ਪਾਠਕਾਂ ਦੇ ਖ਼ਤ
ਸਿੱਖਿਆ ਬਾਰੇ ਪੁੱਠਾ ਪੈਂਤੜਾ
25 ਦਸੰਬਰ ਨੂੰ ਸੰਪਾਦਕੀ ‘ਨੋ ਡਿਟੈਨਸ਼ਨ ਨੀਤੀ ਖ਼ਤਮ’ ਪੜ੍ਹਿਆ। ਕੇਂਦਰ ਸਰਕਾਰ ਗੱਲਾਂ ਤਾਂ ਦੇਸ਼ ਨੂੰ ਸ਼ਕਤੀਮਾਨ ਬਣਾਉਣ ਦੀਆਂ ਕਰਦੀ ਹੈ ਪਰ ਹਕੀਕਤ ਵਿੱਚ ਬਾਲ ਵਿਕਾਸ ਦੇ ਮਾਮਲੇ ਵਿੱਚ ਪੈਰ ਪਿੱਛੇ ਨੂੰ ਖਿੱਚ ਰਹੀ ਹੈ। ਅਸਲ ਵਿੱਚ ਸਰਕਾਰ ਦੇ ਇਸ ਪੁੱਠੇ ਪੈਂਤੜੇ ਦਾ ਮਕਸਦ ਮੁੱਢਲੀ ਵਿੱਦਿਆ ’ਤੇ ਖਰਚ ਹੋਰ ਘਟਾਉਣਾ ਹੈ। ਚੇਤੇ ਰੱਖਣਾ ਚਾਹੀਦਾ ਹੈ ਕਿ ਇਉਂ ਦੇਸ਼ ਦੀ 100 ਫ਼ੀਸਦੀ ਸਿੱਖਿਆ ਦਾ ਸੁਫਨਾ ਟੁੱਟੇਗਾ ਅਤੇ ਸਕੂਲ ਤੋਂ ਭਗੌੜਾ ਹੋਇਆ ਬਚਪਨ ਜਰਾਇਮ ਪੇਸ਼ੇ ਵੱਲ ਵਧੇਗਾ। ਇਸ ਤੋਂ ਪਹਿਲਾਂ 21 ਦਸੰਬਰ ਨੂੰ ਸੰਪਾਦਕੀ ‘ਖੇਤੀਬਾੜੀ ਮੰਡੀਕਰਨ ਨੀਤੀ ਖਰੜਾ’ ਅਤੇ ਅਮਰਜੀਤ ਸਿੰਘ ਵੜੈਚ ਦਾ ਲੇਖ ‘ਖੇਤੀ ਮੰਡੀਕਰਨ ਕੌਮੀ ਨੀਤੀ ਖਰੜਾ ਸ਼ੱਕੀ ਕਿਉਂ?’ ਪੜ੍ਹੇ। ਫ਼ਸਲ ਅਤੇ ਬਾਜ਼ਾਰ ਮੁੱਲ ਵਿੱਚ ਉਤਰਾ-ਚੜ੍ਹਾਅ, ਭੁੱਖਮਰੀ ਅਤੇ ਕਿਸਾਨ ਦੀ ਹੋਣੀ ਗਲੋਬਲ ਵਿਸ਼ਵਵਿਆਪੀ ਵਰਤਾਰਾ ਹੈ। ਯੂਐੱਨ ਦੇ ਨਵੇਂ ਸਰਵੇਖਣ ਅਨੁਸਾਰ ਅਮਰੀਕਾ ਵਰਗਾ ਧਨਾਢ ਮੁਲਕ ਵੀ ਭੋਖੜੇ ਦੀ ਗ੍ਰਿਫ਼ਤ ਵਿੱਚ ਹੈ। ਮੁੱਖ ਕਾਰਨ ਇਹ ਹੈ ਕਿ ਬੇਰੁਜ਼ਗਾਰ ਵਧ ਰਹੇ ਹਨ ਅਤੇ ਤਨਖ਼ਾਹਾਂ ਘਟ ਰਹੀਆਂ ਹਨ। ਅਨਾਜ ਮਹਿੰਗਾਈ ਨਾਲ ਗ਼ਰੀਬ ਦਾ ਬਜਟ ਲੜਖੜਾ ਗਿਆ ਹੈ। ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਹਰ ਥਾਂ ਹਰ ਵੇਲੇ ਕਿਰਸ ਸਵੈ-ਖ਼ੁਰਾਕ ਉੱਤੇ ਹੈ। ਅਸਲ ਵਿੱਚ ਨੁਕਸ ਮੰਡੀਕਰਨ ਵਿੱਚ ਨਵੀਂ ਮੁਨਾਫ਼ਾਖੋਰ ਧਿਰ ਦੇ ਮਨ ਵਿੱਚ ਹੈ। ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਅਨਾਜ ਭੰਡਾਰ ਉੱਤੇ ਕਬਜ਼ਾ ਕਰ ਲਿਆ, ਉਸ ਨੇ ਹੀ ਵਸੋਂ ਨੂੰ ਵੱਸ ਵਿੱਚ ਕਰ ਲਿਆ ਕਿਉਂਕਿ ਪੇਟ ਦੀ ਭੁੱਖ ਮਨੁੱਖ ਲਈ ਸਭ ਤੋਂ ਪਹਿਲਾਂ ਹੈ।
ਇਕਬਾਲ ਸਿੰਘ ਚੀਮਾ, ਨਵਾਂ ਸ਼ਹਿਰ
ਫੇਲ੍ਹ ਨਾ ਕਰਨ ਦੀ ਨੀਤੀ
ਕੇਂਦਰ ਸਰਕਾਰ ਅਧੀਨ ਸਕੂਲਾਂ ਵਿੱਚ ਅੱਠਵੀਂ ਜਮਾਤ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ ਕਰਨ ਬਾਰੇ ਸੰਪਾਦਕੀ ‘ਨੋ ਡਿਟੈਨਸ਼ਨ ਨੀਤੀ ਖ਼ਤਮ’ (25 ਦਸੰਬਰ) ਪੜ੍ਹਿਆ। 2009 ਦੇ ਸਿੱਖਿਆ ਅਧਿਕਾਰ ਐਕਟ ਵਿੱਚ ਕਿਸੇ ਵਿਦਿਆਰਥੀ ਨੂੰ ਸਾਰੇ ਭਾਰਤ ਵਿੱਚ ਅੱਠਵੀਂ ਜਮਾਤ ਤੱਕ ਫੇਲ੍ਹ ਨਹੀਂ ਕੀਤਾ ਜਾ ਸਕਦਾ ਸੀ ਪਰ ਪਹਿਲੀ ਮਾਰਚ 2019 ਤੋਂ ਪੰਜਵੀਂ ਅਤੇ ਅੱਠਵੀਂ ਜਮਾਤ ਵਿੱਚ ਇਮਤਿਹਾਨ ਲੈਣ ਲਈ ਸੋਧ ਕੀਤੀ ਗਈ ਅਤੇ ਰਾਜਾਂ ਨੂੰ ਅਧਿਕਾਰ ਦਿੱਤਾ ਗਿਆ ਕਿ ਉਹ ਵਿਦਿਆਰਥੀ ਨੂੰ ਉਸ ਜਮਾਤ ਵਿੱਚ ਰੱਖ ਸਕਦੀ ਹੈ। ਇਸ ਧਾਰਾ ਤਹਿਤ ਹੀ ਹੁਣ ਕੇਂਦਰ ਨੇ ਫ਼ੈਸਲਾ ਕੀਤਾ ਹੈ। ਇਹ ਮੁੱਦਾ ਜਿੰਨਾ ਦੇਖਣ ਨੂੰ ਸਿੱਧਾ ਲੱਗਦਾ ਹੈ, ਓਨਾ ਹੈ ਨਹੀਂ। ਜ਼ਰਾ ਸੋਚੋ, ਪੰਜਵੀਂ ਅਤੇ ਅੱਠਵੀਂ ਦੇ ਵਿਦਿਆਰਥੀ ਲਈ ਫੇਲ੍ਹ ਹੋਣ ਦੇ ਕੀ ਅਰਥ ਹੋ ਸਕਦੇ ਹਨ। ਉਸ ਨੂੰ ਆਪਣੇ ਤੋਂ ਛੋਟੀ ਉਮਰ ਦੇ ਬੱਚਿਆਂ ਨਾਲ ਬੈਠਣਾ ਪਵੇਗਾ। ਇਹ ਗੱਲ ਸਾਰੀ ਉਮਰ ਲਈ ਮਾੜਾ ਪ੍ਰਭਾਵ ਦੇ ਸਕਦੀ ਹੈ। ਉਂਝ ਇਸ ਦੇ ਦੂਜੇ ਪੱਖ ਵੀ ਹਨ ਕਿ ਬੱਚਾ ਫੇਲ੍ਹ ਨਾ ਹੋਣ ਦੀ ਸੂਰਤ ਵਿੱਚ ਪੜ੍ਹਨ ਵੱਲ ਆਪਣੇ ਮਨ ਨੂੰ ਮੋੜਦਾ ਹੀ ਨਹੀਂ। ਇਹ ਅਜਿਹੀ ਖਾਈ ਹੈ ਜਿਸ ਨੂੰ ਸਹੀ ਢੰਗ ਨਾਲ ਅਜੇ ਤੱਕ ਪੂਰਿਆ ਨਹੀਂ ਜਾ ਸਕਿਆ। ਕੋਈ ਮਾਪਾ ਆਪਣੇ ਬੱਚੇ ਨੂੰ ਫੇਲ੍ਹ ਨਹੀਂ ਦੇਖਣਾ ਚਾਹੁੰਦਾ। ਨਾਂਹ ਪੱਖੀ ਮੁੱਦਿਆਂ ਦੇ ਬਾਵਜੂਦ ਕਾਨੂੰਨ ਕੋਈ ਬਣੀ ਜਾਵੇ, ਅੱਠਵੀਂ ਜਮਾਤ ਤੱਕ ਬੱਚੇ ਨੂੰ ਫੇਲ੍ਹ ਕਰਨਾ ਅਮਲੀ ਤੌਰ ’ਤੇ ਔਖਾ ਹੀ ਰਹੇਗਾ। ਚੰਗਾ ਤਾਂ ਇਹੀ ਰਹੇਗਾ ਕਿ ਜਿੰਨਾ ਸੰਭਵ ਹੋ ਸਕੇ, ਬੱਚੇ ਨੂੰ ਸੁਧਾਰ ਲਈ ਤਿਆਰ ਕੀਤਾ ਜਾਵੇ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਮੋਹਨ ਭਾਗਵਤ ਦਾ ਰੰਗ ਵਟਾਉਣਾ
23 ਦਸੰਬਰ ਨੂੰ ਜਯੋਤੀ ਮਲਹੋਤਰਾ ਦਾ ਲੇਖ ‘ਰੂਹ ’ਤੇ ਮੱਲ੍ਹਮ ਲਗਾਉਣ ਦੀ ਕੋਸ਼ਿਸ਼ ’ਚ ਮੋਹਨ ਭਾਗਵਤ’ ਪੜ੍ਹਿਆ। ਬਦਲੀਆਂ ਹਵਾਵਾਂ ਅਨੁਸਾਰ ਮੋਹਨ ਭਾਗਵਤ ਦਾ ਰੰਗ ਵਟਾਉਣਾ ਕੋਈ ਅਚੰਭੇ ਵਾਲੀ ਗੱਲ ਨਹੀਂ, ਹੁਣ ਹਿੰਦੂ ਮੁਸਲਮਾਨ ਦੇ ਨਾਂ ’ਤੇ ਨਫ਼ਰਤਾਂ ਫੈਲਾਅ ਕੇ, ਨਾ ਹੀ ਦੇਸ਼ ਦੇ ਨਾਗਰਿਕਾਂ ਦੇ ਦਿਲਾਂ ’ਚ ਸਨਮਾਨਜਨਕ ਸਥਾਨ ਹਾਸਿਲ ਕੀਤਾ ਜਾ ਸਕਦਾ ਹੈ ਤੇ ਨਾ ਹੀ ਸੰਘੀ ਮੁਫ਼ਾਦਾਂ ਲਈ ਲਾਹਾ ਲੈਣਾ ਆਸਾਨ ਹੈ। ਆਪਣੇ ਵਿਵੇਕ ਤੋਂ ਕੰਮ ਲੈਣ ਵਾਲੇ ਹਿੰਦੂ ਮੁਸਲਮਾਨ ਦੇਸ਼ ਦੇ ਉਹ ਨਾਗਰਿਕ ਹਨ ਜੋ ਭਾਈਚਾਰਕ ਸਾਂਝ ਨਾਲ ਆਪਸ ’ਚ ਮਿਲ-ਜੁਲ ਕੇ ਰਹਿਣਾ ਪਸੰਦ ਕਰਦੇ ਹਨ ਤੇ ਅਮਨ-ਸ਼ਾਂਤੀ ਦੀ ਕਾਮਨਾ ਵੀ ਕਰਦੇ ਹਨ। ਧਾਰਮਿਕ ਸੰਸਥਾਵਾਂ ਅਤੇ ਸੰਗਠਨਾਂ ਦੇ ਆਗੂਆਂ ਨੂੰ ਧਾਰਮਿਕ ਕਿਤਾਬਾਂ ਦੇ ਉਪਦੇਸ਼ਾਂ ਨੂੰ ਅਸਲ ਜੀਵਨ ਵਿੱਚ ਆਤਮਸਾਤ ਕਰਨ ਦੀ ਲੋੜ ਹੈ ਤਾਂ ਜੋ ਇਨਸਾਨੀਅਤ ਦੀ ਬਾਤ ਪਾਈ ਜਾ ਸਕੇ। ਆਰਐੱਸਐੱਸ ਨੇਤਾ ਮੋਹਨ ਭਾਗਵਤ ਦੀ ਕਰਨੀ ’ਚ ਵੀ ‘ਮੁਸਲਮਾਨ ਤੋਂ ਬਿਨਾਂ ਹਿੰਦੂਤਵ ਅਧੂਰਾ ਹੈ’ ਹੋਣਾ ਚਾਹੀਦਾ ਹੈ।
ਸੁਖਪਾਲ ਕੌਰ, ਚੰਡੀਗੜ੍ਹ
ਲਾਪਰਵਾਹੀ ਦਾ ਨਤੀਜਾ
23 ਦਸੰਬਰ ਦਾ ਸੰਪਾਦਕੀ ‘ਹਾਦਸਾ ਜਾਂ ਲਾਪਰਵਾਹੀ?’ ਪੜ੍ਹਿਆ। ਮੁਹਾਲੀ ਵਿੱਚ ਇਮਾਰਤ ਦਾ ਡਿੱਗਣਾ ਲਾਪਰਵਾਹੀ ਹੀ ਹੈ। ਅਸਲ ਵਿੱਚ ਤਾਂ ਬੇਸਮੈਂਟ ਬਣਾਉਣ ਹੀ ਨਹੀਂ ਦੇਣੇ ਚਾਹੀਦੇ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਖ਼ੂਬਸੂਰਤ ਜ਼ਿੰਦਗੀ ਦੀ ਤਾਂਘ
23 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਸਰੋਜ ਦਾ ਮਿਡਲ ‘ਜਿਊਣ ਦਾ ਹੁਨਰ’ ਮਨੁੱਖੀ ਜੀਵਨ ਦੀਆਂ ਅਪੂਰਤ ਇੱਛਾਵਾਂ ਦੀ ਪੂਰਤੀ ਦਾ ਨਵਾਂ ਮੁਹਾਂਦਰਾ ਸਿਰਜਦਾ ਹੈ। ਮਨੁੱਖ ਭਾਵੇਂ ਧਰਤੀ ਦੇ ਕਿਸੇ ਵੀ ਕੋਨੇ ’ਤੇ ਕਿਉਂ ਨਾ ਰਹਿ ਰਿਹਾ ਹੋਵੇ, ਉਸ ਦੀ ਜ਼ਿੰਦਗੀ ਨੂੰ ਹੋਰ ਵਧੇਰੇ ਖ਼ੂਬਸੂਰਤ ਬਣਾਉਣ ਦੀ ਤਾਂਘ ਹਮੇਸ਼ਾ ਰਹਿੰਦੀ ਹੈ। ਕਹਾਵਤ ਵੀ ਹੈ- ਜੀਵੇ ਆਸਾ ਮਰੇ ਨਿਰਾਸਾ’; ਭਾਵ, ਆਸ਼ਾਵਾਦੀ ਮਨੁੱਖ ਦੁੱਖਾਂ ਅਤੇ ਸੰਕਟਾਂ ਦੇ ਹਨੇਰੇ ’ਚੋਂ ਵੀ ਰੌਸ਼ਨ ਤੇ ਖ਼ੂਬਸੂਰਤ ਜ਼ਿੰਦਗੀ ਲੱਭ ਲੈਂਦਾ ਹੈ; ਨਿਰਾਸ਼ਾਵਾਦੀ ਹਮੇਸ਼ਾ ਢਹਿੰਦੀ ਕਲਾ ’ਚ ਰਹਿਣ ਕਾਰਨ ਜ਼ਿੰਦਗੀ ਦੇ ਸੁਨਹਿਰੀ ਪਲ ਅਜਾਈਂ ਗੁਆ ਦਿੰਦਾ ਹੈ।
ਮਾਸਟਰ ਤਰਸੇਮ ਸਿੰਘ, ਡਕਾਲਾ (ਪਟਿਆਲਾ)
ਮੰਡੀਕਰਨ ਨੀਤੀ ਬਾਰੇ ਤੱਥ
21 ਦਸੰਬਰ ਦੇ ਸੰਪਾਦਕੀ ‘ਖੇਤੀਬਾੜੀ ਮੰਡੀਕਰਨ ਨੀਤੀ ਖਰੜਾ’ ਵਿੱਚ ਬਾਖ਼ੂਬੀ ਬਿਆਨ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਖੇਤੀਬਾੜੀ ਮੰਡੀਕਰਨ ਨੀਤੀ ਦੇ ਪਰਦੇ ਪਿੱਛੇ ਉਨ੍ਹਾਂ ਖੇਤੀ ਮੱਦਾਂ ਨੂੰ ਅਗਾਂਹ ਵਧਾਉਣ ਦਾ ਲੁਕਵਾਂ ਯਤਨ ਕਰ ਰਹੀ ਹੈ ਜੋ ‘ਕਿਸਾਨੀ ਉਪਜ ਵਪਾਰ ਅਤੇ ਵਣਜ ਐਕਟ-2020’ ਵਿੱਚ ਦਰਜ ਸਨ ਅਤੇ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਰਾਹੀਂ ਕੇਂਦਰ ਸਰਕਾਰ ਤੋਂ ਇਹ ਖੇਤੀ ਕਾਨੂੰਨ ਰੱਦ ਕਰਵਾਏ ਸਨ। ਇਸ ਪੰਨੇ ਉੱਤੇ ਅਮਰਜੀਤ ਸਿੰਘ ਵੜੈਚ ਨੇ ਆਪਣੇ ਲੇਖ ‘ਖੇਤੀ ਮੰਡੀਕਰਨ ਕੌਮੀਨੀਤੀ ਖਰੜਾ ਸ਼ੱਕੀ ਕਿਉਂ?’ ਵਿੱਚ ਮੰਡੀਕਰਨ ਨੀਤੀਆਂ ਦੀਆਂ ਬਾਰੀਕੀਆਂ ਨੂੰ ਘੋਖਦਿਆਂ ਦਲੇਰੀ ਨਾਲ ਤੱਥ ਪੇਸ਼ ਕੀਤੇ ਹਨ। ਅਜਿਹੀਆਂ ਨੀਤੀਆਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਦੀ ਹਾਲਤ ਸੁਧਾਰਨ ਬਾਰੇ ਕਿਉਂ ਨਹੀਂ ਬਣਾਈਆਂ ਜਾਂਦੀਆਂ? ਨੀਤੀਆਂ ਬਾਰੇ ਹੀ ਨੀਤੀ ਘਾੜਿਆਂ ਦੀ ਬਦਨੀਤੀ ਕਿਉਂ ਹੈ? ਲੇਖ ਦੀ ਪਹਿਲੀ ਸਤਰ ‘ਭਵਿੱਖ ’ਚ ਜਿਸ ਦੇਸ਼ ਦਾ ਅਨਾਜ/ਖ਼ੁਰਾਕ ਉੱਤੇ ਕਬਜ਼ਾ ਹੋਵੇਗਾ, ਉਹ ਹੀ ਵਿਸ਼ਵ ਦਾ ਬਾਦਸ਼ਾਹ ਹੋਵੇਗਾ’, ਆਪਣੇ ਅੰਦਰ ਕਿਸਾਨਾਂ ਅਤੇ ਦੇਸ਼ ਦਾ ਭਵਿੱਖ ਸਮੋਈ ਬੈਠੀ ਹੈ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਸਫ਼ਰ ਦੀ ਦਾਸਤਾਨ
21 ਦਸੰਬਰ ਦੇ ਮਿਡਲ ‘ਬੱਸ ਸਫ਼ਰ ਦੀਆਂ ਯਾਦਾਂ’ ਵਿੱਚ ਹਰਪ੍ਰੀਤ ਸਿੰਘ ਸਵੈਚ ਨੇ ਆਮ ਜਿਹੀ ਬੱਸ ਯਾਤਰਾ ਨੂੰ ਬੜੀ ਰੋਮਾਂਚਿਕ ਬਣਾ ਦਿੱਤਾ ਹੈ। ਜੇਕਰ ਲੇਖਕ ਵੀ ਹੋਰਾਂ ਵਾਂਗ ਫੋਨ ਵਿੱਚ ਰੁੱਝ ਜਾਂਦਾ ਜਾਂ ਹੈੱਡਫੋਨ ਲਗਾ ਕੇ ਗੀਤਾਂ ਵਿੱਚ ਹੀ ਮਸਤ ਹੋ ਜਾਂਦਾ ਤਾਂ ਉਹ ਲੋਕਾਂ ਦੀਆਂ ਭਾਵਨਾਵਾਂ ਤੋਂ ਵਾਂਝੇ ਰਹਿ ਜਾਂਦਾ ਹੈ। ਲੇਖਕ ਨੇ ਇਸ ਸਫ਼ਰ ਰਾਹੀਂ ਸਮਾਜ ਦੇ ਕਈ ਪਹਿਲੂਆਂ ਨੂੰ ਅਸਿੱਧੇ ਢੰਗ ਨਾਲ ਪੇਸ਼ ਕੀਤਾ ਹੈ ਜਿਵੇਂ ਔਰਤਾਂ ਦਾ ਜ਼ਿਆਦਾ ਗੱਲਾਂ ਕਰਨਾ, ਪੰਜਾਬੀਆਂ ਨੂੰ ਪਰਵਾਸੀ ਮਜ਼ਦੂਰਾਂ ਦੇ ਵਾਧੇ ਦੀ ਚਿੰਤਾ, ਨੌਜਵਾਨ ਪੀੜ੍ਹੀ ਦਾ ਵੱਡਿਆਂ ਪ੍ਰਤੀ ਘਟ ਰਿਹਾ ਸਤਿਕਾਰ, ਨਸ਼ੇ ਆਦਿ।
ਨਵਜੀਤ ਕੌਰ, ਝੁਨੇਰ (ਮਾਲੇਰਕੋਟਲਾ)
(2)
21 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਹਰਪ੍ਰੀਤ ਸਿੰਘ ਸਵੈਚ ਦੀ ਰਚਨਾ ‘ਬੱਸ ਸਫ਼ਰ ਦੀਆਂ ਯਾਦਾਂ’ ਪੜ੍ਹੀ। ਇਸ ਵਿੱਚ ਬੱਸ ਸਫ਼ਰ ਦੀਆਂ ਸੱਚੀਆਂ ਕਹਾਣੀਆਂ ਬਿਆਨ ਕੀਤੀਆਂ ਗਈਆਂ ਹਨ। ਇਹ ਰਚਨਾ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਹੈ।
ਜਗਜੀਤ ਸਿੰਘ, ਈਮੇਲ
ਖੁਸ਼ੀਆਂ ਦਾ ਰਾਹ
19 ਦਸੰਬਰ ਦਾ ਮਿਡਲ ‘ਖੁਸ਼ੀਆਂ ਦਾ ਰਾਹ’ (ਲੇਖਕ ਸੁਪਿੰਦਰ ਸਿੰਘ ਰਾਣਾ) ਪੜ੍ਹਿਆ। ਪ੍ਰਸਿੱਧ ਲੇਖਕ ਕਰਨੈਲ ਸਿੰਘ ਸੋਮਲ ਵੱਲੋਂ ‘ਖੁਸ਼ੀਆਂ ਦੇ ਰਾਹ’ ਦਾ ਖਰੜਾ ਚੈੱਕ ਕਰਨ ਲਈ ਦੇਣ ’ਤੇ ਲੇਖਕ ਨੇ ਖੁਸ਼ੀਆਂ ਦੇ ਰਾਹ ਦੇ ਪ੍ਰਸੰਗ ਵਿੱਚ ਗੁਰਦੁਆਰੇ ਦੇ ਸੇਵਾਦਾਰ ਲਾਲ ਸਿੰਘ ਦੀ ਜਿੰਦਾਦਿਲੀ ਅਤੇ ਵੱਡੇ ਦਿਲ ਦੀ ਗੱਲ ਕੀਤੀ ਹੈ। ਹੋਰਨਾਂ ਨੂੰ ਵੀ ਇਨ੍ਹਾਂ ਵਾਂਗ ਵਾਧੂ ਪਏ ਸਾਮਾਨ ਨੂੰ ਖ਼ਰਾਬ ਹੋਣ ਨਾਲੋਂ ਲੋੜਵੰਦਾਂ ਵਿੱਚ ਵੰਡ ਦੇਣਾ ਚਾਹੀਦਾ ਹੈ।
ਸਿਮਰਤ ਕੌਰ, ਮੋਗਾ