For the best experience, open
https://m.punjabitribuneonline.com
on your mobile browser.
Advertisement

ਜ਼ਿੰਦਗੀ ਖ਼ੂਬਸੂਰਤ ਹੈ

09:55 AM Aug 05, 2023 IST
ਜ਼ਿੰਦਗੀ ਖ਼ੂਬਸੂਰਤ ਹੈ
Advertisement

ਵਿੱਕੀ ਸੁਰਖ਼ਾਬ
ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਉ ਰੇ।। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਇਹ ਬਾਣੀ ਦਰਸਾ ਰਹੀ ਹੈ ਕਿ ਮਨੁੱਖਾ ਜਨਮ ਬਹੁਤ ਕੀਮਤੀ ਹੈ, ਪਰ ਅਸੀਂ ਇਸ ਨੂੰ ਕੱਖਾਂ ਵਾਂਗ ਸਮਝਦੇ ਹੋਏ ਇਸ ਨੂੰ ਬਤੀਤ ਕਰ ਦਿੰਦੇ ਹਾਂ। ਦਰਅਸਲ, ਬੇਲੋੜੀਆਂ ਖਵਾਹਿਸ਼ਾਂ ਅਤੇ ਚਿੰਤਾਵਾਂ ਜ਼ਿੰਦਗੀ ਵਿੱਚ ਕੁੜੱਤਣ ਭਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰਦੀਆਂ। ਇਹ ਅਨਮੋਲ ਜ਼ਿੰਦਗੀ ਨੂੰ ਗੁੰਝਲਦਾਰ ਬਣਾਉਣ ਦੇ ਨਾਲ ਨਾਲ ਇਸ ਨੂੰ ਛੋਟਾ ਵੀ ਕਰ ਦਿੰਦੀਆਂ ਹਨ। ਜਦੋਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਆਪਣੀਆਂ ਬੇਲੋੜੀਆਂ ਅਤੇ ਬੇਹਿਸਾਬੀਆਂ ਲੋੜਾਂ ਪੂਰੀਆਂ ਨਹੀਂ ਕਰ ਪਾਉਂਦਾ ਤਾਂ ਉਹ ਚਿੰਤਾ ਅਤੇ ਉਦਾਸੀ ਦੇ ਆਲਮ ਵਿੱਚ ਪਹੁੰਚ ਜਾਂਦਾ ਹੈ। ਜਿਸ ਨੂੰ ਉਹ ਬਰਦਾਸ਼ਤ ਕਰਨ ਦੇ ਕਾਬਲ ਨਹੀਂ ਹੁੰਦਾ। ਇਸ ਦੌਰਾਨ ਉਹ ਉਸ ਨੂੰ ਖੁਦਕੁਸ਼ੀ ਜੋ ਇਨਸਾਨੀਅਤ ਵਾਸਤੇ ਸਭ ਤੋਂ ਵੱਡਾ ਗੁਨਾਹ ਮੰਨਿਆ ਗਿਆ ਹੈ, ਵਰਗੇ ਖ਼ਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ ਇਹ ਭਾਣੇ ਵਰਤੇ ਵੀ ਹਨ। ਜਿਨ੍ਹਾਂ ਪਿੱਛੇ ਚਿੰਤਾ ਦੇ ਬਹੁਤ ਸਾਰੇ ਕਾਰਨ ਰਹੇ ਹੋਣਗੇ।
ਠੀਕ ਹੈ ਕਿ ਦੁਨੀਆ ਵਿੱਚ ਵਿਚਰਦੇ ਜਾਂ ਜ਼ਿੰਦਗੀ ਨੂੰ ਜਿਉਂਦੇ ਸਮੇਂ ਕਈ ਤਰ੍ਹਾਂ ਦੇ ਹਾਲਾਤ ਵਿੱਚੋਂ ਗੁਜ਼ਰਨਾ ਪੈਂਦਾ ਹੈ, ਪਰ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਹੈ। ਸਗੋਂ ਪਿੱਛੇ ਪਰਿਵਾਰ ਵਾਸਤੇ ਹੋਰ ਵੀ ਚੁਣੌਤੀਆਂ ਭਰਿਆ ਸਮਾਂ ਸ਼ੁਰੂ ਹੋ ਜਾਂਦਾ ਹੈ। ਇਹ ਸਿਆਣਪ ਦੀ ਨਿਸ਼ਾਨੀ ਨਹੀਂ ਹੈ। ਗੁੱਸਾ ਅਤੇ ਉਦਾਸੀ ਅਕਲ ਨੂੰ ਖਾ ਜਾਂਦੇ ਹਨ। ਜੇਕਰ ਦੁਨੀਆ ’ਤੇ ਕੋਈ ਮੁਸ਼ਕਿਲ ਪੈਦਾ ਹੋਈ ਹੈ ਤਾਂ ਉਸ ਦਾ ਹੱਲ ਵੀ ਪੈਦਾ ਜ਼ਰੂਰ ਹੋਇਆ ਹੈ। ਲੋੜ ਹੁੰਦੀ ਹੈ ਉਸ ਵੇਲੇ ਨੂੰ ਵਿਚਾਰਨ ਦੀ। ਉਸ ਮੁਸ਼ਕਿਲ ਦਾ ਹੱਲ ਸੋਚਣ ਸ਼ਕਤੀ ਦੁਆਰਾ ਲੱਭਿਆ ਜਾ ਸਕਦਾ ਹੈ। ਜਿਸ ਨੂੰ ਆਮ ਤੌਰ ’ਤੇ ਕੋਈ ਨਹੀਂ ਲੱਭਣਾ ਚਾਹੁੰਦਾ। ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਇੱਕ ਆਸਾਨ ਅਤੇ ਸੁੱਖਾਂ ਭਰੀ ਜ਼ਿੰਦਗੀ ਮਿਲੇ ਜੋ ਸੰਭਵ ਨਹੀਂ ਹੈ। ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਂ ਹੈ।
ਅਸਲ ਵਿੱਚ ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ਼ਰਤੇ ਕਿ ਅਸੀਂ ਖ਼ੁਦ ਉਸ ਨੂੰ ਖ਼ੌਫ਼ ਜਾਂ ਨਾਮੋਸ਼ੀ ਦੇ ਰਾਹ ਨਾ ਪਾ ਲਿਆ ਹੋਵੇ। ਜੀਵਨ ਨੂੰ ਬਿਹਤਰ ਬਣਾਉਣ ਅਤੇ ਉਸ ਦੌਰਾਨ ਆਉਂਦੀਆਂ ਮੁਸੀਬਤਾਂ ਦੀ ਸਿੱਖਿਆ ਸਾਨੂੰ ਪੈਰ ਪੈਰ ’ਤੇ ਜ਼ਰੂਰ ਮਿਲਦੀ ਹੈ। ਕੋਈ ਇਸ ਨੂੰ ਪੱਲੇ ਬੰਨ੍ਹ ਲੈਂਦਾ ਹੈ ਅਤੇ ਕੋਈ ਇਸ ਨੂੰ ਦਰਕਿਨਾਰ ਕਰ ਦਿੰਦਾ ਹੈ। ਛੋਟੇ ਹੁੰਦਿਆਂ ਤੋਂ ਲੈਂ ਕੇ ਹਰ ਕਦਮ ’ਤੇ ਮਾਂ-ਬਾਪ ਵੱਲੋਂ ਸਿੱਖਿਆ ਮਿਲਦੀ ਹੈ ਅਤੇ ਪੜ੍ਹਨ ਦੇ ਸਮੇਂ ਵਿੱਚ ਅਧਿਆਪਕ ਸਾਡੇ ਮਾਰਗਦਰਸ਼ਕ ਹੁੰਦੇ ਹਨ। ਇਨ੍ਹਾਂ ਸਭ ਦੇ ਬਾਵਜੂਦ ਜੇਕਰ ਇਨਸਾਨ ਭਟਕਦਾ ਹੈ ਤਾਂ ਇਸ ਵਿੱਚ ਕਿਸਮਤ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਭਟਕਣਾ ਮਨੁੱਖ ਦਾ ਖ਼ੁਦ ਦਾ ਫੈਸਲਾ ਹੁੰਦਾ ਹੈ। ਜ਼ਿੰਦਗੀ ਵਿੱਚ ਸੰਗਤ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਸੰਗਤ ਦਾ ਅਸਰ ਇਨਸਾਨ ’ਤੇ ਜ਼ਰੂਰ ਪੈਂਦਾ ਹੈ। ਸੋਚ ਵਿਚਾਰ ਕੇ ਠਰੰਮੇ ਨਾਲ ਬਿਨਾਂ ਕਿਸੇ ਕ੍ਰੋਧ ਦੇ ਅਸੀਂ ਜ਼ਿੰਦਗੀ ਖ਼ੂਬਸੂਰਤ ਹੀ ਨਹੀਂ ਬਹੁਤ ਖ਼ੂਬਸੂਰਤ ਬਣਾ ਸਕਦੇ ਹਾਂ। ਗੁਰਬਾਣੀ ਵੀ ਇਹੀ ਉਪਦੇਸ਼ ਦਿੰਦੀ ਹੈ ਕਿ ਮਨੁੱਖਾ ਜੀਵਨ ਬੜੇ ਭਾਗਾਂ ਨਾਲ ਜੁੜਦਾ ਹੈ ਇਸ ਨੂੰ ਵਿਅਰਥ ਨਾ ਗਵਾਉ।
ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਵਾਸਤੇ ਇੱਕ ਨਿਸ਼ਾਨਾ ਮਿੱਥਣਾ ਪਵੇਗਾ। ਜਿਸ ਨਿਸ਼ਾਨੇ ਦੇ ਮਕਸਦ ਨਾਲ ਮਨੁੱਖ ਜ਼ਿੰਦਗੀ ਵਿੱਚ ਅੱਗੇ ਵਧ ਸਕਦਾ ਹੈ। ਹਰ ਕੰਮ ਨੂੰ ਆਪਣੇ ਤਰੀਕੇ ਨਾਲ ਕਰਨਾ ਸਿੱਖੋ। ਇਸ ਨਾਲ ਔਖਾ ਕੰਮ ਵੀ ਅੰਤ ਨੂੰ ਸੌਖਾ ਲੱਗੇਗਾ ਅਤੇ ਇਹ ਮਨੋਰੰਜਨ ਭਰਪੂਰ ਵੀ ਹੋਵੇਗਾ। ਹਰ ਕੰਮ ਨੂੰ ਇੱਕ ਚੁਣੌਤੀ ਦੇ ਤੌਰ ’ਤੇ ਲਵੋ। ਸੋਚਣ ਅਤੇ ਸਮਝਣ ਦੇ ਸਮਰੱਥ ਬਣੀਏ। ਇਹ ਅਜਿਹਾ ਗੁਣ ਹੈ ਜੋ ਅੱਜ ਦੇ ਯੁੱਗ ਵਿੱਚ ਇਨਸਾਨੀਅਤ ਵਿੱਚੋਂ ਗੁਆਚਦਾ ਜਾ ਰਿਹਾ ਹੈ। ਕੁਦਰਤ ਨੇ ਹਰ ਇਨਸਾਨ ਦੇ ਅੰਦਰ ਉਸ ਦੀ ਸਮਰੱਥਾ ਦੇ ਮੁਤਾਬਕ ਲਿਆਕਤ ਅਤੇ ਬੁੱਧੀ ਬਖ਼ਸ਼ੀ ਹੈ, ਜਿਸ ਨੂੰ ਤਰਾਸ਼ਣ ਦੀ ਲੋੜ ਹੁੰਦੀ ਹੈ। ਜੇਕਰ ਕਿਸੇ ਕੋਲ ਵੱਧ ਪੈਸਾ ਜਾਂ ਸੁੱਖ ਸਹੂਲਤਾਂ ਹਨ ਤਾਂ ਉਸ ਨੂੰ ਵੇਖ ਕੇ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਆਪਣੇ ਆਪ ਨਾਲ ਜਾਂ ਪਰਮਾਤਮਾ ਨਾਲ ਕਦੇ ਇਸ ਗੱਲ ਦੀ ਸ਼ਿਕਾਇਤ ਹੀ ਕਰਨੀ ਚਾਹੀਦੀ ਹੈ। ਤੁਹਾਡੀ ਲੋੜ ਅਨੁਸਾਰ ਪਰਮਾਤਮਾ ਨੇ ਤੁਹਾਨੂੰ ਕੁਝ ਨਾ ਕੁਝ ਦੇ ਕੇ ਨਿਵਾਜਿਆ ਹੈ। ਬੇਲੋੜੇ ਸੁਪਨੇ ਅਤੇ ਖਵਾਹਿਸ਼ਾਂ ਨੂੰ ਜੇਕਰ ਇਕੱਤਰ ਕਰੀ ਜਾਵਾਂਗੇ ਤਾਂ ਉਹ ਇੱਕ ਦਿਨ ਬੋਝ ਬਣ ਜਾਣਗੀਆਂ। ਮਨੁੱਖ ਦਾ ਕਸੂਰ ਇਹ ਹੈ ਕਿ ਉਸ ਨੇ ਵਸਤੂਆਂ ਨੂੰ ਪਿਆਰ ਅਤੇ ਮੋਹ ਕਰ ਲਿਆ ਹੈ ਅਤੇ ਕੁਦਰਤੀ ਚੀਜ਼ਾਂ ਨੂੰ ਮਨੋਂ ਵਿਸਾਰ ਦਿੱਤਾ ਹੈ। ਅਸੀਂ ਜ਼ਿੰਦਗੀ ਦੇ ਤਾਣੇ ਬਾਣੇ ਵਿੱਚ ਏਨਾ ਉਲਝ ਗਏ ਹਾਂ ਕਿ ਹੁਣ ਸਾਡੇ ਕੋਲ ਖ਼ੁਦ ਨਾਲ ਗੱਲ ਕਰਨ ਤੱਕ ਦਾ ਸਮਾਂ ਵੀ ਨਹੀਂ ਹੈ। ਪਰਿਵਾਰ, ਰਿਸ਼ਤੇ, ਸਮਾਜਿਕ ਮੇਲ ਜੋਲ ਤਾਂ ਦੂਰ ਦੀ ਗੱਲ ਹੋ ਗਈ ਹੈ। ਹੁਣ ਲੋਕ ਕੋਲ ਕੋਲ ਬੈਠ ਕੇ ਵੀ ਇੱਕ ਦੂਜੇ ਦੇ ਹੋਣ ਦਾ ਅਹਿਸਾਸ ਨਹੀਂ ਕਰਦੇ। ਅੱਜਕੱਲ੍ਹ ਹਰ ਇਨਸਾਨ ਨੇ ਮਤਲਬ ਨੂੰ ਮੁੱਖ ਰੱਖਿਆ ਹੋਇਆ ਹੈ। ਅਸੀਂ ਗੁਰੂਆਂ ਪੀਰਾਂ ਦੇ ਫ਼ਲਸਫ਼ੇ ਨੂੰ ਮਨੋਂ ਵਿਸਾਰ ਕੇ ਬੈਠੇ ਹਾਂ। ਹਾਂ, ਮੁਸੀਬਤਾਂ ਵੇਲੇ ਪਰਮਾਤਮਾ ਜ਼ਰੂਰ ਯਾਦ ਆਉਂਦਾ ਹੈ, ਪਰ ਸੌਖੇ ਵੇਲੇ ਵਿੱਚ ਤਾਂ ਅਸੀਂ ਸਮਾਜਿਕ ਰੀਤੀ ਰਿਵਾਜ ਵੀ ਯਾਦ ਨਹੀਂ ਆਉਣ ਦਿੰਦੇ।
ਜੇਕਰ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਹੈ ਤਾਂ ਇਸ ਨੂੰ ਪਿਆਰ ਕਰਨਾ ਵੀ ਸਿੱਖਣਾ ਪਵੇਗਾ। ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਇਕੱਠਾ ਕਰਨਾ ਸਿੱਖੋ। ਕਿਸੇ ਵੱਡੀ ਖੁਸ਼ੀ ਦੇ ਇੰਤਜ਼ਾਰ ਵਿੱਚ ਛੋਟੀਆਂ ਖੁਸ਼ੀਆਂ ਨਾ ਵਿਸਾਰੋ। ਇਨਸਾਨੀਅਤ ਦਾ ਪਹਿਲਾ ਫਰਜ਼ ਪਿਆਰ, ਮੁਹੱਬਤ, ਇੱਜ਼ਤ, ਸਤਿਕਾਰ ਅਤੇ ਇੱਕ ਦੂਜੇ ਦੇ ਸੁੱਖ ਦੁੱਖ ਵਿੱਚ ਭਾਈਵਾਲ ਹੋਣਾ ਹੈ। ਦੁੱਖ ਵੇਲੇ ਅਰਦਾਸ ਅਤੇ ਸੁੱਖ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ, ਪਰ ਅੱਜ ਦੇ ਸਮੇਂ ਵਿੱਚ ਅਸੀਂ ਇਨ੍ਹਾਂ ਵਿਚਾਰਾਂ ਤੋਂ ਕੋਹਾਂ ਦੂਰ ਹੋ ਰਹੇ ਹਾਂ। ਕੁਦਰਤ ਦੇ ਬਖਸ਼ੇ ਨਜ਼ਾਰਿਆਂ ਦਾ ਆਨੰਦ ਮਾਣਨਾ ਚਾਹੀਦਾ ਹੈ। ਚੰਗੇ ਲੋਕਾਂ ਨਾਲ ਮੇਲ ਜੋਲ ਵਧਾ ਕੇ ਗਿਆਨ ਨੂੰ ਇਕੱਠਾ ਕਰਨਾ ਚਾਹੀਦਾ ਹੈ। ਜਿਸ ਦਿਨ ਗਿਆਨ ਦੀ ਗੁਫ਼ਾ ਦਾ ਰਸਤਾ ਲੱਭ ਗਿਆ, ਉਸ ਦਿਨ ਜ਼ਿੰਦਗੀ ਨੂੰ ਜਿਉਣ ਦੇ ਮਾਅਨੇ ਹੀ ਬਦਲ ਜਾਣਗੇ। ਹੁਣ ਤਾਂ ਸਾਨੂੰ ਆਪਣੇ ਗੁਆਂਢ ਵਿੱਚ ਵੀ ਨਹੀਂ ਪਤਾ ਹੁੰਦਾ ਕਿ ਉਸ ਦੇ ਘਰ ਰੋਟੀ ਪੱਕੀ ਹੈ ਜਾਂ ਨਹੀਂ। ਜ਼ਿੰਦਗੀ ਵਿੱਚ ਕਦੇ ਬਹਿਸ ਨਾ ਕਰੋ। ਇਹ ਮੂਰਖਤਾ ਦੀ ਨਿਸ਼ਾਨੀ ਹੈ। ਅਗਲੇ ਇਨਸਾਨ ਦੇ ਵਿਚਾਰ ਸੁਣੋਂ, ਫੇਰ ਦਲੀਲ ਜਾਂ ਤੱਥਾਂ ਦੇ ਆਧਾਰ ’ਤੇ ਗੱਲ ਕਰੋ ਜਿਸ ਨਾਲ ਸਾਹਮਣੇ ਵਾਲਾ ਵੀ ਤੁਹਾਡੇ ਤੋਂ ਪ੍ਰਭਾਵਿਤ ਹੋਵੇਗਾ। ਪਰੇਸ਼ਾਨੀਆਂ ਵਿੱਚ ਸਮਾਂ ਬਰਬਾਦ ਨਾ ਕਰੋ। ਵਿਹਲੇ ਸਮੇਂ ਵਿੱਚ ਮਨਪਸੰਦ ਕਿਤਾਬਾਂ ਨੂੰ ਪੜ੍ਹੋ ਅਤੇ ਕਿਤਾਬਾਂ ਨੂੰ ਹੀ ਆਪਣਾ ਦੋਸਤ ਬਣਾਉ। ਆਪਣੇ ਇਤਿਹਾਸ ਅਤੇ ਪਿਛੋਕੜ ਦੀ ਜਾਣਕਾਰੀ ਜ਼ਰੂਰ ਰੱਖੋ। ਦਿਨ ਦਾ ਕੁਝ ਸਮਾਂ ਕੱਢ ਕੇ ਬਜ਼ੁਰਗਾਂ ਕੋਲ ਜ਼ਰੂਰ ਬੈਠੋ। ਬਜ਼ੁਰਗਾਂ ਨਾਲ ਸਮਾਂ ਬਤੀਤ ਕਰਨ ’ਤੇ ਤੁਹਾਨੂੰ ਜ਼ਿੰਦਗੀ ਦੇ ਰੌਸ਼ਨ ਮਾਰਗ ਦੀਆਂ ਸਫਲ ਪਗਡੰਡੀਆਂ ਨਜ਼ਰ ਆਉਣਗੀਆਂ। ਆਪਣੇ ਸਮਾਜਿਕ ਤਾਣੇ ਬਾਣੇ ਦੀਆਂ ਤੰਦਾਂ ਨੂੰ ਨਾ ਉਲਝਣ ਦਿਉ। ਹਰ ਇੱਕ ਨੂੰ ਪਿਆਰ ਅਤੇ ਸਤਿਕਾਰ ਦਿਉ। ਜਿਸ ਨਾਲ ਜ਼ਿੰਦਗੀ ਦਾ ਖੂਬਸੂਰਤ ਪੱਖ ਜ਼ਰੂਰ ਮਹਿਸੂਸ ਹੋਣ ਲੱਗੇਗਾ। ਅਸਲ ਵਿੱਚ ਜ਼ਿੰਦਗੀ ਬਹੁਤ ਖ਼ੂਬਸੂਰਤ ਹੈ ਜਿਸ ਨੂੰ ਅਸੀਂ ਖ਼ੁਦ ਗੁੰਝਲਦਾਰ ਬਣਾ ਕੇ ਨਰਕ ਵੱਲ ਧੱਕ ਰਹੇ ਹਾਂ। ਜ਼ਰੂਰਤ ਆਪਣੇ ਆਪ ਨੂੰ ਸਮਾਂ ਦੇ ਕੇ ਸਵੈ ਪੜਚੋਲ ਕਰਨ ਦੀ ਹੈ। ਜ਼ਿੰਦਗੀ ਦੇ ਹਰ ਪਲ਼ ਨੂੰ ਖੁਸ਼ੀ ਖੁਸ਼ੀ ਹੰਢਾਓ ਤਾਂ ਜੋ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਜਾ ਕੇ ਜ਼ਿੰਦਗੀ ਪ੍ਰਤੀ ਕੋਈ ਗਿਲਾ ਨਾ ਰਹੇ। ਜ਼ਿੰਦਗੀ ਕੁਦਰਤੀ ਦਾਤ ਹੈ ਅਤੇ ਕੁਦਰਤ ਨੂੰ ਪਿਆਰ ਕਰਨਾ ਇਨਸਾਨ ਦਾ ਪਹਿਲਾ ਫਰਜ਼ ਹੈ।
ਸੰਪਰਕ: 84274-57224

Advertisement

Advertisement
Advertisement
Author Image

Advertisement