For the best experience, open
https://m.punjabitribuneonline.com
on your mobile browser.
Advertisement

ਜੀਵਨ ਖ਼ੁਸ਼ੀਆਂ ਦਾ ਗੁਲਦਸਤਾ

08:52 AM Nov 25, 2023 IST
ਜੀਵਨ ਖ਼ੁਸ਼ੀਆਂ ਦਾ ਗੁਲਦਸਤਾ
Advertisement

ਗੁਰਬਿੰਦਰ ਸਿੰਘ ਮਾਣਕ

ਮਨੁੱਖੀ ਜ਼ਿੰਦਗੀ ਕਦੇ ਵੀ ਇੱਕੋ ਜਿਹੀ ਨਹੀਂ ਰਹਿੰਦੀ। ਜ਼ਿੰਦਗੀ ਦੇ ਰੰਗਮੰਚ ’ਤੇ ਜੇਕਰ ਖੁਸ਼ੀਆਂ ਦੇ ਰੰਗ-ਬਿਰੰਗੇ ਫੱਲ ਨਜ਼ਰ ਪੈਂਦੇ ਹਨ ਤਾਂ ਦੂਜੇ ਪਾਸੇ ਗ਼ਮੀਆਂ, ਉਦਾਸੀਆਂ ਤੇ ਹਉਕਿਆਂ ਦੀ ਪਤਝੜ ਵੀ ਇਸੇ ਜ਼ਿੰਦਗੀ ਦਾ ਹਿੱਸਾ ਹੈ। ਬੱਚੇ ਦੇ ਜਨਮ ਤੋਂ ਲੈ ਕੇ ਵੱਖ ਵੱਖ ਪੜਾਵਾਂ ਵਿੱਚੋਂ ਗੁਜ਼ਰਦਿਆਂ ਜਵਾਨੀ, ਬੁਢਾਪਾ ਤੇ ਮੌਤ ਤੱਕ ਦਾ ਸਫ਼ਰ ਕਿਸੇ ਵੀ ਮਨੁੱਖ ਲਈ ਖੁਸ਼ੀਆਂ ਤੇ ਗ਼ਮੀਆਂ ਦਾ ਗੁਲਦਸਤਾ ਹੈ। ਜ਼ਿੰਦਗੀ ਦੀ ਅਸਲੀਅਤ ਇਹ ਹੈ ਕਿ ਹਰ ਮਨੁੱਖ ਖੁਸ਼ੀ ਦੀ ਭਾਲ ਵਿੱਚ ਦੌੜਿਆ ਫਿਰਦਾ ਹੈ। ਜੇ ਕੋਈ ਇਹ ਕਹੇ ਕਿ ਮੇਰੇ ਕੋਲ ਤਾਂ ਦੌਲਤ ਦੇ ਅੰਬਾਰ ਹਨ ਤੇ ਮੈਂ ਦੁਨੀਆ ਦੀ ਹਰ ਖੁਸ਼ੀ ਪੈਸੇ ਨਾਲ ਖ਼ਰੀਦ ਸਕਦਾ ਹਾਂ, ਇਸ ਤੋਂ ਕੋਈ ਵੱਡਾ ਭਰਮ ਨਹੀਂ ਹੈ। ਬਿਨਾਂ ਸ਼ੱਕ ਪੈਸੇ ਨਾਲ ਬਹੁਤ ਕੁਝ ਪ੍ਰਾਪਤ ਹੋ ਸਕਦਾ ਹੈ, ਪਰ ਖੁਸ਼ੀਆਂ ਨੂੰ ਪੈਸੇ ਨਾਲ ਨਹੀਂ ਖ਼ਰੀਦਿਆ ਜਾ ਸਕਦਾ।
ਕਈ ਮਨੁੱਖ ਖੁਸ਼ੀ ਦੀ ਖ਼ਬਰ ਸੁਣ ਕੇ ਏਨੇ ਭਾਵੁਕ ਹੋ ਜਾਂਦੇ ਹਨ ਕਿ ਉਨ੍ਹਾਂ ਦੇ ਅੰਗ ਅੰਗ ਵਿੱਚੋਂ ਖੁਸ਼ੀ ਝਲਕਦੀ ਦੇਖੀ ਜਾ ਸਕਦੀ ਹੈ। ਅਚਾਨਕ ਮਿਲੀ ਕੋਈ ਅਲੋਕਾਰ ਖੁਸ਼ੀ ਵੀ ਕਈ ਵਾਰ ਕਈਆਂ ਨੂੰ ਪਚਾਉਣੀ ਔਖੀ ਹੋ ਜਾਂਦੀ ਹੈ। ਸ਼ਾਇਦ ਇਸੇ ਕਾਰਨ ਹੀ ਕਈ ਵਾਰ ਕਿਹਾ ਜਾਂਦਾ ਹੈ ਕਿ ਫਲਾਣਾ ਬੰਦਾ ਤਾਂ ਖੁਸ਼ੀ ਵਿੱਚ ਪਾਗਲ ਹੋ ਉੱਠਿਆ। ਕੋਈ ਵਿਅਕਤੀ ਖੁਸ਼ੀ ਦੀ ਖ਼ਬਰ ਨੂੰ ਬਹੁਤ ਹੀ ਸਹਿਜ ਰੂਪ ਵਿੱਚ ਲੈਂਦਾ ਹੈ ਤੇ ਇਨ੍ਹਾਂ ਪਲਾਂ ਨੂੰ ਮਨ ਦੇ ਅੰਦਰ ਹੀ ਮਾਣਦਾ ਹੈ, ਪਰ ਕਈ ਲੋਕ ਖੁਸ਼ੀ ਦਾ ਪ੍ਰਗਟਾਵਾ ਬਹੁਤ ਹੀ ਧੂਮ-ਧੜੱਕੇ ਨਾਲ ਕਰਦੇ ਹਨ ਤੇ ਅਕਸਰ ਆਪੇ ਤੋਂ ਬਾਹਰ ਹੋ ਜਾਂਦੇ ਹਨ। ਜੇ ਗ਼ਮ ਜਾਂ ਦਰਦ ਸਾਂਝਾ ਕੀਤਿਆਂ ਘਟਦਾ ਹੈ ਤਾਂ ਖੁਸ਼ੀ ਆਪਣੇ ਪਿਆਰਿਆਂ ਨਾਲ ਸਾਂਝੀ ਕੀਤਿਆਂ ਦੂਣ-ਸਵਾਈ ਹੋ ਜਾਂਦੀ ਹੈ। ਖੁਸ਼ੀ ਦਾ ਕੋਈ ਵੀ ਪਲ ਹੋਵੇ, ਹਰ ਮਨੁੱਖ ਦੀ ਇਹ ਉਤਸੁਕਤਾ ਹੁੰਦੀ ਹੈ ਕਿ ਉਹ ਇਸ ਖੁਸ਼ੀ ਨੂੰ ਨੇੜਲੇ ਰਿਸ਼ਤਿਆਂ ਤੇ ਗੂੜ੍ਹੇ ਰੰਗਾਂ ਵਾਲੇ ਦੋਸਤਾਂ ਤੇ ਸਨੇਹੀਆਂ ਨਾਲ ਜਲਦੀ ਤੋਂ ਜਲਦੀ ਸਾਂਝਾ ਕਰੇ ਤਾਂ ਕਿ ਖੁਸ਼ੀ ਨੂੰ ਚਾਰ ਚੰਨ ਲੱਗ ਜਾਣ। ਖੁਸ਼ੀ, ਮਨੁੱਖ ਨੂੰ ਜ਼ਿੰਦਗੀ ਜਿਉਣ ਤੇ ਸੰਸਾਰਿਕ ਮੇਲੇ ਵਿੱਚ ਵਿਚਰਨ ਲਈ ਤਾਂਘ, ਉਮੰਗ ਤੇ ਹੌਸਲਾ ਬਖ਼ਸ਼ਦੀ ਹੈ। ਮਨੁੱਖ ਦੁਆਰਾ ਸਿਰਜੇ ਸਾਰੇ ਸਿਧਾਂਤ, ਫਿਲਾਸਫੀਆਂ ਤੇ ਜ਼ਿੰਦਗੀ ਦੀ ਦੌੜ ਪਿੱਛੇ ਮੂਲ ਕਾਰਨ ਖੁਸ਼ੀਆਂ ਦੀ ਪ੍ਰਾਪਤੀ ਹੀ ਹੈ। ਮਨੁੱਖ ਆਪਣੇ ਜੀਵਨ ਦੀ ਬਿਹਤਰੀ ਲਈ ਜਿਹੜੇ ਵੀ ਕਾਰਜ ਕਰਦਾ ਹੈ, ਉਸ ਪਿੱਛੇ ਅਸਲੀ ਉਦੇਸ਼ ਜੀਵਨ ਨੂੰ ਖੁਸ਼ੀਆਂ ਸੰਗ ਮਾਨਣ ਦੀ ਚਾਹਤ ਹੀ ਹੁੰਦੀ ਹੈ।
ਬੱਚੇ ਦੇ ਜਨਮ ਨਾਲ ਘਰ ਖੁਸ਼ੀਆਂ ਨਾਲ ਮਹਿਕ ਉੱਠਦਾ ਹੈ। ਸੁੰਨੇ ਵਿਹੜਿਆਂ ਵਿੱਚ ਬਾਲਾਂ ਦੀਆਂ ਮਾਸੂਮ ਕਿਲਕਾਰੀਆਂ ਨਾਲ ਰੌਣਕਾਂ ਦੇ ਸੂਹੇ ਗੁਲਾਬਾਂ ਦੀ ਮਹਿਕ ਪਸਰ ਜਾਂਦੀ ਹੈ। ਮਾਪਿਆਂ ਲਈ ਬੱਚੇ ਦੀ ਆਮਦ ਸਮਾਜ ਨਾਲ ਹੋਰ ਗਹਿਰੇ ਰੂਪ ਵਿੱਚ ਜੁੜਨ ਦਾ ਸਬੱਬ ਬਣਦੀ ਹੈ। ਸਾਰਾ ਜਹਾਨ ਹੀ ਆਪਣਾ ਆਪਣਾ ਲੱਗਣ ਲੱਗਦਾ ਹੈ। ਜ਼ਿੰਦਗੀ ਵਿੱਚ ਬੱਚਿਆਂ ਨਾਲ ਅਨੇਕਾਂ ਖੁਸ਼ੀਆਂ ਜੁੜੀਆਂ ਹੋਈਆਂ ਹਨ। ਬੱਚੇ ਦੇ ਜਨਮ ਦਿਨ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਬੱਚੇ ਨੂੰ ਪਹਿਲੀ ਵਾਰ ਸਕੂਲ ਭੇਜਣ ਦੀ ਖੁਸ਼ੀ ਮਾਪਿਆਂ ਕੋਲੋਂ ਸਾਂਭੀ ਨਹੀਂ ਜਾਂਦੀ। ਇਸ ਤਰ੍ਹਾਂ ਹੀ ਅੱਗੇ ਜਾ ਕੇ ਪੜ੍ਹਾਈ ਵਿੱਚ ਸਫਲਤਾ, ਚੰਗੀ ਨੌਕਰੀ ਤੇ ਹੋਰ ਪ੍ਰਾਪਤੀਆਂ ਖੁਸ਼ੀਆਂ ਦੇ ਮੌਕੇ ਪ੍ਰਦਾਨ ਕਰਦੀਆਂ ਹਨ। ਜੀਵਨ ਵਿੱਚ ਪ੍ਰਵਾਨ ਚੜ੍ਹੇ ਬੱਚੇ ਦੇ ਵਿਆਹ ਸ਼ਾਦੀ ਦਾ ਮੌਕਾ ਤਾਂ ਪਰਿਵਾਰ ਲਈ ਅਸੀਮ ਖੁਸ਼ੀਆਂ ਦੀ ਫੁਹਾਰ ਲੈ ਕੇ ਆਉਂਦਾ ਹੈ।
ਕਿਸੇ ਪ੍ਰੀਖਿਆ ਵਿੱਚੋਂ ਸਫਲ ਹੋਣ ਦੀ ਖੁਸ਼ੀ ਮਨੁੱਖੀ ਮਨ ਨੂੰ ਹੁਲਾਸ ਨਾਲ ਭਰ ਦਿੰਦੀ ਹੈ। ਜੇਕਰ ਬਹੁਤ ਚੰਗੇ ਨੰਬਰ ਆ ਜਾਣ ਜਾਂ ਕੋਈ ਪੁਜੀਸ਼ਨ ਆ ਜਾਵੇ ਫਿਰ ਤਾਂ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੁੰਦਾ। ਕਿਸੇ ਨੂੰ ਨੌਕਰੀ ਮਿਲ ਜਾਣ ਦੀ ਖੁਸ਼ੀ ਘਰ ਪਰਿਵਾਰ ਦੇ ਜੀਆਂ ਤੋਂ ਸਾਂਭੀ ਨਹੀਂ ਜਾਂਦੀ। ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਜਾਣ ਦੀ ਰੀਝ ਰੱਖਣ ਵਾਲਿਆਂ ਨੂੰ ਜਦੋਂ ਵੀਜ਼ਾ ਲੱਗਣ ਦੀ ਖ਼ਬਰ ਮਿਲਦੀ ਹੈ ਤਾਂ ਮਨ ਖੁਸ਼ੀ ਨਾਲ ਨੱਚ ਉੱਠਦਾ ਹੈ। ਜ਼ਿੰਦਗੀ ਵਿੱਚ ਕਦਮ ਕਦਮ ’ਤੇ ਖੁਸ਼ੀਆਂ ਦੇ ਰੰਗ ਬਿਖਰੇ ਪਏ ਹਨ। ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡ-ਉਤਸਵ ਜਵਾਨੀ ਦੇ ਜੋਸ਼, ਸਮਰੱਥਾ, ਮਿਹਨਤ ਤੇ ਦ੍ਰਿੜਤਾ ਦੀ ਜਿਉਂਦੀ ਜਾਗਦੀ ਮਿਸਾਲ ਹੁੰਦੇ ਹਨ। ਖੇਡਾਂ ਵਿੱਚ ਜਦੋਂ ਖਿਡਾਰੀ ਮੈਡਲ ਜਿੱਤਦੇ ਹਨ ਤਾਂ ਉਨ੍ਹਾਂ ਦੇ ਚਿਹਰਿਆਂ ਤੋਂ ਆਪਣੀ ਮਿਹਨਤ ਸਫਲ ਹੋਣ ਦੀ ਖੁਸ਼ੀ ਦੀ ਜਿਹੜੀ ਆਭਾ ਝਲਕਦੀ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸੇ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਝਲਕਦੇ ਨਜ਼ਰ ਆਉਂਦੇ ਹਨ ਤੇ ਕੋਈ ਖਿਡਾਰੀ, ਆਪਣੇ ਦੇਸ਼ ਦੇ ਝੰਡੇ ਨੂੰ ਲੈ ਕੇ ਖੇਡ ਮੈਦਾਨ ਵਿੱਚ ਦੌੜ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ। ਜੇਤੂ ਮੰਚ ’ਤੇ ਖੜ੍ਹੇ ਹੋ ਕੇ ਮੈਡਲ ਪ੍ਰਾਪਤ ਕਰਦਿਆਂ ਕੁਝ ਖਿਡਾਰੀ ਏਨੇ ਭਾਵੁਕ ਹੋ ਜਾਂਦੇ ਹਨ ਕਿ ਖੁਸ਼ੀ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵਹਿ ਤੁਰਦੀ ਹੈ। ਜਿਹੜੇ ਜੇਤੂ ਮੰਚ ਤੱਕ ਪਹੁੰਚਣ ਤੋਂ ਥੋੜ੍ਹੇ ਜਿਹੇ ਪੱਛੜ ਜਾਂਦੇ ਹਨ, ਉਨ੍ਹਾਂ ਦੇ ਦਰਦ ਨੂੰ ਵੀ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਪੜ੍ਹ ਸਕਣਾ ਮੁਸ਼ਕਲ ਨਹੀਂ ਹੁੰਦਾ।
ਮਿੱਟੀ ਨਾਲ ਮਿੱਟੀ ਹੁੰਦੇ ਕਿਸਾਨ ਦੀ ਜਦੋਂ ਫ਼ਸਲ ਤਿਆਰ ਹੁੰਦੀ ਹੈ ਤਾਂ ਉਸ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਹੁੰਦੀ। ਜੇਕਰ ਕਿਸਾਨ ਦੀ ਫ਼ਸਲ ਬਿਮਾਰੀਆਂ ਤੇ ਕੀੜਿਆਂ ਮਕੌੜਿਆਂ ਤੋਂ ਬਚ ਜਾਵੇ ਤੇ ਮੰਡੀ ਵਿੱਚ ਸਹੀ ਸਲਾਮਤ ਵਿਕ ਜਾਵੇ ਤਾਂ ਉਸ ਨੂੰ ਅੰਤਰੀਵ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਅੰਤਾਂ ਦੀ ਕੀਤੀ ਮੁਸ਼ੱਕਤ ਵੀ ਭੁੱਲ ਜਾਂਦੀ ਹੈ। ਮਿਹਨਤ ਨਾਲ ਪਾਲੀ ਫ਼ਸਲ ਜੇ ਸਹੀ ਸਲਾਮਤ ਨੇਪਰੇ ਚੜ੍ਹ ਜਾਵੇ ਤੇ ਮੰਡੀ ਵਿੱਚ ਬਿਨਾਂ ਕਿਸੇ ਖੱਜਲ-ਖੁਆਰੀ ਦੇ ਵਿਕ ਜਾਵੇ ਤਾਂ ਉਹ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ। ਪਰ ਜੇ ਨਕਲੀ ਬੀਜਾਂ, ਨਕਲੀ ਖਾਦਾਂ, ਨਕਲੀ ਕੀੜੇਮਾਰ ਦਵਾਈਆਂ ਤੇ ਕੁਦਰਤੀ ਕਰੋਪੀ ਦੀ ਮਾਰ ਪੈ ਜਾਵੇ ਤਾਂ ਧਰਤੀ ਪੁੱਤਰ ਦੇ ਦਰਦ ਦੀ ਇੰਤਹਾ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਸ਼ਾਇਦ ਹੀ ਦੁਨੀਆ ਦਾ ਕੋਈ ਸ਼ਖ਼ਸ ਹੋਵੇ ਜਿਹੜਾ ਘਾਟੇ ਦਾ ਵਣਜ ਕਰਦਾ ਹੋਵੇ, ਪਰ ਧਨ ਜਿਗਰਾ ਕਿਸਾਨ ਦਾ ਜਿਹੜਾ ਲਗਾਤਾਰ ਘਾਟੇ ਸਹਿ ਕੇ ਵੀ ਅਗਲੀ ਫ਼ਸਲ ਬੀਜਣ ਤੁਰ ਪੈਂਦਾ ਹੈ। ਸਾਰਾ ਦਿਨ ਮਿਹਨਤ ਵਿੱਚ ਜੁਟੇ ਕਾਮੇ ਨੂੰ, ਜੇ ਉਸ ਦਿਨ ਹੀ ਮਜ਼ਦੂਰੀ ਮਿਲ ਜਾਵੇ ਤਾਂ ਉਸ ਦਾ ਮਨ ਵੀ ਖਿੜ ਉੱਠਦਾ ਹੈ। ਉਸ ਦੇ ਘਰ ਦਾ ਚੁੱਲ੍ਹਾ ਤਾਂ ਰੋਜ਼ ਕੀਤੀ ਮਿਹਨਤ ਨਾਲ ਹੀ ਮਘਣਾ ਹੈ।
ਰੋਟੀ-ਰੋਜ਼ੀ ਦੀ ਖਾਤਰ ਵਿਦੇਸ਼ਾਂ ਵਿੱਚ ਗਏ ਪੰਜਾਬੀ ਜਦੋਂ ਕਦੇ ਦੇਸ਼ ਪਰਤਦੇ ਹਨ ਤਾਂ ਆਪਣੀ ਧਰਤੀ ’ਤੇ ਆ ਕੇ ਤੇ ਆਪਣਿਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਆਪ-ਮੁਹਾਰੇ ਹੀ ਖੁਸ਼ੀ ਦੇ ਹੰਝੂ ਉਮੜ ਆਉਂਦੇ ਹਨ। ਪਰਦੇਸੀਂ ਜਾਣ ਵਾਲਿਆਂ ਦੀਆਂ ਅੱਖਾਂ ਵੀ ਖੁਸ਼ੀ ਵਿੱਚ ਨਮ ਹੋ ਜਾਂਦੀਆਂ ਹਨ। ਇਸ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹੜਾ ਇਸ ਨੂੰ ਭੋਗਦਾ ਹੈ ਉਸ ਨੂੰ ਹੀ ਇਹ ਅਨੁਭਵ ਹੁੰਦਾ ਹੈ। ਪਤੀ ਦੀ ਯਾਦ ਵਿੱਚ ਤੜਫ਼ਦੀ ਨਵ-ਵਿਆਹੁਤਾ ਨੂੰ ਜਦੋਂ ਵੀਜ਼ਾ ਲੱਗਣ ਦੀ ਖ਼ਬਰ ਮਿਲਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਜਿਹੜੀ ਖੁਸ਼ੀ ਲਿਸ਼ਕਾਂ ਮਾਰਦੀ ਹੈ, ਉਸ ਨੂੰ ਸ਼ਬਦਾਂ ’ਚ ਦੱਸਣਾ ਬਹੁਤ ਔਖਾ ਹੈ। ਕਵੀ, ਲੇਖਕ, ਚਿੱਤਰਕਾਰ, ਬੁੱਤਘਾੜਾ ਆਦਿ ਕਲਾਕਾਰ ਜਦੋਂ ਕਿਸੇ ਰਚਨਾ ਦੀ ਸਿਰਜਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਜਿਹੜੀ ਤ੍ਰਿਪਤੀ ਹੁੰਦੀ ਹੈ, ਉਹ ਵੱਡੀ ਤੋਂ ਵੱਡੀ ਖੁਸ਼ੀ ਤੋਂ ਵੀ ਕਿਤੇ ਵੱਡੀ ਹੁੰਦੀ ਹੈ। ਇਸ ਅੰਤਰੀਵ ਖੁਸ਼ੀ ਦੀ ਥਾਹ ਪਾ ਸਕਣਾ ਹਾਰੀ-ਸਾਰੀ ਦੇ ਵੱਸ ਦਾ ਰੋਗ ਨਹੀਂ ਹੈ।
ਅਸਲ ਵਿੱਚ ਖੁਸ਼ੀ ਮਨ ਦੀ ਸਥਿਤੀ ਦਾ ਨਾਂ ਹੈ। ਨਵੇਂ ਕੱਪੜੇ ਪਹਿਨ ਕੇ ਹਰ ਇੱਕ ਨੂੰ ਖੁਸ਼ੀ ਹੁੰਦੀ ਹੈ, ਪਰ ਕਹਿੰਦੇ ਨੇ ਨਵਾਂ ਸੂਟ ਪਹਿਨ ਕੇ ਜਿਹੜੀ ਖੁਸ਼ੀ ਔਰਤ ਦੇ ਮਨ ਵਿੱਚ ਪੈਦਾ ਹੁੰਦੀ ਹੈ ਉਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਬੱਚੇ ਨੂੰ ਖਿਡੌਣਾ ਲੈ ਕੇ ਜਿਹੜੀ ਖੁਸ਼ੀ ਮਿਲਦੀ ਹੈ, ਉਸ ਦੀ ਥਾਹ ਕੌਣ ਪਾ ਸਕਦਾ ਹੈ? ਆਸ਼ਾਵਾਦੀ ਸੋਚ ਵਾਲੇ ਲੋਕ ਨਿੱਕੀਆਂ ਨਿੱਕੀਆ ਗੱਲਾਂ ਵਿੱਚੋਂ ਵੀ ਖੁਸ਼ੀ ਦੇ ਅਰਥ ਤਲਾਸ਼ ਲੈਂਦੇ ਹਨ। ਅਜੋਕੇ ਤਲਖੀਆਂ ਭਰਪੂਰ ਸਮਿਆਂ ਵਿੱਚ ਖੁਸ਼ੀ ਦੇ ਮੌਕੇ ਸੀਮਤ ਹੁੰਦੇ ਜਾ ਰਹੇ ਹਨ। ਹਰ ਰੋਜ਼ ਅਖ਼ਬਾਰਾਂ ਉਦਾਸ ਤੇ ਦਰਦਮਈ ਖ਼ਬਰਾਂ ਨਾਲ ਭਰੀਆਂ ਨਜ਼ਰ ਆਉਂਦੀਆਂ ਹਨ। ਜ਼ਿੰਦਗੀ ਬਹੁਤ ਕੀਮਤੀ ਹੈ ਖੁਸ਼ੀ ਦੇ ਪਲਾਂ ਨੂੰ ਹੱਥੋਂ ਗੁਆਉਣਾ ਨਹੀਂ ਚਾਹੀਦਾ। ਸਿਆਣੇ ਕਹਿੰਦੇ ਨੇ ਖੁਸ਼ੀ ਤੇ ਆਜ਼ਾਦੀ ਦਾ ਅਸਲੀ ਅਨੁਭਵ ਦੂਜਿਆਂ ਨੂੰ ਦੇ ਕੇ ਹੀ ਅਸਲੀ ਅਰਥਾਂ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਜੇ ਖੁਸ਼ੀ ਮਾਨਣੀ ਚਾਹੁੰਦੇ ਹੋ ਤਾਂ ਖੁਸ਼ੀਆਂ ਵੰਡਣ ਦੇ ਰਾਹ ਤੁਰੀਏ।
ਸੰਪਰਕ: 98153-56086

Advertisement

Advertisement
Advertisement
Author Image

joginder kumar

View all posts

Advertisement