ਪਾਠਕਾਂ ਦੇ ਖ਼ਤ
ਗੁਰਪੁਰਬ ਦੇ ਸਬਕ
18 ਨਵੰਬਰ ਵਾਲੇ ਲੇਖ ‘ਕੇਂਦਰ ਅਤੇ ਪੰਜਾਬ ਲਈ ਗੁਰਪੁਰਬ ਦੇ ਸਬਕ’ (ਜਯੋਤੀ ਮਲਹੋਤਰਾ) ਨੇ ਪੰਜਾਬ ਵਾਸੀਆਂ ਨੂੰ ਸ਼ੀਸ਼ਾ ਦਿਖਾਇਆ ਹੈ। ਲੇਖ ਪੰਜਾਬ ਨੂੰ ਪੇਸ਼ ਆ ਰਹੀਆਂ ਤਮਾਮ ਸਮੱਸਿਆਵਾਂ ਤੋਂ ਛੁਟਕਾਰੇ ਲਈ ਪੰਜਾਬੀਆਂ, ਇਸ ਦੇ ਆਗੂਆਂ ਅਤੇ ਕੇਂਦਰ ਸਰਕਾਰ ਨੂੰ ਗੁਰੂ ਦੇ ਫ਼ਲਸਫ਼ੇ- ਨਿਰਭਉ ਤੇ ਨਿਰਵੈਰੁ - ਦੀ ਰੋਸ਼ਨੀ ਵਿੱਚ ਦਿਸ਼ਾ ਅਤੇ ਵਿਚਾਰ ਤੈਅ ਕਰਨ ਵੱਲ ਸੰਕੇਤ ਹੈ। ਜਿਹੜੇ ਲੋਕ ਨਿਰਭਉ ਹੁੰਦੇ ਹਨ, ਉਹ ਕਿਤੇ ਵੀ ਖੜ੍ਹੇ ਹੋਣ, ਆਪਣੀ ਗੱਲ ਦਲੇਰੀ ਨਾਲ ਕਹਿਣ ਦੀ ਹਿੰਮਤ ਰੱਖਦੇ ਹਨ ਜਿਵੇਂ ਲੇਖ ਵਿੱਚ ਜ਼ਿਕਰ ਆਇਆ ਹੈ। ਬਿਨਾ ਸ਼ੱਕ, ਸੁਨੀਲ ਜਾਖੜ ਨੇ ਪਾਰਟੀ ਬਦਲੀ ਹੈ ਪਰ ਪੰਜਾਬੀ ਸੁਭਾਅ ਨਹੀਂ। ਉਨ੍ਹਾਂ ਵਿੱਚ ਨਿਰਭਉ ਹੋ ਕੇ ਸੱਚ ਕਹਿਣ ਦੀ ਹਿੰਮਤ ਹੈ। ਜੇ ‘ਪੰਜਾਬ ਦਾ ਮੋਹਰੀ ਚਿਹਰਾ’ ਤੈਅ ਕਰਨ ਵੇਲੇ ਹੁਲੀਏ ਦੀ ਗੱਲ ਕੀਤੀ ਜਾਵੇਗੀ ਤਾਂ ਸਮਝੋ ਇਹ ਸਿਆਸੀ ਸਵਾਰਥਾਂ ਤੋਂ ਪ੍ਰੇਰਿਤ ਅਤੇ ਪੰਜਾਬ ਦੀ ਤਾਸੀਰ ਦੇ ਉਲਟ ਹੋਵੇਗੀ। ਬਹੁਤੇ ਪੰਜਾਬੀਆਂ ਨੂੰ ਇਸ ਗੱਲ ਨਾਲ ਫ਼ਰਕ ਨਹੀਂ ਪੈਂਦਾ ਕਿ ਸੱਤਾ ਵਿੱਚ ਕਿਹੜੀ ਪਾਰਟੀ ਹੈ ਤੇ ਉਸ ਦਾ ਮੋਹਰੀ ਚਿਹਰਾ ਕੌਣ ਹੈ। ਇਤਿਹਾਸ ਗਵਾਹ ਹੈ ਕਿ ਪੰਜਾਬ ਵਿੱਚ ਘੱਟਗਿਣਤੀ ਭਾਈਚਾਰੇ ਦੇ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਸ਼ਾਨਾਮੱਤਾ ਸੀ ਅਤੇ ਸਾਰੇ ਭਾਈਚਾਰਿਆਂ ਦੀ ਉਸ ਵਿੱਚ ਭਾਗੀਦਾਰੀ ਸੀ। ਸਿੱਖ ਫ਼ਲਸਫ਼ਾ ਜਿੱਥੇ ਸਾਨੂੰ ਨਿਰਭਉ ਤੇ ਨਿਰਵੈਰੁ ਹੋਣ ਲਈ ਪ੍ਰੇਰਦਾ ਹੈ, ਗੁਰੂ ਜੀ ਇਹ ਵੀ ਫਰਮਾਉਂਦੇ ਹਨ- ਤਖਤਿ ਬਹੈ ਤਖਤੇ ਕੀ ਲਾਇਕ।। ਅਵਾਮ ਨੂੰ ਸਮੱਸਿਆਵਾਂ ਤੋਂ ਛੁਟਕਾਰਾ ਚਾਹੀਦਾ; ਕਿਸ ਪਾਰਟੀ ਦਾ ਕਿਹੋ ਜਿਹੇ ਚਿਹਰੇ ਵਾਲਾ ਕੌਣ ਗੱਦੀ ’ਤੇ ਬੈਠਾ ਹੈ, ਇਸ ਨਾਲ ਉਦੋਂ ਤਕ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਤਕ ਉਹ ਅਤੇ ਉਸ ਦੀ ਪਾਰਟੀ ਨਿਰਭਉ ਤੇ ਨਿਰਵੈਰੁ ਹੋ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਰਹੇਗੀ।
ਦਰਸ਼ਨ ਸਿੰਘ ਭੁੱਲਰ, ਬਠਿੰਡਾ
(2)
18 ਨਵੰਬਰ ਨੂੰ ਜਯੋਤੀ ਮਲਹੋਤਰਾ ਦਾ ਲੇਖ ‘ਕੇਂਦਰ ਤੇ ਪੰਜਾਬ ਲਈ ਗੁਰਪੁਰਬ ਦੇ ਸਬਕ’ ਪੜ੍ਹਿਆ। ਲੇਖ ਦੇ ਅਖ਼ੀਰ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਪ੍ਰਸ਼ਾਦਿ ਕਰਾਉਣ ਲਈ ਸਿਰਫ਼ ਪੰਜਾਹ ਰੁਪਏ ਦੇਣੇ ਪੈਂਦੇ ਹਨ, ਬਾਕੀ ਸਭ ਮੁਫ਼ਤ। ਇਹ ਜਾਣਕਾਰੀ ਸਹੀ ਨਹੀਂ। ਕਿਸੇ ਵੀ ਗੁਰਦੁਆਰੇ ਵਿੱਚ ਪ੍ਰਸ਼ਾਦਿ ਕਰਾਉਣਾ ਜਾਂ ਨਾ ਕਰਾਉਣਾ, ਤੁਹਾਡੀ ਸ਼ਰਧਾ ਹੈ ਨਾ ਕਿ ਜ਼ਰੂਰੀ। ਬਿਨਾਂ ਪ੍ਰਸ਼ਾਦਿ ਕਰਵਾਏ ਵੀ ਤੁਹਾਨੂੰ ਸਭ ਕੁਝ ਮੁਫ਼ਤ ਮਿਲੇਗਾ। ਵੈਸੇ ਪ੍ਰਸ਼ਾਦਿ 10 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ।
ਹਰਜੀਤ ਸਿੰਘ, ਈਮੇਲ
ਦਲ-ਬਦਲੀ
16 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਸੁਖਦੇਵ ਸਿੰਘ ਦਾ ਲੇਖ ‘ਜ਼ਿਮਨੀ ਚੋਣਾਂ : ਦਲ-ਬਦਲੀ ਅਤੇ ਪਰਿਵਾਰਵਾਦ’ ਵਿੱਚ ਭਾਰਤ ਦੀ ਦਲ-ਬਦਲੂ ਸਿਆਸਤ ਬਾਰੇ ਗਹਿਰੀ ਚਿੰਤਾ ਪ੍ਰਗਟਾਈ ਹੈ। ਜ਼ਿਮਨੀ ਚੋਣਾਂ ਮੌਜੂਦਾ ਸਰਕਾਰ ਲਈ ਕਸਵੱਟੀ ਦਾ ਕੰਮ ਕਰਦੀਆਂ ਹਨ ਪਰ ਅੱਜ ਕੱਲ੍ਹ ਰਾਜਨੀਤਕ ਪਾਰਟੀਆਂ ਨੇ ਜ਼ਿਮਨੀ ਚੋਣਾਂ ਦਾ ਮਜ਼ਾਕ ਬਣਾ ਦਿੱਤਾ ਹੈ। ਬਹੁਤ ਸਾਰੇ ਉਮੀਦਵਾਰ ਲੋਕ ਮੁੱਦਿਆਂ ਤੋਂ ਹਟ ਕੇ ਦਲ-ਬਦਲੂ, ਮੌਕਾਪ੍ਰਸਤੀ ਤੇ ਪਰਿਵਾਰ ਦੇ ਇਰਦ-ਗਿਰਦ ਘੁੰਮਦੇ ਨਜ਼ਰੀਂ ਪੈਂਦੇ ਹਨ। ਕੋਈ ਵੀ ਪਾਰਟੀ ਲੋਕਾਂ ਦੇ ਮੁੱਦਿਆਂ ਬੇਰੁਜ਼ਗਾਰੀ ਤੇ ਮਹਿੰਗਾਈ, ਮੰਡੀਕਰਨ ਸਹੀ ਨਾ ਹੋਣ ਕਰ ਕੇ ਰੁਲ਼ ਰਹੇ ਕਿਸਾਨ, ਨਸ਼ੇ ਖੁੱਲ੍ਹੇਆਮ ਮਿਲਣ ਅਤੇ ਰੋਜ਼ ਹੋ ਰਹੀਆਂ ਮੌਤਾਂ ਦਾ ਕੋਈ ਜ਼ਿਕਰ ਨਹੀਂ। ਵੋਟਾਂ ਲੈਣ ਲਈ ਇੱਕ ਦੂਜੇ ਉੱਤੇ ਨਿੱਜੀ ਹਮਲੇ ਕੀਤੇ ਜਾਂਦੇ ਹਨ ਅਤੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਉਨ੍ਹਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ। ਸਿਆਸਤ ਵਿੱਚ ਆਏ ਨਿਘਾਰ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ। ਚੋਣ ਕਮਿਸ਼ਨ ਵੀ ਤਮਾਸ਼ਬੀਨ ਬਣਿਆ ਸਭ ਕੁਝ ਦੇਖ ਰਿਹਾ ਹੈ।
ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)
ਕਾਲਾ ਦੌਰ
15 ਨਵੰਬਰ ਨੂੰ ਜੂਲੀਓ ਰਿਬੇਰੋ ਦਾ ਲੇਖ ‘ਸਲਮਾਨ ਰਸ਼ਦੀ ਦੇ ਹਵਾਲੇ ਨਾਲ ਕੁਝ ਗੱਲਾਂ’ ਪੜ੍ਹਿਆ ਜੋ ਪੰਜਾਬ ਅੰਦਰ ਅਤਿਵਾਦ ਦੇ ਕਾਲੇ ਦੌਰ ਨੂੰ ਬਿਆਨ ਕਰਦਾ ਹੈ ਜਿਸ ਦੇ ਸਾਏ ਹੇਠ ਪੰਜਾਬ ਦੇ ਲੋਕ ਖ਼ੌਫ਼ ਨਾਲ ਜੀਣ ਲਈ ਮਜਬੂਰ ਸਨ। ਹਰ ਰੋਜ਼ ਪਤਾ ਨਹੀਂ ਕਿੰਨੇ ਬੇਕਸੂਰ ਮਾਰੇ ਜਾਂਦੇ ਰਹੇ। ਇਸ ਅਣ-ਐਲਾਨੀ ਜੰਗ ਦਾ ਖਮਿਆਜ਼ਾ ਆਮ ਪਰਿਵਾਰਾਂ ਨੂੰ ਭੁਗਤਣਾ ਪਿਆ। ਪਤਾ ਨਹੀਂ ਕਿੰਨੀਆਂ ਮਾਵਾਂ ਤੋਂ ਪੁੱਤ ਖੋਹੇ ਗਏ, ਅਨੇਕ ਮੁਟਿਆਰਾਂ ਵਿਧਵਾ ਹੋ ਗਈਆਂ ਤੇ ਅਣਗਿਣਤ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ। ਧਰਮ ਨੂੰ ਆਧਾਰ ਬਣਾ ਕੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਗਿਆ।
ਕਮਲਜੀਤ ਕੌਰ ਗੁੰਮਟੀ, ਈਮੇਲ
ਕਾੜ੍ਹਨੀ ਦਾ ਦੁੱਧ
15 ਨਵੰਬਰ ਨੂੰ ਗੁਰਦੀਪ ਸਿੰਘ ਢੁੱਡੀ ਦੇ ਮਿਡਲ ‘ਕਾੜ੍ਹਨੀ ਦਾ ਦੁੱਧ’ ਵਿੱਚ ਜਿੱਥੇ ਰਿੜਕਣੇ ਅਤੇ ਕਾੜ੍ਹਨੀ ਵਿੱਚ ਫ਼ਰਕ ਦੱਸਿਆ ਗਿਆ ਹੈ, ਉੱਥੇ ਹੀ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਵਾਂਗ ਆਪਣੇ ਦੁੱਧ ਨੂੰ ਪ੍ਰਾਸੈਸਿੰਗ ਕਰ ਕੇ ਵੇਚਣ ਦੀ ਸਲਾਹ ਦਿੱਤੀ ਗਈ ਹੈ। ਅੱਜ ਦੇ ਸਮੇਂ ਦੀ ਲੋੜ ਹੈ ਕਿ ਕਿਸਾਨ ਆਪਣੀਆਂ ਚੀਜ਼ਾਂ ਵੇਚਣ ਵਿੱਚ ਫ਼ਖ਼ਰ ਮਹਿਸੂਸ ਕਰਨ।
ਚਮਕੌਰ ਸਿੰਘ ਬਾਘੇਵਾਲੀਆ, ਈਮੇਲ
ਅਧਿਆਪਕ ਦੀਆਂ ਯਾਦਾਂ
14 ਨਵੰਬਰ ਦੇ ਅੰਕ ਵਿੱਚ ਅਵਤਾਰ ਸਿੰਘ ਬਿਲਿੰਗ ਦਾ ਲੇਖ ‘ਮਾਸਟਰ ਕਸ਼ਮੀਰਾਂ ਸਿੰਘ ਨੂੰ ਯਾਦ ਕਰਦਿਆਂ’ ਪੜ੍ਹਿਆ। ਉਸ ਸਮੇਂ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਈ ਬਹੁਤ ਵਧੀਆ ਸੀ ਭਾਵੇਂ ਸਹੂਲਤਾਂ ਦੀ ਘਾਟ ਹੁੰਦੀ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਸਮੇਂ ਪ੍ਰਾਇਮਰੀ ਅਤੇ ਸੈਕੰਡਰੀ ਡਾਇਰੈਕਟੋਰੇਟ ਇੱਕ ਸੀ। ਜਦੋਂ ਤੋਂ ਇਹ ਦੋ ਡਾਇਰੈਕਟੋਰੇਟ ਵੱਖ-ਵੱਖ ਭਾਵ ਪ੍ਰਾਇਮਰੀ ਅਤੇ ਸੈਕੰਡਰੀ ਬਣ ਗਏ, ਉਦੋਂ ਤੋਂ ਹੀ ਪ੍ਰਾਇਮਰੀ ਸਿੱਖਿਆ ਦਾ ਮਿਆਰ ਡਿੱਗਣਾ ਸ਼ੁਰੂ ਹੋ ਗਿਆ। ਉਸ ਸਮੇਂ ਬਲਾਕ ਸਿੱਖਿਆ ਅਫਸਰ ਦੀ ਯੋਗਤਾ ਬੀਏ, ਬੀਟੀ ਹੁੰਦੀ ਸੀ ਜਿਸ ਦੀ ਅਗਵਾਈ ਵਿੱਚ ਅਧਿਆਪਕ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦੇ ਸਨ ਅਤੇ ਉਹ ਅਫਸਰ ਵੀ ਅਧਿਆਪਕਾਂ ਨੂੰ ਯੋਗ ਅਗਵਾਈ ਦੇਣ ਦੇ ਕਾਬਿਲ ਹੁੰਦਾ ਸੀ।
ਸ਼ਰਨਜੀਤ ਸਿੰਘ, ਖਮਾਣੋਂ
ਭਾਜਪਾ ਦਾ ਪੈਂਤੜਾ
13 ਨਵੰਬਰ ਵਾਲਾ ਸੰਪਾਦਕੀ ‘ਭਾਜਪਾ ਦਾ ਪੰਜਾਬ ਪੈਂਤੜਾ’ ਪੜ੍ਹਿਆ। ਦੇਰ ਤੱਕ ਸੱਤਾ ਸੁੱਖ ਭੋਗ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਪੰਜਾਬ ਦੇ ਸੁਥਰੇ ਸਿਆਸਤਦਾਨ ‘ਸੰਧੂਰੇ ਹੋਏ ਹਾਥੀ’ ਹਨ। ਇਹ ਬਿਨਾਂ ਸਿਰ ਪੈਰ ਦੇ ਕਮਜ਼ੋਰ ਪੈਂਤੜੇ ’ਤੇ ਖੜ੍ਹੇ ਚੋਣਾਂ ਸਮੇਂ ਚੰਗਿਆੜਾਂ ਮਾਰਦੇ ਹਨ। ਕਾਂਗਰਸੀ ਰਵਨੀਤ ਬਿੱਟੂ ਕਿਸਾਨ ਪੱਖੀ ਸੀ, ਹੁਣ ਭਾਜਪਾਈ ਰਵਨੀਤ ਬਿੱਟੂ ਕਿਸਾਨ ਵਿਰੋਧੀ ਹੈ। ਕਦੀਮ ਤੋਂ ਖੇਤੀ ਪ੍ਰਧਾਨ ਸੂਬੇ ਪੰਜਾਬ ਵਿੱਚ 57 ਫ਼ੀਸਦੀ ਵਸੋਂ ਦੀ ਰੋਟੀ ਰੋਜ਼ੀ ਖੇਤੀ ਖੇਤਰ ਉੱਤੇ ਨਿਰਭਰ ਹੈ ਅਤੇ ਅੱਜ ਧਰਾਤਲ ’ਤੇ ਖੇਤੀ ਘਾਟੇਵੰਦ ਧੰਦਾ ਹੈ। ਕੇਂਦਰ ਸਰਕਾਰ ਕਿਸਾਨ ਨੂੰ ਦਬਾਅ ਹੇਠ ਰੱਖ ਕੇ ਹੌਲੀ-ਹੌਲੀ ਖੇਤੀ ਖੇਤਰ ਵਿੱਚੋਂ ਕੱਢਣਾ ਚਾਹੁੰਦੀ ਹੈ। ਭਾਜਪਾ ਦਾ ਪੰਜਾਬ ਵਿੱਚ ਕੋਈ ਸਟੀਕ ਪੈਂਤੜਾ ਨਹੀਂ, ਸਿਰਫ਼ ਮੌਸਮੀ ਪੰਖ-ਪੰਖੇਰੂ ਸੰਗ ਕਿਸਾਨ ਤੇ ਕਰਿਆੜ ਵਾਲਾ 36 ਦਾ ਅੰਕੜਾ ਹੈ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ
ਧੂਣੀ ਵਾਂਗ ਧੁਖਦੇ ਹਰਫ਼
9 ਨਵੰਬਰ ਨੂੰ ਸਤਰੰਗ ਵਾਲੇ ਪੰਨੇ ’ਤੇ ਫੋਟੋ ਸਮੇਤ ਛਾਪਿਆ ਲੇਖ ‘ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਧਰੂ ਤਾਰੇ ਦੀ ਚਮਕ ਦੇਣ ਵਾਲਾ ਹੈ। ਇਸ ਦੇ ਲੇਖਕ ਅਸ਼ੋਕ ਬਾਂਸਲ ਮਾਨਸਾ ਨੇ ਸੰਤ ਰਾਮ ਉਦਾਸੀ ਦੇ ਸੰਘਰਸ਼ਮਈ ਅਤੇ ਇਨਕਲਾਬੀ ਜੀਵਨ ਦਰਸ਼ਨ ਦੀ ਖੁੱਲ੍ਹ ਕੇ ਚਰਚਾ ਕੀਤੀ ਹੈ। ਇਹ ਲੇਖ ਗ਼ਰੀਬਾਂ, ਮਜ਼ਦੂਰਾਂ ਅਤੇ ਕਿਰਤੀਆਂ ਦੀ ਨਿੱਤ ਦੀਆਂ ਅਸਹਿ ਮੁਸ਼ਕਿਲਾਂ, ਗ਼ਰੀਬੀ ਅਤੇ ਉਨ੍ਹਾਂ ਦੇ ਖ਼ੂਨ-ਪਸੀਨੇ ਨਾਲ ਭਰਿਆ ਹੋਇਆ ਹੈ। ਸੰਤ ਰਾਮ ਉਦਾਸੀ ਆਪਣੇ ਸਮੇਂ ਦਾ ਸੱਚਾ ਦੇਸ਼ਭਗਤ ਅਤੇ ਮਹਾਨ ਕਵੀ ਹੈ। ਨਵ-ਜਮਹੂਰੀ ਇਨਕਲਾਬੀ ਸੋਚ ਸਦਕਾ ਉਹ ਉਮਰ ਭਰ ਸਮਾਜ ਦੇ ਪੂੰਜੀਪਤੀ, ਜਗੀਰਦਾਰਾਂ ਅਤੇ ਅਮੀਰਾਂ ਦੀਆਂ ਅੱਖਾਂ ਵਿੱਚ ਰੜਕਦਾ ਰਿਹਾ। ਸਮਾਜ ਦੇ ਵੱਡੇ ਲੋਕਾਂ ਅਤੇ ਸਮੇਂ ਦੀਆਂ ਸਰਕਾਰਾਂ ਨੇ ਉਸ ਦੀ ਸੋਚ ਤੇ ਆਵਾਜ਼ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਉਸ ਉੱਤੇ ਤਸ਼ੱਦਦ ਢਾਹਿਆ। ਉਹ ਦੱਬੇ ਕੁਚਲੇ ਲੋਕਾਂ ਦਾ ਮਸੀਹਾ ਸੀ। ਉਮਰ ਭਰ ਉਹ ਉੱਚੀ ਬਾਂਹ ਕਰ ਕੇ ਦਲੇਰਾਨਾ ਅੰਦਾਜ਼ ਵਿੱਚ ਉਨ੍ਹਾਂ ਦੀ ਪਿੱਠ ਥਾਪੜਦਾ ਰਿਹਾ। ਉਦਾਸੀ ਦੇ ਗੀਤ ਆਮ ਅਦਾਮੀ ਅਤੇ ਕੰਮੀਆਂ ਲਈ ਵਸੀਅਤ ਅਤੇ ਨਸੀਹਤ ਹਨ। ਇਹ ਰਹਿੰਦੀ ਦੁਨੀਆ ਤਕ ਮਘਦੇ ਸੂਰਜ ਵਾਂਗ ਉਨ੍ਹਾਂ ਦੇ ਘਰਾਂ ਵਿੱਚ ਚਾਨਣ ਮੁਨਾਰਾ ਬਣੇ ਰਹਿਣਗੇ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ, ਹਰਿਆਣਾ)