ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਠਕਾਂ ਦੇ ਖ਼ਤ

06:11 AM Aug 23, 2024 IST

ਵਿਗਿਆਨਕ ਚੇਤਨਾ ਦੀ ਘਾਟ
21 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਜਸਬੀਰ ਢੰਡ ਦਾ ਲੇਖ ‘ਕਸਰ’ ਬਹੁਤ ਵਧੀਆ ਲੱਗਾ ਜਿਸ ਵਿੱਚ ਸਾਡੇ ਸਮਾਜ ਅੰਦਰ ਫੈਲੇ ਅੰਧ-ਵਿਸ਼ਵਾਸ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਭੋਲੇ-ਭਾਲੇ ਲੋਕਾਂ ਨੂੰ ਕੁਝ ਚਲਾਕ ਲੋਕ ਬਾਖ਼ੂਬੀ ਲੁੱਟ ਰਹੇ ਹਨ। ਲੋਕਾਂ ਅੰਦਰ ਵਿਗਿਆਨਕ ਚੇਤਨਾ ਦੀ ਘਾਟ ਕਾਰਨ ਇਹ ਗੋਰਖ ਧੰਦਾ ਭਾਰਤ ਵਿੱਚ ਸੈਂਕੜੇ ਸਾਲ ਤੋਂ ਚੱਲਦਾ ਆ ਰਿਹਾ ਹੈ। ਅਜੋਕੇ ਸਮਾਜ ਵਿੱਚ ਜਦੋਂ ਅਸੀਂ 21ਵੀਂ ਸਦੀ ਵਿੱਚ ਪ੍ਰਵੇਸ਼ ਕਰ ਲਿਆ ਹੈ, ਇਸ ਤਰ੍ਹਾਂ ਦੇ ਤਾਂਤਰਿਕ ਬਾਬਿਆਂ ਦੇ ਕਾਰਨਾਮੇ ਹਾਲੇ ਵੀ ਹਰ ਰੋਜ਼ ਵਾਪਰ ਰਹੇ ਹਨ। ਸਮੇਂ ਦੀ ਲੋੜ ਹੈ ਕਿ ਸਮਾਜ ਨੂੰ ਵੱਧ ਤੋਂ ਵੱਧ ਵਿਗਿਆਨਕ ਸੋਚ ਦਾ ਧਾਰਨੀ ਬਣਾਉਣ ਲਈ ਸਾਰਥਿਕ ਯਤਨ ਕੀਤੇ ਜਾਣ।
ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਿਬ

Advertisement


ਕੋਲਕਾਤਾ ਕਾਂਡ ’ਤੇ ਰਾਜਨੀਤੀ
ਕੋਲਕਾਤਾ ਦੇ ਹਸਪਤਾਲ ਵਿੱਚ ਇੱਕ ਡਾਕਟਰ ਬੀਬੀ ਦੇ ਜਬਰ-ਜਨਾਹ ਅਤੇ ਕਤਲ ਦੀ ਚਾਰੇ ਪਾਸੇ ਚਰਚਾ ਹੈ। ਹੁਣ ਸੁਪਰੀਮ ਕੋਰਟ ਵੀ ਇਸ ਦੀ ਸੁਣਵਾਈ ਕਰ ਰਹੀ ਹੈ। ਹਰ ਸਿਆਸੀ ਪਾਰਟੀ ਆਪੋ ਆਪਣੀ ਵੋਟ ਰਾਜਨੀਤੀ ਅਨੁਸਾਰ ਦੂਜਿਆਂ ਨੂੰ ਭੰਡ ਰਹੀ ਹੈ ਜਦੋਂਕਿ ਇਸ ਹਮਾਮ ਵਿੱਚ ਸਾਰੇ ਨੰਗੇ ਹਨ। ਸਭ ਤੋਂ ਪਹਿਲਾਂ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਦੋ ਕਤਲਾਂ ਅਤੇ ਦੋ ਬਲਾਤਕਾਰਾਂ ਦੇ ਦੋਸ਼ੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਕੇ ਕੀ ਸੰਦੇਸ਼ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਬਾਬੇ ਨੂੰ ਪੈਰੋਲ ਦੇਣ ਲਈ ਜੇਲ੍ਹ ਮੈਨੁਅਲ ਹੀ ਸੋਧ ਦਿੱਤਾ ਹੈ। ਹਰ ਵਾਰ ਪੈਰੋਲ ਤੋਂ ਪਹਿਲਾਂ ਬਾਬੇ ਨੂੰ ਲਿਖਤੀ ਰੂਪ ਵਿੱਚ ਚੰਗੇ ਆਚਰਣ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ। ਜੇ ਦੋ ਕਤਲਾਂ ਅਤੇ ਬਲਾਤਕਾਰ ਦਾ ਦੋਸ਼ੀ ਵੀ ਚੰਗਾ ਬੰਦਾ ਬਣ ਕੇ ਬਾਹਰ ਤੁਰਿਆ ਫਿਰਦਾ ਹੈ ਤਾਂ ਫਿਰ ਉਨ੍ਹਾਂ ਨੂੰ ਸਜ਼ਾ ਦੇਣ ਦਾ ਕੀ ਮਤਲਬ? ਜੇ ਸੱਤਾਧਾਰੀਆਂ ਵਿੱਚ ਜ਼ਮੀਰ ਬਾਕੀ ਹੈ ਤਾਂ ਸਭ ਤੋਂ ਪਹਿਲਾਂ ਬਾਬੇ ਦੀ ਪੈਰੋਲ ਰੱਦ ਕਰ ਕੇ ਉਸ ਨੂੰ ਜੇਲ੍ਹ ਭੇਜੇ। ਸਿਰਫ਼ ਫੋਕੀ ਬਿਆਨਬਾਜ਼ੀ ਨਾ ਕਰੇ। ਮਮਤਾ ਬੈਨਰਜੀ ਨੂੰ ਵੀ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਸੀ।
ਅਵਤਾਰ ਸਿੰਘ, ਮੋਗਾ


ਆਜ਼ਾਦੀ ਦਾ ਨਿੱਘ
15 ਅਗਸਤ ਦੇ ਅੰਕ ਵਿੱਚ ਡਾ. ਰਣਜੀਤ ਸਿੰਘ ਨੇ ਬਹੁਤ ਸਾਰਥਿਕ ਗੱਲਾਂ ਕੀਤੀਆਂ ਹਨ ਕਿ ‘ਆਜ਼ਾਦੀ ਦਾ ਨਿੱਘ’ ਸਾਰੀ ਵਸੋਂ ਮਾਣੇ ਪਰ ਇਸ ਦੇਸ਼ ਵਿੱਚ ਤਾਂ ਅੰਤਾਂ ਦਾ ਭ੍ਰਿਸ਼ਟਾਚਾਰ, ਗ਼ਰੀਬੀ ਤੇ ਬੇਰੁਜ਼ਗਾਰੀ ਹੈ। ਦੇਸ਼ ਦੇ ਅੱਧਿਓਂ ਬਹੁਤੇ ਲੋਕਾਂ ਨੂੰ ਦੋ ਵੇਲੇ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਬਹੁਤ ਸਾਰੇ ਨੌਜਵਾਨਾਂ ਨੂੰ ਪੜ੍ਹਾਈ ਤੇ ਕਮਾਈ ਕਰਨ ਔਖੇ ਹੋ ਕੇ ਬੁੱਕ ਰੁਪੱਈਆਂ ਦਾ ਖਰਚ ਕਰ ਕੇ ਮਾਪਿਆਂ ਤੋਂ ਦੂਰ ਵਿਦੇਸ਼ਾਂ ਵੱਲ ਜਾਣਾ ਪੈਂਦਾ ਹੈ। ਇਹ ਦੇਸ਼ ’ਤੇ ਕਲੰਕ ਹੈ। ਸਰਕਾਰਾਂ ਦਾ ਜ਼ਿਆਦਾ ਧਿਆਨ ਸਿਰਫ਼ ਤੇ ਸਿਰਫ਼ ਲੋਕਾਂ ਨੂੰ ‘ਸੌਗਾਤਾਂ’ ਦੇ ਕੇ ਵੋਟਾਂ ਹਾਸਿਲ ਕਰਨ ਦਾ ਹੈ ਪਰ ਜਿਨ੍ਹਾਂ ਨੇ ਵੋਟਾਂ ਪਾ ਕੇ ਚੰਗੇ ਜੀਵਨ ਤੇ ਭਵਿੱਖ ਲਈ ਸਰਕਾਰ ਚੁਣੀ ਹੁੰਦੀ ਹੈ, ਉਨ੍ਹਾਂ ਦੇ ਪੱਲੇ ਕੁਝ ਨਹੀਂ ਪੈਂਦਾ। ਸਾਰਿਆਂ ਲਈ ਬਰਾਬਰ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ।
ਜਸਬੀਰ ਕੌਰ, ਅੰਮ੍ਰਿਤਸਰ

Advertisement


ਐਕਸਪ੍ਰੈਸ ਵੇਅ ਬਨਾਮ ਕਿਸਾਨ
14 ਅਗਸਤ ਦੇ ਅਖ਼ਬਾਰ ’ਚ ਲੱਗੀ ਖ਼ਬਰ ‘ਪੰਜਾਬ ਦੀ 7400 ਏਕੜ ਵਾਹੀਯੋਗ ਜ਼ਮੀਨ ’ਤੇ ਬਣੇਗਾ ਪ੍ਰਾਜੈਕਟ’ ਪੰਜਾਬੀਆਂ ਲਈ ਚਿੰਤਾ ਦੇ ਨਾਲ ਚਿੰਤਨ ਲਈ ਵੀ ਮਜਬੂਰ ਕਰਦੀ ਹੈ। ਇਸ ਪ੍ਰਾਜੈਕਟ ਦਾ ਫ਼ਾਇਦਾ ਇਹ ਹੀ ਹੈ ਕਿ ਇਸ ਨਾਲ ਦਿੱਲੀ ਅਤੇ ਕੱਟੜਾ ਦਾ ਰਸਤਾ ਘੱਟ ਸਮੇਂ ਵਿੱਚ ਤੈਅ ਹੋ ਸਕੇਗਾ ਪਰ ਨੁਕਸਾਨ ਵੱਲ ਦੇਖਿਆ ਜਾਵੇ ਤਾਂ ਕਿਸਾਨਾਂ ਦੀ ਉਪਜਾਊ ਅਤੇ ਵਾਹੀਯੋਗ ਜ਼ਮੀਨ ਪ੍ਰਾਜੈਕਟ ਦੇ ਨਿਰਮਾਣ ਵਿੱਚ ਚਲੀ ਜਾਵੇਗੀ। ਕੇਂਦਰ ਸਰਕਾਰ ਪੰਜਾਬ ਭਰ ਵਿੱਚੋਂ 7400 ਏਕੜ ਜ਼ਮੀਨ ਲੈ ਰਹੀ ਹੈ, ਪਰ ਉਸ ਦੀ ਵਾਜਬ ਕੀਮਤ ਕਿਸਾਨਾਂ ਨੂੰ ਨਹੀਂ ਦੇ ਰਹੀ। ਇਨ੍ਹਾਂ ਜ਼ਮੀਨਾਂ ’ਤੇ ਲੱਗੇ ਹਜ਼ਾਰਾਂ ਦਰੱਖ਼ਤ ਵੀ ਇਸ ਵਿਕਾਸ ਦੀ ਭੇਟ ਚੜ੍ਹ ਜਾਣਗੇ। ਇਸ ਦਾ ਸੁਚੱਜਾ ਹੱਲ ਲੱਭਣਾ ਹੋਵੇਗਾ ਜਿਸ ਨਾਲ ਵਾਹੀਯੋਗ ਜ਼ਮੀਨਾਂ ਅਤੇ ਜੰਗਲਾਂ ਦਾ ਉਜਾੜਾ ਨਾ ਹੋਵੇ।
ਰਜਵਿੰਦਰ ਪਾਲ ਸ਼ਰਮਾ, ਈ-ਮੇਲ


ਘੜੰਮ ਚੌਧਰੀ
13 ਅਗਸਤ ਦੇ ਨਜ਼ਰੀਆ ਪੰਨੇ ’ਤੇ ਛਪਿਆ ਗੁਰਦੀਪ ਢੁੱਡੀ ਦਾ ਲੇਖ ‘ਸੁਫਨੇ ਤੇ ਅੜਿੱਕੇ’ ਪੜ੍ਹ ਕੇ ਪਤਾ ਲੱਗਦਾ ਹੈ ਕਿਵੇਂ ਘੜੰਮ ਚੌਧਰੀ ਸਮਾਜ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣਾ ਚਾਹੁੰਦੇ ਹਨ। ਉਹ ਸਮਾਜ ਵਿੱਚ ਰਹਿੰਦੇ ਉਨ੍ਹਾਂ ਇਮਾਨਦਾਰ ਬੁੱਧੀਜੀਵੀਆਂ ਦੀ ਵੀ ਇੱਕ ਨਹੀਂ ਚੱਲਣ ਦਿੰਦੇ ਜਿਹੜੇ ਨਵੇਂ ਯੁੱਗ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਅਸੀਂ ਕਿਹੜੇ ਹਾਲਾਤ ਵਿੱਚੋਂ ਗੁਜ਼ਰ ਕੇ ਇੱਥੋਂ ਤੱਕ ਪਹੁੰਚੇ ਹਾਂ। ਉਹ ਇਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਹੁੰਦਿਆਂ ਕੋਈ ਦੂਜਾ ਵਾਹ-ਵਾਹ ਲੈ ਜਾਵੇ।
ਫਕੀਰ ਸਿੰਘ, ਦਸੂਹਾ (ਹੁਸ਼ਿਆਰਪੁਰ)


ਅੰਗ ਦਾਨ
13 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਸੁਮੀਤ ਸਿੰਘ ਵੱਲੋਂ ਅੰਗ ਦਾਨ ਕਰਨ ਬਾਰੇ ਲੇਖ ਪੜ੍ਹਿਆ। ਇਹ ਬਹੁਤ ਨੇਕੀ ਵਾਲਾ ਕੰਮ ਹੈ। ਹੁਣ ਤੱਕ ਦਾ ਸਭ ਤੋਂ ਵੱਡਾ ਅੰਗ ਬਦਲਣ ਦਾ ਕੰਮ ‘ਹਾਰਟ ਟਰਾਂਸਪਲਾਂਟ’ ਸੀ ਜੋ 3 ਦਸੰਬਰ 1967 ਨੂੰ ਦੱਖਣੀ ਅਫਰੀਕਾ ਵਿੱਚ ਡਾਕਟਰ ਕ੍ਰਿਸਚੀਅਨ ਬਰਨਰਡ ਨੇ ਕੀਤਾ ਸੀ। 12ਵੀਂ ਜਮਾਤ ਵਿੱਚ ‘ਹਾਰਟ ਟਰਾਂਸਪਲਾਂਟ’ ਸਿਰਲੇਖ ਵਾਲਾ ਪਾਠ ਮੈਂ 14 ਸਾਲ ਪੜ੍ਹਾਉਂਦਾ ਰਿਹਾ ਹਾਂ ਜਿਸ ਵਿੱਚ ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਇਹ ਕੰਮ ਕਰਦੇ ਸਮੇਂ ਬਰਨਰਡ ਦਾ ਆਪਣਾ ਦਿਲ ਕੰਬਦਾ ਰਿਹਾ ਸੀ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)


ਹਾਕੀ ਦੀ ਚਮਕ
ਸੰਪਾਦਕੀ ‘ਓਲੰਪਿਕਸ ਦਾ ਤਜਰਬਾ’ (10 ਅਗਸਤ) ਵਧੀਆ ਲੱਗੀ। ਪੈਰਿਸ ਓਲੰਪਿਕਸ ’ਚ ਪੁਰਸ਼ ਹਾਕੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਅਤੇ ਦੇਸ਼ ਦੀ ਰਾਸ਼ਟਰੀ ਖੇਡ ਦਾ ਮਾਣ ਵਧਾਇਆ ਹੈ। ਦੇਸ਼ ਵਾਸੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਕ੍ਰਿਕਟ ਸਾਹਮਣੇ ਫਿੱਕੀ ਪੈ ਗਈ ਸਾਡੀ ਰਾਸ਼ਟਰੀ ਖੇਡ ਹਾਕੀ ਨੂੰ ਕਾਂਸੀ ਦੇ ਤਗ਼ਮੇ ਨੇ ਫਿਰ ਚਮਕਾ ਦਿੱਤਾ ਹੈ। ਮੈਡਲ ਸੂਚੀ ਵੇਖ ਕੇ ਗੱਲ ਗ਼ੌਰ ਕਰਨ ਵਾਲੀ ਹੈ ਕਿ ਅਮਰੀਕਾ, ਚੀਨ, ਜਾਪਾਨ, ਫਰਾਂਸ ਅਤੇ ਦੱਖਣੀ ਕੋਰੀਆ ਵਰਗੇ ਦੇਸ਼ ਕ੍ਰਿਕਟ ਦੀ ਬਜਾਇ ਦੂਸਰੀਆਂ ਖੇਡਾਂ ਨੂੰ ਵੱਧ ਉਤਸ਼ਾਹਿਤ ਕਰਦੇ ਹਨ। ਨਤੀਜੇ ਵਜੋਂ ਖਿਡਾਰੀ ਅਤੇ ਦੇਸ਼ ਮੈਡਲਾਂ ’ਚ ਸਿਖ਼ਰਾਂ ਛੂਹ ਰਹੇ ਹਨ। ਸਾਨੂੰ ਦੇਸ਼ ਵਾਸੀਆਂ ਨੂੰ ਵਿਦੇਸ਼ੀ ਕ੍ਰਿਕਟਰਾਂ ਦੇ ਨਾਂ ਤਾਂ ਚੰਗੀ ਤਰ੍ਹਾਂ ਪਤਾ ਹੋਣਗੇ ਪਰ ਰਾਸ਼ਟਰੀ ਖੇਡ ‘ਹਾਕੀ’ ਦੇ ਕਪਤਾਨ ਜਾਂ ਦੂਸਰੀਆਂ ਖੇਡਾਂ ਦੇ ਖਿਡਾਰੀਆਂ ਦੇ ਨਾਮ ਬਾਰੇ ਘੱਟ ਹੀ ਜਾਣਕਾਰੀ ਹੋਵੇਗੀ। ਸਰਕਾਰਾਂ ਅਤੇ ਦੇਸ਼ ਵਾਸੀਆਂ ਨੂੰ ਸਾਡੀ ਰਾਸ਼ਟਰੀ ਖੇਡ ਅਤੇ ਹੋਰ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਸੁਖਪਾਲ ਕੌਰ, ਚੰਡੀਗੜ੍ਹ


ਮੌਸਮ ਅਤੇ ਫੁੱਫੜ
ਦਸ ਅਗਸਤ ਨੂੰ ਛਪਿਆ ਲੇਖ ‘ਫੁੱਫੜ ਵਰਗੇ ਬੱਦਲ’ ਪੜ੍ਹ ਕੇ ਬਹੁਤ ਚੰਗਾ ਲੱਗਿਆ ਅਤੇ ਹਾਸਾ ਵੀ ਆਇਆ। ਲੇਖਕ ਨੇ ਲਗਾਤਾਰ ਬਦਲ ਰਹੇ ਮੌਸਮੀ ਚੱਕਰ ਦੀ ਤੁਲਨਾ ਪੰਜਾਬੀ ਫੁੱਫੜ ਨਾਲ ਕੀਤੀ ਹੈ। ਸਮਾਜ ਵਿੱਚ ਹਰ ਰਿਸ਼ਤੇਦਾਰ ਦਾ ਆਪਣਾ ਆਪਣਾ ਰੁਤਬਾ ਹੁੰਦਾ ਹੈ ਪਰ ਇਨ੍ਹਾਂ ਸਾਰੀਆਂ ਰਿਸ਼ਤੇਦਾਰੀਆਂ ਵਿੱਚੋਂ ਸਿਰ ਮੱਥੇ ਅਤੇ ਮਾਣ ਮਹਿਸੂਸ ਕਰਨ ਵਾਲਾ ਰਿਸ਼ਤਾ ਜੀਜੇ ਦਾ ਹੁੰਦਾ ਹੈ ਜੋ ਸਮਾਂ ਪਾ ਕੇ ਫੁੱਫੜ ਅਤੇ ਫਿਰ ਫੁੱਫੜਾ ਬਣ ਜਾਂਦਾ ਹੈ। ਜਿਵੇਂ ਅਸੀਂ ਘਰ ਆਏ ਫੁੱਫੜ ਨੂੰ ਕੁਝ ਨਹੀਂ ਕਹਿ ਸਕਦੇ, ਉਸੇ ਤਰ੍ਹਾਂ ਦੂਰ ਦੁਰਾਡੇ ਉੱਡਦੇ ਬੱਦਲਾਂ ਨਾਲ ਹੀ ਨਹੀਂ ਖਹਿਬੜ ਸਕਦੇ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)


ਵਿਨੇਸ਼ ਫੋਗਾਟ ਦਾ ਹੌਸਲਾ
9 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਛਪੇ ਲੇਖ ‘ਸੌ ਗ੍ਰਾਮ ਨਾਲ ਟੁੱਟਦੇ ਸੁਫਨੇ’ ਮੁਤਾਬਿਕ ਵਿਨੇਸ਼ ਫੋਗਾਟ ਦੀ ਜ਼ਿੰਦਗੀ ਦਾ ਉਹ ਸੁਫਨਾ ਟੁੱਟਿਆ ਹੀ ਨਹੀਂ ਸਗੋਂ ਚਕਨਾਚੂਰ ਹੋ ਗਿਆ ਹੈ। ਇਸ ਵਿੱਚ ਕਸੂਰ ਕਿਸ ਦਾ ਹੈ? ਇਹ ਸਵਾਲ ਤਾਂ ਹਾਲੇ ਸਮੇਂ ਦੇ ਗਰਭ ਵਿੱਚ ਹੈ ਪਰ ਵਿਨੇਸ਼ ਦੇ ਮਨ ਵਿੱਚ ਸੋਨ ਤਗਮਾ ਜਿੱਤਣ ਦੀ ਜੋ ਭਾਵਨਾ ਜਾਂ ਚਾਅ ਸੀ, ਉਹ ਸਭ ਇੱਕ ਝਟਕੇ ਨਾਲ ਖ਼ਤਮ ਹੋ ਗਿਆ। ਦੇਖਿਆ ਜਾਵੇ ਤਾਂ ਵਿਨੇਸ਼ ਫੋਗਾਟ ਨਾਲ ਬਹੁਤ ਬੇਇਨਸਾਫ਼ੀ ਹੋਈ ਪਰ ਉਸ ਨੇ ਸੰਨਿਆਸ ਲੈਣ ਦਾ ਫ਼ੈਸਲਾ ਵਾਪਸ ਲੈ ਕੇ ਮੁੜ ਮੈਦਾਨ ’ਚ ਡਟਣ ਦਾ ਹੌਸਲੇ ਵਾਲਾ ਫ਼ੈਸਲਾ ਕੀਤਾ ਹੈ।
ਸੁਖਦੇਵ ਸਿੰਘ ਭੁੱਲੜ, ਬਠਿੰਡਾ


ਘਮੰਡ ਤਿਆਗਣ ਦਾ ਸੁਨੇਹਾ
21 ਅਗਸਤ ਦੇ ‘ਸਰਕਾਰ ਦਾ ਨੀਤੀਗਤ ਉਲਟਾ ਮੋੜ’ ਸੰਪਾਦਕੀ ’ਚ ਸ਼ਹਿਨਸ਼ਾਹੀ ਸਰਕਾਰ ਨੂੰ ਆਪਣਾ ਘਮੰਡ ਤਿਆਗਣ ਦਾ ਸੁਨੇਹਾ ਦਿੱਤਾ ਗਿਆ ਹੈ। ਜੇ ਭਾਰਤ ਦੇ ਲੋਕ 2024 ਦੀਆਂ ਚੋਣਾਂ ਵਿੱਚ ‘ਭਾਜਪਾ ਨੂੰ 400 ਪਾਰ’ ਕਰਾ ਜਾਂਦੇ ਤਾਂ ਸ਼ਾਇਦ ਆਪ ਅੱਧ ਵਿਚਕਾਰ ਜਾ ਕੇ ਡੁੱਬਦੇ। ‘ਕਰ ਦਿੰਦੇ ਜੇ 400 ਪਾਰ, ਡੁੱਬਦੇ ਆਪ ਅੱਧ ਵਿਚਕਾਰ’। ਭਾਵੇਂ ਇਹ ਨਤੀਜਾ 1977 ਜਿੰਨਾ ਕਰਾਰਾ ਤਾਂ ਨਹੀਂ ਹੈ ਪਰ ਤਾਂ ਵੀ ਚਾਬੁਕ ਦਾ ਕੰਮ ਕਰ ਰਿਹਾ ਹੈ। ਇਸ ਦੀ ਮਿਸਾਲ ਵਕਫ਼ ਬੋਰਡ ਬਿੱਲ, ਪ੍ਰਸਾਰਨ ਬਿਲ ਅਤੇ ਹੁਣ ਲੇਟਰਲ ਐਂਟਰੀ ਇਸ਼ਤਿਹਾਰ ਯੂਪੀਐੱਸਸੀ ਵੱਲੋਂ ਵਾਪਸ ਲੈਣ ਤੋਂ ਮਿਲਦੀ ਹੈ। ਇਹ ਇਸ ਤੱਥ ਦਾ ਵੀ ਪ੍ਰਤੀਕ ਹੈ ਕਿ ਦਸ ਸਾਲ ਮਨਮਰਜ਼ੀਆਂ ਕਰਨ ਦਾ ਸੁਭਾਅ ਭੌਤਿਕ ਵਿਗਿਆਨ ਦੇ ਜੜ੍ਹਤਾ ਸਿਧਾਂਤ ਵਾਂਗ ਭਾਜਪਾ ਨੂੰ ਤੰਗ ਕਰ ਰਿਹਾ ਹੈ। ਭਾਜਪਾ ਨੂੰ ਗੱਠਜੋੜ ਦੇ ਸੁਭਾਅ ਅਨੁਸਾਰ ਸਹਿਮਤੀ ਨਾਲ ਚੱਲਣ ਦਾ ਸੁਭਾਅ ਔਖਿਆਂ ਹੀ ਸਹੀ, ਧਾਰਨ ਜ਼ਰੂਰ ਕਰਨਾ ਪਵੇਗਾ। ਭਾਰਤ ਲਈ ਸਭ ਤੋਂ ਵੱਧ ਢੁਕਵਾਂ ਹੈ ਲੋਕਤੰਤਰ ਅਤੇ ਧਰਮ-ਨਿਰਪੇਖਤਾ ਸਿਧਾਂਤ। ਭਾਜਪਾ ਲਈ ਚੰਗਾ ਇਹ ਹੀ ਰਹੇਗਾ ਕਿ ਉਹ ਭਾਰਤ ਦੇ ਵਿਕਾਸ ਦੀ ਗੱਲ ਕਰੇ ਨਾ ਕਿ ਭਾਜਪਾ ਦੇ ਵਿਕਾਸ ਦੀ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

Advertisement