ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਠਕਾਂ ਦੇ ਖ਼ਤ

06:47 AM Aug 14, 2024 IST

ਦੇਰ ਨਾ ਕਰੋ
ਏਸੀ ਦੀ ਬਨਾਉਟੀ ਠੰਢੀ ਹਵਾ ਹੇਠ ਬੈਠੇ ਨੀਤੀ ਘਾੜਿਆਂ ਨੂੰ ਅਰਜੋਈ ਹੈ ਕਿ ਕਿਸਾਨ ਅੰਦੋਲਨ ਦਾ ਇਉਂ ਅੰਤ ਨਾ ਲਓ (13 ਅਗਸਤ ਨੂੰ ਸ਼ੰਭੂ ਬਾਰਡਰ ਬਾਰੇ ਮੁੱਖ ਖ਼ਬਰ)। ਇਸ ਨੂੰ ਲਟਕਾ ਕੇ ਖੋਰਨ ਦੀ ਕੋਸ਼ਿਸ਼ ਨਾ ਕਰੋ। ਹਾਸ਼ੀਏ ਉੱਤੇ ਵਿਚਰ ਰਹੇ ਕਿਸਾਨ ਮੌਜੂਦਾ ਵਿਵਸਥਾ ਤੋਂ ਸਖ਼ਤ ਅਵਾਜ਼ਾਰ, ਨਾਰਾਜ਼ ਹਨ। ਉਹ ਖੇਤੀ ਖੇਤਰ ਦੇ ਲਗਾਤਾਰ ਪੈ ਰਹੇ ਘਾਟੇ ਤੋਂ ਮਾਯੂਸ ਹਨ। ਕਿਸਾਨ ਦੀ ਔਲਾਦ ਦੇ ਵਿਆਹ ਰਿਸ਼ਤੇ ਨਹੀਂ ਹੋ ਰਹੇ। ਕੋਈ ਵੀ ਸੂਝਵਾਨ ਸ਼ਖ਼ਸ ਆਪਣੀ ਧੀ-ਪੁੱਤਰ ਨੂੰ ਕਰਜ਼ਈ ਤੇ ਘਾਟੇ ਦੀ ਵੱਟ ’ਤੇ ਵਿਚਰ ਰਹੇ ਕਿਸਾਨ ਸੰਗ ਤੋਰਨ ਨੂੰ ਤਿਆਰ ਨਹੀਂ। ਕੁਝ ਵੀ ਕਰੋ ਪਰ ਦੇਰ ਨਾ ਕਰੋ। 6 ਅਗਸਤ ਨੂੰ ਪਹਿਲੇ ਸਫ਼ੇ ਦੀ ਸੁਰਖ਼ੀ ਹੈ: ਸ਼ੇਖ਼ ਹਸੀਨਾ ਨੇ ਦੇਸ਼ ਛੱਡਿਆ। ਭਾਰਤ ਦੇ ਚਾਰ-ਚੁਫ਼ੇਰੇ ਪਹਿਲਾਂ ਸ੍ਰੀਲੰਕਾ, ਪਾਕਿਸਤਾਨ, ਨੇਪਾਲ, ਮਿਆਂਮਾਰ, ਤੇ ਹੁਣ ਬੰਗਲਾਦੇਸ਼ ਵਿੱਚ ਲੋਕਾਂ ਦਾ ਜੋ ਗੁੱਸਾ ਫੁੱਟਿਆ ਹੈ, ਉਸ ਤੋਂ ਸਿੱਖਣ ਦੀ ਲੋੜ ਹੈ। ਸਿਰਫ਼ ਜੀਡੀਪੀ ਅੰਕੜਿਆਂ ’ਚ ਵਾਧਾ ਦਰਸਾ ਕੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨ ਨਾਗਰਿਕ ਨੂੰ ਖਾਮੋਸ਼ ਨਹੀਂ ਕੀਤਾ ਜਾ ਸਕਦਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਸਭ ਤੋਂ ਵੱਡਾ ਜੁਰਮ ਤਾਕਤ ਦਾ ਖੁਮਾਰ, ਇਕਪਾਸੜ ਸੋਚ ਅਤੇ ਲੰਮੇ ਸਮੇਂ ਤੋਂ ਵਿਰੋਧੀ ਧਿਰ ਦੀ ਅਣਦੇਖੀ ਸੀ। ਤਤਕਾਲੀ ਕਾਰਨ ਬਦਜ਼ੁਬਾਨੀ ਅਰਥਾਤ ਅੰਦੋਲਨਕਾਰੀਆਂ ਨੂੰ ਦੇਸ਼ਧ੍ਰੋਹੀ ਕਹਿਣਾ ਹੈ; ਖ਼ਾਸਕਰ ਉਸ ਵਕਤ ਜਦੋਂ ਵਿਦਿਆਰਥੀ ਵਰਗ ਕਲਾਸ ਰੂਮ ਛੱਡ ਕੇ ਸੜਕਾਂ ਉੱਤੇ ਉਤੇਜਿਤ ਸੀ। ਕੋਈ ਮੰਨੇ ਭਾਵੇ ਨਾ ਪਰ ਇਹ ਸੰਸਾਰੀਕਰਨ ਦਾ ਦੱਖਣੀ ਏਸ਼ਿਆਈ ਮੁਲਕਾਂ ’ਚ ਜਨਾਜ਼ਾ ਹੈ। ਇਸ ਤੋਂ ਪਹਿਲਾਂ 3 ਅਗਸਤ ਨੂੰ ਸੰਪਾਦਕੀ ‘ਫੰਡ ਦੀ ਵਾਜਿਬ ਵੰਡ’ ਪੜ੍ਹਿਆ। ਕੇਂਦਰ ਦੀ ਖੇਡ ਫੰਡਾਂ ਵਿੱਚ ਵੰਡ ਖੇਡ ਪ੍ਰੇਮੀਆਂ ਨੂੰ ਚਿਰੋਕਣੀ ਰੜਕ ਰਹੀ ਹੈ। ਇਸ ਵੰਡ ਦਾ ਕੋਈ ਨਿਯਮ ਨਹੀਂ, ਸਿਰਫ਼ ਵੋਟ ਬਟੋਰਨ ਲਈ ਸਿਆਸੀ ਦਾਅ ਪੇਚ ਹਨ। ਵਿਤਕਰੇ ਅਤੇ ਕਾਣੀ ਵੰਡ ਵਾਲਾ ਤੱਥ ਨੀਤੀ ਆਯੋਗ ਵਿੱਚ ਵੀ ਹੈ। ਵਿਰੋਧੀ ਧਿਰ ਵਿੱਚੋਂ ਜਿਹੜਾ ਵੀ ਮੁੱਖ ਮੰਤਰੀ ਨੀਤੀ ਆਯੋਗ ਦੀ ਮੀਟਿੰਗ ’ਚ ਗਿਆ, ਉਸ ਦੇ ਤਲਖ਼ ਤਜਰਬੇ ਸਭ ਦੇ ਸਾਹਮਣੇ ਹਨ ਜੋ ਬਜਟ-2024 ਵਿੱਚ ਵੀ ਦਰਜ ਹਨ। ਮੁੱਖ ਮੰਤਰੀ ਗ਼ੈਰ-ਹਾਜ਼ਰ ਸੀ ਪਰ ਪੰਜਾਬ ਦੇ ਨਾਂ ’ਤੇ ਬਣੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਮੀਟਿੰਗ ਵਿੱਚ ਮੌਜੂਦ ਸਨ, ਉਹ ਦੱਸਣ ਕਿ ਉਨ੍ਹਾਂ ਪੰਜਾਬ ਦੇ ਕਿਸਾਨ ਲਈ ਕੀ ਕੁਝ ਕੀਤਾ?
ਇਕਬਾਲ ਸਿੰਘ ਚੀਮਾ, ਨਵਾਂ ਸ਼ਹਿਰ

Advertisement


ਅੰਗ ਦਾਨ ਦੀ ਮਹੱਤਤਾ
13 ਅਗਸਤ ਨੂੰ ਸੰਸਾਰ ਅੰਗ ਦਾਨ ਦਿਵਸ ’ਤੇ ਸੁਮੀਤ ਸਿੰਘ ਦਾ ਲੇਖ ‘ਅੰਗ ਦਾਨ ਮਹਾਂ ਨੇਕੀ ਵਾਲਾ ਕਾਰਜ’ ਅੰਗ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਦਾ ਹੈ। ਜਿੱਥੇ ਅਸੀਂ ਖੂਨਦਾਨ ਕਰ ਕੇ ਹਾਦਸਿਆਂ ਦਾ ਸ਼ਿਕਾਰ ਇਨਸਾਨਾਂ ਦੀਆਂ ਕੀਮਤੀ ਜਾਨਾਂ ਬਚਾ ਸਕਦੇ ਹਾਂ ਉੱਥੇ ਅਸੀਂ ਮਰਨ ਮਗਰੋਂ ਗੁਰਦਾ, ਦਿਲ, ਫੇਫੜਾ ਅਤੇ ਜਿਗਰ ਵਰਗੇ ਅੰਗ ਦਾਨ ਕਰ ਕੇ ਕਿਸੇ ਦੂਜੇ ਦੀ ਜ਼ਿੰਦਗੀ ਬਚਾਉਣ ’ਚ ਸਹਾਈ ਹੋ ਸਕਦੇ ਹਾਂ। ਅੰਗ ਦਾਨ ਕਰਨ ਲਈ ਸਾਨੂੰ ਵਹਿਮਾਂ-ਭਰਮਾਂ ਤੋਂ ਦੂਰ ਹੋ ਕੇ ਵਿਗਿਆਨਕ ਸੋਚ ਦੇ ਧਾਰਨੀ ਬਣਨ ਦੀ ਲੋੜ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਅੰਗ ਟਰਾਂਸਪਲਾਂਟ ਵਰਗੀ ਸਹੂਲਤ ਮੁਫ਼ਤ ਮੁਹੱਈਆ ਕਰਵਾਉਣ ਵਾਲੇ ਪਾਸੇ ਠੋਸ ਕਦਮ ਚੁੱਕਣ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)


13 ਸਾਲਾ ਪੁਰਾਣਾ ਨੀਂਹ ਪੱਥਰ
13 ਅਗਸਤ ਦੇ ਪਟਿਆਲਾ-ਸੰਗਰੂਰ ਪੁਲਆਊਟ ਦੀ ਖ਼ਬਰ ਪੜ੍ਹੀ ਕਿ ਪਿੰਡ ਜੰਡ ਮੰਗੋਲੀ ਵਿੱਚ ਸਕੂਲ ਬਣਾਉਣ ਲਈ 13 ਸਾਲ ਪੁਰਾਣਾ ਨੀਂਹ ਪੱਥਰ ਡਿੱਗ ਗਿਆ; ਭਾਵ, ਲਾਰਿਆਂ ਦੇ ਭਾਰ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਿਆ। ਅਜਿਹੀ ਹੀ ਹੋਣੀ ਭਦੌੜ ਵਿੱਚ ਕਾਲਜ ਬਣਾਉਣ ਲਈ ਰੱਖੇ ਨੀਂਹ ਪੱਥਰ ਦੀ ਹੈ। ਸਾਡੇ ਸਿਆਸੀ ਜਾਂ ਧਾਰਮਿਕ ਲੀਡਰਾਂ ਨੂੰ ਨੀਂਹ ਪੱਥਰ ਰੱਖਣ ਦੀ ਪਤਾ ਨਹੀਂ ਕਿਉਂ ਕਾਹਲੀ ਪੈ ਜਾਂਦੀ ਹੈ। ਨੀਂਹ ਪੱਥਰ ਘੱਟੋ-ਘੱਟ ਕੰਮ ਦੀ ਲਾਗਤ ਦੇ ਅੱਧੇ ਫੰਡਾਂ ਦਾ ਪ੍ਰਬੰਧ ਕਰ ਕੇ ਮੌਕੇ ’ਤੇ ਸਮਾਨ ਪਹੁੰਚਾ ਕੇ ਚਲਦੇ ਕੰਮ ’ਚ ਰੱਖਣਾ ਚਾਹੀਦਾ ਹੈ। ਪਿੰਡ ਅਤੇ ਇਲਾਕਾ ਵਾਸੀਆਂ ਨੂੰ ਵੀ ਆਪਣੇ ਪਿੰਡ ਜਾਂ ਹਲਕੇ ਦੀ ਤਰੱਕੀ ਲਈ ਜਾਗਦੇ ਰਹਿਣਾ ਚਾਹੀਦਾ ਹੈ; ‘ਜਾਗਦਿਆਂ ਦੇ ਘਰ ਕੱਟੀ, ਸੁੱਤਿਆਂ ਦੇ ਘਰ ਕੱਟਾ’ ਵਰਗੇ ਅਖਾਣ ਐਵੇਂ ਨਹੀਂ ਬਣੇ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ

Advertisement


ਸ਼ੇਖ ਹਸੀਨਾ ਦਾ ਪਤਨ
12 ਅਗਸਤ ਨੂੰ ਆਨੰਦ ਕੁਮਾਰ ਦਾ ਲੇਖ ‘ਹਸੀਨਾ ਦਾ ਪਤਨ ਅਤੇ ਬੰਗਲਾਦੇਸ਼ ਦਾ ਭਵਿੱਖ’ ਪੜ੍ਹਿਆ। ਗੁਆਂਢੀ ਦੇਸ਼ ਵਿੱਚ ਰਾਜਨੀਤਕ ਅਰਾਜਕਤਾ ਭਾਰਤ ਲਈ ਚਿੰਤਾਜਨਕ ਹੈ। ਕੱਟੜਪੰਥੀ ਪਹਿਲਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਭਾਰੂ ਹਨ, ਹੁਣ ਬੰਗਲਾਦੇਸ਼ ਵਿੱਚ ਵੀ ਇਨ੍ਹਾਂ ਦੀ ਚੜ੍ਹਤ ਹੋ ਗਈ ਹੈ। ਇਹ ਹਾਲਾਤ ਚਿੰਤਾ ਵਾਲੇ ਹਨ। 29 ਜੁਲਾਈ ਨੂੰ ਜਯੋਤੀ ਮਲਹੋਤਰਾ ਦਾ ਲੇਖ ‘ਸਿਹਤ ਤੇ ਸਿੱਖਿਆ ਦਾ ਕਿਸੇ ਨੂੰ ਖਿਆਲ ਨਹੀਂ’ ਪੜ੍ਹਿਆ। ਸਹੀ ਲਿਖਿਆ ਹੈ ਕਿ ਸਿਹਤ ਅਤੇ ਸਿੱਖਿਆ ਨੂੰ ਸਾਰੀਆਂ ਸਿਆਸੀ ਧਿਰਾਂ ਨੇ ਹੀ ਅੱਖੋਂ ਪਰੋਖੇ ਕੀਤਾ ਹੈ। ਇਨ੍ਹਾਂ ਦੋਹਾਂ ਖੇਤਰਾਂ ਬਾਰੇ ਸੰਸਦ ਵਿੱਚ ਢੰਗ ਨਾਲ ਮਸਲੇ ਹੀ ਨਹੀਂ ਉਠਾਏ ਜਾ ਰਹੇ, ਨਾ ਸਾਰਥਕ ਬਹਿਸ ਕੀਤੀ ਜਾ ਰਹੀ ਹੈ। ਅੱਜ ਸਿੱਖਿਆ ਬਹੁਤ ਲਾਜ਼ਮੀ ਹੈ ਪਰ ਲੀਡਰ ਇਹ ਜਾਣਦੇ ਹਨ ਕਿ ਜੇਕਰ ਜਨਤਾ ਪੜ੍ਹ ਲਿਖ ਗਈ ਤਾਂ ਉਹ ਆਪਣੇ ਹੱਕਾਂ ਤੇ ਫਰਜ਼ਾਂ ਬਾਰੇ ਜਾਗਰੂਕ ਹੋ ਕੇ ਸਵਾਲ ਪੁੱਛਣਗੇ। ਅਸਲ ਵਿੱਚ ਇਨ੍ਹਾਂ ਲੀਡਰਾਂ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਇਹ ਆਮ ਜਨਤਾ ਦੀ ਪਹੁੰਚ ਤੋਂ ਦੂਰ ਕਰ ਦਿੱਤੇ ਹਨ।
ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)


ਖ਼ਤਰਾ ਟਲਿਆ ਨਹੀਂ
12 ਅਗਸਤ ਨੂੰ ਮੁਖਤਿਆਰ ਸਿੰਘ ਪੂਹਲਾ ਦਾ ਮਿਡਲ ‘ਮਹਿਲ ਕਲਾਂ ਦਾ ਮਿਸਾਲੀ ਸੰਘਰਸ਼’ ਧੀਆਂ ਖ਼ਿਲਾਫ਼ ਹੁੰਦੇ ਘਿਨਾਉਣੇ ਜੁਰਮਾਂ ਬਾਰੇ ਚਿੰਤਾ ਪ੍ਰਗਟ ਕਰਦਾ ਹੈ। ਸਾਡੇ ਸਮਾਜ ਵਿੱਚ ਅੱਜ ਵੀ ਬਿਮਾਰ ਮਾਨਸਿਕਤਾ ਵਾਲੇ ਲੋਕ ਮਾਸੂਮ ਬੱਚੀਆਂ ਨੂੰ ਜੁਰਮ ਦਾ ਸ਼ਿਕਾਰ ਬਣਾ ਰਹੇ ਹਨ। ਸੋਸ਼ਲ ਮੀਡੀਆ ਜ਼ਰੀਏ ਔਰਤਾਂ ਨੂੰ ਲਾਰੇ ਲਾ ਕੇ ਅਪਰਾਧਾਂ ਵੱਲ ਧੱਕਿਆ ਜਾ ਰਿਹਾ ਹੈ। ਔਰਤਾਂ ਨਾਲ ਬਦਸਲੂਕੀ ਕਰਨ ਵਾਲਿਆਂ ਨੂੰ ਸਰੀਰਕ ਦੰਡ ਤੋਂ ਇਲਾਵਾ ਮਾਨਸਿਕ ਇਲਾਜ ਦੀ ਵੀ ਲੋੜ ਹੈ। ਅੱਜ ਭਾਵੇਂ ਔਰਤ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਸਮਾਜ ਨੂੰ ਅੱਗੇ ਤੋਰ ਰਹੀ ਹੈ ਪਰ ਸਾਡੇ ਸਮਾਜ ਵਿੱਚ ਔਰਤਾਂ ’ਤੇ ਮੰਡਰਾਉਂਦਾ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ। ਅੱਜ ਵੀ ਮਾਪੇ ਧੀਆਂ ਨੂੰ ਘਰੋਂ ਬਾਹਰ ਭੇਜ ਕੇ ਪੂਰੀ ਤਰ੍ਹਾਂ ਬੇਫ਼ਿਕਰ ਹੋ ਕੇ ਨਹੀਂ ਬੈਠ ਸਕਦੇ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)


ਮਾਵਾਂ ਦੇ ਦਿਲ
ਓਲੰਪਿਕ ਵਿੱਚ ਜੈਵਲਿਨ ਥਰੋ ਵਿੱਚ ਸੋਨੇ ਤੇ ਚਾਂਦੀ ਦੇ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਅਰਸ਼ਦ ਨਦੀਮ ਤੇ ਨੀਰਜ ਚੋਪੜਾ ਦੀਆਂ ਮਾਵਾਂ ਨੇ ਸਾਬਤ ਕਰ ਦਿੱਤਾ ਕਿ ਭਾਰਤ ਤੇ ਪਾਕਿਸਤਾਨ ਦੇ ਦਿਲ ਵੱਖ ਨਹੀਂ। ਗੁਲਾਬ ਦੀ ਮਹਿਕ ਵਰਗੀ ਮੁਹੱਬਤ ਦੀ ਇਹ ਭਾਸ਼ਾ ਦੋਹਾਂ ਮੁਲਕਾਂ ਵਿੱਚ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰੇਗੀ। ਜੇਕਰ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਇਨ੍ਹਾਂ ਮਾਵਾਂ ਦੀ ਭਾਸ਼ਾ ਅਤੇ ਸੋਚ ਨੂੰ ਸਮਝਣ ਤਾਂ ਭਾਰਤ ਪਾਕਿਸਤਾਨ ਚੰਗੇ ਮਿੱਤਰ ਪਿਆਰੇ ਬਣ ਸਕਦੇ ਹਨ। ਇਹ ਸਾਂਝ ਦੋਹਾਂ ਮੁਲਕਾਂ ਦੇ ਵਿਕਾਸ ਅਤੇ ਤਰੱਕੀ ਦਾ ਪਹੀਆ ਬਣੇਗੀ।
ਰਾਜਵਿੰਦਰ ਰੌਂਤਾ, ਮੋਗਾ


ਤੀਆਂ ਦਾ ਤਿਉਹਾਰ
ਬਦਲਦੇ ਜ਼ਮਾਨੇ ਦੇ ਹਿਸਾਬ ਨਾਲ ਤੀਆਂ ਦੇ ਤਿਉਹਾਰ ਵਿੱਚ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਪੁਰਾਣੇ ਸਮਿਆਂ ਵਿੱਚ ਪਿੰਡਾਂ ਸ਼ਹਿਰਾਂ ਦੀਆਂ ਔਰਤਾਂ ਤੇ ਕੁੜੀਆਂ ਸਾਉਣ ਮਹੀਨੇ ਤੀਆਂ ਦਾ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਉਂਦੀਆਂ ਸਨ। ਕਿਸੇ ਸਾਂਝੀ ਥਾਂ ’ਤੇ ਸ਼ਾਮ ਸਮੇਂ ਦਰਖ਼ਤਾਂ ਉੱਤੇ ਰੱਸੇ ਬੰਨ੍ਹ ਕੇ ਪੀਘਾਂ ਪਾਈਆਂ ਜਾਂਦੀਆਂ ਸਨ। ਉੱਥੇ ਹੀ ਨੱਚ-ਟੱਪ ਕੇ, ਗਿੱਧਾ ਬੋਲੀਆਂ ਪਾ ਕੇ ਇਹ ਤਿਉਹਾਰ ਮਨਾਇਆ ਜਾਂਦਾ। ਹੁਣ ਇਹ ਤਿਉਹਾਰ ਪੈਲਸਾਂ ਤੇ ਹੋਟਲਾਂ ਅੰਦਰ ਜਾ ਵੜਿਆ ਹੈ। ਸਾਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਜਿਊਂਦਾ ਰੱਖਣ ਲਈ ਭਾਈਚਾਰਕ ਸਾਂਝ ਬਣਾਉਣ ਵਾਲੇ ਇਸ ਤਿਉਹਾਰ ਨੂੰ ਪੁਰਾਣੇ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਗੁਰਪ੍ਰੀਤ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ


ਖੇਡ ਭਾਵਨਾ ਅਤੇ ਨਿਆਂ ਦੀ ਜਿੱਤ

9 ਅਤੇ 10 ਅਗਸਤ ਦੇ ਅਖ਼ਬਾਰ ਵਿੱਚ ਖ਼ਬਰਾਂ ਨੇ ਦਿਲ ਬਾਗ਼ੋ-ਬਾਗ ਕਰ ਦਿੱਤਾ। ਹਾਕੀ ਟੀਮ ਦੀ ਸ਼ਾਨਾਮੱਤੀ ਜਿੱਤ ਅਤੇ ਨੀਰਜ ਤੇ ਨਦੀਮ, ਦੋਹਾਂ ਦੀਆਂ ਮਾਵਾਂ ਦਾ ਸ਼ਾਨਦਾਰ ਖੇਡ ਭਾਵਨਾ ਦਾ ਪ੍ਰਗਟਾਵਾ ਹੈ। ਮਾਵਾਂ ਦੀ ਇਸ ਲਾਜਵਾਬ ਸੰਵੇਦਨਾ ਨੂੰ ਸਲਾਮ ਹੈ। ਹੁਣ ਤੱਕ ਭਾਰਤ-ਪਾਕਿ sਮੈਚਾਂ ਨੂੰ ਜੰਗ ਦਾ ਅਖਾੜਾ ਬਣਾ ਦਿੱਤਾ ਜਾਂਦਾ ਰਿਹਾ ਹੈ। ਇਸ ਮੁਕਾਬਲੇ ਨੇ ਤਾਸੀਰ ਬਦਲੀ ਹੈ। ਕਾਸ਼! ਅਸੀਂ ਸਾਰੇ ਗੁਆਂਢੀਆਂ ਨੂੰ ਪਿਆਰ ਅਤੇ ਸਤਿਕਾਰ ਕਰਨਾ ਸਿੱਖ ਸਕੀਏ। ਦੂਸਰੀ ਖ਼ਬਰ ਮਨੀਸ਼ ਸਿਸੋਦੀਆ ਦੀ ਜ਼ਮਾਨਤ ਵਾਲੀ ਹੈ। ਝੂਠ ਅਤੇ ਅਨਿਆਂ ਨੂੰ ਜਿੰਨੇ ਮਰਜ਼ੀ ਪਰਦਿਆਂ ਥੱਲੇ ਲੁਕਾ ਲਵੋ ਪਰ ਅੰਤ ਜਿੱਤ ਸੱਚ ਤੇ ਨਿਆਂ ਦੀ ਹੀ ਹੋਵੇਗੀ। ਸਤਰੰਗ ਪੰਨੇ ਤੇ ਵਰਿੰਦਰ ਨਿਮਾਣਾ ਦੇ ਲੇਖ ‘ਸੰਧੂਰੀ ਅੰਬੀਆਂ ਦੀ ਮਹਿਕ ਤੇ ਮਿਠਾਸ’ ਨੇ ਮਨ ਮਹਿਕਾ ਦਿੱਤਾ। ਲੇਖਕ ਨੇ ਜਿੱਥੇ ਦੇਸੀ ਅੰਬਾਂ ਦੇ ਸਭਿਆਚਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਉੱਥੇ 150 ਤੋਂ ਵੱਧ ਦੇਸੀ ਕਿਸਮਾਂ ਬਾਰੇ ਜਿਵੇਂ ਦੱਸਿਆ ਹੈ, ਓਨੇ ਤਾਂ ਅਸੀਂ ਕਦੇ ਦੇਖੇ ਸੁਣੇ ਹੀ ਨਹੀਂ।
ਡਾ. ਤਰਲੋਚਨ ਕੌਰ, ਪਟਿਆਲਾ

Advertisement
Advertisement