For the best experience, open
https://m.punjabitribuneonline.com
on your mobile browser.
Advertisement

ਤੁਰਕਾਂ ਦੀ ਜਿੰਦ-ਜਾਨ: ਬੋਲੀ ਤੇ ਵਤਨ

07:04 AM Sep 17, 2023 IST
ਤੁਰਕਾਂ ਦੀ ਜਿੰਦ ਜਾਨ  ਬੋਲੀ ਤੇ ਵਤਨ
Advertisement

ਗੁਰਪ੍ਰੀਤ ਚੀਮਾ

Advertisement

ਮਾਂ ਬੋਲੀ

ਮੈਨੂੰ ਕੁਝ ਸਮਾਂ ਪਹਿਲਾਂ ਆਪਣੇ ਇੱਕ ਫਿਲਮ ਪ੍ਰੋਜੈਕਟ ਦੇ ਸਬੰਧ ਵਿੱਚ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਅਤੇ ਵਾਪਸ ਆਉਂਦਿਆਂ ਤੁਰਕੀ ਘੁੰਮਣ ਦਾ ਸਬੱਬ ਬਣਿਆ। ਜਦੋਂ ਤੁਸੀਂ ਆਪਣੇ ਖਿੱਤੇ ਤੋਂ ਦੂਰ ਹੁੰਦੇ ਹੋ ਤਾਂ ਸੋਸ਼ਲ ਮੀਡੀਆ ਤੁਹਾਨੂੰ ਪਲ-ਪਲ ਦੀ ਖ਼ਬਰ ਦਿੰਦਾ ਰਹਿੰਦਾ ਹੈ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿੱਚ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਵਿੱਚ ਪੰਜਾਬੀ ਬੋਲੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਤੇ ਕੁਝ ਸੰਸਥਾਵਾਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਸਨ। ਸੁਭਾਵਿਕ ਜਿਹੀ ਗੱਲ ਹੈ ਜਦੋਂ ਤੁਸੀਂ ਇਹੋ ਜਿਹੇ ਸੰਜੀਦਾ ਮਸਲੇ ਬਾਰੇ ਚਿੰਤਤ ਹੋਵੋ ਤਾਂ ਤੁਸੀਂ ਖ਼ੁਦ ਹੀ ਮੁਹਿੰਮ ਦਾ ਹਿੱਸਾ ਬਣ ਜਾਂਦੇ ਹੋ।
ਮੇਰੇ ਲਈ ਚੰਗੀ ਗੱਲ ਇਹ ਸੀ ਕਿ ਮੈਂ ਉਸ ਸਮੇਂ ਉਸ ਦੇਸ਼ ਦੀ ਯਾਤਰਾ ਕਰ ਰਿਹਾ ਸੀ ਜੋ ਆਪਣੀ ਬੋਲੀ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੰਦਾ ਹੈ। ਤੁਰਕੀ ਆਪਣੇ ਆਪ ਨੂੰ ਇੱਕ ਧਰਮ ਨਿਰਪੱਖ ਦੇਸ਼ ਮੰਨਦਾ ਹੈ, ਪਰ ਤੁਰਕੀ ਇੱਕ ਮੁਸਲਿਮ ਦੇਸ਼ ਹੈ।
ਇਸਤੰਬੁਲ, ਤੁਰਕੀ ਦਾ ਸਭ ਤੋਂ ਵੱਡਾ ਸ਼ਹਿਰ ਹੈ। ਪੂਰੀ ਦੁਨੀਆ ਤੋਂ ਘੁਮੱਕੜ ਇੱਥੇ ਆਉਂਦੇ ਹਨ। ਇਸਤੰਬੁਲ ਨੂੰ Meeting point of the World ਭਾਵ ‘ਦੁਨੀਆਂ ਦੇ ਸੰਗਮ ਦਾ ਬਿੰਦੂ’ ਵੀ ਕਹਿੰਦੇ ਨੇ ਕਿਉਂਕਿ ਇੱਥੇ ਤਿੰਨ ਅੰਤਰਰਾਸ਼ਟਰੀ ਹਵਾਈ ਅੱਡੇ ਹੋਣ ਕਰਕੇ ਪੱਛਮੀ ਦੇਸ਼ਾਂ ਦਾ ਸਫ਼ਰ ਕਰਦੇ ਸਮੇਂ ਤੁਹਾਨੂੰ ਕਨੈਕਟਿੰਗ ਫਲਾਈਟ ਜ਼ਿਆਦਾਤਰ ਇੱਥੋਂ ਹੀ ਮਿਲੇਗੀ। ਪਰ ਖ਼ਾਸ ਗੱਲ ਇਹ ਹੈ ਕਿ ਇੱਥੋਂ ਦੇ ਹਵਾਈ ਅੱਡਿਆਂ ਦੇ ਕਰਮਚਾਰੀਆਂ ਲਈ ਅੰਗਰੇਜ਼ੀ ਭਾਸ਼ਾ ਦਾ ਇਲਮ ਹੋਣਾ ਕੋਈ ਜ਼ਰੂਰੀ ਨਹੀਂ। ਇਹ ਲੋਕ ਆਪਣੀ ਬੋਲੀ ਪ੍ਰਤੀ ਬਹੁਤ ਸੰਜੀਦਾ ਹਨ ਚਾਹੇ ਉਹ ਇੱਥੋਂ ਦਾ ਬੁੱਧੀਜੀਵੀ ਵਰਗ ਹੋਵੇ ਜਾਂ ਅਨਪੜ੍ਹ। ਆਪਣੀ ਬੋਲੀ ਪ੍ਰਤੀ ਦੋਵਾਂ ਦੀ ਸਮਝ ਇੱਕੋ ਜਿਹੀ ਹੈ।
ਇਸ ਮੁਲਕ ਦੀ ਯਾਤਰਾ ਕਰਦਿਆਂ ਤੁਹਾਨੂੰ ਅੰਗਰੇਜ਼ੀ ਦਾ ਇੱਕ ਵੀ ਸ਼ਬਦ ਲਿਖਿਆ ਨਜ਼ਰ ਨਹੀਂ ਆਵੇਗਾ। ਤੁਸੀਂ ਸ਼ਸ਼ੋਪੰਜ ’ਚ ਪੈ ਜਾਵੋਗੇ ਤੇ ਸ਼ਾਇਦ ਡਰੇ-ਡਰੇ ਜਿਹੇ ਮਹਿਸੂਸ ਕਰੋਗੇ। ਦਰਅਸਲ, ਇੱਥੇ ਸੜਕਾਂ ਦੇ ਬੋਰਡ ਹੋਣ, ਚਾਹੇ ਦੇਸੀ-ਵਿਦੇਸ਼ੀ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਦੇ ਬੋਰਡ ਸਾਰਾ ਕੁਝ ਤੁਰਕੀ ਬੋਲੀ ਵਿੱਚ ਹੀ ਲਿਖਿਆ ਹੈ।
ਮੈਂ ਤੇ ਕੁਝ ਤੁਰਕ ਵਿਦਿਆਰਥੀ ਇਸਤੰਬੁਲ ਤੋਂ ਕੈਪੇਡੋਕੀਆ ਦਾ ਬੱਸ ਵਿੱਚ ਸਫ਼ਰ ਕਰ ਰਹੇ ਸੀ। ਸਫ਼ਰ ਕਰਦਿਆਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਰਕ ਲੋਕ ਅੰਗਰੇਜ਼ੀ ਕਿਉਂ ਨਹੀਂ ਸਿੱਖਦੇ?
ਉਨ੍ਹਾਂ ਸਾਰਿਆਂ ਦਾ ਇਹ ਕਹਿਣਾ ਸੀ ਕਿ ਸਾਡੇ ਲੋਕ ਅੰਗਰੇਜ਼ੀ ਸਿੱਖਣਾ ਹੀ ਨਹੀਂ ਚਾਹੁੰਦੇ, ਸਾਡੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਇਸੇ ਭਾਸ਼ਾ (ਮਾਂ ਬੋਲੀ ਤੁਰਕੀ) ਦੀ ਲੋੜ ਹੈ। ਉਹ ਵਿਦੇਸ਼ੀ ਭਾਸ਼ਾ ਦੀਆਂ ਬੁਨਿਆਦੀ ਗੱਲਾਂ ਸਿੱਖਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਤੁਹਾਡੀ ਆਪਣੀ ਮਰਜ਼ੀ ਹੈ। ਬੱਸ ਬੰਦਾ ਆਪਣੇ ਕੰਮ ਆਪਣੇ ਪੇਸ਼ੇ ਦਾ ਮਾਹਰ ਹੋਵੇ, ਭਾਸ਼ਾ ਕੋਈ ਵੀ ਬੋਲਦਾ ਹੋਵੇ। ਇੱਥੇ ਸਾਡੇ ਕਈ ਅਜਿਹੇ ਡਾਕਟਰ, ਪ੍ਰੋਫੈਸਰ ਜਾਂ ਹੋਰ ਉੱਚ ਅਹੁਦਿਆਂ ’ਤੇ ਬੈਠੇ ਵਿਅਕਤੀ ਵੀ ਅੰਗਰੇਜ਼ੀ ਨਹੀਂ ਜਾਣਦੇ। ਸਾਡੇ ਲੋਕਾਂ ’ਚ ਇਹ ਹੀਣ ਭਾਵਨਾ ਨਹੀਂ ਕਿ ਜੇ ਤੁਹਾਨੂੰ ਅੰਗਰੇਜ਼ੀ ਬੋਲੀ ਨਹੀਂ ਆਉਂਦੀ ਤਾਂ ਤੁਹਾਨੂੰ ਨਕਾਰ ਦਿੱਤਾ ਜਾਵੇਗਾ। ਦੂਸਰਾ ਕਾਰਨ ਹੈ ਸਾਡੀ ਵਿੱਦਿਅਕ ਪ੍ਰਣਾਲੀ। ਕਿਉਂਕਿ ਸਾਡੀ ਵਿੱਦਿਅਕ ਪ੍ਰਣਾਲੀ ਵਿੱਚ ਕੁਝ ਸਮੱਸਿਆਵਾਂ ਹਨ। ਅਸੀਂ ਸਕੂਲਾਂ ਵਿੱਚ ਅੰਗਰੇਜ਼ੀ ਨਹੀਂ ਸਿੱਖ ਸਕਦੇ।
ਮੈਨੂੰ ਲੱਗਦਾ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਜਦੋਂ ਅਸੀਂ ਸਫ਼ਰ ਕਰਦੇ ਹਾਂ ਤਾਂ ਸਾਨੂੰ ਕੋਈ ਦੁਕਾਨ ਜਾਂ ਰਸਤਾ ਨਹੀਂ ਲੱਭਦਾ ਤਾਂ ਅਸੀਂ ਬਿਨਾ ਦੇਰ ਕੀਤਿਆਂ ਗੂਗਲ ਮੈਪ ਦਾ ਸਹਾਰਾ ਲੈਂਦੇ ਹਾਂ, ਪਰ ਇੱਥੇ ਮੈਪ ਵੀ ਆਪਣੇ ਹੱਥ ਖੜ੍ਹੇ ਕਰ ਜਾਂਦਾ ਹੈ ਕਿਉਂਕਿ ਉੱਥੇ ਵੀ ਤੁਰਕੀ ਬੋਲੀ ਵਿੱਚ ਲਿਖਿਆ ਹੈ। ਕੋਈ ਸਮਾਂ ਸੀ ਘੁੰਮਣ ਵਾਲੀ ਜਗ੍ਹਾ ’ਤੇ ਯਾਤਰੀ ਉੱਥੋਂ ਦੇ ਲੋਕਾਂ ਨਾਲ ਗੱਲਾਂਬਾਤਾਂ ਕਰਦੇ ਸੀ। ਆਧੁਨਿਕ ਯੁੱਗ ਹੋਣ ਕਰਕੇ ਹੁਣ ਹਵਾਈ ਜਹਾਜ਼ਾਂ ਰਾਹੀਂ ਆਉਂਦੇ ਅਤੇ ਚਲੇ ਜਾਂਦੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੈਪ ਨੇ ਯਾਤਰੀਆਂ ਤੇ ਮੂਲ ਲੋਕਾਂ ’ਚ ਫ਼ਰਕ ਪਾ ਦਿੱਤਾ ਹੈ ਪਰ ਸਾਡੇ ਇੱਥੇ ਜਿੰਨੇ ਵੀ ਸੈਲਾਨੀ ਆਉਂਦੇ ਨੇ ਉਨ੍ਹਾਂ ਅੰਦਰ ਤੁਰਕੀ ਬੋਲੀ ਸਿੱਖਣ ਦੀ ਰੁਚੀ ਪੈਦਾ ਹੁੰਦੀ ਹੈ। ਉਹ ਸਾਡੇ ਨਾਲ ਗੱਲਾਂ ਕਰਦੇ ਨੇ ਚਾਹੇ ਮੂਕ ਭਾਸ਼ਾ ਵਿੱਚ ਹੀ ਕਰਨ। ਜਦੋਂ ਕੋਈ ਵੀ ਯਾਤਰੀ ਸਫ਼ਰ ਕਰਦਾ ਹੈ ਤਾਂ ਉਹ ਯਾਦਾਂ ਦੇ ਨਾਲ-ਨਾਲ ਸਾਡੀ ਬੋਲੀ ਦੇ 15-20 ਸ਼ਬਦ ਵੀ ਸਿੱਖ ਕੇ ਜਾਂਦਾ ਹੈ ਤੇ ਅੱਗੇ ਆਉਣ ਵਾਲੇ ਯਾਤਰੀ ਨੂੰ ਵੀ ਚੇਤਨ ਕਰਦਾ ਹੈ ਕਿ ਇਹ ਸ਼ਬਦ ਸਿੱਖ ਕੇ ਜਾਇਓ। ਇਹ ਸਾਡੇ ਲੋਕਾਂ ਦੀ ਪ੍ਰਾਪਤੀ ਹੈ ਕਿ ਵਿਦੇਸ਼ੀਆਂ ਅੰਦਰ ਤੁਰਕੀ ਬੋਲੀ ਸਿੱਖਣਾ ਦੀ ਰੁਚੀ ਪੈਦਾ ਹੁੰਦੀ ਹੈ ਇਸ ਤਰ੍ਹਾਂ ਸਾਡੀ ਬੋਲੀ ਦੀ ਉਮਰ ਲੰਬੀ ਹੁੰਦੀ ਹੈ।
ਤੁਰਕੀ ਦੀ ਇੱਕ ਬਹੁਤ ਮਸ਼ਹੂਰ ਜਹਾਜ਼ ਕੰਪਨੀ ਹੈ। ਉਨ੍ਹਾਂ ਦਾ ਇਹ ਨਿਯਮ ਹੈ ਕਿ ਹਵਾਈ ਜਹਾਜ਼ ’ਚ ਹਰ ਅਨਾਊਂਸਮੈਂਟ ਸਭ ਤੋਂ ਪਹਿਲਾਂ ਤੁਰਕੀ ਬੋਲੀ ’ਚ ਹੀ ਹੋਵੇਗੀ। ਇਹ ਗੱਲ ਮੈਨੂੰ ਬਹੁਤ ਖ਼ਾਸ ਲੱਗੀ।
ਜਦੋਂ ਲੋਕ ਏਕੇ ਨਾਲ ਫ਼ੈਸਲੇ ਲੈਂਦੇ ਹਨ ਤਾਂ ਇਹ ਫ਼ੈਸਲੇ ਸਰਕਾਰਾਂ ’ਤੇ ਵੀ ਭਾਰੂ ਪੈਂਦੇ ਹਨ ਕਿਉਂਕਿ ਲੋਕਾਂ ਨੇ ਹੀ ਸਰਕਾਰਾਂ ਬਣਾਉਣੀਆਂ ਹੁੰਦੀਆਂ ਨੇ। ਪਿੱਛੇ ਜਿਹੇ ਤੁਰਕੀ ਦੀ ਸਰਕਾਰ ਆਪਣੀ ਬੋਲੀ ਨੂੰ ਹੱਕ ਦਿਵਾਉਣ ’ਚ ਕਾਮਯਾਬ ਰਹੀ। ਮਤਲਬ ਤੁਰਕੀ ਨੂੰ ਅੰਗਰੇਜ਼ੀ ਵਿੱਚ Turkey ਲਿਖਿਆ ਜਾਂਦਾ ਹੈ। ਇਹ ਇੱਕ ਪੰਛੀ ਦਾ ਨਾਮ ਵੀ ਹੈ। ਇਸ ਕਰਕੇ ਇਨ੍ਹਾਂ ਨੂੰ ਮਜ਼ਾਕ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਜੇ ਹੁਣ ਤੁਸੀਂ ਗੂਗਲ ਮੈਪ ’ਤੇ ਤੁਰਕੀ ਸਰਚ ਕਰਦੇ ਹੋ ਤਾਂ Turkey ਦੀ ਥਾਂ Turkiye ਨਜ਼ਰ ਆਵੇਗਾ। ਇਹ ਫ਼ੈਸਲੇ ਲੋਕ ਏਕਤਾ ਸਦਕਾ ਹੀ ਤਾਂ ਹੋਏ ਹਨ।
ਇਸ ਤਰ੍ਹਾਂ ਜਦੋਂ ਮੈਂ ਆਇਰਲੈਂਡ ਸੀ ਤਾਂ ਉੱਥੇ ਵੀ ਲੋਕ ਆਪਣੀ ਬੋਲੀ ਨੂੰ ਪਿਆਰ ਕਰਦੇ ਹਨ। ਆਇਰਲੈਂਡ ਇੱਕ ਯੂਰਪੀ ਮੁਲਕ ਹੈ ਇੰਗਲੈਂਡ ਦੇ ਬਿਲਕੁਲ ਨਾਲ। ਉੱਥੇ ਸਾਡੇ ਗਾਈਡ ਨੇ ਦੱਸਿਆ ਕਿ ਕਿਸੇ ਸਮੇਂ ਲੋਕ ਆਇਰਿਸ਼ ਬੋਲੀ ਹੀ ਬੋਲਦੇ ਸਨ। ਫਿਰ ਜਦੋਂ ਪਰਵਾਸ ਦਾ ਦੌਰ ਸ਼ੁਰੂ ਹੋਇਆ ਤਾਂ ਅੰਗਰੇਜ਼ੀ ਬਹੁਤ ਬੋਲੀ ਜਾਣ ਲੱਗੀ। ਕਿਉਂਕਿ ਲੋਕ ਅੰਗਰੇਜ਼ੀ ਨੂੰ ਆਲਮੀ ਭਾਸ਼ਾ ਮੰਨਦੇ ਹਨ, ਪਰ ਸਾਡੀ ਬੋਲੀ ਖ਼ਤਮ ਹੋਣ ਲੱਗੀ। ਇੱਕ ਅਜਿਹਾ ਦੌਰ ਵੀ ਆਇਆ ਕਿ ਸਿਰਫ਼ 20 ਫ਼ੀਸਦੀ ਲੋਕ ਹੀ ਆਇਰਿਸ਼ ਬੋਲੀ ਬੋਲਦੇ ਸਨ। ਇਹ ਗੱਲ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ। ਮੁਲਕ ਭਰ ਵਿੱਚ ਬਹੁਤ ਜ਼ਿਆਦਾ ਧਰਨੇ-ਮੁਜ਼ਾਹਰੇ ਹੋਏ। ਅੰਤ ਸਰਕਾਰ ਨੇ ਸਾਰੇ ਬੋਰਡਾਂ ਦੇ ਉਪਰ ਆਇਰਿਸ਼ ਤੇ ਥੱਲੇ ਅੰਗਰੇਜ਼ੀ ਲਿਖਵਾਈ ਅਤੇ ਸਿੱਖਿਆ ਦਾ ਢਾਂਚਾ ਬਦਲਿਆ। ਹੁਣ ਉੱਥੇ 70 ਫ਼ੀਸਦੀ ਲੋਕ, ਪਰਵਾਸੀ ਵੀ, ਆਇਰਿਸ਼ ਬੋਲੀ ਬੋਲਦੇ ਨੇ। ਕੁਝ ਕੁ ਕੰਮ ਇਹੋ ਜਿਹੇ ਨੇ ਕਿ ਤੁਹਾਨੂੰ ਆਇਰਿਸ਼ ਬੋਲੀ ਆਉਣੀ ਜ਼ਰੂਰੀ ਹੈ।
ਮੈਂ ਸਮਝਦਾਂ ਹਾਂ ਕਿ ਅੰਗਰੇਜ਼ੀ ਉੱਥੋਂ ਦੇ ਲੋਕ ਜ਼ਿਆਦਾ ਬੋਲਦੇ ਨੇ ਜਿਹੜੇ ਦੇਸ਼ ਪੱਛਮੀ ਸਭਿਆਚਾਰ ਤੋਂ ਪ੍ਰਭਾਵਿਤ ਨੇ, ਪਰ ਹੁਣ ਆਉਣ ਵਾਲਾ ਸਮਾਂ ਬਦਲ ਰਿਹਾ ਹੈ। ਹਰ ਇੱਕ ਦੇਸ਼ ਪੱਛਮੀ ਪ੍ਰਭਾਵ ਦੇ ਚੁੰਗਲ ’ਚੋਂ ਬਾਹਰ ਨਿਕਲ ਰਿਹਾ ਹੈ। ਹੁਣ ਇਟਲੀ ਸਰਕਾਰ ਇੱਕ ਕਾਨੂੰਨ ਲੈ ਕੇ ਆਈ ਹੈ ਜਿਸ ਵਿੱਚ ਅੰਗਰੇਜ਼ੀ ਨੂੰ ਬੈਨ ਕਰਨ ਬਾਰੇ ਗੱਲ ਚੱਲ ਰਹੀ ਹੈ ਮਤਲਬ ਕੋਈ ਵੀ ਸਰਕਾਰੀ ਮੁਲਾਜ਼ਮ ਅੰਗਰੇਜ਼ੀ ਦਾ ਇੱਕ ਵੀ ਸ਼ਬਦ ਬੋਲਚਾਲ ਜਾਂ ਲਿਖਣ ਵਿੱਚ ਨਹੀਂ ਵਰਤੇਗਾ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਮਿਸਾਲਾਂ ਹਨ। ਜਦੋਂ ਤੁਸੀਂ ਭਾਰਤ ਤੋਂ ਬਾਹਰ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਅੰਗਰੇਜ਼ੀ ਬੋਲਣ ਵਾਲੇ ਲੋਕ ਬਹੁਤ ਸੀਮਤ ਮਿਲਣਗੇ।
ਸਾਡਾ ਪੰਜਾਬ ਸੰਸਾਰ ਲਈ ਲੇਬਰ ਦੀ ਮੰਡੀ ਬਣ ਚੁੱਕਾ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਹੋਰ ਪਤਾ ਨਹੀਂ ਕਿੱਥੇ-ਕਿੱਥੇ ਅੰਗਰੇਜ਼ੀ ਤੇ ਹਿੰਦੀ ਬੋਲਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਾਡੇ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ। ਜੇ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਅਸੀਂ ਪੰਜਾਬੀ ਮਾਂ ਬੋਲੀ ਦਾ ਕਤਲ ਕਰ ਦੇਵਾਂਗੇ।
ਸੰਪਰਕ: 80800-88177
ਈ-ਮੇਲ: g.cheema0001@gmail.com

Advertisement
Author Image

Advertisement
Advertisement
×