂਕਿ ਅਸੀਂ ਜੋ ਵਾਅਦੇ ਕੀਤੇ ਹਨ, ਉਹ ਪੂਰੇ ਕੀਤੇ ਹਨ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਅਭੈ ਦੂਬੈ ਅਤੇ ਅਮਰਿਤਾ ਧਵਨ ਵੀ
ਹਾਜ਼ਰ ਸਨ। -ਪੀਟੀਆਈ