ਰਾਖ਼ ਹੋਈ ਜ਼ਿੰਦਗੀ
ਬਠਿੰਡਾ ’ਚ ਝੁੱਗੀਆਂ ਨੂੰ ਲੱਗੀ ਅੱਗ ਨੇ ਦੋ ਮਾਸੂਮ ਬਾਲੜੀਆਂ ਦੀ ਜਾਨ ਲੈ ਲਈ। ਦੋਵੇਂ ਸਕੀਆਂ ਭੈਣਾਂ ਸਨ। ਉਨ੍ਹਾਂ ਆਪਣੀ ਜਾਨ ਬਚਾਉਣ ਲਈ ਜਿੱਥੇ ਆਸਰਾ ਲਿਆ, ਅੱਗ ਉੱਥੇ ਵੀ ਪਹੁੰਚ ਗਈ; ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਪਰਿਵਾਰ ਵਾਲੇ ਬਾਹਰ ਕੱਢਦੇ, ਉਹ ਦਮ ਤੋੜ ਗਈਆਂ। ਅੱਗ ਦੇ ਕਹਿਰ ਨਾਲ ਜਿੱਥੇ ਕਈ ਝੁੱਗੀਆਂ ਸੜ ਗਈਆਂ ਉੱਥੇ ਮਾਸੂਮ ਬੱਚੀਆਂ ਦੀ ਜ਼ਿੰਦਗੀ ਵੀ ਰਾਖ਼ ਹੋ ਗਈ।
ਬਠਿੰਡਾ ਦੀ ਸਰਹਿੰਦ ਨਹਿਰ ਨੇੜੇ ਵਸੀ ਇਸ ਉੜੀਆ ਕਲੋਨੀ ਵਿੱਚ ਇਹ ਘਟਨਾ ਸਵੇਰੇ ਸਵੱਖਤੇ ਉਸ ਵੇਲੇ ਵਾਪਰੀ ਜਦੋਂ ਪਰਿਵਾਰ ਝੁੱਗੀ ’ਚ ਖਾਣਾ ਬਣਾ ਰਿਹਾ ਸੀ। ਤੇਜ਼ ਹਵਾ ਕਾਰਨ ਝੁੱਗੀ ਨੂੰ ਅੱਗ ਲੱਗ ਗਈ ਅਤੇ ਇਸ ਨੇ ਛੇਤੀ ਹੀ ਨਾਲ ਲੱਗਦੀਆਂ ਕਈ ਝੁੱਗੀਆਂ ਨੂੰ ਲਪੇਟ ’ਚ ਲੈ ਲਿਆ। ਝੁੱਗੀ ਵਾਸੀਆਂ ਨੇ ਅੱਗ ’ਤੇ ਕਾਬੂ ਪਾਉਣ ਲਈ ਯਤਨ ਕੀਤਾ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਚੱਲੀ। ਇਸ ਕਲੋਨੀ ਤੱਕ ਪਹੁੰਚਣ ਲਈ ਕੋਈ ਢੁਕਵਾਂ ਰਾਹ ਜਾਂ ਸੜਕ ਨਹੀਂ ਹੈ ਜਿਸ ਕਰ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ’ਤੇ ਨਹੀਂ ਪਹੁੰਚ ਸਕੀਆਂ। ਝੁੱਗੀਆਂ ’ਚ ਪਏ ਰਸੋਈ ਗੈਸ ਸਿਲੰਡਰ ਫਟਣ ਕਾਰਨ ਅੱਗ ਹੋਰ ਭਿਆਨਕ ਰੂਪ ਧਾਰ ਗਈ। ਫਾਇਰ ਬ੍ਰਿਗੇਡ ਦੇ ਅਮਲੇ ਨੇ ਪਾਈਪਾਂ ਜੋੜ ਕੇ ਕਰੀਬ ਦੋ ਹਜ਼ਾਰ ਫੁਟ ਦੂਰ ਝੁੱਗੀਆਂ ਤੱਕ ਪਾਣੀ ਪਹੁੰਚਾਇਆ ਤੇ ਅੱਗ ਬੁਝਾਉਣ ਲਈ ਘੱਟੋ-ਘੱਟ ਤਿੰਨ ਘੰਟੇ ਜੱਦੋ-ਜਹਿਦ ਕਰਦੇ ਰਹੇ। ਇਸ ਦੇ ਬਾਵਜੂਦ ਕਈ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਮਾਸੂਮ ਬਾਲੜੀਆਂ ਜਿੱਥੇ ਝੁਲਸਣ ਕਾਰਨ ਦਮ ਤੋੜ ਗਈਆਂ ਉੱਥੇ ਹੋਰ ਵੀ ਕਈ ਵਿਅਕਤੀ ਝੁਲਸ ਗਏ।
ਇਸ ਘਟਨਾ ਉਪਰੰਤ ਭਾਵੇਂ ਸਿਆਸੀ ਆਗੂ ਅਤੇ ਸਮਾਜ ਸੇਵੀ ਜਥੇਬੰਦੀਆਂ ਮਦਦ ਲਈ ਪਹੁੰਚ ਗਈਆਂ ਪਰ ਜੋ ਜਾਨੀ ਨੁਕਸਾਨ ਹੋਇਆ, ਉਸ ਦੀ ਪੂਰਤੀ ਕਿਸੇ ਵੀ ਤਰ੍ਹਾਂ ਨਹੀਂ ਕੀਤੀ ਜਾ ਸਕਦੀ। ਅਕਸਰ ਹੀ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਪ੍ਰਸ਼ਾਸਨ ਦੀ ਜਾਗ ਖੁੱਲ੍ਹਦੀ ਹੈ। ਇਹ ਕਲੋਨੀ ਜਿਸ ਥਾਂ ਵਸੀ ਹੈ ਉੱਥੇ ਪਹੁੰਚਣ ਲਈ ਰੇਲਵੇ ਅੰਡਰਪਾਸ ਵਿੱਚੋਂ ਲੰਘਣਾ ਪੈਂਦਾ ਹੈ ਜਿੱਥੇ ਚਾਰਪਹੀਆ ਵਾਹਨ ਲੰਘਣਾ ਮੁਸ਼ਕਿਲ ਹੈ। ਇਹੋ ਕਾਰਨ ਹੈ ਕਿ ਇੱਥੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗੇ ਨਹੀਂ ਲੰਘ ਸਕੀਆਂ। ਇਸ ਕਲੋਨੀ ’ਚ ਵਸਦੇ ਸਾਰੇ ਪਰਿਵਾਰ ਪਰਵਾਸੀ ਮਜ਼ਦੂਰਾਂ ਦੇ ਹਨ ਜੋ ਦਿਹਾੜੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਹਨ। ਇਹ ਕਰੀਬ 15 ਸਾਲ ਤੋਂ ਇੱਥੇ ਵਸੇ ਹੋਏ ਹਨ। ਇੰਨੇ ਲੰਮੇ ਅਰਸੇ ਤੋਂ ਝੁੱਗੀਆਂ ’ਚ ਗੁਜ਼ਾਰਾ ਕਰਨ ਵਾਲੇ ਇਨ੍ਹਾਂ ਪਰਵਾਸੀ ਪਰਿਵਾਰਾਂ ਦੀ ਪ੍ਰਸ਼ਾਸਨ ਨੇ ਪਹਿਲਾਂ ਕੋਈ ਸਾਰ ਨਹੀਂ ਲਈ। ਇਨ੍ਹਾਂ ਕੋਲ ਕੋਈ ਹੋਰ ਬੁਨਿਆਦੀ ਸਹੂਲਤਾਂ ਵੀ ਨਹੀਂ ਹਨ। ਸਿਆਸੀ ਪਾਰਟੀਆਂ ਇਨ੍ਹਾਂ ਬਸਤੀਆਂ ਦੇ ਵਾਸੀਆਂ ਨੂੰ ਵੋਟ ਬੈਂਕ ਵਜੋਂ ਤਾਂ ਵਰਤ ਲੈਂਦੀਆਂ ਹਨ ਪਰ ਜ਼ਿੰਦਗੀ ਦੀ ਗੁਜ਼ਰ ਬਸਰ ਲਈ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਧਿਆਨ ਨਹੀਂ ਦਿੰਦੀਆਂ। ਜੇ ਪ੍ਰਸ਼ਾਸਨ ਨੇ ਪਹਿਲਾਂ ਇਨ੍ਹਾਂ ਬੇਵੱਸ ਤੇ ਮਜਬੂਰ ਪਰਿਵਾਰਾਂ ਦੀ ਸਾਰ ਲਈ ਹੁੰਦੀ ਤਾਂ ਅਜਿਹਾ ਹਾਦਸਾ ਨਾ ਵਾਪਰਦਾ ਤੇ ਮਾਸੂਮ ਬਾਲੜੀਆਂ ਨੂੰ ਜਾਨ ਨਾ ਗੁਆਉਣੀ ਪੈਂਦੀ। ਹੁਣ ਪੀੜਤ ਪਰਿਵਾਰਾਂ ਲਈ ਜੋ ਸਹਾਇਤਾ ਰਾਸ਼ੀ ਐਲਾਨੀ ਗਈ ਹੈ, ਜੇ ਉਹ ਪਹਿਲਾਂ ਹੀ ਇਨ੍ਹਾਂ ਦੀ ਬਿਹਤਰੀ ਲਈ ਖਰਚ ਕੀਤੀ ਗਈ ਹੁੰਦੀ ਤਾਂ ਇਸ ਨੁਕਸਾਨ ਤੋਂ ਬਚਾਅ ਹੋ ਸਕਦਾ ਸੀ।