For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

05:10 AM Nov 27, 2024 IST
ਪਾਠਕਾਂ ਦੇ ਖ਼ਤ
Advertisement

ਸਿੱਖਿਆ ਦਾ ਮਸਲਾ
26 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਸਕੂਲ ਸਿੱਖਿਆ ਵਿੱਚ ਵਧ ਰਿਹਾ ਪਾੜਾ’ ਪੜ੍ਹਿਆ। ਇਸ ਮੁਤਾਬਿਕ ਦੇਸ਼ ਵਿੱਚ ਇੱਕੋ ਤਰ੍ਹਾਂ ਦੇ ਸਕੂਲ ਬਣਾਉਣੇ ਹੋਣਗੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਨਾਂ-ਮਾਤਰ ਫੀਸਾਂ ਦੇ ਕੇ ਵੱਡੇ ਅਫਸਰ ਬਣਨ ਦੀ ਕਾਬਲੀਅਤ ਹਾਸਲ ਹੋ ਸਕੇ। ਇਹ ਗੱਲਾਂ ਸ਼ੇਖ ਚਿਲੀ ਦੀਆਂ ਉਮੀਦਾਂ ਵਾਂਗ ਹਨ। ਕਿਊਬਾ ਵਿੱਚ 25 ਵਿਦਿਆਰਥੀਆਂ ਲਈ ਇੱਕ ਅਧਿਆਪਕ, 25 ਖਿਡਾਰੀਆਂ ਲਈ ਇੱਕ ਕੋਚ ਅਤੇ 25 ਮਰੀਜ਼ਾਂ ਲਈ ਇੱਕ ਡਾਕਟਰ ਹੈ, ਪਰ ਭਾਰਤ ਵਿੱਚ ਹੱਦੋਂ ਵੱਧ ਆਬਾਦੀ ਅਤੇ ਸਰਕਾਰਾਂ ਦੀ ਇੱਛਾ ਸ਼ਕਤੀ ਦੀ ਘਾਟ ਕਾਰਨ ਅਜਿਹਾ ਹੋਣਾ ਸੰਭਵ ਨਹੀਂ ਹੈ। ਪ੍ਰਾਈਵੇਟ ਸਕੂਲ ਰਾਜ ਸਰਕਾਰਾਂ ਲਈ ਵੱਡੀ ਆਰਥਿਕ ਰਾਹਤ ਹਨ ਕਿਉਂਕਿ ਜੇ ਇਹ ਨਾ ਹੋਣ ਤਾਂ ਸਾਰੇ ਕਿੱਥੋਂ ਪੜ੍ਹਨਗੇ? ਜੇ ਅਖੌਤੀ ਅਮੀਰਾਂ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖਲ ਕਰਾਉਣਾ ਹੀ ਨਹੀਂ ਤਾਂ ਉਨ੍ਹਾਂ ਦੀ ਮਰਜ਼ੀ! ਦਿੱਲੀ ਯੂਟੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਭਾਵੇਂ ਪ੍ਰਸ਼ੰਸਾਯੋਗ ਸੁਧਾਰ ਲਿਆਂਦੇ, ਪਰ ਪ੍ਰਾਈਵੇਟ ਸਕੂਲ ਬੰਦ ਕਰਕੇ ਨਹੀਂ! ਅਫਸਰ ਬਣਨ ਲਈ ਸਕੂਲ ਕਾਲਜ ਤੋਂ ਵੱਧ ਜ਼ਿੰਮੇਵਾਰੀ ਵਿਅਕਤੀ ਲਈ ਆਪ ਮਿਹਨਤ ਕਰਨ ਦੀ ਹੁੰਦੀ ਹੈ। ਸਰਕਾਰੀ ਸਕੂਲਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਅਨੁਸੂਚਿਤ ਵਰਗਾਂ ਵਿੱਚੋਂ ਹਨ ਜਿਨ੍ਹਾਂ ਨੂੰ ­ਵਜ਼ੀਫ਼ੇ ਮਿਲ ਜਾਂਦੇ ਹਨ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

Advertisement


ਚੇਤਨਾ ਦੀ ਘਾਟ
21 ਨਵੰਬਰ ਨੂੰ ਸੰਪਾਦਕੀ ਪੰਨੇ ਉੱਤੇ ਤਲਵਿੰਦਰ ਸਿੰਘ ਬੁੱਟਰ ਦਾ ਛਪਿਆ ਲੇਖ ‘ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿਦਿਅਕ ਕਾਨਫਰੰਸ’ ਪੜ੍ਹਿਆ। ਲੇਖ ਦੇ ਅੰਕੜੇ ਰੌਂਗਟੇ ਖੜ੍ਹੇ ਕਰਨ ਵਾਲੇ ਹਨ। ਜਦੋਂ ਘਰਾਂ ਵਿੱਚ ਆਪਣੇ ਤੋਂ ਛੋਟੇ ਬੱਚਿਆਂ ਨਾਲ ਪੜ੍ਹਾਈ ਬਾਰੇ ਰਾਬਤਾ ਕਾਇਮ ਕਰਦੇ ਹਾਂ ਤਾਂ ਇਹ ਅੰਕੜੇ (ਛਾਪੇ ਗਏ) ਹੋਰ ਵੀ ਘੱਟ ਲੱਗਦੇ ਹਨ। ਸਕੂਲੀ ਅਧਿਆਪਕ ਨੂੰ ਸਕੂਲਾਂ ਵਿੱਚ ਪੜ੍ਹਾਈ ਕਰਵਾਉਣ ਲਈ ਸਮਾਂ ਨਾ ਮਿਲਣ ਕਾਰਨ ਉਨ੍ਹਾਂ ਤੋਂ ਹੋਰ ਵਿਭਾਗਾਂ ਵਿੱਚ ਡੈਪੂਟੇਸ਼ਨ ’ਤੇ ਕੰਮ ਲੈਣੇ ਬੰਦ ਕਰਨੇ ਚਾਹੀਦੇ ਹਨ। ਮਿਡਲ ਜਮਾਤ ਤੱਕ ਬੱਚਿਆਂ ਨੂੰ ਫੇਲ੍ਹ ਨਾ ਕਰਨ ਵਾਲੀਆਂ ਹਦਾਇਤਾਂ ਵੀ ਬੱਚਿਆਂ ਨੂੰ ਉਮਰ ਦੇ ਮੁੱਢਲੇ ਦੌਰ ਵਿੱਚ ਹੀ ਮਿਹਨਤ ਨਾ ਕਰਨ ਵਾਲੇ ਰਾਹ ਤੋਰਦੀਆਂ ਹਨ। ਸਮਾਜ ਲਈ ਸਿੱਖਿਅਤ ਨਾ ਹੋਣਾ ਬਹੁਤ ਹੀ ਮੰਦਭਾਗਾ ਤੇ ਚਿੰਤਾ ਯੋਗ ਵਿਸ਼ਾ ਹੈ। ਗ਼ੈਰ-ਸਿੱਖਿਅਤ ਸਮਾਜ ਕਿਸੇ ਵੀ ਦੇਸ਼ ਦੇ ਵਿਕਾਸ ਲਈ ਵੱਡਾ ਅੜਿੱਕਾ ਬਣਦਾ ਹੈ।
ਕੁਲਦੀਪ ਨੈਣੇਵਾਲ, ਬਰਨਾਲਾ

Advertisement


(2)
21 ਨਵੰਬਰ ਦੇ ਅੰਕ ਵਿੱਚ ਤਲਵਿੰਦਰ ਸਿੰਘ ਬੁੱਟਰ ਦਾ ਮਿਡਲ ਲੇਖ ‘ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਕਾਨਫਰੰਸ’ ਪੜ੍ਹਿਆ। ਲੇਖਕ ਨੇ ਪਿਛਲੀਆਂ ਦੋ ਸਦੀਆਂ ਦੇ ਸਿੱਖ ਸਮਾਜ ਦੀ ਸਿੱਖਿਆ ਚੇਤਨਾ ਦੇ ਸਫ਼ਰ ਬਾਰੇ ਚੰਗੀ ਜਾਣਕਾਰੀ ਦਿੱਤੀ ਹੈ। ਬਹੁਗਿਣਤੀ ਗ਼ਰੀਬ ਵਰਗ ਦੇ ਸਿੱਖਾਂ ਦੇ ਬੱਚਿਆਂ ਦੀ ਹਾਲਤ ਤਰਸਯੋਗ ਦੱਸੀ ਗਈ ਹੈ। ਇਹ ਹੋਇਆ ਹੀ ਸਿੱਖ ਸਮਾਜ ਵਿੱਚ ਸਿੱਖੀ ਸਿਧਾਂਤਾਂ ਦੀ ਚੇਤਨਾ ਦੀ ਘਾਟ ਕਰ ਕੇ ਹੈ। ਮਸਲੇ ’ਤੇ ਕਾਨਫਰੰਸ ਬੁਲਾਉਣਾ ਸ਼ੁਭ ਸੰਕੇਤ ਹੈ। ਦੋ ਸਦੀਆਂ ਪਹਿਲਾਂ ਤਾਂ ਵਿਦਿਆਰਥੀਆਂ ਨੇ ਧਰਮ ਪਰਿਵਰਤਨ ਕੀਤਾ ਸੀ, ਅੱਜ ਤਾਂ ਅਨਪੜ੍ਹਾਂ ਦੀਆਂ ਵਹੀਰਾਂ ਵੀ ਡੇਰਿਆਂ ਦੇ ਚੇਲੇ ਬਣਦੀਆਂ ਜਾ ਰਹੀਆਂ ਹਨ। ਚੇਤਨਾ ਦਾ ਬੀਜ ਕਿਸੇ ਵੀ ਧਰਮ ਦਾ ਵਿਹਾਰਕ ਚਲਨ ਹੀ ਬੀਜਦਾ ਹੈ, ਇਸ ਲਈ ਬਿਹਤਰ ਹੋਵੇਗਾ ਇੱਕ ਹੋਰ ਕਾਨਫਰੰਸ ਸਿੱਖਾਂ ਦੇ ਅਮਲੀ ਵਿਹਾਰ ’ਤੇ ਬੁਲਾਈ ਜਾਵੇ।
ਜਗਰੂਪ ਸਿੰਘ, ਉੱਭਾਵਾਲ


ਆਬਾਦੀ ਦੇ ਬਦਲ ਰਹੇ ਸਮੀਕਰਨ
ਪੰਜਾਬ ਵਿੱਚ ਆਵਾਸ-ਪਰਵਾਸ ਦੇ ਮਸਲੇ ’ਤੇ ਲੇਖ ਵਿੱਚ ਪੰਜਾਬ ਦੀ ਆਬਾਦੀ ਦੇ ਬਦਲ ਰਹੇ ਸਮੀਕਰਨ ਦਾ ਵਧੀਆ ਜ਼ਿਕਰ ਕੀਤਾ ਗਿਆ ਹੈ। ਭਾਰਤ ਦੇ ਰਾਜ ਖੇਤਰ ਵਿੱਚ ਬੇਰੋਕ ਵਿਚਰਨ ਅਤੇ ਰੋਜ਼ੀ-ਰੋਟੀ ਹਾਸਿਲ ਕਰਨ ਦਾ ਮੂਲ ਅਧਿਕਾਰ ਹਰ ਭਾਰਤੀ ਨੂੰ ਪ੍ਰਾਪਤ ਹੈ। ਦੂਜੇ ਪਾਸੇ ਕਿਰਤੀ ਗਤੀਸ਼ੀਲਤਾ ਵੀ ਲੋੜੀਂਦੀ ਹੈ। ਪਰ ਸਮੱਸਿਆ ਹੈ- ਡਿਸਟੈਂਸ ਮਾਈਗ੍ਰੇਸ਼ਨ (ਤੰਗੀ-ਤੁਰਸ਼ੀ ਕਰਕੇ ਪਰਵਾਸ)। ਪੰਜਾਬ ਸਰਕਾਰ ਨੂੰ ਬੇਰੁਜ਼ਗਾਰੀ ਦੇ ਮੁੱਦੇ ਨੂੰ ਪਹਿਲ ਦੇ ਆਧਾਰ ’ਤੇ ਨਜਿੱਠਣਾ ਚਾਹੀਦਾ ਹੈ। ਮੁਫ਼ਤ ਬੱਸ ਸੇਵਾ, ਮੁਫ਼ਤ ਬਿਜਲੀ ਆਦਿ ਜਿਹੇ ਕਦਮ ਬਹੁਤੇ ਸਮੇਂ ਤਕ ਲੋਕਾਂ ਨੂੰ ਖ਼ੁਸ਼ ਨਹੀਂ ਕਰ ਸਕਦੇ। ਸਥਾਈ ਹੱਲ ਲਈ ਨੀਤੀ ਅਤੇ ਨੀਅਤ ਦੋਵਾਂ ਦੀ ਲੋੜ ਹੈ। ਸੌੜੇ ਰਾਜਨੀਤਕ ਮਨਸੂਬਿਆਂ ਤੋਂ ਉੱਪਰ ਉੱਠ ਕੇ ਸੂਬੇ ਦੇ ਵਿਕਾਸ ਲਈ ਕੰਮ ਕਰਨ ਦੀ ਲੋੜ ਹੈ।
ਰਜਨੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ


(2)
20 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਲੇਖਿਕਾ ਕਮਲਜੀਤ ਕੌਰ ਗਿੱਲ ਦਾ ਲੇਖ ‘ਪੰਜਾਬ ਵਿੱਚ ਆਵਾਸ ਪਰਵਾਸ ਦੇ ਮਸਲੇ’ ਪੜ੍ਹਿਆ। ਲੇਖਿਕਾ ਨੇ ਵਿਸ਼ੇ ਨਾਲ ਇਨਸਾਫ਼ ਕਰਦਿਆਂ ਮਸਲੇ ਦੀ ਸਪੱਸ਼ਟ ਤਸਵੀਰ ਖਿੱਚੀ ਹੈ। ਪੰਜਾਬ ’ਚੋਂ ਪਰਵਾਸ ਨਿਰੰਤਰ ਜਾਰੀ ਹੈ, ਮੁਲਕ ਦੇ ਹੋਰਨਾਂ ਸੂਬਿਆਂ ਨਾਲੋਂ ਕਿਤੇ ਵੱਧ ਪੰਜਾਬੀ ਕਾਮੇ ਹੁਣ ਵਿਦਿਆਰਥੀ ਪੜ੍ਹਾਈ ਵੀਜ਼ੇ ਦੇ ਜ਼ਰੀਏ, ਪੱਛਮੀ ਮੁਲਕਾਂ ਵੱਲ ਨਿਰੰਤਰ ਜਾ ਰਹੇ ਹਨ। ਬਾਹਰਲੇ ਮੁਲਕਾਂ ਦੀਆਂ ਅਤਿਅੰਤ ਮੁਸ਼ਕਿਲਾਂ ਦੁਸ਼ਵਾਰੀਆਂ ਦੇ ਬਾਵਜੂਦ, ਪੰਜਾਬ ਤੋਂ ਪਰਵਾਸ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੂਜਾ ਪੱਖ ਇਹ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਦੀ ਜ਼ਰਖ਼ੇਜ਼ ਜ਼ਮੀਨ ਵਿੱਚ ਦੂਹਰੀ ਤੀਹਰੀ ਫ਼ਸਲ ਦੀ ਉਪਜ ਹੋਣ ਕਾਰਨ ਖੇਤੀ ਕਾਮਿਆਂ ਦੀ ਵੱਧ ਜ਼ਰੂਰਤ ਹੋਣੀ ਸੁਭਾਵਿਕ ਹੈ, ਜਦੋਂਕਿ ਪੰਜਾਬੀਆਂ ਦੇ ਛੋਟੇ ਪਰਿਵਾਰ ਹਨ। ਉਹ ਵੀ ਖੇਤੀ ਵਿੱਚੋਂ ਮਨਫ਼ੀ ਹੋ ਰਹੇ ਹਨ ਜਾਂ ਹੋ ਚੁੱਕੇ ਹਨ। ਖੇਤੀ ਕਰਨ ਵਾਸਤੇ ਖ਼ਾਸਕਰ ਝੋਨੇ ਵਾਸਤੇ ਖੇਤ ਮਜ਼ਦੂਰਾਂ ਦੀ ਬਹੁਤ ਜ਼ਰੂਰਤ ਪੈਂਦੀ ਹੈ ਜਿਸ ਨੂੰ ਪਰਵਾਸੀ ਭਾਰਤੀ ਕਾਮੇ, ਸਸਤੀ ਮਜ਼ਦੂਰੀ ਲੈ ਕੇ ਵੀ ਪੂਰਾ ਕਰ ਰਹੇ ਹਨ। ਪੰਜਾਬ ਦੇ ਸ਼ਹਿਰਾਂ ਵਿੱਚ ਖ਼ਾਸ ਕਰਕੇ ਇਮਾਰਤਾਂ ਦੀਆਂ ਉਸਾਰੀਆਂ ਵੀ ਜੰਗੀ ਪੱਧਰ ’ਤੇ ਜਾਰੀ ਹਨ। ਅਜਿਹੇ ਖੇਤਰਾਂ ਵਿੱਚ ਵਿਕਾਸ ਦੇ ਘੁੰਢ ਹੇਠਾਂ ਵਿਨਾਸ਼ ਵੀ ਹੋ ਰਿਹਾ ਹੈ। ਜ਼ਰਖ਼ੇਜ਼ ਉਪਜਾਊ ਜ਼ਮੀਨਾਂ ਪੱਥਰ ਅਤੇ ਕੰਕਰੀਟ ਦੀ ਉਪਜ ਕਰ ਰਹੀਆਂ ਹਨ। ਇਸ ਲਈ ਜਿਸ ਤਰ੍ਹਾਂ ਸਾਡੇ ਪੰਜਾਬੀ ਵਿਦਿਆਰਥੀ ਰੁਜ਼ਗਾਰ ਤਰੱਕੀ ਤੇ ਸੁਖਾਲੇ ਜੀਵਨ ਦੀ ਮਿਰਗ ਤ੍ਰਿਸ਼ਨਾ ਵਾਸਤੇ ਵਿਦੇਸ਼ ਜਾ ਰਹੇ ਹਨ, ਉਸੇ ਤਰ੍ਹਾਂ ਵੱਡੀ ਆਬਾਦੀ ਵਾਲੇ ਸੂਬਿਆਂ ਵਿੱਚੋਂ ਰੋਜ਼ੀ-ਰੋਟੀ ਕਮਾਉਣ ਲਈ ਪਰਵਾਸੀ ਕਾਮੇ, ਪੰਜਾਬੀਆਂ ਨੂੰ ਖੇਤਾਂ ਅਤੇ ਉਦਯੋਗ ਖੇਤਰ ਵਿੱਚ ਮਨੁੱਖੀ ਸ਼ਕਤੀ ਪ੍ਰਦਾਨ ਕਰਦੇ ਹਨ। ਅਜਿਹੇ ਨਾ ਟਾਲਣਯੋਗ ਵਰਤਾਰੇ ਵਿੱਚ ਸਾਡੇ ਵਿਰਸੇ, ਸੱਭਿਆਚਾਰ ਉੱਪਰ ਦੁਰਪ੍ਰਭਾਵ ਪੈਣਾ ਸੁਭਾਵਿਕ ਹੈ, ਪਰ ਹਰ ਕੰਮ ਮਸ਼ੀਨ ਜਾਂ ਬਟਨ ਦੱਬ ਕੇ ਹੋਣਾ ਸੰਭਵ ਨਹੀਂ। ਹੱਥੀਂ ਕਿਰਤ ਦੇ ਨਿਵੇਕਲੇ ਸੁੱਚੇ ਮਾਅਨੇ ਹਨ। ਪੰਜਾਬੀ ਪਰਿਵਾਰਾਂ, ਕਿਸਾਨਾਂ ਨੂੰ ਆਪਣੇ ਵਡੇਰਿਆਂ ਦੀ ਤਰ੍ਹਾਂ ਹੱਥੀਂ ਕਿਰਤ ਵਾਲਾ ਸੱਭਿਆਚਾਰ ਮੁੜ ਸਿਰਜਣਾ ਹੋਵੇਗਾ। ਜਿੰਨੀ ਤੇਜ਼ ਰਫ਼ਤਾਰ ਨਾਲ ਇਹ ਵਾਪਰਿਆ ਹੈ, ਬੈਕ ਗੇਅਰ ਗੱਡੀ ਉਸੇ ਤੇਜ਼ੀ ਨਾਲ ਨਹੀਂ ਚੱਲ ਸਕਦੀ।
20 ਨਵੰਬਰ ਦੇ ਮਿਡਲ ਵਿੱਚ ਲੇਖਕ ਮੇਜਰ ਸਿੰਘ ਨਾਭਾ ਨੇ ਆਪਣੇ ਸਕੂਲ ਵਿੱਚ ਬੱਚਿਆਂ ਦੀ ਮੁਸ਼ਕਿਲ ਨੂੰ ਵੇਖਦਿਆਂ ਪ੍ਰੀਖਿਆ ਕੇਂਦਰ ਬਣਵਾ ਕੇ ਜਿੱਥੇ ਸਕੂਲ ਦੇ ਨੇੜਲੇ ਇਲਾਕੇ ਦੇ ਵਿਦਿਆਰਥੀਆਂ, ਵਿਦਿਆਰਥਣਾਂ ਨੂੰ ਪ੍ਰੀਖਿਆ ਕੇਂਦਰ ਦੀ ਸਹੂਲਤ ਪ੍ਰਦਾਨ ਕਰ ਕੇ ਸਦਾ ਲਈ ਮਸਲਾ ਹੱਲ ਕਰ ਦਿੱਤਾ, ਉੱਥੇ ਮਾਪਿਆਂ ਦੀ ਪਰੇਸ਼ਾਨੀ ਦੂਰ ਹੋਈ ਹੈ। ਸੜਕਾਂ ’ਤੇ ਵਾਧੂ ਆਵਾਜਾਈ ਤੋਂ ਬਚਾਅ ਹੋਇਆ, ਉੱਥੇ ਬੱਚਿਆਂ ਦਾ ਕੀਮਤੀ ਸਮਾਂ ਵੀ ਬਚ ਗਿਆ ਹੈ। ਅਜਿਹੇ ਸਾਂਝੇ ਕਾਰਜ ਕਿਸੇ ਕਿਸੇ ਹਿੰਮਤੀ ਮੇਜਰ ਸਿੰਘ ਵਰਗਿਆਂ ਦੇ ਹਿੱਸੇ ਆਉਂਦੇ ਹਨ। ਅਜਿਹੇ ਤਨੋਂ ਮਨੋਂ ਕੀਤੇ ਗਏ ਕੰਮਾਂ ’ਤੇ ਹਮੇਸ਼ਾ ਮਾਣ ਮਹਿਸੂਸ ਹੁੰਦਾ ਹੈ ਪਰ ਕਈ ‘ਅੜਿੱਕਾ ਸਾਹਿਬ’ ਅਤੇ ‘ਹੱਡ ਬਚਾਊ’ ਬੇਲੋੜੇ ਕਾਰਨ ਉਤਪੰਨ ਕਰ ਕੇ ਆਪਣੀ ਨਾਂਹ-ਮੁਖੀ ਸ਼ੈਲੀ ਨੂੰ ਹਮੇਸ਼ਾ ਤਾਜ਼ਾ ਰੱਖਦੇ ਹਨ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ


ਸਿੱਖ ਸਮਾਜ ਦੀ ਸਿੱਖਿਆ ਚੇਤਨਾ
ਤਲਵਿੰਦਰ ਸਿੰਘ ਬੁੱਟਰ ਦਾ ਲੇਖ ਸਿੱਖ ਸਿੱਖਿਆ ਦੇ ਖੇਤਰ ਵਿੱਚ ਜਾਗਰੂਕਤਾ ਲਿਆਉਣ ਲਈ ਇੱਕ ਵਿਸ਼ੇਸ਼ ਯਤਨ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਵਿਸ਼ਾ ਵੀਹਵੀਂ ਸਦੀ ਦੇ ਆਰੰਭ ਤੋਂ ਹੀ ਅਣਗੌਲਿਆ ਰਿਹਾ। ਬਹੁਤੇ ਸਿੱਖ ਵਿਦਵਾਨ ਇਸ ਬਾਰੇ ਚਿੰਤਨ ਕਰਦੇ ਰਹੇ ਹਨ, ਪਰ ਉਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਜਿਵੇਂ ਸੰਨ 1890 ਵਿੱਚ ਖਾਲਸਾ ਕਾਲਜ ਦੀ ਸਥਾਪਨਾ ਲਈ ਬਣਾਈ ਕਮੇਟੀ ਇਸ ਵਿਸ਼ੇ ਵੱਲ ਵਿਸ਼ੇਸ਼ ਤੌਰ ’ਤੇ ਕੀਤਾ ਗਿਆ ਇੱਕ ਸ਼ਲਾਘਾਯੋਗ ਉਪਰਾਲਾ ਸੀ। ਇਸ ਨੂੰ ਬੂਰ 1908 ਵਿੱਚ ਪਿਆ, ਜਦੋਂ ਸੁੰਦਰ ਸਿੰਘ ਮਜੀਠੀਆ ਨੇ ਲਾਹੌਰ ਵਿਖੇ ਖਾਲਸਾ ਕਾਲਜ ਖੋਲ੍ਹ ਦਿੱਤਾ। ਇਸ ਵਿਚਲੇ ਉੱਚ ਕੋਟੀ ਦੇ ਵਿਦਵਾਨਾਂ ਭਾਈ ਵੀਰ ਸਿੰਘ ਤੇ ਜੋਧ ਸਿੰਘ ਵਰਗਿਆਂ ਨੇ ਬਹੁਤ ਉੱਦਮ ਕੀਤੇ ਤੇ ਅੰਮ੍ਰਿਤਸਰ ਵਿਖੇ ਖਾਲਸਾ ਦੀਵਾਨ ਵੀ ਸਥਾਪਿਤ ਕੀਤਾ ਗਿਆ ਜੋ ਕਿ ਉਸ ਵਕਤ ਨਿਰੋਲ ਧਾਰਮਿਕ ਸਿੱਖਿਆ ਵੱਲ ਹੀ ਯਤਨਸ਼ੀਲ ਸੀ। 1920 ਵਿੱਚ ਅਕਾਲੀ ਦਲ ਦੀ ਸਥਾਪਨਾ ਹੋਣ ਨਾਲ ਧਰਮ ਤੇ ਰਾਜਨੀਤੀ ਦੇ ਰਲੇਵੇਂ ਨਾਲ ਸਭ ਕੁਝ ਬਦਲ ਗਿਆ। ਧਾਰਮਿਕ ਸਿੱਖਿਆ ਦਾ ਵਿਸ਼ਾ ਹੌਲੀ ਹੌਲੀ ਵਿਸਾਰਿਆ ਜਾਣ ਲੱਗਾ। ਸ਼੍ਰੋਮਣੀ ਕਮੇਟੀ ਨੇ ਧਾਰਮਿਕ ਸਿੱਖਿਆ ਲਈ ਜੋ ਉਪਰਾਲੇ ਕਰਨੇ ਸਨ, ਉਹ ਨਹੀਂ ਕੀਤੇ ਤੇ ਸਿੱਖ ਧਰਮ ਬਹੁਤ ਪਛੜ ਗਿਆ। ਸਿੱਖ ਸਮਾਜ ਨੂੰ ਸਿੱਖਿਆ ਦੀ ਬਹੁਤ ਜ਼ਰੂਰਤ ਹੈ। ਸਿੱਖ ਕੇਵਲ ਲੰਗਰ ਤੇ ਇਮਾਰਤਾਂ ਵੱਲ ਹੀ ਵਧੇਰੇ ਧਿਆਨ ਦੇ ਰਹੇ ਹਨ। ਸ਼੍ਰੋਮਣੀ ਕਮੇਟੀ ਨੂੰ ਆਪਣੇ ਪੱਧਰ ’ਤੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ੇਸ਼ ਉਪਰਾਲਾ ਕਰਨਾ ਚਾਹੀਦਾ ਹੈ। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ।
ਬਲਦੇਵ ਸਿੰਘ ਵਿਰਕ, ਝੁਰੜ ਖੇੜਾ (ਅਬੋਹਰ)

Advertisement
Author Image

joginder kumar

View all posts

Advertisement