ਲਿਬਰੇਸ਼ਨ ਵੱਲੋਂ ਕਾਲਜ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ
ਪੱਤਰ ਪ੍ਰੇਰਕ
ਮਾਨਸਾ, 3 ਅਕਤੂਬਰ
ਸੀਪੀਆਈ (ਐੱਮਐੱਲ) ਲਿਬਰੇਸ਼ਨ ਨੇ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਕੰਮ ਕਰ ਰਹੇ ਗੈਸਟ ਫੈਕਲਟੀ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਲਿਬਰੇਸ਼ਨ ਦਾ ਕਹਿਣਾ ਹੈ ਕਿ ਜਿਥੇ ਉਹ ਅਦਾਲਤੀ ਰੋਕ ਖ਼ਤਮ ਹੋਣ ਪਿਛੋਂ ਇਕ ਹਜ਼ਾਰ ਦੇ ਕਰੀਬ ਕਾਲਜ ਲੈਕਚਰਾਰਾਂ ਅਤੇ ਲਾਈਬਰੇਰੀਅਨਾਂ ਦੀਆਂ ਨਿਯੁਕਤੀਆਂ ਦਾ ਸਵਾਗਤ ਕਰਦੇ ਹਨ, ਉਥੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦੇ ਹਨ ਕਿ ਪਿਛਲੇ 20-22 ਸਾਲ ਤੋਂ ਸਰਕਾਰੀ ਕਾਲਜਾਂ ਵਿੱਚ ਸੇਵਾਵਾਂ ਨਿਭਾ ਰਹੇ ਗੈਸਟ ਫੈਕਲਟੀ ਤੇ ਪਾਰਟ ਟਾਇਮ ਲੈਕਚਰਾਰਾਂ ਦੀ ਨੌਕਰੀ ਨੂੰ ਬਰਕਰਾਰ ਰੱਖੀ ਜਾਵੇ।
ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਸੂਬੇ ਦੇ ਕੁੱਲ 64 ਸਰਕਾਰੀ ਕਾਲਜਾਂ ਵਿਚ ਲੈਕਚਰਾਰਾਂ ਦੀਆਂ ਕੁੱਲ 2250 ਆਸਾਮੀਆਂ ਹਨ ਪਰ ਇਨ੍ਹਾਂ ਕਾਲਜਾਂ ਵਿੱਚ ਸਿਰਫ 157 ਰੈਗੂਲਰ ਲੈਕਚਰਾਰ, 825 ਗੈਸਟ ਫੈਕਲਟੀ ਤੇ 197 ਪਾਰਟ-ਟਾਇਮ ਲੈਕਚਰਾਰ ਹੀ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਕਰੀਬ ਇਕ ਹਜ਼ਾਰ ਰੈਗੂਲਰ ਨਿਯੁਕਤੀਆਂ ਹੋਣ ਦੇ ਬਾਵਜੂਦ ਹਾਲੇ ਵੀ ਸਰਕਾਰੀ ਕਾਲਜਾਂ ’ਚ ਕਰੀਬ 50 ਪੋਸਟਾਂ ਖਾਲੀ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਢੁਕਵੀਂ ਨੀਤੀ ਬਣਾਈ ਜਾਵੇ।