ਨਾਰੀ ਮਨ ਦੇ ਝਰੋਖਿਆਂ ’ਚੋਂ ਦਿਸਦੀ ਜ਼ਿੰਦਗੀ
ਸੁਖਜਿੰਦਰ
ਇੱਕ ਪੁਸਤਕ - ਇੱਕ ਨਜ਼ਰ
ਮਨੁੱਖ ਯਾਦਾਂ ਦਾ ਬਣਿਆ ਹੁੰਦਾ ਹੈ ਤੇ ਯਾਦਾਂ ਸਹੇਜਣ ਲਈ ਕਹਾਣੀਆਂ ਮਨੁੱਖ ਦਾ ਮੁੱਢ ਕਦੀਮੀ ਸਾਧਨ ਰਹੀਆਂ ਹਨ। ਮਨੁੱਖ ਨੇ ਆਪਣੇ ਸਨਮੁੱਖ ਆਈ ਹਰ ਮੁਸੀਬਤ, ਰੁਕਾਵਟ, ਬੁਝਾਰਤ ਜਾਂ ਫਿਰ ਭੇਤ ਨੂੰ ਖੋਲ੍ਹਣ ਲਈ ਕਿਸੇ ਪੁਰਾਣੀ ਯਾਦ, ਮਿੱਥ, ਕਥਾ ਜਾਂ ਫਿਰ ਸਵੈ ਦੇ ਅਨੁਭਵ ਦਾ ਆਸਰਾ ਲੈਣਾ ਹੁੰਦਾ ਹੈ। ਕਿਸੇ ਮਨੁੱਖ ਕੋਲ ਜਿਹੋ ਜਿਹੀਆਂ ਕਹਾਣੀਆਂ ਜਾਂ ਯਾਦਾਂ ਹੋਣਗੀਆਂ ਓਹੋ ਜਿਹੀ ਹੀ ਉਸ ਦੀ ਸ਼ਖ਼ਸੀਅਤ ਦੀ ਘਾੜਤ ਹੋਵੇਗੀ। ਕਹਾਣੀਕਾਰ ਨੇ ਆਪਣੀ ਕਹਾਣੀ ਵਿਚ ਆਪਣੇ ਅਨੁਭਵ ਅਤੇ ਦੂਜਿਆਂ ਦੇ ਅਨੁਭਵਾਂ ਨੂੰ ਸ਼ਾਮਿਲ ਕਰਨਾ ਹੁੰਦਾ ਹੈ। ਉਸ ਪ੍ਰਕਿਰਿਆ ਵਿਚ ਉਹ ਆਪਣੀ ਸੋਚ, ਵਿਚਾਰਧਾਰਾ, ਪੈਂਤੜੇ ਅਤੇ ਸੂਝ ਅਨੁਸਾਰ ਬਿਰਤਾਂਤ ਦੀਆਂ ਪਰਤਾਂ ਨੂੰ ਘੜਦਾ ਹੈ। ਵਿਪਨ ਗਿੱਲ ਨਾਰੀ ਮਨ ਰਾਹੀਂ ਆਪਣੇ ਆਸ-ਪਾਸ ਵਾਪਰਦੇ ਵਰਤਾਰਿਆਂ ਅਤੇ ਸਮਾਜ ਨੂੰ ਵੇਖਦੀ ਪਰਖਦੀ ਹੈ। ਪੁਸਤਕ ‘ਅਣਕਹੀ ਪੀੜ’ ਉਸ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਉਸ ਦੀਆਂ ਕਹਾਣੀਆਂ ਗਾਹੇ-ਬਗਾਹੇ ਪਹਿਲਾਂ ਵੀ ਅਨੇਕਾਂ ਰਸਾਲਿਆਂ ਵਿਚ ਛਪ ਚੁੱਕੀਆਂ ਹਨ। ਉਸ ਨੂੰ ਕਥਾ ਦੀ ਬੁਣਤਰ ਅਤੇ ਬਣਤਰ ਦੀ ਸੂਝ ਹੈ ਜਿਸ ਕਾਰਨ ਉਹ ਬਿਰਤਾਂਤ ਨੂੰ ਪਾਣੀ ਦੀਆਂ ਲਹਿਰਾਂ ਵਾਂਗ ਵਹਾਅ ’ਚ ਰੱਖਦੀ ਹੈ। ਪਹਿਲੀਆਂ ਚਾਰ ਕਹਾਣੀਆਂ ਮਨੁੱਖੀ ਹੋਂਦ ਦੇ ਚਾਰ ਵੱਖੋ-ਵੱਖਰੇ ਪਹਿਲੂਆਂ ਤੋਂ ਲਿਖੀਆਂ ਹਨ। ਪਹਿਲੀ ਕਹਾਣੀ ‘ਮਛਲੀ ਜਲ ਕੀ ਰਾਨੀ ਹੈ’ ਆਪਣੀ ਹੋਂਦ ਉਪਰ ਆਪ ਹੀ ਪ੍ਰਸ਼ਨ ਚਿੰਨ੍ਹ ਬਣੀ ਇਕ ਔਰਤ ਦੀ ਕਹਾਣੀ ਹੈ ਜੋ ਆਪਣੇ ਹੋਣ-ਥੀਣ, ਆਰਥਿਕ, ਸਮਾਜਿਕ, ਮਾਨਵੀ ਰਿਸ਼ਤਗੀ ਅਤੇ ਦੇਹੀ ਦੇ ਸਵਾਲਾਂ ਦੇ ਸਨਮੁੱਖ ਵਾਰ-ਵਾਰ ਢੇਰ ਹੋ ਰਹੀ ਹਸਤੀ ਹੈ। ਮਨੁੱਖ/ਔਰਤ ਹੋਣ ਦੀ ਘੁਟਣ ਇਸ ਕਹਾਣੀ ਵਿਚ ਅਨੇਕਾਂ ਵਾਰ ਮਹਿਸੂਸ ਹੁੰਦੀ ਹੈ। ਦੂਜੀ ਕਹਾਣੀ ‘ਅਣਕਹੀ ਪੀੜ’ ਲਿਵ ਇਨ ਰਿਸ਼ਤਿਆਂ ਦੇ ਜਟਿਲ ਸਮੀਕਰਨਾਂ ਦੀ ਬਾਤ ਪਾਉਂਦੀ ਹੈ ਜਿਸ ਵਿਚ ਲਿਵ ਇਨ ਰਿਸ਼ਤਿਆਂ ਦੇ ਪਤੀ ਪਤਨੀ ਦੇ ਪਰੰਪਰਕ ਪਿੱਤਰਸੱਤਾਤਮਕ ਆਕਾਰਾਂ ਵਿਚ ਢਲ ਜਾਣ ਦਾ ਚਿਤਰਨ ਹੈ। ਕਹਾਣੀ ‘ਚਾਬੀਆਂ ਦਾ ਗੁੱਛਾ’ ਔਰਤ ਮਰਦ ਦੇ ਵੱਖੋ ਵੱਖਰੇ ਸੰਸਾਰਾਂ ਵਿਚ ਵਿਚਰਨ ਅਤੇ ਉਨ੍ਹਾਂ ਸੰਸਾਰਾਂ ਤੋਂ ਉਪਜੇ ਵਿਹਾਰ ਦੀ ਗਾਥਾ ਹੈ। ‘ਮੀਰਾ ਦੇ ਘੁੰਗਰੂ’ ਪੰਜਾਬੀ ਵਿਚ ਰਚੀਆਂ ਗਈਆਂ ਕੁਝ ਵਿਲੱਖਣ ਕਹਾਣੀਆਂ ’ਚੋਂ ਇਕ ਹੈ। ਮੁਹੱਬਤ ਅਤੇ ਲਿੰਗਕ ਰਿਸ਼ਤਿਆਂ ਤੋਂ ਪਾਰ ਬਾਤ ਪਾਉਂਦੀ ਇਹ ਇਕ ਮਾਸੂਮ ਅਤੇ ਮਾਰਮਿਕ ਕਹਾਣੀ ਹੈ। ਇਹ ਕਹਾਣੀ ਸੰਪੂਰਨਤਾ ਦੀ ਪਰਿਭਾਸ਼ਾ ਉੱਪਰ ਸਵਾਲ ਚੁੱਕਦੀ ਹੈ। ਕਹਾਣੀ ਦੀ ਚੂਲ ਇਸੇ ਪ੍ਰਸ਼ਨ ਦੇ ਸਨਮੁੱਖ ਖਲੋਣਾ ਹੈ ਕਿ ਸਮਾਜ ਆਪੋ ਬਣਾਏ ਮਾਪਦੰਡਾਂ ਦੇ ਲੈੱਨਜ਼ ਰਾਹੀਂ ਕਿਸੇ ਨੂੰ ਵੀ ਸੰਪੂਰਨ, ਅਪੂਰਨ ਜਾਂ ਵਿਚਕਾਰਲੇ ਵਰਗੇ ਵਰਗਾਂ ਵਿਚ ਵੰਡ ਲੈਂਦਾ ਹੈ। ਸਾਡੀਆਂ ਸਾਰੀਆਂ ਹੋਣੀਆਂ, ਵਿਖਮਤਾਵਾਂ, ਮਹਿਰੂਮੀਆਂ ਅਤੇ ਪ੍ਰਾਪਤੀਆਂ ਲਿੰਗਕ ਧਾਰਨਾਵਾਂ ਰਾਹੀਂ ਹੀ ਮਾਪੀਆਂ ਜਾਂਦੀਆਂ ਹਨ। ਕਹਾਣੀ ਵਿਚਲਾ ਮੀਰਾ ਦਾ ਬਿੰਬ ਕ੍ਰਿਸ਼ਨ-ਮੀਰਾ ਪ੍ਰੇਮ ਦੇ ਬਿੰਬ ਨੂੰ ਨਵੇਂ ਅਰਥਾਂ ਵਿੱਚ ਤਲਾਸ਼ਦਾ ਹੈ। ਕਹਾਣੀ ਵਿਚਲੀਆਂ ਕਨਸੋਆਂ ਬੇਹੱਦ ਕਮਾਲ ਹਨ, ਜਿਵੇਂ ‘‘ਉਹ ਜਾਣਦੀ ਸੀ ਕਿ ਉਹ ਨਦੀ ਨਹੀਂ ਸੀ। ਉਹ ਤਾਂ ਇੱਕ ਮਰੀਚਿਕਾ ਸੀ।’’
ਕਹਾਣੀ ‘ਜਿੰਨ ਮਾਰਨਾ ਕਿਤੇ ਸੌਖਾ’ ਔਰਤ ਅਤੇ ਮੁਆਸ਼ਰੇ ਵਿਚਲੀਆਂ ਤਰੇੜਾਂ ਅਤੇ ਦਮਨ ਦੀ ਕਹਾਣੀ ਹੈ। ਮਰਦ ਸਮਾਜ ਨੇ ਔਰਤ ਦੀ ਪਛਾਣ ਨੂੰ ਲਿੰਗਕ ਤੋਂ ਵੀ ਅਗਾਂਹ ਵਸਤੂ ਤੱਕ ਘਟਾ ਦਿੱਤਾ ਹੈ। ਔਰਤ ਦੀਆਂ ਰੀਝਾਂ ਨਾਲ ਭਰੇ ਸੁਪਨ ਸੰਸਾਰ ਦੇ ਹਕੀਕਤ ਦੇ ਪੱਥਰਾਂ ਨਾਲ ਟਕਰਾ ਕੇ ਚਿਣੀ-ਚਿਣੀ ਹੋ ਜਾਣ ਦੀ ਤਸਵੀਰਕਸ਼ੀ ਇਸ ਕਹਾਣੀ ਦਾ ਮੂਲ ਹੈ। ਕਹਾਣੀ ਵਿਚਲੀ ਔਰਤ ਦਾ ਆਪਣੇ ਜਿੰਨ ਵਰਗੇ ਆਲੇ-ਦੁਆਲੇ ਨਾਲ ਟਕਰਾ ਅਤੇ ਫਿਰ ਔਰਤ ਵੱਲੋਂ ਜਿੰਨ ਮਾਰ ਦੇਣ ਤੱਕ ਦਾ ਹੀਲਾ ਇਸ ਕਹਾਣੀ ਦੀ ਵਿਲੱਖਣਤਾ ਹੈ। ਪਰੀ ਕਥਾਵਾਂ ਜਿਹੇ ਜਿੰਨਾਂ ਦੀ ਥਾਂ ਆਧੁਨਿਕ ਜਿੰਨ ਵਧੇਰੇ ਖ਼ਤਰਨਾਕ ਹਨ ਅਤੇ ਹੁਣ ਜਦ ਜਿੰਨ ਦੀ ਕੈਦ ਵਿਚਲੀ ਪਰੀ ਦਾ ਰਾਜਕੁਮਾਰ ਵੀ ਰੂੰ ਦਾ ਗੋਹੜਾ ਹੀ ਨਿਕਲਿਆ ਹੈ ਤਾਂ ਫਿਰ ਔਰਤ ਨੂੰ ਵੀ ਪਰੀ ਕਥਾ ਤੋਂ ਬਾਹਰ ਹੀ ਆਉਣਾ ਪੈਂਦਾ ਹੈ।
ਕਹਾਣੀ ‘ਦਾਰੋ ਬੱਕਰੀ’ ਪੜ੍ਹਦਿਆਂ ਮੈਨੂੰ ਗਾਇਤ੍ਰੀ ਸਪੀਵਾਕ ਦਾ ਲੇਖ ‘Can The Subaltern Speak?’ ਯਾਦ ਆ ਰਿਹਾ ਸੀ। ਦਮਿਤ ਦੀ ਆਵਾਜ਼ ਕਿੱਥੇ ਹੈ ਅਤੇ ਜੇਕਰ ਹੈ ਤਾਂ ਉਹਦੀ ਆਪਣੀ ਕਿੰਨੀ ਹੈ? ਇਹ ਪ੍ਰਸ਼ਨ ਇਸ ਲੇਖ ਦੀ ਚੂਲ ਹਨ। ਇਸ ਕਹਾਣੀ ਵਿਚਲੀ ਔਰਤ ਖ਼ਾਮੋਸ਼ ਹੈ। ਕਹਾਣੀ ਭਾਵੇਂ ਇਕ ਵੈਲੀ ਬੰਦੇ ਦਾਰੋ ਬੱਕਰੀ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਇਸ ਵਿਚਲੀ ਔਰਤ ਖ਼ਾਮੋਸ਼ੀ ਨਾਲ ਵਿਚਰ ਰਹੀ ਹੈ ਪਰ ਉਸ ਦੀ ਪੀੜ ਨੂੰ ਮਰਦਾਵੇਂ ਸਮਾਜ ਦੀ ਸੌਦੇਬਾਜ਼ੀ, ਦਮਨ ਅਤੇ ਮੌਕਾਪ੍ਰਸਤੀ ਵਿੱਚੋਂ ਬੋਲਦਿਆਂ ਸੁਣਿਆ ਜਾ ਸਕਦਾ ਹੈ। ‘ਖੜਾਕ’ ਮੱਧਵਰਗੀ ਪਾਸ਼ ਕਲੋਨੀਆਂ ਦੀ ਕਹਾਣੀ ਹੈ। ਔਰਤ ਦੇ ਦੁੱਖ ਸਾਧਨ, ਨੌਕਰੀ ਜਾਂ ਜ਼ਿੰਦਗੀ ਦੇ ਪੱਧਰ ਨਾਲ ਨਹੀਂ ਬਦਲਦੇ ਸਗੋਂ ਉਹ ਇੱਕੋ ਜਿਹੇ ਇਕਸਾਰ ਹੀ ਰਹਿੰਦੇ ਹਨ। ਇਸ ਕਹਾਣੀ ਵਿਚਲੀ ਔਰਤ ਦਾ ‘ਹਾਰਪਿਕ’ ਪੀ ਕੇ ਮਰਨਾ ਇਕ ਤਾਕਤਵਰ ਬਿੰਬ ਹੈ। ਟਾਇਲਟ ਦੀ ਗੰਦਗੀ ਸਾਫ਼ ਕਰਨ ਵਾਲਾ ਹਾਰਪਿਕ ਔਰਤ ਅੰਦਰ ਪਏ ਮਰਦਾਨਾ ਗੰਦ ਨੂੰ ਧੋ ਦਿੰਦਾ ਹੈ। ਪੀਲਾ ਭੂਕ ਲਾਸ਼ ਦਾ ਚਿਹਰਾ ਸਕੂਨ ਵਿਚ ਹੈ। ਉਹ ਆਪਣੇ ਦੁੱਖਾਂ ਅਤੇ ਮੌਤ ਦੀਆਂ ਕਨਸੋਆਂ ਥਪਕੀ, ਪੁਚਕਾਰ ਅਤੇ ਗਰਮ ਹੰਝੂਆਂ ਨਾਲ ਦਿੰਦੀ ਹੈ ਪਰ ਜ਼ਮਾਨੇ ਲਈ ਚੀਤਕਾਰ ਦਾ ਖੜਾਕ ਮਨੋਰੰਜਨ ਬਣ ਚੁੱਕਾ ਹੈ, ਉਹ ਸਿਰਫ਼ ਇਸ ਖੜਾਕ ਦਾ ਹੇਰਵਾ ਉਸ ਦੀ ਮੌਤ ਤੋਂ ਬਾਅਦ ਮਨਾਉਂਦਾ ਹੈ।
ਕਹਾਣੀ ‘ਪਾਪ ਦਾ ਪਰਛਾਵਾਂ’ ਡੇਰਾਵਾਦ ਦੇ ਪਾਖੰਡ ਅਤੇ ਚਿੱਟੀ ਸਫ਼ੇਦ ਨਜ਼ਰ ਆਉਂਦੀ ਦੁਨੀਆ ਦੀ ਗ਼ਲਾਜ਼ਤ ਨੂੰ ਤਾਂ ਉਘਾੜਦੀ ਹੀ ਹੈ, ਨਾਲ ਹੀ ਇਸ ਵਿਚੋਂ ਔਰਤ ਦੀ ਲਿੰਗਕਤਾ ਦੀਆਂ ਆਵਾਜ਼ਾਂ ਵੀ ਪਰਤ ਹੇਠੋਂ ਸੁਣੀਆਂ ਜਾ ਸਕਦੀਆਂ ਹਨ। ਕਹਾਣੀ ਪਾਪ ਅਤੇ ਪੁੰਨ ਦੇ ਤਵਾਜ਼ਨ ਦੀ ਤਲਾਸ਼ ਕਰਦੀ ਹੈ। ਇਹ ਕਹਾਣੀ ਨੈਤਿਕਤਾ ਵੱਲ ਉਲਾਰ ਹੋਈ ਜਾਪਦੀ ਹੈ ਅਤੇ ਔਰਤ ਦੀ ਹੋਂਦ ਨੂੰ ਨੈਤਿਕਤਾ ਦੇ ਹੇਠਾਂ ਦਬਾ ਕੇ ਪਾਪ ਦੇ ਪਰਛਾਵੇਂ ਵਿਚ ਤਬਦੀਲ ਕਰ ਦਿੰਦੀ ਹੈ। ਕਹਾਣੀ ‘ਚੀਕ’ ਬੱਚਿਆਂ ਖਿਲਾਫ਼ ਹੋ ਰਹੀ ਘਰੇਲੂ ਲਿੰਗਕ ਹਿੰਸਾ ਦੀ ਬਾਤ ਪਾਉਂਦੀ ਹੈ। ਇਸ ਕਹਾਣੀ ਵਿਚਲਾ ਵਿਸ਼ਾ ਭਾਵੇਂ ਪਰੰਪਰਾਗਤ ਹੀ ਜਾਪਦਾ ਹੈ, ਪ੍ਰੰਤੂ ਕਹਾਣੀ ਵਿਚਲਾ ਨਹਿਰ ਤੋਂ ਗੰਦੇ ਨਾਲ਼ੇ ਅਤੇ ਨਾਲ਼ੇ ਨੂੰ ਢੱਕਣ ਲਈ ਤਾਮੀਰ ਹੋਈ ਕੰਕਰੀਟ ਦੀ ਸੜਕ ਦਾ ਬਿੰਬ ਔਰਤ ਦੀ ਹੋਣੀ ਨੂੰ ਨਵੇਂ ਅਰਥਾਂ ਵਿਚ ਪ੍ਰਭਾਸ਼ਿਤ ਕਰਦਾ ਹੈ। ਇਸ ਕਹਾਣੀ ਵਿਚਲੇ ਵੇਰਵੇ ਵਿਪਨ ਦੀ ਕਹਾਣੀ ਕਲਾ ਦਾ ਹਾਸਲ ਹਨ।
ਬੱਚਿਆਂ ਦੇ ਪਰਵਾਸ ਕਰ ਜਾਣ ਮਗਰੋਂ ਮਾਪਿਆਂ ਵਿਚ ਉਪਜੀ ਬੁੱਢੀ ਉਮਰ ਦੀ ਇਕੱਲਤਾ ਅਤੇ ਉਦਾਸੀਨਤਾ ਦੇ ਨਕਸ਼ ਤਲਾਸ਼ਦੀ ‘ਡੋਂਟ ਵਰੀ ਮਿਸਿਜ਼ ਸ਼ਰਮਾ’ ਇਕ ਚੰਗੀ ਕਹਾਣੀ ਹੈ, ਪਰ ਇਸ ਕਹਾਣੀ ਦਾ ਬਹੁਤਾ ਪੱਖ ਸੁਝਾਊ ਹੋ ਜਾਂਦਾ ਹੈ। ਕਹਾਣੀ ‘ਫੁਰਰ...ਰ’ ਜਿੰਨ ਦੀ ਕੈਦ ਵਿਚਲੀ ਪਰੀ ਵਾਲੀ ਕਥਾ ਦਾ ਰੂਪਾਂਤਰਣ ਵੀ ਹੈ ਅਤੇ ਉਸ ਕਥਾ ਨਾਲ ਸੰਵਾਦ ਵੀ। ਅਜਿਹੀ ਇਕ ਕਹਾਣੀ ਅਜੀਤ ਕੌਰ ਦੀ ਗੁਲਬਾਨੋ ਵੀ ਹੈ ਜਿਸ ਵਿਚਲੀ ਔਰਤ ਖ਼ੁਦਕੁਸ਼ੀ ਨਾਲ ਰਿਹਾਈ ਹਾਸਲ ਕਰਦੀ ਹੈ ਪਰ ਇਸ ਕਹਾਣੀ ਵਿਚਲੀ ਪਰੀ ਦੀ ਰਿਹਾਈ ਵਿਦੇਸ਼ ਵੱਲ ਪਰਵਾਸ ਹੈ।
ਵਿਪਨ ਗਿੱਲ ਦੀਆਂ ਕਹਾਣੀਆਂ ਦੇ ਬਹੁਤੇ ਪਾਤਰ ਉਸ ਦੇ ਆਲੇ-ਦੁਆਲੇ ਦੇ ਸੰਸਾਰ ਵਿੱਚ ਵਿਚਰਦੇ ਲੋਕ ਹੀ ਹਨ। ਕੁਝ ਪੇਂਡੂ ਕੁਝ ਸ਼ਹਿਰੀ। ਉਹ ਆਪ ਅਧਿਆਪਨ ਕਿੱਤੇ ਨਾਲ ਸਬੰਧਿਤ ਹੈ। ਇਸ ਲਈ ਉਸ ਦੇ ਬਹੁਤੇ ਪਾਤਰ ਅਜਿਹੇ ਹੀ ਹਨ ਜੋ ਇਕ ਅਧਿਆਪਕ ਦੀ ਰੋਜ਼ਮੱਰਾ ਜ਼ਿੰਦਗੀ ਵਿਚ ਉਸ ਨੂੰ ਗਾਹੇ-ਬਗਾਹੇ ਮਿਲਦੇ ਰਹਿੰਦੇ ਹਨ। ਕਹਾਣੀਆਂ ਵਿਚਲੀ ਤਕਨੀਕ ਪਰੰਪਰਾਗਤ ਕਹਾਣੀ ਵਿਧੀਆਂ ਵਾਲੀ ਹੈ, ਪਰ ਕੁਝ ਕਹਾਣੀਆਂ ਵਿਚ ਵਿਪਨ ਆਪਣੀ ਲੀਹ ਅਤੇ ਸ਼ੈਲੀ ਨੂੰ ਵਿਕਸਿਤ ਕਰਦੀ ਨਜ਼ਰ ਆਉਂਦੀ ਹੈ। ਸਮੁੱਚੇ ਰੂਪ ਵਿਚ ਇਨ੍ਹਾਂ ਕਹਾਣੀਆਂ ਨੂੰ ਪੜ੍ਹਨਾ ਨਾਰੀ ਮਨ ਅਤੇ ਨਾਰੀ ਚੇਤਨਾ ਦੇ ਅਧਿਐਨ ਵੱਲ ਪਾਸਾਰ ਕਰਨਾ ਹੈ।
ਸੰਪਰਕ: 99144-21400