ਪਾਠਕਾਂ ਦੇ ਖ਼ਤ
ਚੈੱਕਰ ’ਤੇ ਹਮਲਾ
18 ਅਗਸਤ ਦੇ ਅੰਕ ’ਚ ਸਫ਼ਾ 3 ’ਤੇ ‘ਮੁੰਬਈ ਵਿੱਚ ਰੇਲਵੇ ਦੇ ਸਿੱਖ ਟਿਕਟ ਚੈੱਕਰ ’ਤੇ ਹਮਲੇ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿਖੇਧੀ’ ਪੜ੍ਹ ਕੇ ਬੇਹੱਦ ਅਫ਼ਸੋਸ ਹੋਇਆ। ਕਿਸੇ ਸਰਕਾਰੀ ਮੁਲਾਜ਼ਮ ਨੂੰ ਭਾਵੇਂ ਉਹ ਕਿਸੇ ਵੀ ਧਰਮ, ਫ਼ਿਰਕੇ, ਜਾਤ, ਖੇਤਰ ਜਾਂ ਵਰਗ ਦਾ ਹੋਵੇ, ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਰੋਕਣਾ ਜਾਂ ਰੋਕਣ ਲਈ ਉਸ ’ਤੇ ਹਮਲਾ ਕਰਨਾ ਗ਼ੈਰ-ਕਾਨੂੰਨੀ ਹੈ ਪਰ ਇਸ ਨੂੰ ਫ਼ਿਰਕੂ ਰੰਗਤ ਦੇ ਕੇ ਅਜਿਹੀਆਂ ਘਟਨਾਵਾਂ ਨੂੰ ਮੀਡੀਆ ਵਿੱਚ ਉਭਾਰਨਾ ਹੋਰ ਵੀ ਗ਼ਲਤ ਅਤੇ ਸਮਾਜਿਕ ਸਾਂਝ ਦੇ ਖ਼ਿਲਾਫ਼ ਹੈ। ਵੈਸੇ ਵੀ ਰੇਲਵੇ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਉਸੇ ਵਕਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਸੁਮੀਤ ਸਿੰਘ, ਅੰਮ੍ਰਿਤਸਰ
ਡੁੱਬਦੇ ਸ਼ਹਿਰਾਂ ਦਾ ਸੱਚ
14 ਅਗਸਤ ਦਾ ਸੰਪਾਦਕੀ ‘ਡੁੱਬਦੇ ਹੋਏ ਸ਼ਹਿਰ’ ਸੱਚਮੁੱਚ ਬਹੁਤ ਵਧੀਆ ਹੈ। ਅਖ਼ਬਾਰ ਬਹੁਤ ਛਪਦੇ ਹਨ ਅਤੇ ਸੰਪਾਦਕੀ ਵੀ ਲਿਖੇ ਜਾਂਦੇ ਹਨ ਪਰ ਕਿਸੇ ਮਸਲੇ ’ਤੇ ਇੰਨੀ ਬੇਬਾਕੀ ਅਤੇ ਸਪਸ਼ਟ ਬਿਆਨੀ ਘੱਟ ਹੀ ਦੇਖੀ ਜਾਂਦੀ ਹੈ। ਸੰਪਾਦਕੀ ਨੇ ਸ਼ਹਿਰੀ ਵਿਉਂਤਬੰਦੀ ਦੇ ਬਹਾਨੇ ਨਾਲ ਪੂਰੇ ਪ੍ਰਬੰਧ ’ਤੇ ਉਂਗਲ ਰੱਖੀ ਹੈ ਕਿ ਯੋਜਨਾਵਾਂ ਕਿਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ ਅਤੇ ਕਿਸ ਤਰ੍ਹਾਂ ਪ੍ਰਚਾਰ ਕੀਤੇ ਜਾਂਦੇ ਹਨ ਪਰ ਅਮਲੀ ਤੌਰ ’ਤੇ ਕੁਝ ਹੋਰ ਹੀ ਹੁੰਦਾ ਹੈ। ਇਹ ਵੀ ਦੱਸਿਆ ਹੈ ਕਿ ਜਦੋਂ ਕੋਈ ਇਨ੍ਹਾਂ ਯੋਜਨਾਵਾਂ ਬਾਰੇ ਕਿਸੇ ਰਾਜਨੇਤਾ ਨੂੰ ਸਵਾਲ ਪੁੱਛਦਾ ਹੈ ਤਾਂ ਉਹ ਕਿਵੇਂ ਗੱਲਾਂ ਦਾ ਕੜਾਹ ਬਣਾਉਂਦੇ ਹਨ ਜਿਵੇਂ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਨੂੰ ਸਮਾਰਟੈਸਟ ਮਤਲਬ ਸਭ ਤੋਂ ਵੱਧ ਸਮਾਰਟ ਸ਼ਹਿਰ ਬਣਾਵਾਂਗੇ। ਇਸ ਸਮਾਰਟੈਸਟ ਸ਼ਹਿਰ ਦੀ ਹਾਲਤ ਇਹ ਹੈ, ‘ਚਿੜੀ ਵਿਚਾਰੀ ਕੀ ਕਰੇ, ਮੀਂਹ ਦੇ ਪਾਣੀ ’ਚ ਡੁੱਬ ਮਰੇ।’ ਰਣਜੀਤ ਲਹਿਰਾ ਦਾ ਮਿਡਲ ‘ਅੰਮੀ ਦਾ ਵਿਹੜਾ’ ਵੀ ਵਧੀਆ ਹੈ।
ਅੰਗਰੇਜ਼ ਸਿੰਘ, ਭਦੌੜ (ਬਰਨਾਲਾ)
ਖੇਡ ਪ੍ਰਬੰਧਾਂ ਦਾ ਸੱਚ
14 ਅਗਸਤ ਦੇ ਖ਼ਬਰਨਾਮਾ ਪੰਨੇ ’ਤੇ ਡਬਲਜ਼ ਬੈਡਮਿੰਟਨ ਦੀ ਖਿਡਾਰਨ ਅਸ਼ਵਨੀ ਪੋਨੱਪਾ ਵੱਲੋਂ ਦਿੱਤੀ ਜਾਣਕਾਰੀ ਨੇ ਭਾਰਤੀ ਖੇਡ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਉਸ ਅਨੁਸਾਰ ‘ਸਾਈ’ ਦੁਆਰਾ ਜਾਰੀ ਕੀਤੀ ਗਈ ਸੂਚੀ ਮੁਤਾਬਿਕ ਉਸ ਨੂੰ ਕੋਈ ਵਿੱਤੀ ਸਹਾਇਤਾ ਮਿਲੀ ਹੀ ਨਹੀਂ। ਜਾਰੀ ਹੋਈ ਲੱਖਾਂ ਦੀ ਮਾਇਕ ਸਹਾਇਤਾ ਤਾਂ ਕੀ ਮਿਲਣੀ ਸੀ ਉਸ ਦੁਆਰਾ ਮਨਪਸੰਦ ਕੋਚ ਲਈ ਕੀਤੀ ਗਈ ਅਪੀਲ ਵੀ ਠੁਕਰਾ ਦਿੱਤੀ ਗਈ। ਕਿੰਨੇ ਦੁੱਖ ਦੀ ਗੱਲ ਹੈ ਕਿ ਖਿਡਾਰੀਆਂ ਪ੍ਰਤੀ ਇੰਨੀ ਬੇਰੁਖ਼ੀ ਦੇ ਬਾਵਜੂਦ ਅਸੀਂ ਉਨ੍ਹਾਂ ਕੋਲੋਂ ਸੋਨੇ ਚਾਂਦੀ ਦੇ ਤਮਗਿਆਂ ਦੀ ਆਸ ਕਰਦੇ ਹਾਂ। ਆਪਣੇ ਦਮ ’ਤੇ ਹੀ ਸਾਡੇ ਖਿਡਾਰੀਆਂ ਨੇ ਕੁਝ ਜਿੱਤਾਂ ਹਾਸਿਲ ਕੀਤੀਆਂ ਹਨ ਪਰ ਜਿਹੜੇ ਖਿਡਾਰੀ ਆਰਥਿਕ ਤੌਰ ’ਤੇ ਕਮਜ਼ੋਰ ਹਨ ਉਹ ਕੀ ਕਰਨ? ਇਸ ਲਈ ਅਸੀਂ ਦੂਜੇ ਦੇਸ਼ਾਂ ਦੇ ਮੁਕਾਬਲੇ ਪਿੱਛੇ ਰਹਿ ਜਾਂਦੇ ਹਾਂ।
ਨਜ਼ਰੀਆ ਪੰਨੇ ’ਤੇ ਰਣਜੀਤ ਲਹਿਰਾ ਦਾ ਮਿਡਲ ‘ਅੰਮੀ ਦਾ ਵਿਹੜਾ’ ਦਿਲ ਨੂੰ ਛੂਹ ਗਿਆ। ਦੁਨੀਆ ਵਿੱਚ ਜਿੱਥੇ ਹੈਵਾਨੀਅਤ ਦੀ ਕੋਈ ਕਮੀ ਨਹੀਂ, ਉੱਥੇ ਇਨਸਾਨੀਅਤ ਵੀ ਕਦੇ ਪਿੱਛੇ ਨਹੀਂ ਰਹੀ। ਮੈਂ ਤਾਂ ਕਹਾਂਗੀ ਪਰਚਮ ਤਾਂ ਹਮੇਸ਼ਾ ਇਨਸਾਨੀਅਤ ਦਾ ਹੀ ਝੁੱਲਦਾ ਰਿਹਾ ਹੈ ਅਤੇ ਝੁੱਲਦਾ ਰਹੇਗਾ।
ਡਾ. ਤਰਲੋਚਨ ਕੌਰ, ਪਟਿਆਲਾ
ਡਾਕਟਰਾਂ ਦੀ ਸੁਰੱਖਿਆ ਦਾ ਮਸਲਾ
13 ਅਗਸਤ ਦੇ ਨਜ਼ਰੀਆ ਪੰਨੇ ’ਤੇ ਛਪੀ ਸੰਪਾਦਕੀ ਪੜ੍ਹੀ, ਜਿਸ ਵਿੱਚ ਮੈਡੀਕਲ ਕਰਮੀ ਨਾਲ ਦੁਸ਼ਕਰਮ ਦੀ ਗੱਲ ਕੀਤੀ ਗਈ ਹੈ। ਜੇਕਰ ਆਮ ਲੋਕਾਂ ਦੀ ਜਾਨ ਬਚਾਉਣ ਵਾਲੇ ਡਾਕਟਰ ਹੀ ਸੁਰੱਖਿਅਤ ਨਹੀਂ ਤਾਂ ਜਨਤਾ ਉਨ੍ਹਾਂ ਡਾਕਟਰਾਂ ਤੋਂ ਆਪਣੇ ਸਨੇਹੀਆਂ ਦੀ ਜਾਨ ਬਚਾਉਣ ਦੀ ਉਮੀਦ ਕਿਵੇਂ ਕਰ ਸਕਦੀ ਹੈ।
ਹਰਪ੍ਰੀਤ ਕੌਰ ਪਬਰੀ, ਬਲਸੂਆਂ
ਔਰਤਾਂ ਖ਼ਿਲਾਫ਼ ਅਪਰਾਧ
ਪਿਛਲੇ ਦਿਨੀਂ ਸ਼ਹੀਦ ਕਿਰਨਜੀਤ ਬਾਰੇ ਘੋਲ ਦੀ 27 ਵਰ੍ਹੇਗੰਢ ਮਨਾਈ ਗਈ। ਇਸ ਦੇ ਬਾਵਜੂਦ ਔਰਤਾਂ ਖ਼ਿਲਾਫ਼ ਅਪਰਾਧ ਰੁਕ ਨਹੀਂ ਰਹੇ। ਕੋਲਾਕਾਤਾ ਵਾਲਾ ਮਾਮਲਾ ਸਭ ਦੇ ਸਾਹਮਣੇ ਹੈ। ਅਜਿਹੇ ਅਪਰਾਧ ਕਿਸੇ ਦੇ ਰੋਕਿਆਂ ਨਹੀਂ ਰੁਕਣੇ। ਔਰਤਾਂ ਨੂੰ ਆਪਣੀ ਰਾਖੀ ਦੇ ਸਮਰੱਥ ਬਣਾਉਣਾ ਅਤੇ ਮਰਦਾਂ ਨੂੰ ਔਰਤਾਂ ਦੀ ਇੱਜ਼ਤ ਕਰਨ ਲਈ ਸਿੱਖਿਅਤ ਕਰਕੇ ਸਮਾਜ ਨੂੰ ਉਨ੍ਹਾਂ ਲਈ ਸੁਰੱਖਿਅਤ ਬਣਾਉਣਾ ਲਾਜ਼ਮੀ ਹੈ।
ਅਮਰਜੀਤ ਕੌਰ, ਮਹਿਮਾ ਸਰਜਾ (ਬਠਿੰਡਾ)
ਖੇਡ ਭਾਵਨਾ ਦੀ ਮਿਸਾਲ
ਇਹ ਜਜ਼ਬਾਤ ਪੰਜਾਬੀ ਟ੍ਰਿਬਿਊਨ ਦੇ ਪੰਨਾ 10 ਉੱਤੇ ਛਪੀ ਖ਼ਬਰ ‘ਨੀਰਜ ਤੇ ਨਦੀਮ ਦੀਆਂ ਮਾਵਾਂ ਨੇ ਖੇਡ ਭਾਵਨਾ ਦੀ ਮਿਸਾਲ ਪੇਸ਼ ਕੀਤੀ’ ਨੂੰ ਪੜ੍ਹ ਕੇ ਪੈਦਾ ਹੋਏ ਜਿਸ ਕਾਰਨ ਮੈਂ ਕਲਮਬੱਧ ਕਰਨ ਲਈ ਮਜਬੂਰ ਹੋ ਗਿਆ। ਜਿਵੇਂ ਗਲੀ-ਮੁਹੱਲੇ ਵਿੱਚ ਦੋ ਗੁਆਂਢੀਆਂ ਦਾ ਮਿੱਤਰਤਾਪੂਰਵਕ ਵਿਚਰਨਾ ਸਮਾਜ ਅਤੇ ਨਿੱਜ ਲਈ ਲਾਭਕਾਰੀ ਹੁੰਦਾ ਹੈ ਉਵੇਂ ਹੀ ਦੋ ਗੁਆਂਢੀ ਦੇਸ਼ਾਂ ਦਾ ਇੱਕ ਦੂਜੇ ਦੇ ਹਿੱਤ ਲਈ ਕੰਮ ਕਰਨਾ ਕੋਈ ਔਖਾ ਨਹੀਂ ਹੈ। ਭਾਰਤ ਪਾਕਿਸਤਾਨ ਦੇ ਮਾਮਲੇ ਵਿੱਚ ਜੋ ਕੁਝ ਰਾਜਨੀਤੀ ਨਹੀਂ ਕਰ ਸਕੀ ਉਹ ਨੀਰਜ ਚੋਪੜਾ ਅਤੇ ਨਦੀਮ ਦੀਆਂ ਮਾਵਾਂ ਨੇ ਕਰ ਦਿਖਾਇਆ ਹੈ। ਨੀਰਜ ਦੀ ਮਾਂ ਸਰੋਜ ਦੇਵੀ ਅਤੇ ਨਦੀਮ ਦੀ ਮਾਂ ਰਜ਼ੀਆ ਪਰਵੀਨ ‘ਰੂਹ ਦੇ ਸੋਨ ਤਗ਼ਮਿਆਂ’ ਦੀਆਂ ਹੱਕਦਾਰ ਹਨ। ਖੇਡ ਮੁਕਾਬਲੇ ਦੁਸ਼ਮਣੀ ਨਹੀਂ ਸਗੋਂ ਯੋਗਤਾ ਵਧਾਉਣ ਲਈ ਲੜੇ ਜਾਂਦੇ ਹਨ। ਹਾਰ-ਜਿੱਤ ਸਿੱਕੇ ਦੇ ਦੋ ਪਹਿਲੂ ਵਾਂਗ ਹਨ, ਜਿਵੇਂ ਦੁੱਖ-ਸੁੱਖ। ਸ਼ਾਇਦ ਹੀ ਕੋਈ ਅਜਿਹਾ ਪੱਖ ਹੋਵੇ ਜਿਸ ਦੇ ਦੋ ਧੁਰੇ ਨਾ ਹੋਣ। ਦੋਵੇਂ ਮਾਵਾਂ ਨੇ ਦੂਜੀ ਮਾਂ ਦੇ ਪੁੱਤ ਨੂੰ ਆਪਣਾ ਕਹਿ ਕੇ ਮਨੁੱਖੀ ਮਾਣ-ਸਨਮਾਨ ਤੇ ਮਾਨਵਤਾ ਦੀ ਸੀਮਾ ਨੂੰ ਸਰ ਕਰ ਲਿਆ ਹੈ। ਉਨ੍ਹਾਂ ਦੋਹਾਂ ਨੂੰ ਭਰਾ ਕਹਿ ਕੇ ਜਿਵੇਂ ਧਰੂ ਤਾਰੇ ਨੂੰ ਹੀ ਹੱਥ ਲਾ ਲਿਆ ਹੋਵੇ। ਅਜਿਹੇ ਹੀ ਮਾਨਵੀ ਜਜ਼ਬਾਤ ਰਾਬਿੰਦਰਨਾਥ ਟੈਗੋਰ ਦੀ ਕਹਾਣੀ ਕਾਬੁਲੀਵਾਲਾ ਵਿੱਚ ਪ੍ਰਗਟਾਏ ਗਏ ਹਨ। ਜੇ ਲੋਕ ਨੇੜੇ ਹੋ ਜਾਣ ਤਾਂ ਰਾਜਨੀਤੀ ਵੀ ਕੁਝ ਨਹੀਂ ਕਰ ਸਕਦੀ। ਸ਼ਾਲਾ! ਖੇਡਾਂ ਮਨੁੱਖੀ ਵਖਰੇਵਿਆਂ ਨੂੰ ਦੂਰ ਕਰਨ ਵਿੱਚ ਸਹਾਈ ਹੋਣ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਫੁੱਫੜ ਦਾ ਰੁਤਬਾ
ਦਸ ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਗੁਰਮੇਲ ਸਿੰਘ ਸਿੱਧੂ ਦੀ ਰਚਨਾ ‘ਫੁੱਫੜ ਵਰਗੇ ਬੱਦਲ’ ਪਸੰਦ ਆਈ। ਸੱਚਮੁੱਚ ਹੀ ਅੱਜ ਦੇ ਯੁੱਗ ਵਿੱਚ ਫੁੱਫੜ ਦੀ ਪਹਿਲਾਂ ਵਾਲੀ ਕਦਰ ਨਹੀਂ ਰਹੀ। ਪਦਾਰਥਵਾਦੀ ਯੁੱਗ ਹੋਣ ਕਾਰਨ ਹੁਣ ਸਿਰਫ਼ ਲੋੜ ਦੇ ਹਿਸਾਬ ਨਾਲ ਹੀ ਕਿਸੇ ਰਿਸ਼ਤੇ ਦੀ ਕਦਰ ਕੀਤੀ ਜਾਂਦੀ ਹੈ। ਮੁੱਕਦੀ ਗੱਲ ਤਾਂ ਇਹ ਹੈ ਕਿ ਹੁਣ ‘ਲੋੜ’ ਹੀ ਫੁੱਫੜ ਹੈ। ਜੇਕਰ ਫੁੱਫੜ ਪੈਸੇ ਵਾਲਾ ਜਾਂ ਕਿਸੇ ਪਹੁੰਚ ਵਾਲਾ ਨਹੀਂ ਤਾਂ ਅਜਿਹੇ ‘ਫੁੱਫੜ’ ਦੀ ਬਹੁਤੀ ਪੁੱਛ-ਪ੍ਰਤੀਤ ਹੋਣ ਦੀ ਸੰਭਾਵਨਾ ਨਹੀਂ ਹੁੰਦੀ। ਬਾਕੀ ਸਮੇਂ ਦੇ ਨਾਲ ਹਰ ਰਿਸ਼ਤਾ ਆਪਣਾ ਮੁਹਾਂਦਰਾ ਬਦਲ ਲੈਂਦਾ ਹੈ। ਹਰ ਵਿਅਕਤੀ ਨੂੰ ਕੁਦਰਤ ਦੇ ਬਦਲਾਅ ਦੇ ਸਿਧਾਂਤ ਨੂੰ ਸਮਝ ਕੇ ਆਪਣੇ ਆਪ ਨੂੰ ਹਾਲਾਤ ਮੁਤਾਬਿਕ ਬਦਲ ਲੈਣਾ ਚਾਹੀਦਾ ਹੈ।
ਬਿਕਰਮਜੀਤ ਸਿੰਘ, ਭਾਦਸੋਂ (ਪਟਿਆਲਾ)
ਵਿਨੇਸ਼ ਫੋਗਾਟ ਦੇ ਸੁਫਨੇ
ਨੌਂ ਅਗਸਤ ਨੂੰ ਰੋਹਿਤ ਮਹਾਜਨ ਨੇ ਆਪਣੇ ਲੇਖ ‘ਸੌ ਗਰਾਮ ਨਾਲ ਟੁੱਟਦੇ ਸੁਫਨੇ’ (9 ਅਗਸਤ) ਵਿੱਚ ਵਿਨੇਸ਼ ਫੋਗਾਟ ਦੇ ਵਜ਼ਨ ਬਾਰੇ ਉਹ ਤੱਤ ਪੇਸ਼ ਕੀਤੇ ਹਨ ਜਿਨ੍ਹਾਂ ਬਾਰੇ ਆਮ ਪਾਠਕ ਬਿਲਕੁਲ ਅਣਜਾਣ ਹੈ। ਕੁਦਰਤੀ ਵਜ਼ਨ ਨੂੰ ਲੋੜੋਂ ਵੱਧ ਘਟਾ ਕੇ, ਘੱਟ ਵਜ਼ਨੀ ਪਹਿਲਵਾਨਾਂ ਨਾਲ ਕੁਸ਼ਤੀ ਲੜਨਾ ਵੀ ਅਨੈਤਿਕਤਾ ਦਾ ਝਾਉਲਾ ਤਾਂ ਜ਼ਰੂਰ ਪਾਉਂਦਾ ਹੈ। ਜੋ ਵੀ ਹੋਵੇ, ਉਸ ਦੀ ਰਾਤੋ ਰਾਤ ਬਣੀ ਅਯੋਗਤਾ ਸਮਝ ਨਹੀਂ ਆਉਂਦੀ। ਉਂਝ ਕੁਆਲੀਫਾਈ ਕਰਨ ਲਈ ਉਹ ਆਪਣੇ ਵਾਲ ਹੀ ਕੁਝ ਜ਼ਿਆਦਾ ਕਟਵਾ ਲੈਂਦੀ ਤਾਂ ਸ਼ਾਇਦ ਗੱਲ ਬਣ ਜਾਂਦੀ।
ਮੋਹਣ ਸਿੰਘ, ਅੰਮ੍ਰਿਤਸਰ
ਸਿੱਖਿਆ ਅਤੇ ਡੇਰੇ
24 ਜੁਲਾਈ ਦੇ ‘ਨਜ਼ਰੀਆ’ ਪੰਨੇ ’ਤੇ ਗੁਰਬਚਨ ਜਗਤ ਦਾ ਲੇਖ ‘ਸਿੱਖਿਆ ਹੀ ਡੇਰਿਆਂ ਤੇ ਬਾਬਿਆਂ ਦਾ ਤੋੜ’ ਪੜ੍ਹਿਆ। ਲੇਖਕ ਨੇ ਡੇਰਿਆਂ ਤੇ ਬਾਬਿਆਂ ਦੇ ਖ਼ਾਤਮੇ ਲਈ ਸਿੱਖਿਆ ਹਾਸਲ ਕਰਨਾ ਹੀ ਹੱਲ ਮੰਨਿਆ ਹੈ। ਮੇਰੇ ਖ਼ਿਆਲ ਵਿੱਚ ਦਿਨੋਂ-ਦਿਨ ਪੈਦਾ ਹੋ ਰਹੇ ਡੇਰਿਆਂ ਜਾਂ ਸਾਧਾਂ ਪਿੱਛੇ ਵੀ ਪੜ੍ਹੇ-ਲਿਖੇ ਸੱਜਣਾਂ ਦਾ ਹੀ ਜ਼ਿਆਦਾ ਰੋਲ ਹੈ। ਵਿਹਲੜ ਤੇ ਅਪਰਾਧੀ ਕਿਸਮ ਦੇ ਕੁਝ ਲੋਕ ਸਰਕਾਰੀ ਅਫਸਰਸ਼ਾਹੀ ਤੇ ਰਾਜਨੀਤਕ ਲੀਡਰਾਂ ਦੀ ਸਰਪ੍ਰਸਤੀ ਹੇਠ ਇਸ ਧੰਦੇ ਨੂੰ ਜਨਮ ਦਿੰਦੇ ਹਨ ਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਤਰ੍ਹਾਂ-ਤਰ੍ਹਾਂ ਦੇ ਭਰਮ ਜਾਲ ਜਾਂ ਅੰਧ-ਵਿਸ਼ਵਾਸ ਵਿੱਚ ਫਸਾ ਕੇ ਸ਼ੋਸ਼ਣ ਕਰਦੇ ਹਨ। ਆਮ ਲੋਕਾਂ ਨਾਲ ਵੱਡੇ ਅਫਸਰ, ਡਾਕਟਰ, ਵਕੀਲ, ਅਧਿਆਪਕ ਤੇ ਵੱਖ-ਵੱਖ ਮਹਿਕਮਿਆਂ ਦੇ ਅਫਸਰ ਵੀ ਪਾਖੰਡੀਆਂ ਦੇ ਡੇਰਿਆਂ ਵਿੱਚ ਆਮ ਵੇਖਣ ਨੂੰ ਮਿਲ ਜਾਂਦੇ ਹਨ। ਸੋ ਇਨ੍ਹਾਂ ਪਾਖੰਡੀਆਂ ਦਾ ਖਾਤਮਾ ਸਿੱਖਿਅਤ ਹੋਣ ਦੇ ਨਾਲ ਸੁਚੇਤ ਹੋ ਕੇ ਹੀ ਕਰਨਾ ਪਵੇਗਾ।
ਸੁਖਦੇਵ ਸਿੰਘ ਭੁੱਲੜ, ਬਠਿੰਡਾ
ਵੰਡ ਦਾ ਦਰਦ
14 ਅਗਸਤ ਦੇ ਨਜ਼ਰੀਆ ਪੰਨੇ ’ਤੇ ਰਣਜੀਤ ਲਹਿਰਾ ਦੀ ‘ਅੰਮੀ ਦਾ ਵਿਹੜਾ’ ਰਚਨਾ ਪੜ੍ਹਦਿਆਂ ਆਪਣੇ ਬਜ਼ੁਰਗਾਂ ਵੱਲੋਂ 1947 ਦੀ ਭਾਰਤ-ਪਾਕਿ ਵੰਡ ਵੇਲੇ ਦੀਆਂ ਸੁਣਾਈਆਂ ਕਈ ਦਰਦਨਾਕ ਕਹਾਣੀਆਂ ਅੱਖਾਂ ਸਾਹਵੇਂ ਫਿਲਮ ਵਾਂਗ ਘੁੰਮਣ ਲੱਗੀਆਂ। ਉਦੋਂ ਕਿਵੇਂ ਘਰਾਂ ਨੂੰ ਅੱਗਾਂ ਲਾਈਆਂ ਗਈਆਂ, ਲੁੱਟ-ਖੋਹਾਂ, ਮਾਰ-ਧਾੜ, ਆਪਣਿਆਂ ਵੱਲੋਂ ਆਪਣਿਆਂ ਦੇ ਹੀ ਕਤਲ ਕੀਤੇ ਗਏ... ਪਰ ਉਦੋਂ ਜਿੱਥੇ ਹੈਵਾਨੀਅਤ ਸੀ, ਉੱਥੇ ਇਨਸਾਨੀਅਤ ਵੀ ਸੀ। ਇੱਧਰ ਵੀ ਤੇ ਉਧਰ ਵੀ ਬੜੇ ਭਲੇ ਬੰਦਿਆਂ ਨੇ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਨਿਹੱਥੇ ਬੇਕਸੂਰ, ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਪਰ ਦੋਹਾਂ ਮੁਲਕਾਂ ਦੀ ਵੰਡ ਦੇ ਜ਼ਖ਼ਮ ਅਜੇ ਵੀ ਅੱਲੇ ਨੇ। ਇੱਥੇ ਪਾਕਿਸਤਾਨੀ ਸ਼ਾਇਰਾ ਦੇ ਸ਼ੇਅਰ ਦਾ ਜ਼ਿਕਰ ਜ਼ਰੂਰੀ ਹੈ: ਧੀਆਂ-ਪੁੱਤਰ ਮਾਵਾਂ ਨਾਲੋਂ ਵਿਛੜੇ ਵੰਡ ਝਮੇਲੇ ਵਿੱਚ/ ਦਿਲ ਮਾਵਾਂ ਦਾ ਧਾਹਾਂ ਮਾਰੇ ਐਧਰ ਵੀ ਤੇ ਓਧਰ ਵੀ।
ਅਮਰਜੀਤ ਮੱਟੂ, ਭਰੂਰ (ਸੰਗਰੂਰ)