ਪਾਠਕਾਂ ਦੇ ਖ਼ਤ
ਪੁਜਾਰੀਆਂ ਨੂੰ ਸਨਮਾਨ ਰਾਸ਼ੀ
31 ਦਸੰਬਰ ਦੇ ਅੰਕ ਵਿੱਚ ਦਿੱਲੀ ਵਿੱਚ ‘ਆਪ’ ਵੱਲੋਂ ਗ੍ਰੰਥੀਆਂ ਤੇ ਮੰਦਿਰਾਂ ਦੇ ਪੁਜਾਰੀਆਂ ਨੂੰ 18000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦੇਣ ਦਾ ਵਾਅਦਾ ਕਰਨ ਵਾਲੀ ਗੱਲ ਅਜੀਬ ਲੱਗੀ। ਧਰਮ-ਨਿਰਪੱਖ ਦੇਸ਼ ਵਿੱਚ ਅਜਿਹੇ ਵਜ਼ੀਫ਼ੇ ਦੇਣੇ ਲੋਕ-ਹਿੱਤ ਵਿੱਚ ਠੀਕ ਨਹੀਂ। ਸੁਖ-ਦੁਖ ਵੇਲੇ ਪੂਜਾ ਪਾਠ ਕਰਨ ਵੇਲੇ ਸਬੰਧਿਤ ਪਰਿਵਾਰਾਂ ਵੱਲੋਂ ਇਨ੍ਹਾਂ ਨੂੰ ਚੜ੍ਹਾਵੇ ਤੇ ਦਾਨ ਦੇ ਰੂਪ ਵਿੱਚ ਬਣਦੀ ਕਾਫ਼ੀ ਰਕਮ ਮਿਲ ਜਾਂਦੀ ਹੈ। ਬਹੁਗਿਣਤੀ ਪੁਜਾਰੀ ਤਾਂ ਗ਼ੈਰ-ਵਿਗਿਆਨਕ ਅਤੇ ਤਰਕਹੀਣ ਗੱਲਾਂ ਦੱਸ ਕੇ ਸ਼ਰਧਾਲੂਆਂ ਦੀ ਆਰਥਿਕ ਤੌਰ ’ਤੇ ਲੁੱਟ-ਖਸੁੱਟ ਕਰਨ ਤੋਂ ਇਲਾਵਾ ਲੋਕਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਦਾ ਨੁਕਸਾਨ ਕਰਦੇ ਹਨ।
ਸੋਹਣ ਲਾਲ ਗੁਪਤਾ, ਪਟਿਆਲਾ
ਜਾਇਜ਼ ਫ਼ੈਸਲਾ
ਸੁਖਬੀਰ ਬਾਦਲ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀ ਨਰਾਇਣ ਸਿੰਘ ਚੌੜਾ ਨੂੰ ਪੰਥ ’ਚੋਂ ਛੇਕਣ ਸਬੰਧੀ ਫ਼ੈਸਲਾ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਰੱਦ ਕਰਨਾ ਜਾਇਜ਼ ਹੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਪੰਥ ਅਤੇ ਸਿੱਖ ਵਿਰੋਧੀ ਅਮਲਾਂ ਨੂੰ ਮੰਨ ਚੁੱਕੇ ਹਨ, ਜਿਸ ਕਾਰਨ ਕਿਸੇ ਅੰਦਰ ਬਦਲਾ ਲੈਣ ਦੀ ਕੋਸ਼ਿਸ ਕਰਨੀ ਕੁਦਰਤੀ ਹੈ! ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਗ਼ੈਰ-ਸਿੱਖ ਨਾਲ ਮੁਲਾਕਾਤ ਕਰਨਾ ਗ਼ਲਤ ਕੰਮ ਸੀ!
ਗੁਰਮੁਖ ਸਿੰਘ ਪੋਹੀੜ, ਲੁਧਿਆਣਾ
ਮਨਮੋਹਣਾ ਸਲੀਕਾ
31 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਟੀਐੱਨ ਨੈਨਾਨ ਦਾ ਲੇਖ ‘ਆਲੋਚਨਾ ਝੱਲਣ ਦਾ ਮਨਮੋਹਣਾ ਸਲੀਕਾ’ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਉੱਚੇ-ਸੁੱਚੇ ਚਰਿੱਤਰ ਤੇ ਉਸ ਦੇ ਪਹਿਲਾਂ ਵਿੱਤ ਮੰਤਰੀ ਤੇ ਫਿਰ ਪ੍ਰਧਾਨ ਮੰਤਰੀ ਹੁੰਦਿਆਂ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਾ ਹੈ। ਸਾਦਗੀ, ਸਪੱਸ਼ਟਤਾ, ਹਲੀਮੀ, ਇਮਾਨਦਾਰੀ, ਸਖ਼ਤ ਮਿਹਨਤ ਤੇ ਹੋਰ ਕਿੰਨੇ ਹੀ ਵਿਸ਼ੇਸ਼ਣਾਂ ਦਾ ਹਾਣੀ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ। ਉਨ੍ਹਾਂ ਦੀ ਯਾਦਗਾਰ ਬਣਾਉਣ ਬਾਰੇ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਵਿਚਕਾਰ ਟਕਰਾਅ ਦੀ ਜੋ ਰਾਜਨੀਤੀ ਪੈਦਾ ਹੋਈ ਹੈ, ਉਹ ਨਿੰਦਾਯੋਗ ਹੈ। ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਨਿਗਮਬੋਧ ਘਾਟ ਦੀ ਥਾਂ ਕੌਮੀ ਸਿਮ੍ਰਤੀ ਸਥਲ ਨੂੰ ਪਹਿਲ ਦੇਣੀ ਚਾਹੀਦੀ ਸੀ। ਸਰਕਾਰ ਅਤੇ ਵਿਰੋਧੀ ਧਿਰਾਂ ਨੂੰ ਹਲਕੇ ਪੱਧਰ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਕੋਈ ਢੁੱਕਵਾਂ ਹੱਲ ਲੱਭਣ ਦੀ ਲੋੜ ਹੈ ਤਾਂ ਜੋ ਡਾ. ਮਨਮੋਹਨ ਸਿੰਘ ਨੂੰ ਉਹੀ ਯਾਦਗਾਰ ਮਿਲ ਸਕੇ ਜਿਸ ਦੇ ਉਹ ਹੱਕਦਾਰ ਹਨ।
ਤਰਸੇਮ ਸਿੰਘ, ਈਮੇਲ
ਰਵੱਈਆ ਬਦਲਣ ਦੀ ਲੋੜ
27 ਦਸੰਬਰ ਨੂੰ ਡਾ. ਮੇਹਰ ਮਾਣਕ ਦਾ ਲੇਖ ‘ਖੁਸ਼ਹਾਲੀ ਤੋਂ ਮੰਦਹਾਲੀ ਵੱਲ ਪੰਜਾਬ ਅਤੇ ਪੇਂਡੂ ਬੇਚੈਨੀ’ ਪੜ੍ਹਿਆ। ਲੇਖਕ ਨੇ ਕਿਸਾਨ ਅਤੇ ਖੇਤੀ ਸੰਕਟ ਬਹੁਤ ਸਰਲ ਸ਼ਬਦਾਂ ਵਿੱਚ ਸਮਝਾ ਦਿੱਤਾ ਹੈ। ਕੇਂਦਰ ਸਰਕਾਰ ਨੂੰ ਆਪਣਾ ਰਵੱਈਆ ਬਦਲ ਕੇ ਖੇਤੀ ਸੰਕਟ ਹੱਲ ਕਰਨ ਵੱਲ ਕਦਮ ਵਧਾਉਣੇ ਚਾਹੀਦੇ ਹਨ।
ਰੇਸ਼ਮ ਸਿੰਘ, ਹੁਸ਼ਿਆਰਪੁਰ
ਡਾ. ਮਨਮੋਹਨ ਸਿੰਘ ਦੇ ਆਰਥਿਕ ਸੁਧਾਰ
28 ਦਸੰਬਰ ਦਾ ਸੰਪਾਦਕੀ ‘ਲਾਮਿਸਾਲ ਸ਼ਖ਼ਸੀਅਤ’ ਪੜ੍ਹਿਆ। ਦੇਸ਼ ਵਿੱਚ ਆਰਥਿਕ ਸੁਧਾਰਾਂ ਨੂੰ ਨਵੀਂ ਦਿਸ਼ਾ ਦੇਣ ਵਾਲੇ ਡਾ. ਮਨਮੋਹਨ ਸਿੰਘ ਦਾ ਜ਼ਿਕਰ ਅੱਜ ਭਾਰਤ ਹੀ ਨਹੀਂ ਬਲਕਿ ਵਿਸ਼ਵ ਦੇ ਹਰ ਉਸ ਨੇਤਾ ਦੀ ਜ਼ੁਬਾਨ ਉੱਪਰ ਹੈ ਜੋ ਜਾਣਦਾ ਹੈ ਕਿ ਡਾ. ਮਨਮੋਹਨ ਸਿੰਘ ਤੋਂ ਬਿਨਾਂ ਆਰਥਿਕਤਾ ਦਾ ਜ਼ਿਕਰ ਅਧੂਰਾ ਹੈ। ਵਿਦੇਸ਼ ਮੰਤਰਾਲੇ ਵਿੱਚ ਸਲਾਹਕਾਰ, ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ, ਕੇਂਦਰੀ ਵਿੱਤ ਸਕੱਤਰ, ਯੋਜਨਾ ਕਮਿਸ਼ਨ ਦਾ ਚੇਅਰਮੈਨ, ਇਨ੍ਹਾਂ ਸਾਰੇ ਅਹੁਦਿਆਂ ਨੇ ਡਾ. ਮਨਮੋਹਨ ਸਿੰਘ ਦੀ ਆਰਥਿਕ ਜਗਤ ਵਿੱਚ ਦਮਦਾਰ ਹਸਤੀ ਵਾਲੀ ਪਛਾਣ ਬਣਾ ਦਿੱਤੀ। 1991 ਵਿੱਚ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਨੇ ਉਨ੍ਹਾਂ ਨੂੰ ਆਪਣੀ ਸਰਕਾਰ ਵਿੱਚ ਵਿੱਤ ਮੰਤਰੀ ਬਣਾਇਆ। ਇਹ ਉਹ ਸਮਾਂ ਸੀ ਜਦੋਂ ਭਾਰਤ ਡਿਫਾਲਟਰ ਹੋਣ ਦੀ ਕਗਾਰ ’ਤੇ ਸੀ। ਮਨਮੋਹਨ ਸਿੰਘ ਨੇ ਦੇਸ਼ ਨੂੰ ਇਸ ਸਮੱਸਿਆ ਤੋਂ ਕੱਢਣ ਲਈ ਦਲੇਰਾਨਾ ਫ਼ੈਸਲੇ ਅਤੇ ਵੱਡੇ ਸੁਧਾਰ ਕੀਤੇ।
ਸੁਖਮੰਦਰ ਸਿੰਘ, ਖੋਸਾ ਪਾਂਡੋ (ਮੋਗਾ)
ਸੇਵਾ ਭਾਵਨਾ
25 ਦਸੰਬਰ ਨੂੰ ਦਲਬੀਰ ਸਿੰਘ ਸੱਖੋਵਾਲੀਆ ਦਾ ਲੇਖ ‘ਰੰਘਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ’ ਪ੍ਰਭਾਵਸ਼ਾਲੀ ਸੀ। ਬਾਬਾ ਜੀਵਨ ਸਿੰਘ ਵਰਗੇ ਵੱਡੇ ਵਡੇਰਿਆਂ ਤੋਂ ਲੈ ਕੇ ਪੁਸ਼ਤਾਂ ਤੱਕ ਗੁਰੂ ਘਰ ਦੀ ਸੇਵਾ ਭਾਵਨਾ ਦੀ ਰੀਝ ਅਤੇ ਨੀਝ ਦਾ ਪ੍ਰਗਟਾਵਾ ਲੇਖ ਵਿੱਚ ਕੀਤਾ ਗਿਆ ਹੈ।
ਪ੍ਰਿੰਸੀਪਲ ਸੁਖਦੇਵ ਸਿੰਘ, ਲੁਧਿਆਣਾ
ਸ਼ੂਗਰ ਦੀ ਮਾਰ
24 ਦਸੰਬਰ ਦੇ ਅੰਕ ਵਿੱਚ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਮਿੱਠਾ-ਮਿੱਠਾ ਹੈ ਦੇਸ਼ ਮੇਰਾ, ਪੰਜਾਬ ਮੇਰਾ…’ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਸ਼ੂਗਰ ਦੀ ਬਿਮਾਰੀ ਨੇ ਪੰਜਾਬ ਦੇ ਨਾਲ-ਨਾਲ ਸਮੁੱਚੇ ਭਾਰਤ ਨੂੰ ਆਪਣੇ ਸ਼ਿਕੰਜੇ ਵਿੱਚ ਜਕੜਿਆ ਹੋਇਆ ਹੈ। ਸ਼ੂਗਰ ਅਜਿਹੀ ਬਿਮਾਰੀ ਹੈ ਜੋ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਵਧਾ ਕੇ ਹੋਰ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਜੀਵਨ ਸ਼ੈਲੀ ਵਿੱਚ ਆਈ ਤਬਦੀਲੀ, ਰਵਾਇਤੀ ਭੋਜਨ ਪਦਾਰਥਾਂ ਵੱਲ ਬੇਰੁਖ਼ੀ ਅਤੇ ਹੱਥੀਂ ਕੰਮ-ਕਾਜ ਛੱਡਣ ਕਰ ਕੇ ਇਸ ਬਿਮਾਰੀ ਦਾ ਪ੍ਰਭਾਵ ਵਧ ਰਿਹਾ ਹੈ। ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਜਿੱਥੇ ਸਿਹਤ ਵਿਭਾਗ ਨੂੰ ਠੋਸ ਨੀਤੀ ਉਲੀਕ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ, ਉੱਥੇ ਸਾਨੂੰ ਸਾਰਿਆਂ ਨੂੰ ਪੱਛਮੀ ਜੀਵਨ ਸ਼ੈਲੀ ਛੱਡ ਕੇ ਆਪਣੀ ਪੁਰਾਣੀ ਰਵਾਇਤੀ ਜੀਵਨ ਸ਼ੈਲੀ ਵੱਲ ਪਰਤਣਾ ਹੋਵੇਗਾ।
ਰਜਵਿੰਦਰਪਾਲ ਸ਼ਰਮਾ, ਈਮੇਲ
ਮਹਿੰਗਾ ਇਲਾਜ
24 ਦਸੰਬਰ ਨੂੰ ਸ਼ਿਵੰਦਰ ਕੌਰ ਦਾ ਲੇਖ ‘ਜਾਗਣ ਦਾ ਵੇਲਾ’ ਪੜ੍ਹਿਆ। ਵਾਕਈ, ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਖੁਆਰੀ ਅਤੇ ਇਲਾਜ ਦੇ ਨਾਂ ’ਤੇ ਮਹਿੰਗੇ ਖਰਚੇ ਨਾਲ ਜੂਝਣਾ ਪੈ ਰਿਹਾ ਹੈ। ਪੁਰਾਤਨ ਸਮੇਂ ਵਿੱਚ ਇਲਾਜ ਸਹੂਲਤਾਂ ਘੱਟ ਹੋਣ ਦੇ ਬਾਵਜੂਦ ਲੋਕ ਤੰਦਰੁਸਤ ਜੀਵਨ ਬਤੀਤ ਕਰਦੇ ਸਨ ਕਿਉਂਕਿ ਉਸ ਸਮੇਂ ਜੰਕ ਫੂਡ ਵਗੈਰਾ ਨਾਲ ਸਿਹਤ ਖਰਾਬ ਨਹੀਂ ਸੀ ਹੁੰਦੀ। ਲਿਫ਼ਾਫ਼ਾ ਬੰਦ ਖਾਧ ਪਦਾਰਥਾਂ ਨੇ ਲੋਕਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਨਾਲ ਜਕੜ ਲਿਆ ਹੈ।
ਬਲਵਿੰਦਰ ਕੌਰ, ਮਾਣਕੀ (ਮਾਲੇਰਕੋਟਲਾ)
ਦੂਰ ਜਾਣ ਦੀ ਲੋੜ ਨਹੀਂ…
19 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਸੁਪਿੰਦਰ ਸਿੰਘ ਰਾਣਾ ਦਾ ਲੇਖ ‘ਖੁਸ਼ੀਆਂ ਦਾ ਰਾਹ’ ਪੜ੍ਹਿਆ। ਲੇਖਕ ਨੇ ਦੱਸਿਆ ਹੈ ਕਿ ਡਾ. ਕਰਨੈਲ ਸਿੰਘ ਸੋਮਲ ਵੱਲੋਂ ਪੜ੍ਹਨ ਲਈ ਦਿੱਤੇ ਕਿਤਾਬ ਦੇ ਖਰੜੇ ਰਾਹੀਂ ਪਤਾ ਲੱਗਦਾ ਹੈ ਕਿ ਘਰ ਵਿੱਚ ਅਤੇ ਆਲੇ ਦੁਆਲੇ ਕਾਫ਼ੀ ਜ਼ਿਆਦਾ ਅਜਿਹੇ ਸ਼ਖ਼ਸ ਰਹਿੰਦੇ ਹਨ ਜਿਨ੍ਹਾਂ ਦੀ ਕਾਰਗੁਜ਼ਾਰੀ ਦੇਖ ਕੇ ਖੁਸ਼ੀਆਂ ਮਾਣੀਆਂ ਜਾ ਸਕਦੀਆਂ ਹਨ। ਇਸ ਲਈ ਕਿਤੇ ਦੂਰ ਜਾਣ ਦੀ ਲੋੜ ਨਹੀਂ। ਇਸ ਲਿਖਤ ਵਿੱਚ ਲੇਖਕ ਦੁਆਰਾ ਲਾਲ ਸਿੰਘ ਦੀ ਉਦਾਹਰਨ ਜ਼ਰੀਏ ਪਾਠਕਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਸਮੁੱਖ ਅਤੇ ਮਿਲਣਸਾਰ ਮਨੁੱਖ ਕਿਵੇਂ ਖੁਸ਼ੀਆਂ ਦੇ ਰਾਹ ਫੜਦਾ ਅਤੇ ਵੰਡਦਾ ਹੈ। ਇਸ ਨਾਲ ਹਰ ਮਨੁੱਖ ਖੁਸ਼ੀਆਂ ਦੇ ਰਹ ਵੱਲ ਜਾਂਦੀਆਂ ਪਗਡੰਡੀਆਂ ’ਤੇ ਤੁਰਨ ਦਾ ਵੱਲ ਸਿੱਖ ਜਾਂਦਾ ਹੈ।
ਹਰਿੰਦਰਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)
ਕਿਸਾਨਾਂ ਦੀ ਤਰਜਮਾਨੀ
27 ਦਸੰਬਰ ਨੂੰ ਛਪਿਆ ਡਾ. ਮੇਹਰ ਮਾਣਕ ਦਾ ਲੇਖ ‘ਖੁਸ਼ਹਾਲੀ ਤੋਂ ਮੰਦਹਾਲੀ ਵੱਲ ਪੰਜਾਬ ਅਤੇ ਪੇਂਡੂ ਬੇਚੈਨੀ’ ਸਹੀ ਅਰਥਾਂ ਵਿੱਚ ਕਿਸਾਨਾਂ ਦੀ ਤਰਜਮਾਨੀ ਕਰਦਾ ਹੈ ਜਿਸ ਵਿੱਚ ਕਿਸਾਨਾਂ ਨੂੰ ਮੰਦਹਾਲੀ ਵੱਲ ਲੈ ਕੇ ਜਾਣ ਵਾਲੇ ਮੁੱਢਲੇ ਕਾਰਨਾਂ ਦੀ ਪੜਚੋਲ ਵਿਸਥਾਰ ਨਾਲ ਕੀਤੀ ਗਈ ਹੈ। ਕਿਵੇਂ 1960 ਵਿੱਚ ਪੰਜਾਬ ਨੂੰ ਹਰੀ ਕ੍ਰਾਂਤੀ ਵਿੱਚ ਝੋਕ ਕੇ ਪੰਜਾਬ ਦੇ ਪਾਣੀ ਅਤੇ ਧਰਤੀ ਨਾਲ ਖਿਲਵਾੜ ਕੀਤਾ ਗਿਆ। ਉਸ ਸਮੇਂ ਪੰਜਾਬ ਦੇ ਕਿਸਾਨਾਂ ਨੇ ਉਹ ਕੁਝ ਕਰ ਦਿਖਾਇਆ ਸੀ ਜੋ ਅਸੰਭਵ ਜਾਪਦਾ ਸੀ ਪਰ ਬਾਅਦ ਵਿੱਚ ਇਸ ਦਾ ਜੋ ਨੁਕਸਾਨ ਹੋਇਆ, ਕਿਸੇ ਤੋਂ ਛੁਪਿਆ ਨਹੀਂ। ਪੰਜਾਬ ਵਿੱਚ 14.5 ਲੱਖ ਟਿਊਬਵੈੱਲ ਚੱਲਦੇ ਹਨ ਜੋ ਪਾਣੀ ਦਾ ਪੱਧਰ 400 ਫੁੱਟ ’ਤੇ ਲੈ ਗਏ। ਪੰਜਾਬ ਦੇ 85 ਫ਼ੀਸਦੀ ਖੇਤੀ ਬਲਾਕ ਡਾਰਕ ਜ਼ੋਨ ਵਿੱਚ ਜਾ ਚੁੱਕੇ ਹਨ। ਕਿਸਾਨ ਖੇਤੀ ਧੰਦੇ ਤੋਂ ਟੁੱਟ ਰਹੇ ਹਨ ਅਤੇ ਸਰਕਾਰਾਂ ਦਾ ਵਤੀਰਾ ਵੀ ਕੇਵਲ ਵੱਡੇ ਧਨਾਢਾਂ ਦੇ ਹੱਕ ਵਿੱਚ ਨਜ਼ਰੀਂ ਪੈ ਰਿਹਾ ਹੈ।
ਬਲਦੇਵ ਸਿੰਘ ਵਿਰਕ, ਝੁਰੜ ਖੇੜਾ (ਫਾਜ਼ਿਲਕਾ)