ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਠਕਾਂ ਦੇ ਖ਼ਤ

07:21 AM Nov 29, 2024 IST

ਸ਼ੱਕ ਦੇ ਦਾਇਰੇ

28 ਨਵੰਬਰ ਦੇ ਦੋਵੇਂ ਸੰਪਾਦਕੀ ‘ਈਵੀਐੱਮ ਦੀ ਪ੍ਰੋੜ੍ਹਤਾ’ ਅਤੇ ‘ਕੈਂਸਰ ਬਾਰੇ ਦਾਅਵੇ’ ਵੱਡੀ ਗਿਣਤੀ ਵਿੱਚ ਜਾਗਰੂਕ ਲੋਕਾਂ ਨਾਲ ਸਬੰਧ ਰੱਖਦੇ ਹਨ। ਈਵੀਐੱਮ ਦੀ ਪ੍ਰੋੜ੍ਹਤਾ ਦੇ ਮਾਮਲੇ ਵਿੱਚ ਈਵੀਐੱਮ ਸ਼ੱਕ ਦੇ ਦਾਇਰੇ ਵਿੱਚ ਆਉਂਦੀ ਹੈ। ਵਿਰੋਧੀ ਪਾਰਟੀਆਂ ਨੇ ਵੀ ਅਹਿਮ ਜਿੱਤਾਂ ਜਿੱਤੀਆਂ ਹਨ ਪਰ ਈਵੀਐੱਮ ਅਜੇ ਵੀ ਸ਼ੱਕ ਦੇ ਘੇਰੇ ਵਿੱਚੋਂ ਬਾਹਰ ਨਹੀਂ ਆ ਸਕੀ। ਸ਼ੱਕ ਵਧਾਉਣ ਵਾਲਾ ਮੁੱਦਾ ਇਹ ਹੈ ਕਿ ਵਿਕਸਤ ਮੁਲਕ ਵੀ ਮਸ਼ੀਨਾਂ ਦੀ ਵਰਤੋਂ ਨਹੀਂ ਕਰਦੇ। ਸ਼ੱਕ ਦੀ ਗੁੰਜਾਇਸ਼ ਭਾਵੇਂ ਜਿੰਨਾ ਚਿਰ ਮਰਜ਼ੀ ਜਿਊਂਦੀ ਰਹੇ, ਈਵੀਐੱਮ ਭਾਰਤ ਵਿੱਚ ਚੱਲਦੀ ਰਹੇਗੀ। ਜਿਸ ਦਿਨ ਈਵੀਐੱਮ ਨੇ ਝੂਠੇ ਨਤੀਜੇ ਦਿਖਾਏ, ਲੋਕ ਸੜਕਾਂ ਉੱਤੇ ਉੱਤਰ ਆਉਣਗੇ, ਉਸ ਦਿਨ ਈਵੀਐੱਮ ਦੀ ਸ਼ਾਮਤ ਵੀ ਆ ਸਕਦੀ ਹੈ। ਸ਼ੱਕ ਅਜਿਹਾ ਮੁੱਦਾ ਹੈ ਜਿਹੜਾ ਸਿਖ਼ਰ ’ਤੇ ਜਾ ਕੇ ਹੀ ਹੱਲ ਹੁੰਦਾ ਹੈ। ਦੇਖਦੇ ਹਾਂ, ਚੋਣ ਕਮਿਸ਼ਨ ਇਸ ਸ਼ੱਕ ਨੂੰ ਕਿਵੇਂ ਲੋਕ ਮਨਾਂ ਵਿੱਚੋਂ ਬਾਹਰ ਕਰਨ ਦਾ ਯਤਨ ਕਰੇਗਾ। ਨਵਜੋਤ ਸਿੱਧੂ ਨੇ ਆਪਣੀ ਰਾਇ ਨੂੰ ਲੋਕ ਰੁਚੀ ਬਣਾਉਣ ਦਾ ਯਤਨ ਕੀਤਾ ਹੈ ਜਿਹੜਾ ਵਿਗਿਆਨਕ ਤੱਥਾਂ ਦੀ ਆੜ ਵਿੱਚ ਸਿਰੇ ਨਹੀਂ ਚੜ੍ਹਿਆ; ਬਿਲਕੁੱਲ ਉਵੇਂ ਜਿਵੇਂ ਰਾਮਦੇਵ ਦੀ ਕੋਰੋਨਿਲ ਦਵਾਈ ਦੀਆਂ ਵੱਖੀਆਂ ਸੁਪਰੀਮ ਕੋਰਟ ਵਿੱਚ ਉਧੇੜੀਆਂ ਗਈਆਂ ਸਨ ਤੇ ਉਸ ਨੂੰ ਮੁਆਫ਼ੀ ਮੰਗਣੀ ਪਈ ਸੀ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

Advertisement

ਮੋਹ ਦਾ ਰਿਸ਼ਤਾ

25 ਨਵੰਬਰ ਦੇ ਨਜ਼ਰੀਆ ਅੰਕ ਵਿੱਚ ਮੁਖਤਿਆਰ ਸਿੰਘ ਦੇ ਲੇਖ ‘ਬਾਬੇ ਗੈਬੇ ਦੇ ਖ਼ਰਬੂਜ਼ੇ’ ਪੜ੍ਹ ਕੇ ਮੂੰਹ ਖੰਡ ਮਿਸ਼ਰੀ ਖਾਧੀ ਵਾਂਗ ਸੁਆਦ-ਸੁਆਦ ਹੋ ਗਿਆ। ਬਾਬੇ ਗੈਬੇ ਵੱਲੋਂ ਪੱਕੇ ਖਰਬੂਜਿ਼ਆਂ ਦੀ ਫ਼ਸਲ ਦੀ ਪੁੱਤਾਂ ਵਾਂਗ ਰਾਖੀ ਰੱਖਣੀ ਸੁਭਾਵਿਕ ਪ੍ਰਤੀਤ ਹੁੰਦੀ ਹੈ ਕਿਉਂਕਿ ਜਿਸ ਮਿਹਨਤ ਨਾਲ ਫ਼ਸਲ ਬੀਜ ਕੇ ਉੱਗਣ ਤੋਂ ਬਾਅਦ ਗੋਡੀ ਅਤੇ ਸਾਂਭ-ਸੰਭਾਲ ਕਰਨੀ ਪੈਂਦੀ ਹੈ, ਤੇ ਫਿਰ ਬੂਟੇ ਵੱਡੇ ਹੋਣ ਨਾਲ ਫ਼ਲ ਪੈਂਦਾ ਹੈ ਤਾਂ ਕਿਸਾਨ ਦਾ ਇੱਕ-ਇੱਕ ਬੂਟੇ ਨਾਲ ਮੋਹ ਦਾ ਰਿਸ਼ਤਾ ਪੈਦਾ ਹੋ ਜਾਂਦਾ ਹੈ। ਅਜਿਹੀ ਹਾਲਤ ਵਿੱਚ ਚੋਰੀ ਜਾਂ ਮੱਲੋ ਜ਼ੋਰੀ ਫ਼ਲ ਤੋੜਨ ਵਾਲਾ ਕਿਸਾਨ ਨੂੰ ਜਾਨੀ ਦੁਸ਼ਮਣ ਮਹਿਸੂਸ ਹੁੰਦਾ ਹੈ। ਉਂਝ ਪੱਕੀ ਫ਼ਸਲ ਦੇਖ ਕੇ ਕਿਸਾਨ ਦਾ ਸੀਨਾ ਮਾਣ ਨਾਲ ਫੁੱਲ ਜਾਂਦਾ ਹੈ ਅਤੇ ਉਹ ਦਰਿਆ ਦਿਲ ਹੋ ਜਾਂਦਾ ਹੈ। ਇਸੇ ਲਈ ਖਰਬੂਜ਼ੇ ਪੱਕਣ ’ਤੇ ਬਾਬਾ ਗੈਬਾ ਆਪ ਬੱਚਿਆਂ ਨੂੰ ਆਵਾਜ਼ਾਂ ਮਾਰ ਕੇ ਖਰਬੂਜ਼ੇ ਖਾਣ ਦੀ ਦਾਅਵਤ ਦਿੰਦਾ ਹੈ। ਵਪਾਰੀਆਂ ਅਤੇ ਦਲਾਲਾਂ ਦੀ ਲੁੱਟ ਦੇ ਸਤਾਏ ਕਿਸਾਨਾਂ ਵੱਲੋਂ ਅੰਦੋਲਨ ਦਾ ਰਾਹ ਫੜੇ ਜਾਣ ਦੇ ਮਸਲੇ ਦਾ ਹੱਲ ਕਰਨ ਸਮੇਂ ਕਿਸਾਨ ਦੀ ਇਸ ਮਾਨਸਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੇ ਖ਼ੂਨ ਪਸੀਨੇ ਨਾਲ ਉਗਾਈ ਫ਼ਸਲ ਦੀ ਬੇਕਦਰੀ ਦੇਖ ਕੇ ਕਿਸਾਨ ਲਹੂ ਦੇ ਅੱਥਰੂ ਡੋਲ੍ਹਦਾ ਹੈ ਪਰ ਉਹਨੂੰ ਨਿਆਂ ਕਿਧਰੋਂ ਵੀ ਨਹੀਂ ਮਿਲਦਾ। ਅਜਿਹੇ ਹਾਲਾਤ ਵਿੱਚ ਉਨ੍ਹਾਂ ’ਤੇ ਸਖ਼ਤੀ ਕਰਨ ਦੀ ਬਜਾਇ ਉਨ੍ਹਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣੀ ਜ਼ਰੂਰੀ ਹੈ।
ਅਵਤਾਰ ਸਿੰਘ ਭੁੱਲਰ, ਕਪੂਰਥਲਾ

ਸਾਡਾ ਸੰਵਿਧਾਨ

23 ਨਵੰਬਰ ਦੇ ਅੰਕ ਵਿੱਚ ਛਪੇ ਲੇਖ ‘ਸਾਡਾ ਸੰਵਿਧਾਨ ਅਤੇ ਪੁਰਾਣੇ ਗ੍ਰੰਥਾਂ ਦੀ ਨਿਆਂ ਪ੍ਰਣਾਲੀ’ (ਲੇਖਕ ਸੁੱਚਾ ਸਿੰਘ ਖੱਟੜਾ) ਨੇ ਹਿੰਦੂ ਰਾਸ਼ਟਰ ਦੀ ਰੱਟ ਲਾਉਂਦੇ ਅਤੇ ਲੋਕਾਂ ਨੂੰ ਧਾਰਮਿਕ ਫ਼ਿਰਕਿਆਂ ’ਚ ਵੰਡ ਕੇ ਪਿਛਾਖੜੀ ਸੋਚ ਦੇ ਮਨਸੂਬੇ ਘੜਨ ਵਾਲਿਆਂ ਨੂੰ ਨੰਗਾ ਕੀਤਾ ਹੈ। ਲੇਖ ਜਿਸ ਤਰੀਕੇ ਨਾਲ ਮਨੂ ਸਿਮ੍ਰਤੀ ਬਾਰੇ ਬਿਆਨ ਕੀਤਾ ਗਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਇਸ ਤੋਂ ਖ਼ਤਰਨਾਕ ਜ਼ਹਿਰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਹੈ। ਇਸ ਲਈ ਅਗਾਂਹਵਧੂ ਸੋਚ ਵਾਲਿਆਂ ਨੇ ਇਨ੍ਹਾਂ ਲੋਕ ਵਿਰੋਧੀ ਲੋਕਾਂ ਨੂੰ ਸਮੇਂ-ਸਮੇਂ ਲਤਾੜਿਆ ਹੈ। ਅਜਿਹੀ ਲੜਾਈ ਦੀ ਲਗਾਤਾਰਤਾ ਹੀ ਬਰਾਬਰੀ ਅਤੇ ਲੁੱਟ ਰਹਿਤ ਸਮਾਜ ਸਿਰਜ ਸਕਦੀ ਹੈ।
ਮੌਸਮ ਗੋਰਸੀ, ਢਾਬੀ ਗੁੱਜਰਾਂ (ਪਟਿਆਲਾ)

Advertisement

ਭਾਵੁਕ ਰਚਨਾ

22 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਪ੍ਰਿੰਸੀਪਲ ਸਰਵਣ ਸਿੰਘ ਦਾ ਲੇਖ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਭਾਵੁਕ ਕਰ ਗਿਆ। ਸੱਚਮੁੱਚ ਉਹ ਪੰਜਾਬੀਆਂ ਦਾ ਸਰੂ ਦਾ ਬੂਟਾ ਸੀ। ਅੱਸੀ ਸਾਲਾਂ ਵਿੱਚ ਅੱਸੀ ਰਚਨਾਵਾਂ ਦੇ ਕੇ ਉਸ ਨੇ ਸਿਰਫ਼ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਸਗੋਂ ਆਪਣੀ ਤੀਖਣ ਬੁੱਧੀ ਅਤੇ ਤੇਜ਼ ਕਲਮ ਰਾਹੀਂ ਪੰਜਾਬੀਆਂ ਦੀ ਰਗ-ਰਗ ਨੂੰ ਟੋਹਿਆ ਤੇ ਹਲੂਣਿਆ। ਉਨ੍ਹਾਂ ਦੇ ਨਾਂ ’ਤੇ ਹਰ ਸਾਲ ‘ਪੂਰਨਮਾਸ਼ੀ ਪੰਜਾਬੀ ਜੋੜ ਮੇਲਾ’ ਮਨਾਇਆ ਜਾਣਾ ਆਪਣੇ ਕੀਮਤੀ ਵਿਰਸੇ ਨੂੰ ਯਾਦ ਰੱਖਣ ਦਾ ਸ਼ੁੱਭ ਸੰਕੇਤ ਹੈ। ਇਸੇ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਵਧ-ਫੈਲ ਰਿਹਾ ਦਵਾਈਆਂ ਦਾ ਬਾਜ਼ਾਰ’ ਦਵਾਈਆਂ ਖਾਣ ਅਤੇ ਵੇਚਣ ਬਾਰੇ ਬਹੁਤ ਵਧੀਆ ਢੰਗ ਨਾਲ ਸੁਚੇਤ ਕਰਦਾ ਹੈ। ਮੈਡੀਕਲ ਵਿਭਾਗ ਵਿੱਚ ਜਿਸ ਤਰ੍ਹਾਂ ਇਹ ਭ੍ਰਿਸ਼ਟਾਚਾਰ ਆਪਣੀਆਂ ਜੜ੍ਹਾਂ ਫੈਲਾਅ ਚੁੱਕਾ ਹੈ, ਉਹ ਸਾਡੇ ਸਾਰਿਆਂ ਲਈ ਖ਼ਤਰੇ ਦੀ ਘੰਟੀ ਹੈ। ਜਿਸ ਤਰ੍ਹਾਂ ਅਸੀਂ ਛੋਲਿਆਂ ਵਾਂਗ ਬੱਟੀਆਂ ਚੱਬਣ ਲੱਗੇ ਹਾਂ, ਉਹ ਵੀ ਕਿਸੇ ਖ਼ਤਰੇ ਤੋਂ ਘੱਟ ਨਹੀਂ। ਇਸੇ ਦਿਨ ਪ੍ਰੋ. ਕੇਸੀ ਸ਼ਰਮਾ ਦਾ ਮਿਡਲ ‘ਜੁਗਾੜ’ ਵੀ ਪਿੰਡਾਂ ਵਿੱਚ ਫੈਲੇ ਅਨਪੜ੍ਹ ਜੁਗਾੜੂ ਡਾਕਟਰਾਂ ਦੇ ਭੇਤ ਹਲਕੇ ਫੁਲਕੇ ਢੰਗ ਨਾਲ ਖੋਲ੍ਹਣ ਵਿੱਚ ਕਾਮਯਾਬ ਰਿਹਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ

ਕੰਟਰੈਕਟ ਮੁਲਾਜ਼ਮਾਂ ਦੀ ਤ੍ਰਾਸਦੀ

13 ਨਵੰਬਰ ਵਾਲੇ ਅੰਕ ਵਿੱਚ ਸਾਬਕਾ ਕੰਟਰੈਕਚੁਅਲ ਨਿਊਜ਼ ਰੀਡਰ ਅਵਤਾਰ ਸਿੰਘ ਢਿੱਲੋਂ ਦਾ ਲੇਖ ‘ਕੰਟਰੈਕਚੂਅਲ ਰਿਟਾਇਰਮੈਂਟ’ ਪੜ੍ਹਿਆ ਜਿਸ ਵਿੱਚ ਕੰਟਰੈਕਟ ਮੁਲਾਜ਼ਮਾਂ ਦੀ ਤ੍ਰਾਸਦੀ ਨੂੰ ਬਾਖ਼ੂਬੀ ਬਿਆਨ ਕਰਦਿਆਂ ਲੇਖਕ ਨੇ ਆਪਣਾ ਦਰਦ ਬਿਆਨਿਆ ਹੈ। ਵਾਕਿਆ ਹੀ ਸਰਕਾਰੀ ਅਤੇ ਕੰਟਰੈਕਟ ਮੁਲਾਜ਼ਮਾਂ ਵਿਚਕਾਰ ਜ਼ਮੀਨ ਅਸਮਾਨ ਦਾ ਫ਼ਰਕ ਹੈ। ਲੇਖਕ ਨੇ ਕੰਟਰੈਕਟ ਅਤੇ ਸਰਕਾਰੀ ਨੌਕਰੀ ਦੇ ਫ਼ਰਕ ਨੂੰ ਖ਼ੁਦ ਆਪਣੇ ਪਿੰਡੇ ’ਤੇ ਹੰਢਾਇਆ। ਅਫ਼ਸਰਾਂ ਦੇ ਲਾਰੇ ਅਤੇ ਵਾਅਦੇ ਕਿਵੇਂ ਕਫ਼ੂਰ ਬਣ ਉੱਡੇ ਅਤੇ ਬਹੁਤ ਸੋਹਣੇ ਢੰਗ ਨਾਲ ਸੱਚ ਬਿਆਨਿਆ ਹੈ। ਨਾਲ ਹੀ ਦੂਰਦਰਸ਼ਨ ਦੀ ਤਰਸਯੋਗ ਹਾਲਤ ਵੀ ਦਰਸਾਈ ਹੈ। ਸਰਕਾਰੀ ਦਫ਼ਤਰਾਂ ਦੀ ਮਾੜੀ ਹਾਲਤ ਤੇ ਸਰਕਾਰਾਂ ਦੀ ਖੇਤਰੀ ਭਾਸ਼ਾਵਾਂ ਪ੍ਰਤੀ ਸੋਚ ਨੂੰ ਲੇਖਕ ਨੇ ਸੋਹਣੇ ਢੰਗ ਨਾਲ ਉਜਾਗਰ ਕੀਤਾ ਹੈ।
ਅਜੀਤ ਖੰਨਾ, ਈਮੇਲ

ਇਜ਼ਰਾਈਲ ਬਨਾਮ ਇਰਾਨ

10 ਅਕਤੂਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸੁਰਿੰਦਰ ਮੰਡ ਦਾ ਲੇਖ ‘ਇਜ਼ਰਾਈਲ ਇਰਾਨ ਜੰਗ ਨਾਲ ਜੁੜੇ ਗੁੱਝੇ ਤੱਥ’ ਛਪਿਆ। ਲੇਖਕ ਨੇ ਫ਼ਲਸਤੀਨ ਦੇ ਮਸਲੇ ਬਾਬਤ ਬੜੇ ਹੀ ਆਸਾਨ ਲਫ਼ਜ਼ਾਂ ਵਿੱਚ ਲਿਖਿਆ ਕਿ ਇੰਗਲੈਂਡ ਨੇ 1948 ਵਿੱਚ ਇਸ ਬਸਤੀ ਤੋਂ ਆਪਣਾ ਕਬਜ਼ਾ ਹਟਾ ਕੇ ਫਿਰ ਅਮਰੀਕਾ ਨਾਲ ਮਿਲ ਕੇ ਕਿਵੇਂ ਫ਼ਲਸਤੀਨ ਨੂੰ ਅੱਧਾ-ਅੱਧਾ ਵੰਡ ਕੇ ਇਸ ਨੂੰ ਯਹੂਦੀ ਮੁਲਕ ਬਣਾ ਦਿੱਤਾ ਅਤੇ ਫ਼ਲਸਤੀਨੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਬੇਘਰ ਕਰ ਦਿੱਤਾ। ਫ਼ਲਸਤੀਨੀਆਂ ਦੇ ਹੱਕ ਵਿੱਚ ਯੂਐੱਨਓ ਦੇ ਪਾਸ ਕੀਤੇ ਮਤਿਆਂ ਨੂੰ ਵੀਟੋ ਕਰ ਕੇ ਕਿਵੇਂ ਫ਼ਲਸਤੀਨੀਆਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਿਆ। ਲੇਖਕ ਨੇ ਅਮਰੀਕਾ ਦੀ ਧੌਂਸ ਅਤੇ ਉਸ ਦੇ ਪਿਛਲੱਗ ਮੁਲਕਾਂ ਵੱਲੋਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਅਮਰੀਕਾ ਦੇ ਪਿੱਛੇ-ਪਿੱਛੇ ਤੁਰਨ ਦੀ ਵੀ ਗੱਲ ਕੀਤੀ ਹੈ। ਦੂਜਿਆਂ ’ਤੇ ਥਾਣੇਦਾਰੀ ਕਰਦੇ ਅਮਰੀਕਾ ਨੇ ਆਪਣੇ ਮੁਫ਼ਾਦਾਂ ਲਈ ਵੱਖ-ਵੱਖ ਮੁਲਕਾਂ ਵਿੱਚ ਬੇਅੰਤ ਤਬਾਹੀ ਕੀਤੀ। ਇਰਾਕ ਅਤੇ ਲਿਬੀਆ ਦੇ ਸ਼ਾਸਕਾਂ ਨੂੰ ਕਿਵੇਂ ਤਖ਼ਤਾਂ ਤੋਂ ਲਾਹ ਕੇ ਤਖਤਿਆਂ ਉੱਤੇ ਟੰਗਿਆ। ਅੱਜ ਦੇ ਹਾਲਾਤ ਫ਼ਲਸਤੀਨ ਸਮੇਤ ਵੱਡੇ ਖ਼ਿੱਤੇ ਨੂੰ ਬਲਦੀ ਦੇ ਮੂੰਹ ਵਿੱਚ ਦੇ ਰਹੇ ਹਨ। ਹਜ਼ਾਰਾਂ ਲੋਕ ਮਾਰੇ ਗਏ ਹਨ, ਲੱਖਾਂ ਉਜੜ ਗਏ ਹਨ ਅਤੇ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਇਸ ਜੰਗ ਪਿੱਛੇ ਅਮਰੀਕਾ ਅਤੇ ਉਸ ਦੇ ਜੋਟੀਦਾਰਾਂ ਵੱਲੋਂ ਇਜ਼ਰਾਈਲ ਨੂੰ ਦਿੱਤਾ ਜਾ ਰਿਹਾ ਥਾਪੜਾ ਹੀ ਹੈ। ਲੇਖਕ ਨੇ ਸਾਰੀਆਂ ਪਰਤਾਂ ਖੋਲ੍ਹ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰ ਕੇ ਫ਼ਲਸਤੀਨ ਦੇ ਉਲਝਾਏ ਮਸਲੇ ਪਿੱਛੇ ਕਿਸ ਦੀ ਕੀ ਭੂਮਿਕਾ ਹੈ, ਸਾਫ਼ ਕਰ ਦਿੱਤੀ ਹੈ। ਨਾਲ ਹੀ ਲੇਖਕ ਨੇ ਇਸ ਮਸਲੇ ਦੇ ਹੱਲ ਲਈ ਆਪਣੇ ਸੁਝਾਅ ਵੀ ਦਿੱਤੇ ਹਨ।
ਨਿਆਮਤ ਅਲੀ, ਸ੍ਰੀਨਗਰ (ਜੰਮੂ ਕਸ਼ਮੀਰ)

ਵਾਤਾਵਰਨ ਦਾ ਸੰਕਟ

13 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਨੇ ਆਪਣੇ ਲੇਖ ‘ਵਧਦਾ ਵਾਤਾਵਰਨ ਸੰਕਟ ਪਰਲੋ ਨੂੰ ਸੱਦਾ’ ਵਿੱਚ ਵਾਤਾਵਰਨ ’ਚ ਵਧ ਰਹੇ ਵਿਗਾੜ ਉਭਾਰੇ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਮਨੁੱਖ ਦੀਆਂ ਵਧ ਰਹੀਆਂ ਲੋੜਾਂ ਨੇ ਵਾਤਾਵਰਨ ਨੂੰ ਇੰਨਾ ਦੂਸ਼ਿਤ ਕਰ ਦਿੱਤਾ ਹੈ ਕਿ ਇਨ੍ਹਾਂ ਦੀ ਵਰਤੋਂ ਖ਼ੁਦ ਉਸ ਲਈ ਘਾਤਕ ਬਣ ਰਹੀ ਹੈ। ਹਵਾ ਵਿੱਚ ਵਧ ਰਹੀ ਪ੍ਰਦੂਸ਼ਿਤ ਤੱਤਾਂ ਦੀ ਮਾਤਰਾ ਮਨੁੱਖੀ ਜੀਵਨ ਅਤੇ ਬਨਸਪਤੀ ’ਤੇ ਨਾਂਹਪੱਖੀ ਪ੍ਰਭਾਵ ਪਾਉਂਦੀ ਹੈ। ਕੋਇਲੇ, ਡੀਜ਼ਲ, ਪੈਟਰੋਲ ਆਦਿ ਨਾਲ ਚੱਲਣ ਵਾਲੀਆਂ ਗੱਡੀਆਂ, ਤਾਪ ਬਿਜਲੀ ਘਰਾਂ, ਤੇਲ ਸੋਧਕ ਕਾਰਖਾਨਿਆਂ ’ਚੋਂ ਬਹੁਤ ਵੱਡੀ ਮਾਤਰਾ ਵਿੱਚ ਨਿਕਲਣ ਵਾਲੀ ਸਲਫਰ-ਡਾਈਆਕਸਾਈਡ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ। ਇਹ ਗੈਸ ਹਵਾ ਵਿੱਚ ਮਿਲ ਕੇ ਸੂਰਜ ਦੀ ਰੋਸ਼ਨੀ ਅਤੇ ਨਮੀ ਦੇ ਅਸਰ ਹੇਠ ਗੰਧਕ ਤੇ ਤੇਜ਼ਾਬ ਜਾਂ ਹੋਰ ਅਨੇਕਾਂ ਤੀਖਣ ਪਦਾਰਥਾਂ ਵਿੱਚ ਮਿਲ ਕੇ ਮੁੜ ਧਰਤੀ ਵੱਲ ਆ ਜਾਂਦੀ ਹੈ। ਅਜਿਹੀ ਪ੍ਰਦੂਸ਼ਿਤ ਹਵਾ ਮਨੁੱਖੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਜੇਕਰ ਅਸੀਂ ਸ਼ੁੱਧ ਵਾਤਾਵਰਨ ਅਤੇ ਸਿਹਤਮੰਦ ਜੀਵਨ ਜਿਊਣਾ ਚਾਹੁੰਦੇ ਹਾਂ ਤਾਂ ਵਾਤਾਵਰਨ ਨੂੰ ਬਚਾਉਣ ਲਈ ਸਖ਼ਤ ਤੇ ਸਾਰਥਕ ਕਦਮ ਚੁੱਕਣੇ ਪੈਣਗੇ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)

Advertisement