ਜਿਊਣ ਦਾ ਹੁਨਰ
ਸਰੋਜ
ਸਾਡੀ ਜ਼ਿੰਦਗੀ ਖੁਸ਼ੀਆਂ-ਗ਼ਮੀਆਂ ਤੇ ਸੁੱਖ-ਦੁੱਖ ਦਾ ਸੁਮੇਲ ਹੈ। ਸਮਾਂ ਰੁਕਦਾ ਨਹੀਂ, ਇਹ ਆਪਣੀ ਤੋਰੇ ਤੁਰਦਾ ਰਹਿੰਦਾ ਹੈ। ਅਕਬਰ ਨੇ ਆਪਣੇ ਦਰਬਾਰ ਦਾ ਰੋਜ਼ਨਾਮਚਾ ਲਿਖਣ ਵਾਲੇ ਕਾਤਿਬ ਨੂੰ ਕਿਹਾ,‘‘ਕੋਈ ਅਜਿਹਾ ਫ਼ਿਕਰਾ ਲਿਖ ਲਿਆ ਕਰ ਜਿਹਦੇ ਨਾਲ ਦੁੱਖੀ ਨੂੰ ਧਰਵਾਸ ਮਿਲੇ ਅਤੇ ਸੁੱਖੀ ਬੰਦੇ ਨੂੰ ਹੰਕਾਰ ਨਾ ਹੋਵੇ।’’
ਕਾਤਿਬ ਨੇ ਰੋਜ਼ਨਾਮਚੇ 'ਚ ਸਿਰਫ਼ ਐਨਾ ਹੀ ਲਿਖਿਆ,‘‘ਇਹ ਸਮਾਂ ਵੀ ਗੁਜ਼ਰ ਜਾਵੇਗਾ।’’ ਜੋ ਸਮਾਂ ਬੀਤ ਜਾਂਦਾ ਹੈ ਸਾਡੀਆਂ ਯਾਦਾਂ ਦੀ ਪਟਾਰੀ ਵਿੱਚ ਸਮਾ ਜਾਂਦਾ ਹੈ। ਮਨੁੱਖ ਦੀਆਂ ਬਚਪਨ ਦੀਆਂ ਯਾਦਾਂ ਕਈ ਵਾਰ ਸਾਡੇ ਚਿਹਰੇ 'ਤੇ ਖੇੜਾ ਲੈ ਆਉਂਦੀਆਂ ਹਨ ਅਤੇ ਕਈ ਮਨਹੂਸ ਯਾਦਾਂ ਸਾਨੂੰ ਉਦਾਸ ਵੀ ਕਰ ਜਾਂਦੀਆਂ ਹਨ। ਮਨੁੱਖ ਚਾਹੇ ਜਿੰਨਾ ਮਰਜ਼ੀ ਦੁੱਖਾਂ ਵਿੱਚ ਲੰਘ ਰਿਹਾ ਹੋਵੇ। ਆਪਣੇ ਸੁਪਨੇ ਮਰਨ ਨਹੀਂ ਦਿੰਦਾ। ਉਹਨੂੰ ਹਮੇਸ਼ਾ ਆਸ ਰਹਿੰਦੀ ਹੈ ਤੇ ਉਹ ਕਈ ਤਰ੍ਹਾਂ ਦੇ ਸੁਪਨੇ ਵੇਖਦਾ ਰਹਿੰਦਾ ਹੈ, ਜਿਨ੍ਹਾਂ ਨੂੰ ਪੂਰਿਆਂ ਕਰਨ ਲਈ ਉਹ ਮਿਹਨਤ ਤੇ ਕੰਮ-ਕਾਰ 'ਤੇ ਭੱਜਾ ਫਿਰਦਾ ਰਹਿੰਦਾ ਹੈ।
ਮੇਰੇ ਮਾਤਾ-ਪਿਤਾ ਸਾਡੇ ਭੈਣ ਭਰਾਵਾਂ ਦੇ ਸੁਪਨੇ ਪੂਰੇ ਕਰਨ ਲਈ ਭੱਜੇ ਫਿਰਦੇ ਸਨ। ਕੰਮ ਕਰਦੇ ਸਨ ਕਿ ਬੱਚਿਆਂ ਦੇ ਸੁਪਨੇ ਪੂਰੇ ਹੋ ਸਕਣ। ਹੁਣ ਮੈਂ ਵੀ ਆਪਣੇ ਬੱਚਿਆਂ ਦੇ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਭੱਜੀ ਫਿਰਦੀ ਹਾਂ। ਪਿਛਲੇ 25 ਸਾਲਾਂ ਤੋਂ ਨੌਕਰੀ 'ਤੇ ਜਾਂਦੀ-ਆਉਂਦੀ ਹਾਂ, ਆਪਣੇ ਤੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ। ਗ੍ਰਹਿਸਥੀ ਦੇ ਮੁੱਢਲੇ ਦਿਨਾਂ ਵਿੱਚ ਸੁਪਨਾ ਸੀ ਕਿ ਦੂਰ-ਦੂਰ ਦੀ ਸੈਰ ਕਰਨੀ ਹੈ। ਦੇਸ਼-ਵਿਦੇਸ਼ ਘੁੰਮਣਾ ਹੈ। ਉਦੋਂ ਹੱਥ ਵੀ ਤੰਗ ਸੀ। ਕੁਝ ਸੁਪਨੇ ਪੂਰੇ ਵੀ ਕੀਤੇ। ਮੇਰੇ ਨਾਲ ਸਕੂਲ ਪੜ੍ਹਾਉਂਦੀ ਰਿਟਾਇਰਮੈਂਟ ਦੇ ਦਿਨ ਉਡੀਕਦੀ ਇਕ ਅਧਿਆਪਕਾ ਮੈਨੂੰ ਕਹਿਣ ਲੱਗੀ, ''ਵੇਖੋ ਮੈਡਮ ਜੀ! ਸੁੱਖ ਨਾਲ ਤੁਹਾਡੇ ਬੱਚੇ ਵਿਦੇਸ਼ ਸੈੱਟ ਹੋ ਗਏ ਹਨ। ਹੁਣ ਤੁਸੀਂ ਆਪਣੇ ਪੈਸੇ ਆਪਣੇ ਉੱਤੇ ਖਰਚ ਕਰੋ। ਆਪਣੇ ਜੀਵਨ ਸਾਥੀ ਨੂੰ ਲੈ ਕੇ ਦੂਰ-ਦੂਰ ਘੁੰਮਣ ਜਾਓ...ਤੁਹਾਡੇ ਇਹੀ ਦਿਨ ਹਨ ਘੁੰਮਣ ਫਿਰਨ ਦੇ। ਜਦੋਂ ਤੁਰਨ-ਫਿਰਨ ਵਾਲੇ ਗੋਡੇ ਜਵਾਬ ਦੇ ਗਏ ਜਾਂ ਕੋਈ ਤੁਹਾਨੂੰ ਬਿਮਾਰੀ ਚੰਬੜ ਗਈ ਤਾਂ ਤੁਸੀਂ ਘਰ ਵਿੱਚ ਕੈਦ ਹੋ ਕੇ ਰਹਿ ਜਾਵੋਗੇ। ਤੁਹਾਡੀ ਸਾਰੀ ਤਨਖਾਹ ਬੈਂਕਾਂ ਵਿੱਚ ਪਈ ਰਹਿ ਜਾਵੇਗੀ। ਸੁਪਨੇ ਅਧੂਰੇ ਰਹਿ ਜਾਣਗੇ। ਮੇਰੇ ਵੱਲ ਵੇਖੋ... ਮੈਂ ਸੋਚਦੀ ਹੁੰਦੀ ਸੀ ਮੈਂ ਆਪਣੇ ਪਤੀ ਨਾਲ ਵਿਦੇਸ਼ਾਂ ਵਿੱਚ ਘੁੰਮਾਂ... ਸੋਚਦਿਆਂ ਸੋਚਦਿਆਂ ਆਹ ਦਿਨ ਆ ਗਏ। ਹੁਣ ਗੋਡੇ ਵੀ ਜਵਾਬ ਦੇ ਗਏ, ਸੂਗਰ-ਬੀ. ਪੀ. ਵਧਦਾ-ਘਟਦਾ ਰਹਿੰਦਾ। ਹੁਣ ਕਿੱਥੇ ਘੁੰਮਿਆ ਜਾਣਾ। ਬੇਟੇ ਨੇ ਥਾਈਲੈਂਡ ਦੀਆਂ ਟਿੱਕਟਾਂ ਕਰਵਾ ਦਿੱਤੀਆਂ ਕਹਿੰਦਾ ਮੰਮਾ ਮੈਂ ਦਸ ਦਿਨ ਦੇ ਟੂਰ ਤੇ ਜਾ ਰਿਹਾ ਤੁਸੀਂ ਵੀ ਏਧਰੋਂ ਆ ਜਾਓ, ਮੈਂ ਜਵਾਬ ਦੇ ਦਿੱਤਾ, ਮੇਰੇ ਕੋਲੋਂ ਤਾਂ ਤੁਰਿਆ ਨਹੀਂ ਜਾਂਦਾ।’’
ਮੈਂ, ਪਿਛਲੇ ਸਾਲ ਆਪਣੇ ਬੱਚਿਆਂ ਨੂੰ ਮਿਲਣ ਕੈਨੇਡਾ ਗਈ। ਜਿੰਨਾ ਘੁੰਮ ਸਕੀ ਘੁੰਮੀ ਵੀ। ਇਕ ਦਿਨ ਮੈਂ ਆਪਣੀ ਛੋਟੀ ਭੈਣ ਮਨਜੀਤ ਤੇ ਬੇਟੀ ਹਰਲੀਨ ਨਾਲ ਵੈਨਕੂਵਰ ਕੈਨੇਡਾ ਪੈਲੇਸ ਘੁੰਮ ਰਹੀਆਂ ਸੀ। ਵੈਨਕੂਵਰ ਦੀ ਬੰਦਰਗਾਹ ’ਤੇ ਕਰੂਜ਼ ਰੁਕੇ ਹੋਏ ਸਨ ਜਿੱਥੇ ਕਦੇ ਦੇਸ਼ ਭਗਤਾਂ ਨਾਲ ਭਰਿਆ ਕਾਮਾਗਾਟਾਮਾਰੂ ਜਹਾਜ਼ ਕਈ ਦਿਨ ਰੋਕੀ ਰੱਖਿਆ ਸੀ। ਮੈਂ ਆਪਣੀ ਭੈਣ ਨੂੰ ਪੁੱਛਿਆ, ''ਇਹ ਜਹਾਜ ਕਿਵੇਂ ਏਥੇ ਰੁਕਦੇ ਹਨ?''
ਭੈਣ ਮੈਨੂੰ ਕਹਿਣ ਲੱਗੀ, ''ਇਹ ਕਰੂਜ਼ ਜਹਾਜ ਹਨ। ਇਨ੍ਹਾਂ ਵਿੱਚ ਯਾਤਰੀ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੀ ਸੈਰ ਕਰਨ ਜਾਂਦੇ ਹਨ। ਜੋ ਛੋਟੇ ਕਰੂਜ਼ ਜਹਾਜ਼ ਹਨ, ਉਹ ਕੈਨੇਡਾ ਦੇ ਛੋਟੇ-ਛੋਟੇ ਟਾਪੂਆਂ ਤੱਕ ਜਾਂਦੇ ਹਨ।'' ਉਸ ਨੇ ਅੱਗੇ ਦੱਸਿਆ, ''ਇਨ੍ਹਾਂ ਕਰੂਜ਼ ਵਿੱਚ ਵਧੇਰੇ ਕਰਕੇ ਕੈਨੇਡਾ-ਅਮਰੀਕਾ ਦੇ ਬਜ਼ੁਰਗ ਜੋੜੇ ਹੁੰਦੇ ਹਨ। ਕੰਮ ਕਾਰ ਤੋਂ ਰਿਟਾਇਰ ਹੋ ਕੇ ਉਹ ਮਹੀਨਾ ਮਹੀਨਾ ਸੈਰ ਉੱਤੇ ਨਿਕਲ ਪੈਂਦੇ ਹਨ। ਕਈ ਬਜ਼ੁਰਗ ਜੋੜੇ ਇਕੱਠੇ ਹੋ ਕੇ ਵੀ ਜਾਂਦੇ ਹਨ। ਇਹ ਗੋਰੇ ਆਪਣੇ ਬੱਚਿਆਂ ਨੂੰ ਖੁੱਲ੍ਹਾ ਛੱਡ ਕੇ ਆਪਣੀ ਜ਼ਿੰਦਗੀ ਦਾ ਲੁਤਫ਼ ਲੈਂਦੇ ਹਨ। ਆਪਣੀ ਪੈਨਸ਼ਨ ਸੈਰਾਂ 'ਤੇ ਖਰਚ ਕਰਦੇ ਹਨ। ਇਹ ਦੁਨੀਆਦਾਰੀ ਦੇ ਝਮੇਲਿਆਂ ਤੋਂ ਮੁਕਤ ਹੋ ਕੇ ਸਿਰਫ਼ ਤੇ ਸਿਰਫ਼ ਆਪਣੀ ਖੁਸ਼ੀ ਲਈ ਸਮਾਂ ਬਤੀਤ ਕਰਦੇ ਹਨ।’’
‘‘ਆਪਾਂ ਵੀ ਰਿਟਾਇਰ ਹੋ ਕੇ ਇਕ ਦਿਨ ਇਸ ਕਰੂਜ਼ ਦੀ ਸੈਰ ’ਤੇ ਨਿਕਲਾਂਗੇ। ਦੇਸ਼ ਵਿਦੇਸ਼ ਦੀ ਸੈਰ ਕਰਿਆ ਕਰਾਂਗੇ। ਬੱਚਿਆਂ ਦੇ ਮੰਗਣੇ-ਵਿਆਹਾਂ ਦੀਆਂ ਜ਼ਿੰਮੇਵਾਰੀਆਂ ਭੁਗਤਾ ਲਈਏ। ਸਭ ਕਾਸੇ ਤੋਂ ਵਿਹਲੇ ਹੋ ਕੇ ਆਪਾਂ ਸੈਰਾਂ ਕਰਾਗੇ।'' ਮੈਂ ਸੁਪਨਾ ਲੈਂਦੀ ਹਾਂ। ਅਸੀਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਉਦੋਂ ਹੀ ਸਾਡੇ ਕੋਲ ਸਾਡੀ ਉਮਰ ਦਾ ਗੋਰਾ ਜੋੜਾ ਖੜਾ ਵੀ ਅੰਗੇਰਜ਼ੀ ਵਿੱਚ ਕਰੂਜ਼ ਵੱਲ ਵੇਖ ਕੇ ਗੱਲਾਂ ਕਰਦਾ ਪਿਆ ਸੀ। ਮੇਰੀ ਭੈਣ ਨੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪੰਜਾਬੀ ਵਿੱਚ ਮੈਨੂੰ ਕਿਹਾ, ‘‘ਇਹ ਗੋਰਾ ਜੋੜਾ ਵੀ ਤੇਰੇ ਵਾਲੀ ਗੱਲ ਹੀ ਸੋਚ ਰਿਹਾ ਹੈ ਕਿ ਆਪਾਂ ਵੀ ਇਕ ਦਿਨ ਇਸ ਕਰੂਜ਼ ਉੱਤੇ ਸੈਰ ਕਰਨ ਨਿਕਲਾਂਗੇ।’’
‘‘ਅੱਛਾ!!’’ ਮੈਂ ਹੈਰਾਨ ਹੋ ਕੇ ਬੋਲੀ। ਹੁਣ ਮੈਂ ਸੋਚਦੀ ਹਾਂ ਹਰ ਨਸਲ ਦਾ ਮਨੁੱਖ ਚਾਹੇ ਕਿਸੇ ਵੀ ਧਰਤੀ ਦੇ ਟੁਕੜੇ ਉੱਤੇ ਰਹਿੰਦਾ ਹੋਵੇ ਜਾਂ ਕਿਸੇ ਵੀ ਖਿੱਤੇ, ਧਰਮ, ਰੰਗ-ਨਸਲ ਦਾ ਹੋਵੇ ਉਹਦੇ ਸੁਪਨੇ, ਰੀਝਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਇਕੋ ਜਿਹੀਆਂ ਹੁੰਦੀਆਂ ਹਨ। ਮਨੁੱਖ ਇਕੋ ਤਰ੍ਹਾਂ ਦੇ ਬਹੁਤ ਸਾਰੇ ਸੁਪਨੇ ਲੈਂਦਾ ਹੈ। ਭਵਿੱਖ ਦੀਆਂ ਯੋਜਨਾਵਾਂ ਤਿਆਰ ਕਰਦਾ ਹੈ। ਮਨੁੱਖ ਜਿਊਂਦਾ ਹੀ ਭਵਿੱਖ ਦੀਆਂ ਆਸਾਂ ਉਮੀਦਾਂ ਦੇ ਸਿਰ ਉੱਤੇ ਹੈ। ਮਨੁੱਖ ਦੇ ਕੁਝ ਸੁਪਨੇ ਪੂਰੇ ਹੋ ਜਾਂਦੇ ਹਨ ਕੁਝ ਅਧੂਰੇ ਰਹਿ ਜਾਂਦੇ ਹਨ। ਇਹੀ ਤਾਂ ਜ਼ਿੰਦਗੀ ਹੈ।
ਸੰਪਰਕ: 94642-36953