ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਰਹਾ ਦੇ ਸ਼ਾਇਰ ਦਾ ਜੀਵਨ

11:27 AM Oct 08, 2023 IST

ਪਰਮਜੀਤ ਢੀਂਗਰਾ
ਪੰਜਾਬੀ ਸਾਹਿਤ ਵਿੱਚ ਸ਼ਵਿ ਨੂੰ ਬਿਰਹਾ ਦਾ ਸ਼ਾਇਰ ਮੰਨਿਆ ਗਿਆ ਹੈ। ਅੱਜ ਵੀ ਨੌਜਵਾਨ ਪੀੜ੍ਹੀ ਸ਼ਵਿ ਦੀ ਪਾਠਕ ਤੇ ਪ੍ਰਸ਼ੰਸਕ ਹੈ। ਜਿਊਂਦੇ ਜੀਅ ਸ਼ਵਿ ਮਿੱਥ ਬਣਿਆ ਰਿਹਾ। ਉਸ ਦੇ ਆਲੇ-ਦੁਆਲੇ ਉਹਦੀ ਰਚਨਾ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਭਰਮ ਭੁਲੇਖੇ ਸਿਰਜੇ ਗਏ। ਜ਼ਿਆਦਾਤਰ ਕਰੀਬੀਆਂ ਨੇ ਉਸ ਦੀ ਨੇੜਤਾ ਦਾ ਫ਼ਾਇਦਾ ਉਠਾ ਕੇ ਉਸ ਬਾਰੇ ਕਈ ਮਿੱਥਾਂ ਘੜ ਲਈਆਂ। ਉਸ ਦੇ ਪ੍ਰੇਮ ਪ੍ਰਸੰਗਾਂ ਨੂੰ ਚਟਖਾਰੇ ਲਾ ਲਾ ਕੇ ਪੇਸ਼ ਕੀਤਾ। ਅਸਲ ਵਿੱਚ ਸ਼ਵਿ ਪੰਜਾਬੀ ਦਾ ਅਜਿਹਾ ਕਵੀ ਸੀ ਜਿਸ ਨੇ ਪੰਜਾਬੀ ਕਾਵਿ ਜਗਤ ਨੂੰ ਇੱਕ ਨਵਾਂ ਭਾਸ਼ਾਈ ਪੈਰਾਡਾਈਮ ਦਿੱਤਾ। ਉਸ ਦੀ ਕਵਿਤਾ ਵਿੱਚ ਨਵੇਂ ਸੰਚਾਰ ਮਾਡਲ ਨਜ਼ਰ ਆਉਂਦੇ ਹਨ। ਇੱਕ ਪਾਸੇ ਉਹ ਪਰੰਪਰਾ ਦਾ ਭੰਜਕ ਹੈ, ਦੂਜੇ ਪਾਸੇ ਨਵੀਆਂ ਪਰੰਪਰਾਵਾਂ ਲਈ ਆਧਾਰ ਤਿਆਰ ਕਰਦਾ ਹੈ। ਲੂਣਾ ਇਸ ਦੀ ਪ੍ਰਮੁੱਖ ਉਦਾਹਰਣ ਹੈ। ਅੱਜ ਵੀ ਲੋਕ ਉਸ ਦੀ ਨਿੱਜੀ ਜ਼ਿੰਦਗੀ ਤੇ ਉਸ ਨਾਲ ਜੁੜੇ ਸਰੋਕਾਰਾਂ ਬਾਰੇ ਜਾਣਨ ਦੇ ਇਛੁੱਕ ਹਨ। ਲੇਖਿਕਾ ਮਨੁ ਸ਼ਰਮਾ ਸੋਹਲ ਨੇ ਬੜੀ ਮਿਹਨਤ ਤੇ ਲਗਨ ਨਾਲ ਸ਼ਵਿ ਦੇ ਨੇੜਲੇ ਰਿਸ਼ਤੇਦਾਰਾਂ, ਜਾਣਕਾਰਾਂ, ਸਾਥੀਆਂ ਕੋਲੋਂ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰ ਕੇ ਵੱਡ-ਆਕਾਰੀ ਕਿਤਾਬ ‘ਇਹੋ ਜਿਹਾ ਸੀ ਸ਼ਵਿ’ (ਕੀਮਤ: 550 ਰੁਪਏ; ਸ਼ਬਦ ਲੋਕ, ਲੁਧਿਆਣਾ) ਤਿਆਰ ਕੀਤੀ ਹੈ।
ਇਸ ਕਿਤਾਬ ਦੇ ਦੋ ਭਾਗ ਹਨ। ਪਹਿਲਾ ਭਾਗ ਉਸ ਦੇ ਜੀਵਨ ਪ੍ਰਸੰਗਾਂ ਨਾਲ ਜੁੜਿਆ ਹੋਇਆ ਹੈ, ਮਸਲਨ, ਬਾਲ ਵਰੇਸ, ਸਕੂਲੀ ਵਿਦਿਆ, ਉਚੇਰੀ ਪੜ੍ਹਾਈ, ਰੁਜ਼ਗਾਰ ਦੇ ਵਸੀਲੇ, ਅਦਬੀ ਪਸਮੰਜਰ ਦੇ ਨਾਲ ਨਾਲ ਪਿੰਡ ਭੋਆ, ਮੋਗਾ, ਨਾਭਾ, ਅੰਮ੍ਰਿਤਸਰ, ਚੰਡੀਗੜ੍ਹ, ਇੰਗਲੈਂਡ ਆਦਿ ਵਿੱਚ ਉਸ ਦੇ ਵਾਸ ਬਾਰੇ ਵਿਸਥਾਰ ਨਾਲ ਲਿਖਿਆ ਹੈ।
ਬਾਲ ਵਰੇਸ ਵਾਲੇ ਹਿੱਸੇ ਵਿੱਚ ਸ਼ਵਿ ਦੇ ਵੱਡੇ ਵਡੇਰਿਆਂ ਤੋਂ ਲੈ ਕੇ ਉਸ ਦੇ ਜਨਮ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਹੈ, ਜਵਿੇਂ ਉਸ ਦੇ ਬਚਪਨ ਦਾ ਸਾਥੀ ਛੱਜੂ ਰਾਮ ਉਸ ਸਮੇਂ ਨੂੰ ਚਿਤਾਰਦਿਆਂ ਦੱਸਦਾ ਹੈ:
ਜਦੋਂ ਤੱਕ ਘਰ ਵਿੱਚ ਨਲਕਾ ਨਹੀਂ ਲੱਗਿਆ, ਅਸੀਂ ਸਾਰੇ ਬਾਲ ਬਸੰਤਰ ’ਤੇ ਨਹਾਉਣ ਜਾਂਦੇ ਹੁੰਦੇ ਸਾਂ। ਲਾਗੇ ਹੀ ਇੱਕ ਬੇਲਾ ਸੀ ਜਿੱਥੇ ਅਸੀਂ ਖੇਡਿਆ ਕਰਦੇ ਸਾਂ। ਮੈਂ, ਦਵਾਰਕਾ ਤੇ ਸ਼ਵਿ ਚੌਂਕ ਵਿੱਚ ਬਣੇ ਵਰਨੈਕੁਲਰ ਸਕੂਲ ਵਿੱਚ ਇਕੱਠੇ ਪੜ੍ਹਨ ਜਾਂਦੇ ਸਾਂ। ਇਸ ਚੌਂਕ ਤੋਂ ਇੱਕ ਗਲੀ ਸਾਡੇ ਘਰਾਂ ਨੂੰ ਜਾਂਦੀ ਸੀ। ਸ਼ਵਿ ਨੂੰ ਛੋਟੇ ਹੁੰਦਿਆਂ ਕਾਕਾ ਕਹਿੰਦੇ ਸਨ। ‘ਮੰਦੋ ਮਲੰਗ’ ਵੀ ਕਹਿੰਦੇ ਸਨ। ਮੰਦੋ ਦੀ ਜੋ ਕਹਾਣੀ ਮੈਂ ਸੁਣੀ ਉਹ ਇਸ ਤਰ੍ਹਾਂ ਸੀ ਕਿ ਮੰਦੋ ਮਲੰਗ ਲਾਹੌਰ ਵਿੱਚ ਕਿਤੇ ਮਜ਼ਦੂਰੀ ਕਰਦਾ ਸੀ ਤੇ ਆਪਣੇ ਪੈਸੇ ਕਿਸੇ ਕੋਲ ਜਮ੍ਹਾਂ ਕਰਵਾ ਦੇਂਦਾ ਸੀ ਕਿ ਮੈਂ ਇਕੱਠੇ ਲੈ ਲਵਾਂਗਾ। ਸ਼ਾਇਦ ਉਹਨੂੰ ਪੈਸੇ ਵਾਪਸ ਨਹੀਂ ਮਿਲੇ ਤੇ ਉਹ ਸ਼ੁਦਾਈ ਹੋ ਗਿਆ।’
ਅਸਲ ਵਿੱਚ ਸ਼ਵਿ ਦੇ ਘੁਮੱਕੜ ਤੇ ਮਸਤ ਮਲੰਗ ਸੁਭਾਅ ਕਰਕੇ ਹੀ ਉਸ ਨੂੰ ਮੰਦੋ ਮਲੰਗ ਕਿਹਾ ਜਾਂਦਾ ਸੀ। ਪਾਕਿਸਤਾਨ ਬਣਨ ਵੇਲੇ ਦਾ ਵੀ ਇੱਕ ਪ੍ਰਸੰਗ ਆਉਂਦਾ ਹੈ ਕਿ ਕਵਿੇਂ ਇੱਕ ਹਮਦਰਦ ਮੁਸਲਮਾਨ
ਉਸ ਦੇ ਪਰਿਵਾਰ ਨੂੰ ਦੱਸਦਾ ਹੈ ਕਿ ਅੱਜ ਰਾਤ
ਪਿੰਡ ਵਿੱਚ ਲੁੱਟ ਮਾਰ ਕਰਨ ਦੀ ਸਾਜ਼ਿਸ਼ ਰਚੀ ਜਾ
ਰਹੀ ਹੈ ਤੇ ਉਹ ਆਪਣਾ ਬਚਾਅ ਕਰ ਲੈਣ। ਅਖੀਰ ਉਨ੍ਹਾਂ ਦੇ ਪਿੰਡ ਛੱਡਣ ਦਾ ਵੇਲਾ ਆ ਗਿਆ ਜੋ ਅੱਜਕੱਲ੍ਹ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਵਿੱਚ ਹੈ। ਸ਼ਵਿ ਤੇ ਦਵਾਰਕਾ ਇਸ ਮਾਰ ਧਾੜ ਦੇ ਸਮੇਂ ਬਚਦੇ ਬਚਾਉਂਦੇ ਅਖੀਰ ਡੇਰਾ ਬਾਬਾ ਨਾਨਕ ਪਹੁੰਚ ਗਏ। ਅਜਿਹੇ ਸਮੇਂ ਬਾਰੇ ਬਾਅਦ ਵਿੱਚ ਉਸ ਨੇ ਪ੍ਰਸਿੱਧ ਨਜ਼ਮ ਲਿਖੀ ਸੀ ‘ਦੁੱਧ ਦਾ ਕਤਲ’:
ਮੈਨੂੰ ਤੇ ਯਾਦ ਹੈ ਅੱਜ ਵੀ, ਤੇ ਤੈਨੂੰ ਯਾਦ ਹੋਵੇਗਾ
ਜਦੋਂ ਦੋਹਾਂ ਨੇ ਰਲ ਕੇ ਆਪਣੀ ਮਾਂ ਦਾ ਕਤਲ ਕੀਤਾ ਸੀ
ਉਸ ਦਾ ਲਹੂ ਜਿੱਦਾਂ ਕੁੱਤਿਆਂ ਕਾਵਾਂ ਨੇ ਪੀਤਾ ਸੀ
ਆਪਣਾ ਨਾਂ ਅਸਾਂ ਸਾਰੇ ਹੀ ਪਿੰਡ ਵਿੱਚ ਭੰਡ ਲੀਤਾ ਸੀ
ਅਸੀਂ ਇਸ ਕਤਲ ਲਈ ਦੋਹਾਂ ਹੀ ਮਜ਼ਹਬਾਂ ਦੇ ਪੜ੍ਹਾਏ ਸਾਂ
ਤੇ ਦੋਵੇਂ ਹੀ ਕਪੁੱਤਰ ਸਾਂ ਤੇ ਮਜ਼ਹਬੀ ਜੂਨ ਆਏ ਸਾਂ।
ਸ਼ਵਿ ਕਵਿਤਾ ਲਿਖਣ ਦੇ ਨਾਲ ਨਾਲ ਗਾਉਂਦਾ ਵੀ ਬਹੁਤ ਵਧੀਆ ਸੀ। ਉਸ ਦੇ ਗਲੇ ਵਿੱਚ ਸੁਰ-ਸੰਗੀਤ ਦਾ ਵਾਸ ਸੀ। ਖੈਰਾਤੀ ਲਾਲ ਨੇ ਸ਼ਵਿ ਨੂੰ ਪਹਿਲੀ ਵਾਰ ਆਪਣੀ ਦੁਕਾਨ ’ਤੇ ਗਾਉਂਦਿਆਂ ਸੁਣਿਆ। ਉਸ ਨੇ ਦੱਸਿਆ:
‘‘ਸਾਡੀ ਬੜੀ ਪੁਰਾਣੀ ਸੋਡਾ ਵਾਟਰ ਦੀ ਦੁਕਾਨ ਸੀ। ਕੁਝ ਹੋਰ ਵਿਅਕਤੀ ਵੀ ਆਏ ਹੋਏ ਸਨ। ਸ਼ਵਿ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਸਾਦੇ ਕੱਪੜਿਆਂ ਵਿੱਚ ਵੀ ਉਹ ਸਭ ਤੋਂ ਅਲੱਗ ਜਚ ਰਿਹਾ ਸੀ। ਜਦ ਉਸ ਨੇ ਗੀਤ ਛੋਹਿਆ ਤਾਂ ਜਵਿੇਂ ਹਵਾ ਠਹਿਰ ਗਈ ਸੀ। ਉਸ ਦੀ ਆਵਾਜ਼ ਬੜੀ ਕਮਾਲ
ਦੀ ਸੀ।’’
ਉਸ ਦੀ ਇੱਕ ਜਮਾਤਣ ਸ਼੍ਰੀਮਤੀ ਗੁਰਸ਼ਰਨ ਨੇ ਦੱਸਿਆ ਕਿ ਉਸ ਨੇ ਤੇ ਸ਼ਵਿ ਨੇ ਦਸਵੀਂ ਇਕੱਠਿਆਂ ਸਾਲਵੇਸ਼ਨ ਆਰਮੀ ਹਾਈ ਸਕੂਲ ਤੋਂ ਕੀਤੀ ਸੀ। ਸ਼ਵਿ ਨੂੰ ਬਚਪਨ ਤੋਂ ਹੀ ਗਾਉਣ ਤੇ ਨਾਟਕਾਂ ਵਿੱਚ ਹਿੱਸਾ ਲੈਣ ਦਾ ਸ਼ੌਕ ਸੀ।
ਉਚੇਰੀ ਪੜ੍ਹਾਈ ਸ਼ਵਿ ਨੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਤੋਂ ਕੀਤੀ। ਸ਼ਵਿ ਦੇ ਕਾਲਜ ਵੇਲੇ ਦੇ ਇੱਕ ਸਹਿਪਾਠੀ ਰਾਮ ਪ੍ਰਕਾਸ਼ ਤ੍ਰੇਹਨ ਨੇ ਦੱਸਿਆ,
‘‘ਮੈਂ ਤੇ ਸ਼ਵਿ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਇਕੱਠੇ ਪੜ੍ਹਦੇ ਸਾਂ ਤੇ ਹਰ ਰੋਜ਼ ਇਕੱਠੇ ਗੱਡੀ ਵਿੱਚ ਜਾਂਦੇ ਆਉਂਦੇ ਸਾਂ। ਲੂਣਾ ਦੇ ਕਿੱਸੇ ਦਾ ਸ਼ਵਿ ਅਕਸਰ ਜ਼ਿਕਰ ਕਰਦਾ ਰਹਿੰਦਾ ਸੀ ਕਿ ਲੂਣਾ ਦਾ ਕੋਈ ਕਸੂਰ ਨਹੀਂ। ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਸ਼ਵਿ ਨੇ ਲੂਣਾ ਦਾ ਸ਼ਾਹਕਾਰ ਰਚ ਦੇਣਾ ਏ।’’
ਬੈਜਨਾਥ ਦਾ ਮੇਲਾ ਸ਼ਵਿ ਜ਼ਰੂਰ ਦੇਖਣ ਜਾਂਦਾ ਹੁੰਦਾ ਸੀ। ਇੱਕ ਵਾਰ ਮੇਲੇ ਵਿੱਚ ਉਸ ਨੂੰ ਇੱਕ ਕੁੜੀ ਨਜ਼ਰ ਆਈ ਤਾਂ ਉਸ ਨੂੰ ਲੱਗਿਆ ਕਿ ਇਹ ਤਾਂ ਉਸ ਦੀ ਕਲਪਨਾ ਵਿਚਲੀ ਮਹਬਿੂਬਾ ਦਾ ਅਸਲ ਰੂਪ ਹੈ ਤੇ ਇੱਥੋਂ ਹੀ ਉਹ ਬ੍ਰਿਹੋਂ ਤੇ ਮੁਹੱਬਤ ਦੀ ਸ਼ਾਇਰੀ ਦਾ ਸਫ਼ਰ ਸ਼ੁਰੂ ਕਰਦਾ ਹੈ। ਉਹ ਲਿਖਦਾ ਹੈ:
ਏਸ ਗਰਾਂ ਦੀਆਂ ਕੁੜੀਆਂ ਚਿੜੀਆਂ
ਇੱਕ ਦਨਿ ਤੀਰ ਨਦੀ ਤੇ ਮਿਲੀਆਂ
ਬਿਨਾ ਬੁਲਾਇਆਂ ਝੋਲ ਮੇਰੀ ਵਿਚ
ਰੁਗ ਰੁਗ ਕਲੀਆਂ ਧਰ ਕੇ ਮੁੜੀਆਂ।
ਕਈ ਰੁਜ਼ਗਾਰ ਵਸੀਲਿਆਂ ਵਿੱਚੋਂ ਲੰਘਦਾ ਉਹ ਬੈਂਕ ਦੀ ਨੌਕਰੀ ਤੱਕ ਜਾ ਪਹੁੰਚਿਆ। ਹੁਣ ਸ਼ਾਇਰੀ ਦੇ ਵਿਹੜੇ ਉਸ ਦਾ ਧਮਾਲਾਂ ਪਾਉਣ ਦਾ ਸਮਾਂ ਸੀ। ਹਰ ਪਾਸੇ ਸ਼ਵਿ ਸ਼ਵਿ ਦੀ ਕੂਕ ਸੁਣਾਈ ਦੇ ਰਹੀ ਸੀ। ਨਵੇਂ ਨਵੇਂ ਉੱਠ ਰਹੇ ਮੁਹੱਬਤਾਂ ਦੇ ਸ਼ਾਇਰਾਂ ਲਈ ਉਹ ਪੀਰ ਸੀ। ਉਹ ਉਸ ਦੇ ਵਾਂਗ ਲਿਖਣ ਤੇ ਗਾਉਣ ਦੀ ਕੋਸ਼ਿਸ਼ ਕਰਦੇ। ਸ਼ਵਿ ਨੂੰ ਸ਼ਾਇਰ ਵਜੋਂ ਪਛਾਣ ਦੇਣ ਤੇ ਮਾਨਤਾ ਦਿਵਾਉਨ ਵਿੱਚ ਉਸ ਦੇ ਉਸਤਾਦ ਬਰਕਤ ਰਾਮ ਯੁਮਨ ਦਾ ਮਿਹਰ ਭਰਿਆ ਹੱਥ ਸੀ।
ਪਟਵਾਰੀਪੁਣੇ ਦੇ ਕਸਬ ਵਿੱਚੋਂ ਉਸ ਨੇ ਪੰਜਾਬ ਦੇ ਪਿੰਡਾਂ ਵਿੱਚ ਵਿਸਰ ਗਏ ਸ਼ਬਦਾਂ ਨੂੰ ਮੁੜ ਕਾਵਿਕ ਜ਼ਬਾਨ ਦਿੱਤੀ। ਉਸ ਦੀ ਕਾਵਿਕ ਭਾਸ਼ਾ ਦਾ ਵੱਡਾ ਗੁਣ ਉਸ ਵਿਚਲੀ ਪ੍ਰਾਣਵੰਤੀ ਸੁਰ ਹੈ। ਇਸ ਸੁਰ ਨੇ ਲੇਖਕਾਂ/ਆਲੋਚਕਾਂ ਦਾ ਧਿਆਨ ਖਿੱਚਿਆ ਤੇ ਸ਼ਵਿ ਸਭ ਦਾ ਮਹਬਿੂਬ ਲੇਖਕ ਹੀ ਨਹੀਂ ਸਗੋਂ ਰੋਲ ਮਾਡਲ ਬਣ ਗਿਆ। ਨਵੀਂ ਪੀੜ੍ਹੀ ਉਸ ਦੀ ਸ਼ਾਇਰੀ ਦੀ ਦੀਵਾਨੀ ਸੀ।
‘ਕਿਹੋ ਜਿਹਾ ਸੀ ਸ਼ਵਿ’ ਵਾਲੇ ਹਿੱਸੇ ਵਿੱਚ ਲੇਖਿਕਾ
ਨੇ ਉਸ ਦੀ ਸ਼ਖ਼ਸੀਅਤ ਦੇ ਕਈ ਪੱਖ ਉਸਾਰੇ ਹਨ
ਜਵਿੇਂ ਦਿਲਕਸ਼ ਦਿੱਖ, ਪਰਿਵਾਰ ਦਾ ਲਾਡਲਾ, ਸਲੀਕਾਪਸੰਦ, ਨੌਜਵਾਨ ਵਰਗ ਦਾ ਚਹੇਤਾ, ਹਰਮਨ ਪਿਆਰਾ, ਭਾਵੁਕ, ਸਾਦਗੀ ਤੇ ਨਿਮਰਤਾ ਦੀ ਮੂਰਤ, ਅਧਿਐਨ ਦਾ ਅਭਿਲਾਖੀ, ਸਟੇਜ ਦਾ ਧਨੀ, ਲੋਕ ਸੱਭਿਆਚਾਰ ਦਾ ਪ੍ਰਸ਼ੰਸਕ, ਮੋਹ-ਖੋਰਾ, ਸੂਖ਼ਮ ਸੋਝੀ ਵਾਲਾ, ਯਾਰਾਂ ਦਾ ਯਾਰ, ਦਿਲਦਾਰ, ਦਰਿਆ-ਦਿਲ, ਅਣਖੀ ਤੇ ਮਾਣ-ਮੱਤਾ।
ਇਸ ਕਿਤਾਬ ਦੀ ਵੱਡੀ ਖਾਸੀਅਤ ਇਹ ਹੈ ਕਿ ਸ਼ਵਿ ਦੀ ਜ਼ਿੰਦਗੀ ਨਾਲ ਜੁੜੇ ਹਰ ਵਿਅਕਤੀ ਰਾਹੀਂ ਸ਼ਵਿ ਦੀ ਸ਼ਖ਼ਸੀਅਤ ਤੇ ਉਸ ਦੇ ਲੇਖਣ ਕਾਰਜ ਨੂੰ ਘੋਖਣ ਦਾ ਯਤਨ ਕੀਤਾ ਹੈ। ਇਸ ਤਰ੍ਹਾਂ ਦੇ ਕੰਮ ਲਈ ਪ੍ਰੋਜੈਕਟ ਬਣਾ ਕੇ ਲਿਖਣ ਦੀ ਲੋੜ ਪੈਂਦੀ ਹੈ ਤੇ ਲੇਖਿਕਾ ਨੇ ਬੜੇ ਸਹਿਜ ਸਲੀਕੇ ਨਾਲ ਇਸ ਨੂੰ ਨੇਪਰੇ ਚਾੜ੍ਹਿਆ ਹੈ। ਉਸ ਦੀ ਜ਼ਿੰਦਗੀ ਨਾਲ ਜੁੜੇ ਹਰ ਪਹਿਲੂ ਦੇ ਨਾਲ ਨਾਲ ਉਸ ਦੀਆਂ ਕਾਵਿਕ ਵਿਸ਼ੇਸ਼ਤਾਵਾਂ ਨੂੰ ਵੀ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ, ਜਵਿੇਂ ਸ਼ਵਿ ਕਾਵਿ ਤੇ ਪਰੰਪਰਾ, ਵਿਸ਼ੈਗਤ ਵੰਨ-ਸੁਵੰਨਤਾ, ਸ਼ਵਿ ਕਾਵਿ ਵਿੱਚ ਸੁਹਜ ਤੇ ਵਿਸਮਾਦ, ਸ਼ਵਿ ਕਾਵਿ ਵਿੱਚ ਸਰੋਦੀ ਅੰਸ਼, ਸਿਰਜਣ ਪ੍ਰਕਿਰਿਆ, ਸ਼ਵਿ ਕਾਵਿ ਇੱਕ ਟਾਇਮ ਕੈਪਸੂਲ, ਸ਼ਵਿ ਕਾਵਿ ਦੀ ਵਿਲੱਖਣਤਾ, ਕਾਵਿ ਸਫ਼ਰ, ਮੌਤ ਚੇਤਨਾ, ਮੌਤ ਦਾ ਸੰਕਲਪ, ਮੌਤ ਤੇ ਨਕਸ਼ੱਤਰ, ਵਿਯੋਗ, ਮੌਤ-ਪ੍ਰਸਤੀ, ਸਮੁੱਚਾ ਪ੍ਰਭਾਵ ਆਦਿ। ਇਸੇ ਤਰ੍ਹਾਂ ਉਸ ਦੀ ਵਾਰਤਕ ਦਾ ਵੀ ਵਿਸ਼ਲੇਸ਼ਣ ਕੀਤਾ ਹੈ।
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਸ਼ਵਿ ਕੁਮਾਰ ਦੀ ਜ਼ਿੰਦਗੀ ਤੇ ਸਿਰਜਣਾ ਸੰਸਾਰ ਨੂੰ ਸਮਝਣ ਦਾ ਇਹ ਸੁਹਿਰਦ ਯਤਨ ਹੈ। ਹੁਣ ਤੱਕ ਮਿਲਦੀਆਂ ਸ਼ਵਿ ਦੀਆਂ ਜੀਵਨੀਆਂ ਵਿੱਚੋਂ ਇਹ ਜੀਵਨੀ ਸਿਰਕੱਢਵੀਂ ਤੇ ਮਹੱਤਵਪੂਰਨ ਹੈ ਕਿਉਂਕਿ ਲੇਖਿਕਾ ਨੇ ਸ਼ਵਿ ਨਾਲ ਜੁੜੇ ਵਿਅਕਤੀਆਂ ਤੋਂ ਅਸਲੀ ਰੂਪ ਵਿੱਚ ਜਾਣਕਾਰੀ ਇਕੱਤਰ ਕਰ ਕੇ ਇਸ ਨੂੰ ਵਿਉਂਤਿਆ ਹੈ। ਬਕੌਲ ਲੇਖਿਕਾ ਉਸ ਦੇ ਪੰਝੀ ਵਰ੍ਹਿਆਂ ਦੀ ਖੋਜ ਦਾ ਸਿੱਟਾ ਹੈ ਇਹ ਕਿਤਾਬ।
ਸੰਪਰਕ: 94173-58120

Advertisement

Advertisement