ਪਾਠਕਾਂ ਦੇ ਖ਼ਤ
ਫ਼ਿਰਕੂ ਸਦਭਾਵਨਾ ਲਈ ਖ਼ਤਰਨਾਕ
7 ਦਸੰਬਰ ਵਾਲੇ ਨਜ਼ਰੀਆ ਪੰਨੇ ਉੱਤੇ ਜ਼ੋਇਆ ਹਸਨ ਦਾ ਲੇਖ ‘ਮਸਜਿਦ ਸਰਵੇਖਣ ਫ਼ਿਰਕੂ ਸਦਭਾਵਨਾ ਲਈ ਖ਼ਤਰਨਾਕ’ ਸਪੱਸ਼ਟ ਸੁਨੇਹਾ ਦਿੰਦਾ ਹੈ ਕਿ ਧਾਰਮਿਕ ਸਥਾਨਾਂ ਬਾਰੇ ਵਿਵਾਦ ਨਾ ਇਤਿਹਾਸ ਬਾਰੇ ਹਨ ਤੇ ਨਾ ਕਾਨੂੰਨ ਬਾਰੇ ਸਗੋਂ ਇਹ ਸਿਆਸਤ ’ਤੇ ਕੱਟੜ ਸੱਜੇ ਪੱਖੀ ਹਿੰਦੂ ਧਿਰਾਂ ਦੇ ਕਬਜ਼ੇ ਨੂੰ ਅੱਗੇ ਵਧਾਉਣ ਬਾਰੇ ਹਨ। ਧਰਮ ਸਥਾਨਾਂ ਦੇ ਵਿਵਾਦ ਅਤੇ ਇਸ ਤੋਂ ਪੈਦਾ ਹੁੰਦੀ ਫ਼ਿਰਕੂ ਹਿੰਸਾ ਨੂੰ ਰੋਕਣ ਲਈ ਪੂਜਾ ਸਥਾਨ ਕਾਨੂੰਨ-1991 ਬਣਾਇਆ ਗਿਆ ਸੀ ਪਰ ਅਦਾਲਤਾਂ ਤੋਂ ਬਚੀ ਇੱਕੋ-ਇੱਕ ਉਮੀਦ ਵੀ ਹੁਣ ਸ਼ਾਇਦ ਖ਼ਤਮ ਹੋ ਚੁੱਕੀ ਹੈ। ਲੇਖਕ ਦਾ ਇਹ ਕਹਿਣਾ ਬਿਲਕੁਲ ਵਾਜਿਬ ਹੈ ਕਿ ਇਨ੍ਹਾਂ ਧਾਰਮਿਕ ਸਥਾਨਾਂ ਦੇ ਵਿਵਾਦਾਂ ਨੇ ਦੋ ਫ਼ਿਰਕਿਆਂ ਦਰਮਿਆਨ ਵੰਡ ਨੂੰ ਗਹਿਰਾ ਕੀਤਾ ਹੈ ਅਤੇ ਇਨ੍ਹਾਂ ਨੂੰ ਵਧਣ ਦੇਣ ਲਈ ਅਦਾਲਤਾਂ ਜ਼ਿੰਮੇਵਾਰ ਹਨ।
ਜਸਵੰਤ ਮੁਹਾਲੀ, ਈਮੇਲ
ਅਕਾਲੀ ਆਗੂਆਂ ਦੀ ਪਹੁੰਚ
7 ਦਸੰਬਰ ਦੇ ਮੁੱਖ ਪੰਨੇ ’ਤੇ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਮੀਟਿੰਗ ਕਰ ਕੇ ਫ਼ੈਸਲਾ ਕਰਨ ਵਾਲੀ ਖ਼ਬਰ ਪੜ੍ਹੀ। ਕੋਰ ਕਮੇਟੀ ਦੀ ਮੀਟਿੰਗ ਕਰਨ ਦਾ ਤਾਂ ਇਨ੍ਹਾਂ ਕੋਲ ਸਮਾਂ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਹੁਕਮਨਾਮੇ ਅਨੁਸਾਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਪਾਸੋਂ ਰਿਪੋਰਟ ਸਮੇਂ ਸਿਰ ਨਾ ਭੇਜ ਸਕਣ ਲਈ, ਲੀਡਰਾਂ ਨੂੰ ਲੱਗੀ ਸੇਵਾ ਵਿੱਚ ਰੁੱਝੇ ਹੋਣ ਕਾਰਨ, ਸਮਾਂ ਹੱਦ ਵਿੱਚ ਵਾਧੇ ਦੀ ਮੰਗ ਕੀਤੀ ਗਈ ਹੈ। ਅਕਾਲੀ ਦਲ ਦੀਆਂ ਅਜਿਹੀਆਂ ਕਾਰਵਾਈਆਂ ਤੋਂ ਜਾਪਦਾ ਹੈ ਕਿ ਉਸ ਨੇ ਵੋਟਾਂ ਵਿੱਚ ਲੋਕਾਂ ਦੇ ਨਕਾਰੇ ਜਾਣ ਅਤੇ ਸਿੱਖਾਂ ਦੀ ਸਰਬਉੱਚ ਸੰਸਕਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਲਾਏ ਜਾਣ ਬਾਅਦ ਵੀ ਆਪਣੀ ਪੁਰਾਣੀ ਸਿਆਸਤ ਜਾਰੀ ਰੱਖੀ ਹੈ। 4 ਦਸੰਬਰ ਦੇ ਮੁੱਖ ਪੰਨੇ ’ਤੇ ‘ਬੁੱਢੇ ਦਰਿਆ ਨੂੰ ਬੰਨ੍ਹ ਮਾਰਨ ਜਾਂਦੇ…’ ਖ਼ਬਰ ਪੜ੍ਹ ਕੇ ਦੁੱਖ ਹੋਇਆ ਕਿ ਕਿਵੇਂ ਪੰਜਾਬ ਦੇ ‘ਪਿੰਡਾਂ ’ਚੋਂ ਚੱਲਣ ਵਾਲੀ ਸਰਕਾਰ’ ਪਿੰਡਾਂ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨੂੰ ਕੋਈ ਵੀ ਮੰਗ ਰੱਖਣ ਤੋਂ ਪਹਿਲਾਂ ਹੀ ਪੁਲੀਸ ਦੀ ਮਦਦ ਨਾਲ ਦਬੋਚ ਲੈਂਦੀ ਹੈ। ਇਹ ਸਰਕਾਰ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਵਾਲੇ ਕਾਰਖਾਨੇਦਾਰਾਂ ਦੀ ਸਿਆਸਤ ਨੂੰ ਕੋਈ ਬੰਨ੍ਹ ਨਹੀਂ ਮਾਰ ਰਹੀ। ਬੁੱਢਾ ਦਰਿਆ ਜੋ ਗੰਦਗੀ ਦਾ ਪ੍ਰਤੀਕ ਬਣ ਗਿਆ ਹੈ, ਇਸ ਲਈ ਸਾਫ਼ ਨਹੀਂ ਹੋ ਰਿਹਾ ਕਿਉਂਕਿ ਸਾਡੇ ਸਰਕਾਰੀ ਮਹਿਕਮੇ ‘ਪੰਚਾਂ ਦਾ ਕਹਿਣਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ’ ਵਾਲੀ ਕਹਾਵਤ ’ਤੇ ਅਮਲ ਕਰ ਰਹੇ ਹਨ। ਉਂਝ, ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ; ਦਰਿਆ ਅਤੇ ਧਰਤੀ ਵਿੱਚ ਕਿਸੇ ਵੀ ਕਿਸਮ ਦਾ ਪਾਣੀ ਪਾਉਣਾ ਸਖ਼ਤੀ ਨਾਲ ਰੋਕਿਆ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖਿਲਵਾੜ ਨਾ ਹੋਵੇ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਮੋਹ ਦਾ ਰਿਸ਼ਤਾ
6 ਦਸੰਬਰ ਨੂੰ ਦਰਸ਼ਨ ਸਿੰਘ ਦਾ ਮਿਡਲ ‘ਨਵੇਂ ਰਾਹ’ ਪੜ੍ਹਿਆ। ਅਸਲ ਵਿੱਚ ਅਧਿਆਪਕ ਅਤੇ ਮਾਪੇ ਆਪਣੇ ਵਿਦਿਆਰਥੀਆਂ, ਬੱਚਿਆਂ ਨੂੰ ਕਾਮਯਾਬ ਹੁੰਦੇ ਦੇਖ ਕੇ ਸਦਾ ਖ਼ੁਸ਼ ਹੁੰਦੇ ਹਨ। ਦੂਜੀ ਗੱਲ, ਅਧਿਆਪਕ ਦਾ ਆਪਣੇ ਵਿਦਿਆਰਥੀਆਂ ਨਾਲ ਮੋਹ ਦਾ ਰਿਸ਼ਤਾ ਹੁੰਦਾ ਹੈ। ਉਹ ਭਾਵੇਂ ਸੇਵਾਮੁਕਤ ਵੀ ਹੋ ਜਾਵੇ ਪਰ ਉਹ ਆਪਣੇ ਪੜ੍ਹਾਏ ਬੱਚਿਆਂ ਨੂੰ ਮਨੋ ਨਹੀਂ ਵਿਸਾਰਦਾ। ਚੰਗੇ ਵਿਦਿਆਰਥੀ ਵੀ ਤਾ-ਉਮਰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦੇ ਹਨ।
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
(2)
6 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਦਰਸ਼ਨ ਸਿੰਘ ਦੀ ਲਿਖਤ ‘ਨਵੇਂ ਰਾਹ’ ਪੜ੍ਹੀ। ਲਿਖਤ ਦੀ ਇੱਕ-ਇੱਕ ਸਤਰ ਮੈਨੂੰ ਮੇਰੇ ਨਵੋਦਿਆ (ਸਕੂਲ) ਦੀ ਜ਼ਿੰਦਗੀ ਵੱਲ ਲਿਜਾ ਰਹੀ ਸੀ। ਨਵੋਦਿਆ ਸਕੂਲ ਸਮੇਂ ਦਾ ਗਰਾਊਂਡ, ਸਵੇਰ ਦੀ ਪੀ ਟੀ ਵੇਲੇ ਦਰਖ਼ਤਾਂ ਦੇ ਪੱਤਿਆਂ ’ਤੇ ਪਈਆਂ ਮੋਤੀਆਂ ਵਰਗੀਆਂ ਬੂੰਦਾਂ, ਹਾਸੇ ਠੱਠੇ, ਜ਼ਿੰਦਗੀ ਨੂੰ ਬਿਹਤਰ ਰੂਪ ’ਚ ਢਾਲਦੀਆਂ ਅਧਿਆਪਕਾਂ ਦੀਆਂ ਝਿੜਕਾਂ ਯਾਦ ਆਈਆਂ। ਇਹ ਜ਼ਿੰਦਗੀ ਦਾ ਉਹ ਰਾਹ ਸੀ ਜਿਸ ਨੇ ਮੈਨੂੰ ਸਮਾਜ ’ਚ ਪਏ ਕਈ ਤਰ੍ਹਾਂ ਦੇ ਕੂੜ ਤੋਂ ਮੁਕਤ ਕਰਵਾਇਆ। ਮੇਰੇ ਅੰਦਰ ਜਾਤਾਂ ਦਾ ਭੇਦ, ਮੁੰਡੇ-ਕੁੜੀ ਦਾ ਭੇਦ ਇਸ ਰਾਹ ਨੇ ਹੀ ਮਿਟਾਇਆ ਤੇ ਸਮੁੱਚੀ ਮਾਨਵਤਾ ਦਾ ਫ਼ਿਕਰ ਕਰਨਾ ਇਸ ਰਾਹ ਦੀ ਹੀ ਦੇਣ ਹੈ।
ਮੌਸਮ ਗੋਰਸੀ, ਢਾਬੀ ਗੁੱਜਰਾਂ (ਪਟਿਆਲਾ)
ਜੰਕ ਫੂਡ ਦੀ ਮਾਰ
5 ਦਸੰਬਰ ਦੇ ਮੁੱਖ ਸਫ਼ੇ ’ਤੇ ਚਰਨਜੀਤ ਭੁੱਲਰ ਦੀ ਖ਼ਬਰ ‘ਸ਼ੌਕ ਦੇ ਤੰਦ: ਚੁੱਲ੍ਹੇ ਪੱਕਦੀ ਰੋਟੀ, ਹੁਣ ਖਾਊ ਕੌਣ ਵੇ…’ ਰਾਹੀਂ ਦਿਨੋ-ਦਿਨ ਪੰਜਾਬੀਆਂ ਵਿੱਚ ਜੰਕ ਫੂਡ ਦੇ ਵਧਦੇ ਰੁਝਾਨ ਅਤੇ ਜੰਕ ਫੂਡ ਦੇ ਕਾਰੋਬਾਰੀਆਂ ਦੇ ਮੁਨਾਫ਼ੇ ਨੂੰ ਉਜਾਗਰ ਕੀਤਾ ਹੈ। ਸ਼ਹਿਰਾਂ ਵਿੱਚ ਬਹੁਤੇ ਲੋਕ ਸ਼ਾਮ ਦਾ ਖਾਣਾ ਬਾਹਰ ਖਾਣ ਨੂੰ ਤਰਜੀਹ ਦਿੰਦੇ ਹਨ। ਸਵੇਰ ਵੇਲੇ ਵੀ ਘਰ ਵਿੱਚ ਨਾਸ਼ਤਾ ਕਰਨ ਦੀ ਬਜਾਇ ਬਾਹਰੋਂ ਜੰਕ ਫੂਡ ਲੈ ਕੇ ਖਾਂਦੇ ਹਨ। ਦਿਨੋ-ਦਿਨ ਭੋਜਨ ਵਿੱਚ ਵਧ ਰਹੇ ਜੰਕ ਫੂਡ ਨੇ ਪੰਜਾਬ ਦੀ ਸਿਹਤ ਵਿੱਚ ਨਿਘਾਰ ਲਿਆ ਕੇ ਬਿਮਾਰੀਆਂ ਦੇ ਹਵਾਲੇ ਕਰ ਦਿੱਤਾ ਹੈ। ਅੱਜ ਪੰਜਾਬੀ ਮੋਟਾਪਾ, ਤਣਾਅ, ਬਲੱਡ ਪ੍ਰੈੱਸ਼ਰ, ਸ਼ੂਗਰ ਅਤੇ ਕਲੈਸਟਰੋਲ ਦੇ ਵਾਧੇ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਜੂਝ ਰਿਹਾ ਹੈ। ਬਦਲ ਰਹੀ ਜੀਵਨ ਸ਼ੈਲੀ ਕਰ ਕੇ ਮਨੁੱਖ ਹੱਥੀਂ ਕੰਮ ਕਰਨ ਤੋਂ ਗੁਰੇਜ਼ ਕਰਦਾ ਹੈ। ਸਾਰਾ ਕੰਮ ਮਸ਼ੀਨਾਂ ਨਾਲ ਕਰਨ ਨੂੰ ਤਰਜੀਹ ਦਿੰਦਾ ਹੈ। ਦੋ ਕਦਮ ਤੁਰਨਾ ਪਵੇ ਤਾਂ ਸਾਹ ਚੜ੍ਹ ਜਾਂਦਾ ਹੈ। ਮੋਟੇ ਅਨਾਜ, ਸਰੋਂ ਦਾ ਸਾਗ, ਮੱਕੀ ਦਾ ਆਟਾ ਅਤੇ ਹੋਰ ਰਵਾਇਤੀ ਭੋਜਨ ਪਦਾਰਥ ਜਿੱਥੇ ਸਸਤੇ ਅਤੇ ਆਸਾਨੀ ਨਾਲ ਮਿਲਣ ਵਾਲੇ ਹਨ, ਉੱਥੇ ਸਰੀਰ ਨੂੰ ਤੰਦਰੁਸਤ ਅਤੇ ਰੋਗਾਣੂਆਂ ਨਾਲ ਲੜਨ ਵਾਲੀ ਸ਼ਕਤੀ ਵਿੱਚ ਵੀ ਵਾਧਾ ਕਰਦੇ ਹਨ।
ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)
ਇਲਾਜ ਬਾਰੇ ਦਾਅਵਿਆਂ ਦੀ ਹਕੀਕਤ
5 ਦਸੰਬਰ ਦੇ ਅੰਕ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਨਵਜੋਤ ਸਿੱਧੂ ਖ਼ਿਲਾਫ਼ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰਨ ਵਾਲੀ ਗੱਲ ਵਧੀਆ ਲੱਗੀ। ਗਊ ਮੂਤਰ ਦੀਆਂ ਸ਼ੀਸ਼ੀਆਂ ’ਤੇ ਕਿੰਨੀਆਂ ਹੀ ਗੰਭੀਰ ਬਿਮਾਰੀਆਂ ਦਾ ਇਲਾਜ ਹੋਣ ਦਾ ਦਾਅਵਾ ਲਿਖਿਆ ਹੁੰਦਾ; ਬੀਜ ਮੰਤਰ ਰਾਹੀਂ ਇਲਾਜ ਕਰਨ ਵਾਲੇ ਬਾਬਿਆਂ ਦੇ ਇਸ਼ਤਿਹਾਰ ਅਕਸਰ ਛਪਦੇ ਹਨ। ਸਿੱਧੂ ਦੇ ਦਾਅਵੇ ਖ਼ਿਲਾਫ਼ ਪਟੀਸ਼ਨ ਪਾਉਣ ਨਾਲੋਂ ਜ਼ਿਆਦਾ ਜ਼ਰੂਰੀ ਤਾਂ ਗਊ ਪਿਸ਼ਾਬ, ਬੀਜ ਮੰਤਰ ਆਦਿ ਦੇ ਦਾਅਵਿਆਂ ਖ਼ਿਲਾਫ਼ ਪਟੀਸ਼ਨਾਂ ਪਾਉਣ ਦੀ ਲੋੜ ਸੀ। ਅਦਾਲਤ ਵੱਲੋਂ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਨੂੰ ਮਹੱਤਵ ਦੇਣਾ ਵੀ ਚੰਗਾ ਲੱਗਿਆ। ਇਸੇ ਤਰ੍ਹਾਂ ਜੇ ਵਿਗਿਆਨਕ ਤੇ ਤਰਕਸ਼ੀਲ ਵਿਚਾਰ ਦੇਣ ਵਾਲੇ ਕਿਸੇ ਚਿੰਤਕ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੇ ਕੇਸ ਦਰਜ ਕਰਵਾਉਣ ਦੀ ਥਾਂ ਦਲੀਲਾਂ ਨਾਲ ਗੱਲ ਕਰਨ ਨੂੰ ਤਰਜੀਹ ਦਿੱਤੀ ਜਾਇਆ ਕਰੇ ਤਾਂ ਲੋਕਾਂ ਦੇ ਮਨਾਂ ਵਿੱਚ ਪਏ ਭੁਲੇਖੇ ਦੂਰ ਕਰਨ ਵਿੱਚ ਵੀ ਮਦਦ ਮਿਲੇਗੀ।
ਸੋਹਣ ਲਾਲ ਗੁਪਤਾ, ਪਟਿਆਲਾ
ਪੰਜਾਬ ਲਈ ਯੋਜਨਾ
11 ਦਸੰਬਰ ਨੂੰ ਗੁਰਬਚਨ ਜਗਤ ਦਾ ਲੇਖ ‘ਪੰਜਾਬ ਲਈ ਨਵੀਂ ਯੋਜਨਾ ਘੜਨ ਦੀ ਲੋੜ’ ਪੜ੍ਹਿਆ। ਲੇਖ ਦਾ ਅੰਤਰੀਵ ਭਾਵ ਇਹ ਹੈ ਕਿ ਪੰਜਾਬ ਬਾਕੀ ਮੁਲਕਾਂ ਨਾਲੋਂ ਸਾਰੇ ਖੇਤਰਾਂ ਵਿੱਚ ਅੱਡਰੀ ਪਛਾਣ ਰੱਖਦਾ ਹੈ। ਹਰੀ ਕ੍ਰਾਂਤੀ 1962, 1965 ਤੇ 1971 ਦੀਆਂ ਜੰਗਾਂ ਵਿੱਚ ਪੰਜਾਬੀਆਂ ਦੇ ਮਾਅਰਕੇ ਲੁਕੇ ਨਹੀਂ ਹਨ। ਸਰਹੱਦ ਦਾ ਜ਼ਿਕਰ ਕੀਤਾ ਹੈ। ਇਹ ਵਰਤਾਰੇ ਪੰਜਾਬ ਵਿੱਚ ਭੂਗੋਲਿਕ ਸਥਿਤੀ ਕਾਰਨ ਹੁੰਦੇ ਗਏ। ਅਸੁਰੱਖਿਆ, ਨਸ਼ਾ, ਸਿਹਤ, ਗ਼ੈਰ-ਹੁਨਰਵੰਦੀ, ਪਰਵਾਸ ਅਤੇ ਆਈਲੈੱਟਸ ਵਗੈਰਾ ਸਭ ਚਿੰਤਾ ਦੇ ਵਿਸ਼ੇ ਹਨ। ਇਹ ਨੈਤਿਕ ਨਾਬਰੀ ਦੇ ਪ੍ਰਤੀਕ ਪੰਜਾਬ ਦੇ ਪੈਰਾਂ ਵਿੱਚ ਪੈਖੜ ਹਨ। ਇਸ ਪਿੱਛੇ ਸ਼ੱਕ ਦੀ ਸੂਈ ਵੀ ਘੁੰਮਦੀ ਰਹਿੰਦੀ ਹੈ ਕਿ ਇਹ ਸਭ ਜਾਣਬੁੱਝ ਕੇ ਕੀਤਾ ਜਾਂ ਕਰਵਾਇਆ ਜਾ ਰਿਹਾ ਹੈ। ਚੰਗਾ ਹੁੰਦਾ ਜੇ ਲੇਖਕ ਇਨ੍ਹਾਂ ਹਾਲਾਤ ਪਿੱਛੇ ਕਾਰਨ ਵੀ ਉਜਾਗਰ ਕਰਦਾ। ਪੰਜਾਬੀਆਂ ਨੂੰ ਚਿੰਤਾ ਹੈ ਪਰ ਚਿੰਤਕ ਅਤੇ ਨੀਤੀ ਘਾੜੇ ਡੰਗ ਟਪਾਉਣ ਲਈ ਬੁੱਤਾ ਸਾਰੂ ਰੰਗ-ਢੰਗ ਅਪਣਾ ਲੈਂਦੇ ਹਨ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ