ਜੀਵਨ ਦਾਤੀ
ਸੁਨੀਤਾ ਪਾਹਵਾ
ਹਰ ਬਜ਼ੁਰਗ ਵਾਂਗ ਮੇਰੀ ਦਾਦੀ ਘਰ ਦਾ ਤਾਲਾ ਵੀ ਸੀ ਅਤੇ ਸਰਮਾਇਆ ਵੀ। ਉਹਨੇ ਸਾਰੇ ਪਰਿਵਾਰ ਨੂੰ ਮੋਹ ਦੀ ਮਾਲਾ ਵਿੱਚ ਪਰੋ ਕੇ ਰੱਖਿਆ। ਸਾਰੇ ਸ਼ਰੀਕੇ ਕਬੀਲੇ ਨੂੰ ਆਪੋ ਵਿੱਚ ਮਿਲਦੇ ਵਰਤਦੇ ਦੇਖ ਕੇ ਉਹਦੀ ਰੂਹ ਖੁਸ਼ ਹੋ ਜਾਂਦੀ। ਉਹ ਉੱਚੇ ਲੰਮੇ ਕਦ-ਕਾਠ, ਗੁੰਦਵੇਂ ਸਰੀਰ, ਗੋਰੇ ਨਛੋਹ ਰੰਗ, ਰੋਹਬਦਾਰ ਆਵਾਜ਼ ਅਤੇ ਖਰਵੇਂ ਸੁਭਾਅ ਵਾਲੀ ਸੀ। ਅਸੀਂ ਉਸ ਦੇ ਦੰਦ ਭਾਵੇਂ ਕਦੇ ਨਹੀਂ ਸਨ ਦੇਖੇ ਪਰ 90 ਸਾਲ ਦੀ ਉਮਰ ਵਿੱਚ ਵੀ ਦਾਦੀ ਖਾਣ ਪੀਣ ਦੀ ਸ਼ੌਕੀਨ ਸੀ। ਗੰਨੇ ਨੂੰ ਮੰਜੇ ਦੇ ਪਾਵੇ ’ਤੇ ਰੱਖ ਕੇ ਵੇਲਣ ਨਾਲ ਕੁੱਟ ਕੇ ਉਸ ਦਾ ਰਸ ਚੂਸਦਿਆਂ ਅਤੇ ਮੂੰਗਫਲੀ ਦੀਆਂ ਗਿਰੀਆਂ ਕੂੰਡੇ ਵਿੱਚ ਕੁੱਟ ਕੇ ਖਾਂਦਿਆਂ ਅਸੀਂ ਉਹਨੂੰ ਅਕਸਰ ਦੇਖਦੇ। ਖੁੱਲ੍ਹੇ ਖਾਣ ਪੀਣ ਦੇ ਨਾਲ ਨਾਲ ਕੰਮ ਕਰਨ ਵਿੱਚ ਵੀ ਉਹ ਤਕੜੀ ਸੀ। ਤੜਕਸਾਰ ਧਾਰਾਂ ਚੋਣ ਤੋਂ ਬਾਅਦ ਰਿੜਕਣਾ ਕਰਨਾ ਅਤੇ ਭੱਤੇ ਵੇਲੇ ਚਰਖਾ ਕੱਤਣਾ, ਧੀਆਂ ਪੋਤਰੀਆਂ ਲਈ ਖੇਸ, ਦਰੀਆਂ ਬੁਣਨਾ ਉਹਦੇ ਸ਼ੌਕ ਸਨ।
ਉਹ ਦੱਸਦੀ ਹੁੰਦੀ ਸੀ, ਜਦੋਂ ਉਹ ਵਿਆਹੀ ਆਈ ਸੀ ਤਾਂ ਜ਼ਮੀਨ ਤਾਂ ਗੁਜ਼ਾਰੇ ਜੋਗੀ ਹੀ ਸੀ, ਡੰਗਰ ਪਸ਼ੂ ਵਾਧੂ ਰੱਖੇ ਹੋਏ ਸਨ ਜਿਸ ਕਰ ਕੇ ਘਰ ਵਿੱਚ ਘਿਓ-ਦੁੱਧ ਦੀਆਂ ਲਹਿਰਾਂ ਸਨ। ਘਰ ਵਿੱਚ ਘਿਓ ਦੇ ਪੀਪੇ ਹਮੇਸ਼ਾ ਭਰੇ ਰਹਿੰਦੇ। ਸਾਰਾ ਟੱਬਰ ਰਾਤ ਦੀ ਰੋਟੀ ਤੋਂ ਬਾਅਦ ਰੱਜਵਾਂ ਦੁੱਧ ਪੀਂਦਾ। ਦਾਦੀ ਦਾ ਪੇਕਾ ਪਿੰਡ ਦੋ ਕੁ ਕੋਹਾਂ ’ਤੇ ਸੀ। ਜਦੋਂ ਉਹਨੇ ਕਿਸੇ ਵਿਆਹ ਸ਼ਾਦੀ ’ਚ ਕਈ ਦਿਨਾਂ ਲਈ ਪੇਕੇ ਜਾਣਾ ਹੁੰਦਾ ਤਾਂ ਬੱਚਿਆਂ ਦੇ ਨਾਲ ਨਾਲ ਉਹ ਮੱਝਾਂ ਨੂੰ ਵੀ ਨਾਲ ਲੈ ਤੁਰਦੀ।
ਧਾਰਮਿਕ ਵਿਚਾਰਾਂ ਵਾਲੀ ਸਾਡੀ ਦਾਦੀ ਹਰ ਵੇਲੇ ਭਜਨ ਗਾਉਂਦੀ ਰਹਿੰਦੀ। ਪਿਛਲੀ ਉਮਰ ਵਿੱਚ ਵੀ ਉਹ ਸੂਰਜ ਦੇਵਤਾ ਨੂੰ ਅਰਘ ਦਿੱਤੇ ਬਿਨਾਂ ਮੂੰਹ ਜੂਠਾ ਨਾ ਕਰਦੀ। ਉਹ ਨੂੰਹਾਂ ਨੂੰ ਧੀਆਂ ਦੇ ਬਰਾਬਰ ਰੱਖਦੀ। ਜੇ ਕਦੇ ਕਿਸੇ ਗੱਲ ਨੂੰ ਲੈ ਕੇ ‘ਤੂੰ ਤੂੰ ਮੈਂ ਮੈਂ’ ਹੋ ਜਾਂਦੀ ਤਾਂ ਕਦੇ ਗੁੱਸੇ ਨਾਲ ਜਾਂ ਕਦੇ ਪਿਆਰ ਨਾਲ ਉਹ ਹਰ ਮਸਲੇ ਦਾ ਹੱਲ ਕਰ ਦਿੰਦੀ ਅਤੇ ਘਰ ਵਿੱਚ ਕਲਹ-ਕਲੇਸ਼ ਹੋਣ ਤੋਂ ਬਚਾ ਲੈਂਦੀ।
ਉਹਨੇ ਘਰ ਦੇ ਕੰਮਾਂ ਕਾਰਾਂ ਦੇ ਨਾਲ ਨਾਲ ਖੇਤਾਂ ਵਿੱਚ ਵੀ ਕਮਾਈ ਕੀਤੀ। ਛੇ ਬੱਚਿਆਂ ਵਿੱਚੋਂ ਦੋ ਪੁੱਤ ਨੌਕਰੀ ਲੱਗ ਗਏ। ਘਰ ਦੀ ਕਾਇਆ ਪਲਟਣ ਲੱਗੀ। ਘਰ ਦੀ ਗਰੀਬੀ ਚੁੱਕੀ ਗਈ। ਘਰ ਦਾ ਮੂੰਹ ਮੁਹਾਂਦਰਾ ਤੇ ਸਾਜ਼ੋ-ਸਮਾਨ ਬਣਨ ਲੱਗਿਆ। ਸ਼ਰੀਕੇ ਕਬੀਲੇ ਵਾਲੇ ਆਪੋ-ਆਪਣੇ ਧੀਆਂ ਪੁੱਤਰਾਂ ਦੇ ਸਰਕਾਰੀ ਨੌਕਰੀ ਲੱਗਣ ਬਾਰੇ ਦੱਸਦੇ ਤਾਂ ਦਾਦੀ ਨੌਕਰੀ ਲੱਗੇ ਆਪਣੇ ਪੁੱਤ ਪੋਤਰਿਆਂ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੀ।
ਵਕਤ ਬਦਲਿਆ, ਪੁੱਤਰਾਂ ਦੇ ਚੁੱਲ੍ਹੇ ਅੱਡ ਅੱਡ ਹੋ ਗਏ। ਦਾਦੀ ਦਾਦਾ ਪਿੰਡ ਵਾਲੇ ਘਰ ਵਿੱਚ ਹੀ ਵੱਡੇ ਪੁੱਤਰ ਨਾਲ ਰਹਿਣ ਲੱਗੇ। ਜਦੋਂ ਵੀ ਕਿਸੇ ਨੂੰ ਉਸ ਦੀ ਲੋੜ ਹੁੰਦੀ ਤਾਂ ਉਹ ਉੱਥੇ ਝੱਟ ਪਹੁੰਚ ਜਾਂਦੇ। ਵੀਹ ਕੁ ਸਾਲ ਪਹਿਲਾਂ ਦਾਦਾ ਗੁਜ਼ਰ ਗਿਆ। ਫਿਰ ਦਾਦੀ ਮਾਂ ਨੂੰ ਪੁੱਤ ਅਤੇ ਜਵਾਈ ਦੀ ਮੌਤ ਦਾ ਦੁੱਖ ਝੱਲਣਾ ਪਿਆ। ਸਿਰ ਪਈਆਂ ਔਕੜਾਂ ਨੂੰ ਰੱਬ ਦਾ ਭਾਣਾ ਮੰਨ ਕੇ ਜੋਸ਼ ਨਾਲ ਜਿ਼ੰਦਗੀ ਜਿਊਂਦੀ ਰਹੀ। ਬੱਚਿਆਂ ਨੂੰ ਵੀ ਅਗਾਂਹ ਵਧਣ ਦਾ ਹੌਸਲਾ ਦਿੰਦੀ ਰਹੀ। ਘਰ ਦੇ ਹਾਲਾਤ ਜਿਵੇਂ ਦੇ ਵੀ ਰਹੇ ਹੋਣ ਪਰ ਉਹਨੇ ਹਮੇਸ਼ਾ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਿਆ। ਉਹ ਪਿਆਰ ਅਤੇ ਸਿਰੜ ਨਾਲ ਜੀਵਨ ਜਿਊਣ ਦੀ ਜਾਚ ਸਾਨੂੰ ਸਿਖਾਉਂਦੀ ਰਹੀ।
ਜਿੰਨਾ ਚਿਰ ਸਰੀਰ ਚੱਲਿਆ, ਦਾਦੀ ਘਰ ਬਾਰ ਸਾਂਭਦੀ ਰਹੀ। ਜਦੋਂ ਸਰੀਰ ਸਾਥ ਦੇਣਾ ਛੱਡ ਗਿਆ ਤਾਂ ਘਰਦਿਆਂ ਨੇ ਵੀ ਨੱਕ-ਬੁੱਲ੍ਹ ਵੱਟਣੇ ਸ਼ੁਰੂ ਕਰ ਦਿੱਤੇ। ਦਾਦੀ ਨੂੰ ਸਾਂਭਣ ਦੇ ਲਾਲੇ ਪੈ ਗਏ। ਵਿਚਕਾਰਲੇ ਪੁੱਤ ਨੇ ਇਲਾਜ ਲਈ ਮਾਂ ਨੂੰ ਸ਼ਹਿਰ ਲੈ ਆਂਦਾ। ਪਿੰਡਾਂ ਵਰਗੀ ਰੌਣਕ ਤੇ ਅਪਣੱਤ ਨਾ ਹੋਣ ਕਰ ਕੇ ਉਹਦਾ ਜੀਅ ਨਾ ਲੱਗਿਆ। ਫਿਰ ਜਿ਼ਦ ਕਰ ਕੇ ਵਾਪਸ ਪਿੰਡ ਚਲੀ ਗਈ।
ਉਹਨੇ ਬੜੀ ਔਖ ਭੁਗਤ ਕੇ ਚੰਗੇ ਦਿਨ ਦੇਖੇ ਸਨ। ਉਸ ਨੇ ਪੁੱਤਰਾਂ ਲਈ ਜ਼ਮੀਨਾਂ ਖਰੀਦਣ ਵਾਸਤੇ ਬੜੇ ਸ਼ੌਕ ਨਾਲ ਬਣਾਏ ਆਪਣੇ ਗਹਿਣੇ ਵੀ ਵੇਚੇ ਦਿੱਤੇ। ਸ਼ਾਇਦ ਇਸੇ ਕਰ ਕੇ ਹੀ ਉਹ ਪੈਸੇ ਦੀ ਬਹੁਤ ਕਦਰ ਕਰਦੀ ਸੀ। ਇਕ ਇੱਕ ਪੈਸਾ ਸੰਭਾਲ ਕੇ ਵਰਤਦੀ ਸੀ। ਅਨਪੜ੍ਹ ਹੋਣ ਦੇ ਬਾਵਜੂਦ ਜਮਾਂ ਜੋੜ ਵਿੱਚ ਕਰ ਲੈਂਦੀ। ਸੌ ਸੌ ਦੇ ਦਸ ਨੋਟ ਇੱਕ ਦੂਜੇ ਉੱਪਰ ਰੱਖ ਕੇ ਹਜ਼ਾਰ ਹਜ਼ਾਰ ਦੀਆਂ ਕਈ ਲਾਈਨਾਂ ਬਣਾ ਉਹ ਲੱਖਾਂ ਤੱਕ ਗਿਣਤੀ ਕਰ ਲੈਂਦੀ ਸੀ।
ਆਖਿ਼ਰੀ ਵਕਤ ਦਾਦੀ ਨੂੰ ਬਿਮਾਰੀਆਂ ਨੇ ਆ ਘੇਰਿਆ। ਉਹ ਵਾਰ ਵਾਰ ਖਾਣ ਨੂੰ ਮੰਗਦੀ ਤੇ ਉਲ-ਜਲੂਲ ਬੋਲਦੀ ਰਹਿੰਦੀ। ਟੱਬਰ ਦੇ ਬੋਲ ਕੁਬੋਲ ਸੁਣਦੀ। ਤੁਰਨਾ ਫਿਰਨਾ ਬੰਦ ਹੋ ਗਿਆ। ਧੀਆਂ ਪੁੱਤਰਾਂ ਨੇ ਸਮੇਂ ਤੇ ਸਮਰੱਥਾ ਅਨੁਸਾਰ ਸੇਵਾ ਵੀ ਕੀਤੀ ਪਰ ਹਾਲਤ ਦਿਨੋ ਦਿਨ ਖਰਾਬ ਹੁੰਦੀ ਗਈ।
ਆਖਿ਼ਰ ਦਾਦੀ ਵਿਛੋੜਾ ਦੇ ਗਈ। ਘਰ ਦਾ ਜਿੰਦਰਾ ਗੁਆਚ ਗਿਆ। ਜਾਣ ਤੋਂ ਕੁਝ ਸਮਾਂ ਪਹਿਲਾਂ ਦਾਦੀ ਆਪਣੇ ਗਹਿਣੇ ਅਤੇ ਪੈਸੇ ਪੁੱਤਰਾਂ ’ਚ ਬਰਾਬਰ ਵੰਡ ਗਈ। ਦਾਦੀ ਦੀ ਮੌਤ ਤੋਂ ਬਾਅਦ ਉਸ ਦੀ ਪੇਟੀ ਵਿੱਚ ਕਦੋਂ ਦੇ ਜੋੜ ਜੋੜ ਕੇ ਰੱਖੇ ਪੈਸੇ ਉਸ ਦੀਆਂ ਧੀਆਂ-ਪੋਤਰੀਆਂ ਵਿੱਚ ਵੰਡ ਦਿੱਤੇ ਗਏ। ਇਸ ਤਰ੍ਹਾਂ ਉਹ ਜਾਂਦੀ ਜਾਂਦੀ ਵੀ ਇੱਕ ਵਾਰ ਫਿਰ ਆਪਣੇ ਸੁਭਾਅ ਮੁਤਾਬਕ ਆਪਣੇ ਬੱਚਿਆਂ ਨੂੰ ਆਪਸ ਵਿੱਚ ਜੋੜ ਗਈ। ਮੈਨੂੰ ਦਾਦੀ ਦੀ ਨਿਸ਼ਾਨੀ ਵਜੋਂ ਉਸ ਦੀ ਜਵਾਨੀ ਵੇਲੇ ਦੀ ਫੋਟੋ ਅਤੇ ਕੁਝ ਪੈਸੇ ਮਿਲੇ ਜਿਹੜੇ ਮੇਰੇ ਲਈ ਬੇਸ਼ਕੀਮਤੀ ਸਰਮਾਇਆ ਹਨ। ਪਿਆਰ ਵੰਡਦੀ, ਘੂਰਦੀ, ਸਮਝਾਉਂਦੀ ਦਾਦੀ ਮਾਂ ਮੇਰੇ ਲਈ ਜੀਵਨ ਦਾਤੀ ਸੀ ਜਿਹੜੀ ਮੋਹ, ਮੁਹੱਬਤ, ਇਤਫ਼ਾਕ ਜਿਹੀਆਂ ਦਾਤਾਂ ਵੰਡ ਸਾਥੋਂ ਵਿਦਾ ਲੈ ਗਈ।
ਸੰਪਰਕ: 78891-15919