ਡਾਕ ਐਤਵਾਰ ਦੀ
ਸਮੁੱਚਾ ਅੰਕ ਵਧੀਆ
ਪੰਜ ਜਨਵਰੀ ਦਾ ‘ਪੰਜਾਬੀ ਟ੍ਰਿਬਿਊਨ’ ਸੱਚਮੁੱਚ ਕੀਮਤੀ ਇਤਿਹਾਸਕ ਦਸਤਾਵੇਜ਼ ਬਣ ਗਿਆ ਹੈ। ਇਸ ਵਿੱਚ ਛਪੇ ਕਰੀਬ ਸਾਰੇ ਲੇਖ ਸਮਿਆਂ ਦੀ ਹਿੱਕ ’ਤੇ ਲਿਖੇ ਇਤਿਹਾਸ ਨੂੰ ਬਾਖ਼ੂਬੀ ਪੇਸ਼ ਕਰਦੇ ਹਨ। ਅਰਵਿੰਦਰ ਜੌਹਲ ਦੁਆਰਾ ਲਿਖੀ ਸੰਪਾਦਕੀ ਨੇ 2020-21 ਦੇ ਲਾਜਵਾਬ ਕਿਸਾਨੀ ਸੰਘਰਸ਼ ਤੋਂ ਲੈ ਕੇ ਹੁਣ ਡੱਲੇਵਾਲ ਦੇ ਆਪਣੇ ਜੀਵਨ ਨੂੰ ਦਾਅ ’ਤੇ ਲਾਉਣ ਤੱਕ ਦੇ ਸੰਘਰਸ਼ ਨੂੰ ਰੂਹ ਨਾਲ ਚਿਤਰਿਆ ਹੈ।
ਬਲਦੇਵ ਸਿੰਘ (ਸੜਕਨਾਮਾ) ਦਾ ਵਿਅੰਗ ਭਰਪੂਰ ਲੇਖ ‘ਕਿੱਧਰੋਂ ਕਿੱਧਰ ਨੂੰ ਤੁਰ ਪਏ’ ਪੜ੍ਹ ਕੇ ਹਾਸਾ ਵੀ ਆਇਆ ਤੇ ਰੋਣਾ ਵੀ। ਦੇਸ਼ ਕਿੱਧਰ ਨੂੰ ਜਾ ਰਿਹਾ ਹੈ? ਬੱਚਿਆਂ ਦੁਆਰਾ ਖਾਲੀ ਪਲਾਟ ਪੁੱਟ ਕੇ ਥੱਲੋਂ ਕੋਈ ਮੂਰਤੀ ਲੱਭਣ ਵਾਲੇ ਵਿਚਾਰ ਨੇ ਤਾਂ ਗੱਲ ਨੂੰ ਸਿਰੇ ਹੀ ਲਾ ਦਿੱਤਾ। ਕੁੱਤਿਆਂ ਦੇ ਭੌਂਕਣ ਵਾਲੇ ਦ੍ਰਿਸ਼ਟਾਂਤ ਰਾਹੀਂ ਲੇਖਕ ਨੇ ਹਰ ਰੋਜ਼ ਟੀਵੀ ਚੈਨਲਾਂ ’ਤੇ ਹੁੰਦੀ ਕੁੱਕੜ-ਖੋਹੀ ਦਾ ਚੰਗਾ ਮੱਕੂ ਠੱਪਿਆ ਹੈ।
ਰਾਮਚੰਦਰ ਗੁਹਾ ਦਾ ਲੇਖ ‘ਅਤੀਤ ਤੋਂ ਸਬਕ ਲੈਂਦਿਆਂ’ ਅਜੋਕੇ ਅਖੌਤੀ ਹਿੰਦੂ ਰਾਸ਼ਟਰ ਬਾਰੇ ਸਹੀ ਵਿਸ਼ਲੇਸ਼ਣ ਕਰਦਾ ਹੈ। ਲੋੜ ਅਤੀਤ ਵੱਲ ਵੇਖਣ ਦੀ ਨਹੀਂ ਸਗੋਂ ਅਤੀਤ ਤੋਂ ਕੁਝ ਸਿੱਖਣ ਦੀ ਹੈ। ਰਾਜਮੋਹਨ ਗਾਂਧੀ ਨੇ ਆਪਣੀ ਸਤੰਬਰ, 1991 ਦੀ ਤਕਰੀਰ ਵਿੱਚ ਧਾਰਮਿਕ ਸਥਾਨਾਂ ਦੇ ਸਰੂਪ ਬਦਲਣ ਬਾਰੇ ਜਿਨ੍ਹਾਂ ਖ਼ਤਰਿਆਂ ਬਾਰੇ ਸਾਵਧਾਨ ਕੀਤਾ ਸੀ, ਉਹ ਅੱਜ ਸਾਡੇ ਸਾਹਮਣੇ ਖੜੋਤੇ ਹਨ।
ਰੱਬ ਖ਼ੈਰ ਕਰੇ! ਡਾ. ਚਮਨ ਲਾਲ ਦੇ ਲੇਖ ‘ਇਨਕਲਾਬ ਦੀ ਖੇਤੀ’ ਨੇ ਕਿਸਾਨੀ ਘੋਲਾਂ ਬਾਰੇ ਜੋ ਕਲਪਨਾ ਕੀਤੀ ਹੈ ਉਹ ਤਾਂ ਹਮੇਸ਼ਾਂ ਤੋਂ ਪੰਜਾਬ ਦੀ ਮਿੱਟੀ ਦੀ ਜਿੰਦ-ਜਾਨ ਰਹੀ ਹੈ। ਭਗਤ ਸਿੰਘ ਨੇ ਤਾਂ ਇਨਕਲਾਬ ਨੂੰ ਬਹੁਤ ਪਹਿਲਾਂ ਜ਼ਮੀਨ ਵਿੱਚ ਬੀਜ ਦਿੱਤਾ ਸੀ। ‘ਵਕਤ ਦੇ ਪੰਨੇ ਪਰਤਦਿਆਂ’ ਬਹੁਤ ਕੁਝ ਤਰੋ-ਤਾਜ਼ਾ ਹੋ ਗਿਆ।
ਡਾ. ਤਰਲੋਚਨ ਕੌਰ, ਪਟਿਆਲਾ
ਇਨਾਮੀ ਕਿਤਾਬ ਦੇ ਮੇਚ ਦਾ ਨਿਬੰਧ
ਡਾ. ਪਾਲ ਕੌਰ ਪੰਜਾਬੀ ਦੀ ਸੰਵੇਦਨਸ਼ੀਲ ਕਵਿਤਰੀ ਏ। ਉਸਦੀ ਕਾਵਿ-ਭਾਸ਼ਾ ਸੂਖਮੀ ਏ। ਲੈਅ ਉਸਦੀ ਕਾਵਿ ਰਵਾਨਗੀ ਏ। ... ਉਸਦੀ ਹੱਕੀ ਇਨਾਮੀ ਕਾਵਿ-ਕਿਤਾਬ ‘ਸੁਣ ਗੁਣਵੰਤਾ ਸੁਣ ਬੁਧਿਵੰਤਾ’ (ਇਤਿਹਾਸਨਾਮਾ ਪੰਜਾਬ) ਬਾਰੇ ਲਿਖਦਿਆਂ; ਡਾ. ਕੰਵਲਜੀਤ ਕੌਰ ਨੇ ਉਸਨੂੰ ‘ਜ਼ੰਜੀਰਾਂ ਕੱਟਦੀ ਰਬਾਬ ਦੀ ਜਾਈ’ ਆਖਿਆ ਏ। ਸਹੀ ਆਖਿਆ ਏ।
ਏਸ ਨਿੱਕੇ ਜਿਹੇ ਵਾਕੀਏ ਵਿੱਚ ਤਿੰਨ ਇਸਤਰੀ-ਲਿੰਗੀ ਰੂਪਕ ਨੇ- ਜ਼ੰਜੀਰ, ਰਬਾਬ; ਜਾਈ। ਦੋ ਪਾਲ ਕੌਰ ਦੀ ਕਾਵਿ-ਸਤਰ: “ਕਈ ਜ਼ੰਜੀਰਾਂ ਕੱਟ ਰਹੀ, ਇਕੋ ਤਾਰ ਰਬਾਬ” ’ਚੋਂ ਨੇ- ਜ਼ੰਜੀਰ ਤੇ ਰਬਾਬ। ‘ਜਾਈ’ ਸ਼ਬਦ ਨਾਲ ਕੰਵਲਜੀਤ ਨੇ ਜੋੜਿਆ ਏ। ਨਾਲ ਜੁੜਕੇ ਇਹ ਵੀ ਰੂਪਕ ਹੋ ਜਾਂਦਾ ਏ। ਇਹ ਜਾਈ ਹੁਣ ‘ਧੀ ਧਿਆਣੀ’ ਨਹੀਂ ਰਹੀ। ਕਾਵਿਕ-ਸ਼ਬਦ-ਸ਼ਕਤੀ ਨੇ, ਇਹਨੂੰ ਉੱਚ ਕਾਵਿ ਸਤਰ ਬਣਾਕੇ, ‘ਜ਼ੰਜ਼ੀਰਾਂ ਕੱਟਦੀ’ ਬਾਰੀਕ ਸੰਗੀਤਕ ਤਾਰ ਦੀ; ਤੀਖਣ ਸੁਰ ਦਾ ਚਿੰਨ੍ਹ ਬਖ਼ਸ਼ਿਆ ਏ। ਸਹੀ ਏ, ਇਹ ਕਿਤਾਬ; ‘ਪੰਜਾਬ ਦੀ ਧਰਤੀ ਦੀ ਰੂਹ ਬਾਰੇ’ ਈ ਏ ਜੀ।
ਤੁਸਾਂ ਇਹ ਨਿਬੰਧ ਛਾਪਕੇ ਸਾਹਿਤਕ ਧਰਮ ਨਿਭਾਇਆ ਏ!
ਅਤੈ ਸਿੰਘ, ਮੁਹਾਲੀ
ਵਡਮੁੱਲੀ ਜਾਣਕਾਰੀ
ਐਤਵਾਰ 29 ਦਸੰਬਰ ਦੇ ਅੰਕ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਛਪੇ ਲੇਖਾਂ ਵਿੱਚ ਬਹੁਤ ਵਡਮੁੱਲੀ ਜਾਣਕਾਰੀ ਮਿਲੀ। ਇਸ ਅੰਕ ਨੂੰ ਭਾਵੇਂ ਬੀਤੇ ਦੀਆਂ ਗੱਲਾਂ ਲਿਖਿਆ ਹੈ, ਪਰ ਇਨ੍ਹਾਂ ਗੱਲਾਂ ਦਾ ਅਸਰ ਲੰਮਾ ਸਮਾਂ ਰਹੇਗਾ। ਡਾ. ਮਨਮੋਹਨ ਸਿੰਘ ਨੂੰ ਦੇਸ਼ ਲੰਮੇ ਸਮੇਂ ਤੱਕ ਯਾਦ ਰੱਖੇਗਾ। ਡਾ. ਮਨਮੋਹਨ ਸਿੰਘ ਦੀ ਧੀ ਵੱਲੋਂ ਲਿਖੀ ਕਿਤਾਬ ਵਿੱਚ ਡਾ. ਸਾਹਿਬ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਇਸ ਕਿਸਮ ਦੀ ਕਿਤਾਬ ਬਹੁਤ ਘੱਟ ਪੜ੍ਹਨ ਨੂੰ ਮਿਲਦੀ ਹੈ। ਉਨ੍ਹਾਂ ਦੀਆਂ ਧੀਆਂ ਬਹੁਤ ਪ੍ਰਤਿਭਾਸ਼ਾਲੀ ਹਨ। ਉਨ੍ਹਾਂਂ ਆਪਣੇ ਪਿਤਾ ਦੇ ਗੁਣਾਂ ਨੂੰ ਸ਼ਬਦੀ ਰੂਪ ’ਚ ਦੁਨੀਆ ਸਾਹਮਣੇ ਲਿਆਂਦਾ ਹੈ। ਡਾ. ਮਨਮੋਹਨ ਸਿੰਘ ਨੇ ਦੇਸ਼ ਨੂੰ ਉਸ ਸਮੇਂ ਆਰਥਿਕ ਮਜ਼ਬੂਤੀ ਦਿੱਤੀ ਜਦੋਂ ਸਾਡਾ ਦੇਸ਼ ਆਰਥਿਕ ਮੁਹਾਜ਼ ’ਤੇ ਡੋਲ ਗਿਆ ਸੀ। ਇਸੇ ਅੰਕ ਵਿੱਚ ਸੁਰਿੰਦਰ ਸਿੰਘ ਤੇਜ ਨੇ ਡਾ. ਮਨਮੋਹਨ ਸਿੰਘ ਦੀ ਮਿਕਨਾਤੀਸੀ ਸ਼ਖ਼ਸੀਅਤ ਦੇ ਕਈ ਅਹਿਮ ਪੱਖ ਦੱਸੇ ਹਨ ਜੋ ਚੰਗੇ ਲੱਗੇ। ਨਵੇਂ ਸਾਲ 2025 ’ਤੇ ਅਖ਼ਬਾਰ ਦੇ ਸਮੂਹ ਕਾਮਿਆਂ ਲਈ ਮੇਰੀਆਂ ਸ਼ੁਭ ਇੱਛਾਵਾਂ। ਸ਼ਾਲਾ! ਪੰਜਾਬੀ ਟ੍ਰਿਬਿਊਨ ਹੋਰ ਵੀ ਉੱਚੀਆਂ ਮੰਜ਼ਿਲਾਂ ਸਰ ਕਰੇ।
ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ
ਗੁਣਾਂ ਦਾ ਮਹੱਤਵ
ਐਤਵਾਰ 8 ਦਸੰਬਰ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਦੇ ਇੰਟਰਨੈੱਟ ਪੰਨੇ ’ਤੇ ਗੁਰਮੀਤ ਕੜਿਆਲਵੀ ਦੀ ਕਹਾਣੀ ‘ਮੋਰ ਪੈਲ਼ ਕਿਉਂ ਨਹੀਂ ਪਾਉਂਦੇ’ ਵਿੱਚ ਪੁਰਾਣੇ ਪੰਜਾਬ ਦੇ ਵਿਰਸੇ ਦੇ ਅੰਸ਼ ਮਿਲਦੇ ਹਨ ਜੋ ਬਹੁਤ ਜਾਣਕਾਰੀ ਦਿੰਦੇ ਨੇ। ਕਹਾਣੀਕਾਰ ਅਖ਼ੀਰ ਵਿੱਚ ਸਮਾਜ ਨੂੰ ਪ੍ਰੇਰਿਤ ਕਰਦਾ ਹੈ ਕਿ ਜਾਤ-ਪਾਤ ਦੇ ਪਿੱਛੇ ਨਾ ਲੱਗ ਕੇ; ਅਸਲ ਸੱਚਾਈ ਤੇ ਗੁਣਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ।
ਜਸਮੀਤ ਕੌਰ, ਫ਼ਿਰੋਜ਼ਪੁਰ
ਇਨਸਾਨੀਅਤ ਦੀ ਬਾਤ
ਐਤਵਾਰ, 1 ਦਸੰਬਰ 2024 ਨੂੰ ‘ਦਸਤਕ’ ਵਾਲਾ ਪੰਨਾ ਵਾਰ ਵਾਰ ਵੇਖਣ ਅਤੇ ਪੜ੍ਹਨ ਨੂੰ ਜੀਅ ਕਰਦਾ ਹੈ। ਹਰੇ ਅੱਖਰਾਂ ਵਿੱਚ ਲਿਖੇ ਹਰਫ਼ ‘ਆਰ ਮੁਹੱਬਤ ਪਾਰ ਮੁਹੱਬਤ’ ਇਨਸਾਨੀਅਤ ਅਤੇ ਇਸ਼ਕ ਦੀਆਂ ਬਾਤਾਂ ਪਾਉਣ ਵਾਲੇ ਹਨ। ਇਸ ਰਚਨਾ ਦੇ ਲੇਖਕ ਸਵਰਨ ਸਿੰਘ ਟਹਿਣਾ ਨੇ ਲਾਹੌਰ ਵਿੱਚ ਹੋਈ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਬੜੀ ਸੰਜੀਦਗੀ ਨਾਲ ਮਨਮੋਹਕ ਤਸਵੀਰਾਂ ਭਰਿਆ ਲੇਖ ਪਾਠਕਾਂ ਦੀ ਝੋਲੀ ਵਿੱਚ ਪਾਇਆ ਹੈ। ਮਾਂ ਬੋਲੀ ਦਾ ਰੁਤਬਾ ਸਰਹੱਦਾਂ ਅਤੇ ਸੱਤ ਸਮੁੰਦਰਾਂ ਤੋਂ ਪਾਰ ਦੀ ਗੱਲ ਹੈ। ਇਹ ਲੇਖ ਇਸ ਗੱਲ ’ਤੇ ਚਾਨਣ ਪਾਉਂਦਾ ਹੈ ਕਿ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਦੀ ਆਪਸੀ ਸਾਂਝ ਅਤੇ ਮੁਹੱਬਤ ਇੱਕੋ ਦਰਿਆ ਵਿੱਚ ਵਗਦੇ ਪਾਣੀ ਵਾਂਗ ਹੈ। ਸਮਾਜ ਦੇ ਬੁੱਧੀਜੀਵੀ ਵਰਗ ਨੂੰ ਸਮੇਂ ਸਮੇਂ ਸਿਰ ਇਹੋ ਜਿਹੇ ਸੱਭਿਆਚਾਰਕ ਮੇਲਿਆਂ ਦਾ ਉਪਰਾਲਾ ਕਰਦੇ ਰਹਿਣਾ ਚਾਹੀਦਾ ਹੈ। ਹੱਦੋਂ ਪਾਰ ਇਸ ਮੁਹੱਬਤ ਰੂਪੀ ਅੱਗ ਦੀ ਧੂਣੀ ਉਦੋਂ ਤੱਕ ਧੁਖ਼ਦੀ ਰਹੇਗੀ ਜਦੋਂ ਤੱਕ ਦੋਵੇਂ ਪੰਜਾਬ ਭਵਿੱਖ ਵਿੱਚ ਇੱਕ ਨਹੀਂ ਹੋ ਜਾਂਦੇ। ਕਿਸੇ ਸ਼ਾਇਰ ਨੇ ਦਿਲਾਂ ਦੀ ਤਾਂਘ ਅਤੇ ਮੁਹੱਬਤ ਬਾਰੇ ਬਾਖ਼ੂਬੀ ਲਿਖਿਆ ਹੈ- ‘ਏਕ ਸ਼ਾਮ ਹਮਨੇ ਚਰਾਗ਼ੋਂ ਸੇ ਸਜਾ ਰੱਖੀ ਹੈ, ਲੋਗੋਂ ਨੇ ਸ਼ਰਤ ਹਵਾਓਂ ਸੇ ਲਗਾ ਰੱਖੀ ਹੈ, ਸ਼ਾਇਦ ਆ ਜਾਏ ਕੋਈ ਹਮਸੇ ਭੀ ਜ਼ਿਆਦਾ ਪਿਆਸਾ, ਬਸ ਯਹੀ ਸੋਚਕਰ ਥੋੜੀ ਸੀ ਬਚਾ ਰੱਖੀ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਇਨਕਲਾਬੀ ਸੋਚ ਦਾ ਪ੍ਰਤੀਕ
ਐਤਵਾਰ 24 ਨਵੰਬਰ ਨੂੰ ‘ਸੋਚ ਸੰਗਤ’ ਪੰਨੇ ’ਤੇ ਸੁਖਪਾਲ ਸਿੰਘ ਗਿੱਲ ਦਾ ਪ੍ਰਤੀਕਰਮ ‘ਮੌਤ ਕੁੜੀ ਪ੍ਰਨਾਵਣ ਚੱਲਿਆ, ਭਗਤ ਸਿੰਘ ਸਰਦਾਰ ਵੇ ਹਾਂ’ ਪੜ੍ਹਿਆ। ਨਿਰਸੰਦੇਹ, ਸ. ਭਗਤ ਸਿੰਘ ਪੰਜਾਬੀ ਇਨਕਲਾਬੀ ਸੋਚ ਦਾ ਪ੍ਰਤੀਕ ਹੈ ਅਤੇ ਬਣਿਆ ਰਹੇਗਾ ਕਿਉਂਕਿ ਸਾਂਝੇ ਪੰਜਾਬ ਦੇ ਇਸ ਨਾਇਕ ਨੇ ਦੇਸ਼ ਦੀ ਆਜ਼ਾਦੀ ਪ੍ਰਾਪਤੀ ਲਈ ਅੰਗਰੇਜ਼ਾਂ ਹਾਕਮਾਂ ਵੱਲੋਂ ਦਿੱਤੀ ਫਾਂਸੀ ਹੱਸਦੇ ਹੱਸਦੇ ਕਬੂਲ ਇਉਂ ਕਰ ਲਈ ਸੀ ਜਿਵੇਂ ਮੌਤ ਨੂੰ ਵਿਆਹੁਣ ਚੱਲਿਆ ਹੋਵੇ। ਇਸ ਵਿੱਚ ਦਰਜ ਘੋੜੀ ‘ਨਾਗਮਣੀ’ ਤੋਂ ਵੀ 20 ਸਾਲ ਪਹਿਲਾਂ ਪ੍ਰੀਤ ਲੜੀ ਰਸਾਲੇ ਵਿੱਚ 1978 ਵਿੱਚ ਛਪ ਚੁੱਕੀ ਸੀ। ਇਹ ਘੋੜੀ ਇਤਿਹਾਸ ਨੂੰ ਆਪਣੀ ਬੁੱਕਲ ਵਿੱਚ ਜਿਵੇਂ ਸਾਂਭੀ ਬੈਠੀ ਹੈ, ਉਸ ਤੋਂ ਸਦਕੇ ਜਾਂਦੇ ਹਾਂ। ਇਸ ਘੋੜੀ ਨੂੰ ਮੈਂ ਸਕੂਲ ਦੇ ਇੱਕ ਸਭਿਆਚਾਰਕ ਪ੍ਰੋਗਰਾਮ ਵਿੱਚ ਹੂਬਹੂ ਉਤਾਰ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸਿਜਦਾ ਕੀਤਾ ਸੀ। ਸਟੇਜ ਉੱਤੇ ਇੱਕ ਪਾਸੇ ਕੁੜੀਆਂ ਮੇਲਾ ਰਾਮ ਤਾਇਰ ਵਾਲੀ ਘੋੜੀ ਗਾ ਰਹੀਆਂ ਸਨ ਅਤੇ ਦੂਜੇ ਪਾਸੇ ਅੰਗਰੇਜ਼ਾਂ ਵੱਲੋਂ ਦੇਸ਼ ਭਗਤਾਂ ਨੂੰ ਫਾਂਸੀ ਉੱਤੇ ਚੜ੍ਹਾਉਣ ਵਾਲਾ ਦ੍ਰਿਸ਼ ਚੱਲ ਰਿਹਾ ਸੀ। ਇਸ ਪ੍ਰਤੀਕਰਮ ਵਿੱਚ ਦਰਜ ਘੋੜੀ ਹਰ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸੰਭਾਲਣਯੋਗ ਹੈ ਅਤੇ ਸ਼ਹੀਦੀ ਦਿਵਸ 23 ਮਾਰਚ ਉੱਤੇ ਗਾਈ ਜਾਣੀ ਚਾਹੀਦੀ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ