For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:11 AM Sep 12, 2024 IST
ਪਾਠਕਾਂ ਦੇ ਖ਼ਤ
Advertisement

ਆਤਮਹੱਤਿਆਵਾਂ ਦਾ ਮਸਲਾ
ਸੰਪਾਦਕੀ ਪੰਨੇ ’ਤੇ (10 ਸਤੰਬਰ) ਐਡਵੋਕੇਟ ਕੁਲਦੀਪ ਚੰਦ ਦੋਭੇਟਾ ਦਾ ਲੇਖ ‘ਆਤਮਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ’ ਵਿਚਾਰਨ ਵਾਲਾ ਮੁੱਦਾ ਸੀ। ਦੁਨੀਆ ਭਰ ਵਿੱਚ ਆਤਮਹੱਤਿਆ ਦਾ ਵਧ ਰਿਹਾ ਰੁਝਾਨ ਸੱਚਮੁੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਅਫ਼ਸੋਸਨਾਕ ਪੱਖ ਇਹ ਹੈ ਕਿ ਭਾਰਤ ਵਿੱਚ ਨੌਜਵਾਨ ਵਰਗ ਵੱਡੀ ਸੰਖਿਆ ਵਿੱਚ ਇਸ ਵਰਤਾਰੇ ਦਾ ਸ਼ਿਕਾਰ ਹੋ ਰਿਹਾ ਹੈ । ਭਾਵੇਂ ਆਤਮਹੱਤਿਆ ਦਾ ਪ੍ਰਮੁੱਖ ਕਾਰਨ ਬੇਰੁਜ਼ਗਾਰੀ, ਪੜ੍ਹਾਈ ਦਾ ਦਬਾਅ, ਨਸ਼ੇ, ਕਰਜ਼ਾ, ਇਕੱਲਤਾ, ਵਿਗੜ ਰਹੇ ਪਰਿਵਾਰਕ ਸਬੰਧ ਤੇ ਭਵਿੱਖ ਦੀ ਚਿੰਤਾ ਸਮਝੇ ਜਾਂਦੇ ਹਨ ਪਰ ਪਿਛਲੇ ਕੁਝ ਅਰਸੇ ਤੋਂ ਹਰ ਪੱਖੋਂ ਸਫਲ ਜਾਂ ਅਮੀਰ ਤਬਕੇ ਦੇ ਲੋਕ ਵੀ ਤੇਜ਼ੀ ਨਾਲ ਇਸ ਵਹਿਣ ਵਿੱਚ ਵਹਿ ਤੁਰੇ ਹਨ। ਬਿਨਾਂ ਸ਼ੱਕ ਆਤਮਹੱਤਿਆ ਨੂੰ ਸਮਾਜ ਵਿੱਚ ਕਿਸੇ ਵੀ ਪੱਖ ਤੋਂ ਚੰਗਾ ਨਹੀਂ ਸਮਝਿਆ ਜਾਂਦਾ ਪਰ ਦੁਖਦ ਪਹਿਲੂ ਇਹ ਹੈ ਕਿ ਇਸ ਗੰਭੀਰ ਮਸਲੇ ਦਾ ਹੱਲ ਵੀ ਕਿਤੇ ਨਜ਼ਰ ਨਹੀਂ ਆ ਰਿਹਾ। ਭਾਵੇਂ ਆਤਮਹੱਤਿਆ ਕਾਨੂੰਨੀ ਅਪਰਾਧ ਹੈ, ਪਰ ਦੇਸ਼ ਵਿੱਚ ਅਜਿਹਾ ਮਾਹੌਲ ਪੈਦਾ ਕਰਨ ਦੀ ਜ਼ਰੂਰਤ ਹੈ ਕਿ ਕੋਈ ਆਤਮਹੱਤਿਆ ਕਰਨ ਬਾਰੇ ਸੋਚ ਵੀ ਨਾ ਸਕੇ।
ਸੁਖਮੰਦਰ ਸਿੰਘ ਤੂਰ, ਬਰੈਂਪਟਨ (ਕੈਨੇਡਾ)

Advertisement


(2)
‘ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ’ ’ਤੇ ਐਡਵੋਕੇਟ ਕੁਲਦੀਪ ਚੰਦ ਨੇ ਆਤਮਹੱਤਿਆ ਦੇ ਕਾਰਨਾਂ ਬਾਰੇ ਦੱਸਣ ਦੀ ਕੋਸ਼ਿਸ ਕੀਤੀ! ਇਨ੍ਹਾਂ ਕਾਰਨਾਂ ਵਿੱਚੋਂ ਮੁੱਖ ਆਰਥਿਕ ਕਮਜ਼ੋਰੀ ਹੈ ਜਿਸ ਕਾਰਨ ਪਿਛਲੇ ਹਫ਼ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁਗਰਾਣਾ ਦੇ ਮਾਂ-ਪਿਉ ਸਮੇਤ ਛੋਟੇ ਜਿਹੇ ਸਪੁੱਤਰ ਨੂੰ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰਨੀ ਪਈ। ਕੀਟਨਾਸ਼ਕਾਂ ਅਤੇ ਰੱਸੀਆਂ ਦੀ ਵਿਕਰੀ ਨੂੰ ਨਿਯਮਤ ਕਰਨ ਦੇ ਉਪਾਅ ਬਾਰੇ ਸੁਝਾਅ ਬੇਤੁਕਾ ਹੈ ਕਿਉਂਕਿ ਇਨ੍ਹਾਂ ਤੋਂ ਵੱਧ ਖ਼ੁਦਕਸ਼ੀਆਂ ਰੇਲ ਗੱਡੀ ਥੱਲੇ ਆ ਕੇ, ਨਹਿਰਾਂ-ਨਦੀਆਂ ’ਚ ਛਾਲ ਮਾਰ ਕੇ ਅਤੇ ਗੋਲੀ ਮਾਰ ਕੇ ਹੁੰਦੀਆਂ ਹਨ! ਪੱਛਮੀ ਦੇਸ਼ਾਂ ’ਚ ਕੋਈ ਬੱਚਾ ਮਾਪਿਆਂ ਤੋਂ ਕੁੱਟ ਨਹੀਂ ਖਾਂਦਾ ਅਤੇ ਬੇਰੁਜ਼ਗਾਰੀ ਭੱਤਾ ਰੋਟੀ ਖਾਣ ਜੋਗਾ ਦਿੱਤਾ ਜਾਂਦਾ ਹੈ। ਭਾਰਤ ਸਰਕਾਰ ਵੀ ਅਜਿਹਾ ਕਰੇ! ਮਾਪੇ ਵੀ ਆਪਣੇ ਸਭ ਬੱਚਿਆਂ ਨੂੰ ਇੱਕੋ ਜਿਹਾ ਸਮਝਣ ਤਾਂ ਕਿ ਕਿਸੇ ਨੂੰ ਵੀ ਇਹ ਅੱਕ ਚੱਬਣਾ ਨਾ ਪਵੇ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ )

Advertisement


ਸਕੂਲ ਸਿੱਖਿਆ ’ਚ ਨਿਘਾਰ
ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਦਾ 10 ਸਤੰਬਰ ਦਾ ਲੇਖ ‘ਇੱਕ ਅਧਿਆਪਕ ਦੀਆਂ ਯਾਦਾਂ’ ਲੇਖ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਦਿਨੋ-ਦਿਨ ਹੋ ਰਹੇ ਨਿਘਾਰ ਦੇ ਕਾਰਨਾਂ ਦੀਆਂ ਤਲਖ਼ ਹਕੀਕਤਾਂ ਤੋਂ ਪਰਦਾ ਚੁੱਕਦਾ ਹੈ। ਇੱਕ ਪਾਤਰ ਜੋ ਸਰੀਰਕ-ਸਿੱਖਿਆ ਵਿਸ਼ੇ ਦਾ ਅਧਿਆਪਕ ਹੈ, ਆਪਣੀਆਂ ਪਦਾਰਥਵਾਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਕੁਰਸੀ ’ਤੇ ਕਾਬਜ਼ ਹੋ ਕੇ ਵਿਦਿਅਰਥੀਆਂ ਦੇ ਭਵਿੱਖ ਨਾਲ ਖੇਡਦੇ ਹਨ। ਹਰ ਮਹੀਨੇ ਤਨਖਾਹ ਲੈਣ ਲਈ ਆਪਣੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਦੀ ਸਿਰਫ਼ ਖਾਨਾਪੂਰਤੀ ਕਰਦੇ ਹਨ। ਲੇਖਕ ਦਾ ਇਹ ਮੰਨਣਾ ਵੀ ਤਲਖ਼ੀ ਪੈਦਾ ਕਰਦਾ ਹੈ ਕਿ ਸੈਕੰਡਰੀ ਕਲਾਸ ਦੇ ਵਿਦਿਆਰਥੀਆਂ ਨੂੰ ਪੰਜਾਬੀ ਵੀ ਚੰਗੀ ਤਰ੍ਹਾਂ ਲਿਖਣੀ ਨਹੀਂ ਆਉਂਦੀ। ਇਸ ਦੇ ਜ਼ਿੰਮੇਵਾਰ ਵੀ ਇਸ ਤਰ੍ਹਾਂ ਦੇ ਅਧਿਆਪਕ ਹੀ ਹਨ। ਲੇਖ ਦਾ ਸਾਰ ਵੀ ਪ੍ਰਭਾਵਸ਼ਾਲੀ ਨਹੀਂ ਲੱਗਾ। ਅਧਿਆਪਕਾਂ ਨੂੰ ਚਾਨਣ ਮੁਨਾਰੇ/ਰਾਹ ਦਸੇਰੇ ਵੀ ਕਿਹਾ ਜਾਂਦਾ ਹੈ। ਚੰਗਾ ਹੁੰਦਾ ਜੇ ਵਿਦਿਆਰਥਣ ਦੀ ਸਰੀਰਕ ਬੇਬਸੀ ਤੇ ਗ਼ੁਰਬਤ ਦੀਆਂ ਗੱਲਾਂ ਸੁਣ ਭਾਵੁਕ ਹੋ ਕਲਾਸ ਛੱਡਣ ਦੀ ਥਾਂ ਅਧਿਆਪਕ ਦੇਸ਼ ਲਈ ਮੈਡਲ ਜਿੱਤਣ ਵਾਲੇ ਪੈਰਾ ਓਲੰਪਿਕ ਖਿਡਾਰੀਆਂ ਦੀ ਮਿਸਾਲ ਦਿੰਦੇ, ਇਸ ਨਾਲ ਨਾ ਸਿਰਫ਼ ਇੱਕ ਅੱਖ ਤੋਂ ਜੋਤਹੀਣ ਵਿਦਿਆਰਥਣ ਨੂੰ ਕੋਈ ਸੇਧ ਮਿਲਦੀ ਸਗੋਂ ਕਲਾਸ ’ਚ ਮੌਜੂਦ ਹੋਰ ਵਿਦਿਆਰਥੀਆਂ ਨੂੰ ਹਾਲਾਤ ਅੱਗੇ ਢੇਰ ਹੋਣ ਦੀ ਥਾਂ ਸੰਘਰਸ਼ ਅਤੇ ਹੌਸਲੇ ਨਾਲ ਜਿੱਤ ਪ੍ਰਾਪਤ ਕਰਨ ਦੀ ਸਿੱਖਿਆ ਮਿਲਦੀ ਕਿਉਂਕਿ ਵਿਦਿਆਰਥੀ, ਅਧਿਆਪਕ ਦੀਆਂ ਸਿੱਖਿਆਵਾਂ ਨੂੰ ਤਾਉਮਰ ਨਾ ਸਿਰਫ਼ ਸਹੇਜ ਕੇ ਹੀ ਰੱਖਦੇ ਹਨ ਸਗੋਂ ਆਪਣੀ ਸ਼ਖ਼ਸੀਅਤ ਦੀ ਨੀਂਹ ਵੀ ਰੱਖਦੇ ਹਨ।
ਸੁਖਪਾਲ ਕੌਰ, ਚੰਡੀਗੜ੍ਹ।


(2)
10 ਸਤੰਬਰ 2024 ਦੇ ਨਜ਼ਰੀਆ ਪੰਨੇ ’ਤੇ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਦੀ ਰਚਨਾ ‘ਇੱਕ ਅਧਿਆਪਕ ਦੀਆਂ ਯਾਦਾਂ’ ਵਿਚਲੀ ਪਾਤਰ ਵਿਦਿਆਰਥਣ ਕੁੜੀ ਨਾਲ ਹਮਦਰਦੀ ਮਹਿਸੂਸ ਹੋਈ। ਉਸਦੀਆਂ ਗੱਲਾਂ ਕਿ ਮੇਰਾ ਤਾਂ ਜੀ ਦਿਮਾਗ ਈ ਹੈ ਨੀ, ਮੈਂ ਤਾਂ ਜੀ ਬੱਜੋਰੱਤੀ ਆਂ, ਮੇਰੀ ਮਾਂ ਵੀ ਬੱਜੋਰੱਤੀ ਐ, ਮੇਰਾ ਬਾਪੂ ਵੀ ਮਰਿਆ ਹੋਇਐ, ਅਸੀਂ ਤਾਂ ਜੀ ਏਥੇ ਆਪਣੇ ਨਾਨੇ ਕੋਲ ਰਹਿੰਦੀਆਂ ਹਾਂ...ਇੱਕ ਅੱਖੋਂ ਜੋਤਹੀਣ, ਦੁਬਲੀ-ਪਤਲੀ-ਮਾੜਕੂ ਜਿਹੀ ਗ਼ਰੀਬ ਵਿਦਿਆਰਥਣ ਕੁੜੀ ਦੀਆਂ ਇਹ ਤ੍ਰਾਸਦੀ ਭਰੀਆਂ ਗੱਲਾਂ ਸੁਣ ਕੇ ਰਚਨਾ ਦੇ ਲੇਖਕ ਵਾਂਗੂੰ ਹਰ ਪਾਠਕ ਹੀ ਮੇਰੇ ਸਮੇਤ ਭਰੇ ਮਨ ਨਾਲ ਇਹੀ ਸੋਚੇਗਾ ਕਿ ਹੇ ਰੱਬਾ! ਕਿਸੇ ਨੂੰ ਗ਼ਰੀਬੀ ਦੀ ਮਾਰ ਨਾ ਪਵੇ।
ਨਜ਼ਰੀਆ ਪੰਨੇ ’ਤੇ (9 ਸਤੰਬਰ) ਨੂੰ ਦਲਬੀਰ ਸਿੰਘ ਸੱਖੇਵਾਲੀਆ ਦੀ ਰਚਨਾ, ਗੁਰਮੁਖਿ ਵੀਆਹਣਿ ਆਇਆ, ਪੜ੍ਹਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਬਾਰੇ ਗਿਆਨ ਵਿੱਚ ਚੋਖਾ ਵਾਧਾ ਹੁੰਦਾ ਹੈ ਕਿ ਕਿਵੇਂ ਉਦੋਂ ਬਾਬੇ ਨਾਨਕ ਦੀ ਬਰਾਤ ਵਾਂਗੂੰ ਹੀ ਰਾਜਿਆਂ-ਮਹਾਰਾਜਿਆਂ ਅਤੇ ਸਰਦੇ-ਪੁੱਜਦੇ ਲੋਕਾਂ ਦੀਆਂ ਬਾਰਾਤਾਂ ਹਾਥੀਆਂ, ਊਠਾਂ, ਘੋੜਿਆਂ ਤੇ ਰੱਥਾਂ ਆਦਿ ’ਤੇ ਸਵਾਰ ਹੋ ਕੇ ਪੜਾਅ-ਦਰ ਪੜਾਅ ਜਾਂਦੀਆਂ ਸਨ। ਉਦੋਂ ਬਾਰਾਤਾਂ ਕਈ-ਕਈ ਦਿਨ ਲੜਕੀ ਵਾਲਿਆਂ ਦੇ ਪਿੰਡ ਠਹਿਰਨ ਤੋਂ ਬਾਅਦ ਸਾਰੇ ਸ਼ਗਨ ਵਿਹਾਰਾਂ ਤੋਂ ਬਾਅਦ ਲਾੜੀ ਨੂੰ ਵਿਆਹ ਕੇ ਘਰ ਲਿਆਉਂਦੇ ਸਨ, ਅਜਿਹੇ ਇਤਿਹਾਸਕ ਤੇ ਧਾਰਮਿਕ ਤਿੱਥ-ਤਿਉਹਾਰਾਂ ਤੋਂ ਨਵੀਂ ਪੀੜ੍ਹੀ ਨੂੰ ਬੜਾ ਕੁਝ ਸਿੱਖਣ-ਸਮਝਣ ਨੂੰ ਮਿਲਦਾ ਹੈ ਤੇ ਇਹ ਤਿਉਹਾਰ-ਮੇਲੇ ਸਾਂਝੀਵਾਲਤਾ ਦਾ ਪ੍ਰਤੀਕ ਵੀ ਹਨ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)


ਵਾਅਦਾਖ਼ਿਲਾਫ਼ੀ
ਨਜ਼ਰੀਆ ਪੰਨੇ ’ਤੇ 7 ਸਤੰਬਰ ਦੀ ਸੰਪਾਦਕੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਵਾਅਦੇ ਕਰਨੇ ਸੌਖੇ ਨੇ ਪਰ ਨਿਭਾਉਣੇ ਬੜੇ ਔਖੇ ਨੇ।
ਭਾਵੇਂ ਵੈਟ ਵਰਗੇ ਟੈਕਸ ਜਾਂ ਬੱਸਾਂ ਦੇ ਕਿਰਾਏ ਜਾਂ ਬਿਜਲੀ ਦੀਆਂ ਦਰਾਂ ਇੱਕ ਯੋਜਨਾਬੱਧ ਢੰਗ ਨਾਲ ਵਧਾਈਆਂ ਗਈਆਂ ਹੋਣ ਤੇ ਬਿਜਲੀ ਦੀ ਸਬਸਿਡੀ ਖ਼ਤਮ ਕਰ ਦਿੱਤੀ ਗਈ ਹੋਵੇ ਜਾਂ ਇਹ ਸਭ ਕੁੱਝ ਰਾਜਕਾਜ ਚਲਾਉਣ ਲਈ ਮਜਬੂਰੀਵਸ ਕੀਤਾ ਗਿਆ ਹੋਵੇ ਪਰ ਵੋਟਰਾਂ ਨਾਲ ਤਾਂ ਇਹ ਵਾਅਦਾ-ਖ਼ਿਲਾਫ਼ੀ ਹੀ ਹੋਈ। ਜਦੋਂ ਇਹ ਵਾਅਦੇ ਕੀਤੇ ਜਾਂਦੇ ਹਨ ਤਾਂ ਉਦੋਂ ਸਿਆਸਤਦਾਨਾਂ ਨੂੰ ਕੇਵਲ ਵੋਟਾਂ ਹੀ ਨਜ਼ਰ ਆਉਂਦੀਆਂ ਹਨ। ਪਹਿਲਾਂ ਵੋਟਰਾਂ ਨਾਲ ਵੱਡੇ ਵਾਅਦੇ ਕੀਤੇ ਜਾਂਦੇ ਹਨ ਜਿਹੜੇ ਬਾਅਦ ਵਿੱਚ ਪੂਰੇ ਕਰਨੇ ਔਖੇ ਹੋ ਜਾਂਦੇ ਹਨ ਤੇ ਰਾਜ ਕਰਜ਼ੇ ਦੀ ਦਲਦਲ ’ਚ ਫਸ ਜਾਂਦਾ ਹੈ। ਫਿਰ ਸਰਕਾਰ ਕੋਲ ਵੱਡੇ ਟੈਕਸ ਲਗਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ। ਇਹੋ ਹੁਣ ਪੰਜਾਬ ਸਰਕਾਰ ਨੇ ਕੀਤਾ ਹੈ। ਇਹ ਤਾਂ ਉਸ ਪ੍ਰੇਮੀ ਵਾਂਗ ਹੋਇਆ ਜਿਹੜਾ ਵਿਆਹ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਬੜੇ ਬੜੇ ਸਬਜ਼ਬਾਗ ਦਿਖਾਉਂਦਾ ਹੈ ਪਰ ਵਿਆਹ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਜਾਂ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹਿੰਦਾ ਹੈ। ਇਸ ਤਰ੍ਹਾਂ ਕਈ ਵਾਰ ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ। ਸਰਕਾਰ ਨੂੰ ਇਹ ਗੱਲ ਵੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਵੋਟਰ ਆਪਣਾ ਰੋਸ ਤਾਂ ਜ਼ਾਹਿਰ ਕਰਨ ਪਰ ਅਗਲੀਆਂ ਵੋਟਾਂ ਵੇਲੇ ਗੱਲ ਤਲਾਕ ਤੱਕ ਨਾ ਪਹੁੰਚ ਜਾਵੇ।
ਫਕੀਰ ਸਿੰਘ, ਦਸੂਹਾ


ਹਸਨਪੁਰੀ ਨੂੰ ਸਲਾਮ
ਲੇਖਕ ਅਸ਼ੋਕ ਬਾਂਸਲ ਮਾਨਸਾ ਨੇ 17 ਅਗਸਤ ਦੇ ‘ਸਤਰੰਗ’ ਸਫ਼ੇ ’ਤੇ ਅਣਮੁੱਲੇ ਗੀਤਕਾਰ ਇੰਦਰਜੀਤ ਹਸਨਪੁਰੀ ਦੀ ਗੀਤਕਾਰੀ ਅਤੇ ਪੰਜਾਬੀ ਫ਼ਿਲਮਾਂ ’ਚ ਯੋਗਦਾਨ ਬਾਰੇ ਭਰਪੂਰ ਜਾਣਕਾਰੀ ਦਿੱਤੀ। ਸੱਚਮੁੱਚ ਜੋ ਅੱਜ 70ਵਿਆਂ ਅੱਸੀਵਿਆਂ ਵਰ੍ਹਿਆਂ ਵਿੱਚ ਗੁਜ਼ਰ ਰਹੇ ਹਨ, ਉਹ ਭਲੀ-ਭਾਂਤ ਜਾਣਦੇ ਹਨ ਕਿ ਪੁਰਾਣੇ ਗੀਤਕਾਰ ਤੇ ਕਲਾਕਾਰ ਕਿਸ ਕਿਸਮ ਦੀ ਮਿੱਟੀ ਦੇ ਬਣੇ ਸਨ। ਉਹ ਲੋਕਾਂ ਦੀ ਆਵਾਜ਼ ਬਣ ਕੇ ਲੰਮਾ ਸਮਾਂ ਪੰਜਾਬੀ ਸਾਹਿਤ ਅਤੇ ਗੀਤਾਂ ਦੀ ਦੁਨੀਆ ਵਿੱਚ ਰਾਜ ਕਰਦੇ ਰਹੇ। ਅੱਖਰ ਹਮੇਸ਼ਾ ਅਮਰ ਰਹਿੰਦੇ ਹਨ, ਬਸ਼ਰਤੇ ਉਨ੍ਹਾਂ ਅੱਖਰਾਂ ਨਾਲ ਸਜੇ ਸ਼ਬਦ ਲੋਕਾਂ ਦੀ ਆਵਾਜ਼ ਬਣ ਜਾਣ। ਇਹ ਵਰਤਾਰਾ ਨਵੀਨੀਕਰਨ ਦੇ ਯੁੱਗ ’ਚ ਫਿੱਕਾ ਪੈ ਗਿਆ ਹੈ। ਪਰ ਦੀਵੇ ਦੀ ਲੋਅ ਦਾ ਆਪਣਾ ਮੁਕਾਮ ਸੀ ਅਤੇ ਰਹੇਗਾ। ਅੱਠ ਨੌਂ ਦਹਾਕੇ ਪਹਿਲਾਂ ਸੁੱਚੀ ਕਲਮ ਦੇ ਇਨ੍ਹਾਂ ਧਨੀ ਲੇਖਕਾਂ ਨੇ ਕੌਮੀ ਪੱਧਰ ’ਤੇ ਜਿੱਥੇ ਨਾਮਣਾ ਖੱਟਿਆ ਉੱਥੇ ਮਾਂ ਬੋਲੀ ਪੰਜਾਬੀ ਨੂੰ ਲੋਕਾਂ ਦੇ ਦਿਲਾਂ ਦੀ ਆਵਾਜ਼ ਬਣਾ ਦਿੱਤਾ। ਪੰਜਾਬੀ ਬੋਲੀ ਦਾ ਇੱਕ ਵਿਲੱਖਣ ਰੰਗ ਇਹ ਵੀ ਹੈ ਕਿ ਦੂਜੀਆਂ ਜ਼ੁਬਾਨਾਂ ਦੇ ਗੀਤ ਪੰਜਾਬੀਆਂ ਦੀ ਜ਼ੁਬਾਨ ’ਤੇ ਛੇਤੀ ਛੇਤੀ ਨਹੀਂ ਚੜ੍ਹਦੇ ਪ੍ਰੰਤੂ ਪੰਜਾਬੀ ਗੀਤਾਂ ਉੱਪਰ ਸਾਰੀ ਦੁਨੀਆ ਖੁਸ਼ੀਆਂ ਸਮੇਂ ਨੱਚਦੀ-ਟੱਪਦੀ ਹੈ। ਇਸ ਲਈ ਪੰਜਾਬੀ ਭਾਸ਼ਾ ਤੇ ਪੰਜਾਬੀਅਤ ਉੱਪਰ ਮਾਣ ਹੋਣਾ ਸੁਭਾਵਿਕ ਹੈ। ਇੰਦਰਜੀਤ ਹਸਨਪੁਰੀ ਵਰਗਿਆਂ ਨੇ ਸਾਧਨਾਂ ਦੀ ਘਾਟ ਦੇ ਬਾਵਜੂਦ ਆਪਣੀ ਕਲਮ ਦਾ ਲੋਹਾ ਮੰਨਵਾਇਆ ਅਤੇ ਪ੍ਰਸਿੱਧੀ ਹਾਸਿਲ ਕੀਤੀ। ਉਨ੍ਹਾਂ ਯਥਾਰਥਵਾਦੀ, ਮਿਹਨਤਕਸ਼ ਅਤੇ ਫਰਿਸ਼ਤਿਆਂ ਵਰਗੇ ਕਲਾਕਾਰਾਂ ਦੀ ਕਲਮ ਨੂੰ ਮੇਰਾ ਸਲਾਮ ਹੈ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ

Advertisement
Author Image

joginder kumar

View all posts

Advertisement