For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

05:47 AM Aug 15, 2024 IST
ਪਾਠਕਾਂ ਦੇ ਖ਼ਤ
Advertisement

ਜੀਵਨ ਸਫ਼ਰ ਅਤੇ ਅਭੁੱਲ ਯਾਦਾਂ
‘ਪੰਜਾਬੀ ਟ੍ਰਿਬਿਊਨ’ ਨਾਲ ਮੇਰੇ ਜੀਵਨ ਸਫ਼ਰ ਦੀਆਂ ਕਈ ਅਭੁੱਲ ਯਾਦਾਂ ਜੁੜੀਆਂ ਹਨ। ਇਹ ਯਾਦਾਂ ਮਨ ਨੂੰ ਡੂੰਘਾ ਸਕੂਨ ਤੇ ਸੰਤੁਸ਼ਟੀ ਦਿੰਦੀਆਂ ਹਨ ਅਤੇ ਆਪਣੇ ਵੇਗ ’ਚ ਵਹਾ ਕੇ ਲੈ ਜਾਂਦੀਆਂ ਹਨ। ਗੁਰਮੁਖੀ ਵਰਣਮਾਲਾ ਦੀ ਪਛਾਣ ਕਦੋਂ ਹੋਈ, ਪਤਾ ਨਹੀਂ। ਇਹ ਵੀ ਯਾਦ ਨਹੀਂ ਕਿ ਅਖ਼ਬਾਰ ਪੜ੍ਹਨ ਦਾ ਸ਼ੌਕ ਕਦੋਂ, ਕਿਵੇਂ ਅਤੇ ਉਮਰ ਦੇ ਕਿਹੜੇ ਵਰ੍ਹੇ ਹੋਇਆ ਪਰ 46 ਵਰ੍ਹੇ ਪਹਿਲਾਂ 15 ਅਗਸਤ 1978 ਦੇ ‘ਪੰਜਾਬੀ ਟ੍ਰਿਬਿਊਨ’ ਦੇ ਜਨਮ ਦਿਨ ਨੂੰ ਯਾਦ ਕਰਦਿਆਂ ਉਸ ਸੱਜਰੀ ਸਵੇਰ ਦੇ ਮਨਮੋਹਕ ਦ੍ਰਿਸ਼ ਦਾ ਅਹਿਸਾਸ ਹੁਣ ਵੀ ਮੈਨੂੰ ਹੋਣ ਲੱਗਦਾ ਹੈ।
ਉਸ ਦਿਨ ‘ਪੰਜਾਬੀ ਟ੍ਰਿਬਿਊਨ’ ਦੇ ਪਹਿਲੇ ਅੰਕ ਨੂੰ ਆਪਣੇ ਹੱਥਾਂ ’ਚ ਲੈਣ ਤੇ ਦੇਖਣ ਦਾ ਸੁਭਾਗ ਪ੍ਰਾਪਤ ਕਰਨ ਲਈ ਅੱਖਾਂ ਅੰਦਰ ਬੇਸਬਰੀ ਭਰੀ ਉਡੀਕ ਸੀ। ਇਸ ਨਵੇਂ ਅਖ਼ਬਾਰ ਨਾਲ ਸਾਂਝ ਦੀ ਸ਼ੁਰੂਆਤ ਲਈ ਮਨ ਨੂੰ ਕੋਈ ਅਲੋਕਾਰੀ ਚਾਅ ਚੜ੍ਹਿਆ ਹੋਇਆ ਸੀ। ਮੇਰੇ ਬਚਪਨ ਤੇ ਜਵਾਨੀ ਦੇ ਮੁੱਢਲੇ ਵਰ੍ਹੇ ਮੁੱਲਾਂਪੁਰ ਦਾਖਾ (ਲੁਧਿਆਣਾ) ਦੀਆਂ ਗਲੀਆਂ ’ਚ ਖੇਡਦਿਆਂ, ਪੜ੍ਹਦਿਆਂ ਬੀਤੇ ਸਨ। ਉਦੋਂ ‘ਦਿ ਟ੍ਰਿਬਿਊਨ’ ਤੇ ਹੋਰ ਅਖ਼ਬਾਰਾਂ ਦੀ ਏਜੰਸੀ ਬੱਸ ਸਟੈਂਡ ਦੇ ਨਜ਼ਦੀਕ ਹੀ ਡਾ. ਮਾਧੋ ਰਾਮ ਕੋਲ ਸੀ। ਅਖ਼ਬਾਰਾਂ ਦੇ ਬੰਡਲ ਚਾਰ ਵਜੇ ਤੋਂ ਪਹਿਲਾਂ ਉੱਥੇ ਪੁੱਜ ਜਾਂਦੇ ਸਨ। ‘ਪੰਜਾਬੀ ਟ੍ਰਿਬਿਊਨ’ ਦਾ ਪਹਿਲਾ ਅੰਕ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਮੈਂ ਤਿੰਨ ਸਾਢੇ ਤਿੰਨ ਵਜੇ ਹੀ ਉਨ੍ਹਾਂ ਦੀ ਦੁਕਾਨ ਅੱਗੇ ਜਾ ਖੜ੍ਹਾ ਹੋਇਆ। ਮੈਨੂੰ ਇਹੋ ਜਾਣਨ ਦੀ ਉਤਸੁਕਤਾ ਸੀ ਕਿ ‘ਪੰਜਾਬੀ ਟ੍ਰਿਬਿਊਨ’ ਦੀ ਦਿੱਖ ਕਿਹੋ ਜਿਹੀ ਹੋਵੇਗੀ, ਨਵੀਂ ਸਵੇਰ ਦਾ ਕਿਹੜਾ ਨਵਾਂ ਤੇ ਤਰੋਤਾਜ਼ਾ ਸੁਨੇਹਾ ਲੈ ਕੇ ਇਹ ਸਾਡੇ ਬਰੂਹੀਂ ਆਵੇਗਾ। ਉਡੀਕ ਦੇ ਉਹ ਪਲ ਮੇਰੇ ਲਈ ਵੱਖਰੇ ਹੀ ਸਨ। ਖ਼ੈਰ! ‘ਪੰਜਾਬੀ ਟ੍ਰਿਬਿਊਨ’ ਦਾ ਪਹਿਲਾ ਅੰਕ ਹੱਥਾਂ ’ਚ ਫੜ ਕੇ ਮੇਰੀ ਖ਼ੁਸ਼ੀ ਤੇ ਸਰੂਰ ਦਾ ਕੋਈ ਟਿਕਾਣਾ ਨਾ ਰਿਹਾ। ਇਹ ਕਿਸੇ ਦਾ ਕੋਈ ਚਿਰੋਕਣਾ ਸੁਫਨਾ ਪੂਰਾ ਹੋਣ ਨਾਲ ਪ੍ਰਾਪਤ ਹੋਣ ਵਾਲੀ ਖ਼ੁਸ਼ੀ ਸੀ। ਉਸ ਦਿਨ ਪਿੱਛੋਂ ਕੋਈ ਅਜਿਹਾ ਦਿਨ ਨਹੀਂ ਲੰਘਿਆ ਜਦੋਂ ਮੈਂ ਇਸ ਅਖ਼ਬਾਰ ਤੋਂ ਵਿਰਵਾ ਰਿਹਾ ਹੋਵਾਂ। ਇਸ ਦਾ ਹਰ ਅੱਖਰ ਮੇਰੇ ਅੰਦਰ ਲੱਥ ਜਾਂਦਾ ਸੀ। ਇਸ ਦੀ ਸੋਚ ਵੱਖਰੀ ਹੋਣ ਕਰ ਕੇ ਇਹ ਵੱਖਰਾ ਦਿਸਦਾ ਹੈ।
ਇਹ ਸਾਂਝ ਵਰ੍ਹੇ ਬੀਤਣ ਨਾਲ ਵੀ ਅਜਿਹੀ ਬਣੀ ਰਹੀ ਕਿ ਮੈਂ ਇਸ ਦੇ ਪੁਰਾਣੇ ਹਫ਼ਤਾਵਾਰੀ ਮੈਗਜ਼ੀਨ ਤੇ ਵਿਰਾਸਤ, ਲੋਕ ਰੰਗ, ਘਰ ਪਰਿਵਾਰ, ਗਿਆਨ ਵਿਗਿਆਨ ਆਦਿ ਜਿਹੇ ਵਿਸ਼ੇਸ਼ ਪੰਨੇ ਹੁਣ ਵੀ ਸਾਂਭੀ ਬੈਠਾ ਹਾਂ। ਵਕਤ ਨੇ ਇਨ੍ਹਾਂ ਦੇ ਪੱਤਰੇ ਕੁਝ-ਕੁਝ ਪੀਲੇ ਜ਼ਰੂਰ ਕਰ ਦਿੱਤੇ ਹਨ। ਲੰਘੇ ਵਰ੍ਹਿਆਂ ’ਚ ਝਾਤ ਮਾਰਨੀ ਹੋਵੇ ਤਾਂ ਉਸ ਸਮੇਂ ਦਾ ਕੋਈ ਨਾ ਕੋਈ ਪੰਨਾ ਕੱਢ ਕੇ ਪੜ੍ਹਨ ਲਗਦਾ ਹਾਂ। ਸਫ਼ਰ ਵਿੱਚ ਵੀ ਮੈਂ ਇਸ ਨਾਲ ਤੇ ਇਹ ਮੇਰੇ ਨਾਲ ਹੁੰਦਾ ਹੈ। ਜੀਵਨ ਦੀਆਂ ਬਦਲੀਆਂ ਹਾਲਤਾਂ ਮੈਨੂੰ ਸ਼ਾਹਬਾਦ (ਹਰਿਆਣਾ) ਲੈ ਆਈਆਂ। ਮੈਂ ਆਪਣੀਆਂ ਜੜ੍ਹਾਂ ਨਾਲੋਂ ਟੁੱਟਿਆ ਮਹਿਸੂਸ ਕਰਦਾ। ਇਸ ਅਖ਼ਬਾਰ ਰਾਹੀਂ ਹੀ ਮੇਰੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ, ਫ਼ਿਕਰ, ਤਣਾਅ ਤੇ ਸਮੱਸਿਆਵਾਂ ਮੇਰੇ ਬੂਹੇ ’ਤੇ ਦਸਤਕ ਦਿੰਦੀਆਂ ਰਹੀਆਂ। ਇਸ ਦੀਆਂ ਸੰਪਾਦਕੀਆਂ ’ਚੋਂ ਉਲਝੇ ਸਵਾਲਾਂ ਤੇ ਆਤਮਾ ’ਤੇ ਬੋਝ ਬਣੀਆਂ ਸਮੱਸਿਆਵਾਂ ਦੇ ਹੱਲ ਤਲਾਸ਼ਣਾ ਮੇਰੇ ਲਈ ਕਿਸੇ ਖੋਜ ਕਾਰਜ ਜਿਹਾ ਸੀ। ਇਹ ਮੇਰੇ ਅੰਦਰਲੇ ਖਲਾਅ ਨੂੰ ਭਰਨ ਦਾ ਜ਼ਰੀਆ ਵੀ ਸੀ। ਛੋਟੇ-ਛੋਟੇ ਲੇਖ, ਕਹਾਣੀਆਂ ਤੇ ਕਵਿਤਾਵਾਂ ਲਿਖਣ ਦੀ ਚੇਟਕ ਮੈਨੂੰ ਇਸ ਅਖ਼ਬਾਰ ਤੋਂ ਹੀ ਲੱਗੀ। ਮੇਰੀਆਂ ਰਚਨਾਵਾਂ ਇਸ ਅਖ਼ਬਾਰ ’ਚ ਛਪਣ ਵੀ ਲੱਗੀਆਂ ਸਨ। ਮੈਂ ਬਿੰਦੂ ਸਮਾਨ ਸੀ ਪਰ ਮੇਰਾ ਦਾਇਰਾ ਵੱਡਾ ਹੋ ਗਿਆ। ਹੋਰ ਕਈ ਉੱਚ ਕੋਟੀ ਦੇ ਸਾਹਿਤਕਾਰਾਂ ਦੀ ਅਸੀਸ ਮੈਨੂੰ ਪ੍ਰਾਪਤ ਹੈ ਜੋ ਇਸੇ ਅਖ਼ਬਾਰ ਦੀ ਵਡਮੁੱਲੀ ਦੇਣ ਹੈ।
ਯਾਦਾਂ ਤਾਂ ਬਥੇਰੀਆਂ ਹਨ, ਕਿਸ-ਕਿਸ ਨੂੰ ਵਿਸਥਾਰ ਦੇਵਾਂ? ਕੈਪਸ਼ਨ ਮੁਕਾਬਲੇ ’ਚ ਭਾਗ ਲੈਂਦੇ-ਲੈਂਦੇ ਮੇਰੀ ਰੁਚੀ ਕਵਿਤਾਵਾਂ ਲਿਖਣ ਦੇ ਰਾਹ ਪੈ ਗਈ। ਜ਼ਿੰਦਗੀ ’ਚ ਵਾਪਰੇ ਇੱਕ ਅਸਹਿ ਦੁਖਾਂਤ ਸਮੇਂ ਵੀ ਇਹ ਅਖ਼ਬਾਰ ਮੇਰਾ ਸਹਾਰਾ ਬਣਿਆ। ਮੇਰੇ ਮਨ ਦੀ ਹਰ ਸੂਖ਼ਮ ਭਾਵਨਾ, ਤਾਂਘ, ਵਲਵਲੇ, ਖ਼ਿਆਲ, ਸੋਚਾਂ ਤੇ ਉਦਾਸੀਆਂ ਨੂੰ ਲੋਕਾਂ ਸਾਹਮਣੇ ਲਿਆਉਣਾ ਇਸ ਅਖ਼ਬਾਰ ਰਾਹੀਂ ਹੀ ਸੰਭਵ ਹੋਇਆ। ਮੇਰੀ ਉਡਾਣ ਲਈ ਯਤਨ ਮੇਰਾ ਹੋ ਸਕਦਾ ਹੈ ਪਰ ਉੱਡਣ ਲਈ ਲੋੜੀਂਦੇ ਖੰਭ ਨਿਸ਼ਚੇ ਹੀ ‘ਪੰਜਾਬੀ ਟ੍ਰਿਬਿਊਨ’ ਨੇ ਦਿੱਤੇ।
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)


ਮਿੱਠੀ ਤੇ ਹੇਰਵੇ ਭਰੀ ਯਾਦ
ਮੈਨੂੰ ਵੀ ‘ਪੰਜਾਬੀ ਟ੍ਰਿਬਿਊਨ’ ਦਾ ਪਹਿਲਾ ਅੰਕ ਪੜ੍ਹਨ ਦਾ ਸੁਭਾਗ ਪ੍ਰਾਪਤ ਹੈ। 1983 ਵਿੱਚ ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਵਿਭਾਗ ’ਚ ਨੌਕਰੀ ਮਿਲਣ ਤੋਂ ਲੈ ਕੇ ਹੁਣ ਤੱਕ ਇਹ ਮੇਰਾ ਸਾਥ ਨਿਭਾਅ ਰਿਹਾ ਹੈ।
1978-79 ਵਿੱਚ ਮੈਂ ਖਰੜ ਵਿੱਚ ਪ੍ਰਾਈਵੇਟ ਸਕੂਲ ਵਿੱਚ ਪੰਜਾਬੀ ਪੜ੍ਹਾਉਂਦਾ ਸੀ। ਮੇਰੇ ਪਿੰਡ ਕਲੌੜ ਦਾ ਰਾਹ ਰੰਧਾਵਾ ਰੋਡ ਨੂੰ ਹੋ ਕੇ ਜਾਂਦਾ ਸੀ। ਸ੍ਰੀ ਮਹਿੰਦਰ ਸਿੰਘ ਰੰਧਾਵਾ ਵੀ ਕਦੇ-ਕਦੇ ਸ਼ਾਮ ਸਮੇਂ ਉਸ ਸੜਕ ’ਤੇ ਸੈਰ ਕਰਦੇ ਮਿਲ ਜਾਇਆ ਕਰਦੇ ਸਨ। ਮੈਂ ਵੀ ਬਹੁਤੇ ਲੋਕਾਂ ਵਾਂਗ ਸਾਈਕਲ ਤੋਂ ਉਤਰ ਕੇ ਉਨ੍ਹਾਂ ਨੂੰ ਸਤਿਕਾਰ ਦਿੰਦਾ ਸੀ।
ਇੱਕ ਸ਼ਾਮ ਮੈਂ ਸਾਈਕਲ ਖੜ੍ਹਾ ਕਰ ਕੇ ਉਨ੍ਹਾਂ ਨੂੰ ਸਤਿਕਾਰ ਦੇਣ ਲਈ ਝੁਕਿਆ ਤਾਂ ਉਨ੍ਹਾਂ ਨੇ ਸਾਈਕਲ ਦੀ ਟੋਕਰੀ ’ਚ ‘ਪੰਜਾਬੀ ਟ੍ਰਿਬਿਊਨ’ ਪਿਆ ਦੇਖ ਕੇ ਅਖ਼ਬਾਰ ਬਾਰੇ ਪੁੱਛਿਆ। ਮੈਂ ਕਿਹਾ, “ਜੀ, ਕਿਸੇ ਵੀ ਰਾਜਨੀਤਕ ਵਰਗ ਨਾਲ ਸਬੰਧਿਤ ਨਾ ਹੋਣ ਕਰ ਕੇ ਇਹ ਨਿਰਪੱਖ ਹੋ ਕੇ ਸੱਚ ਨੂੰ ਬਿਆਨਦਾ ਹੈ।” ਇਹ ਸੁੁਣ ਕੇ ਰੰਧਾਵਾ ਜੀ ਨੇ ਪੁੱਛਿਆ, “ਕੀਮਤ ਪੱਖੋਂ 25 ਪੈਸੇ ਦਾ ਸਸਤਾ ਨਹੀਂ ਲੱਗਦਾ?” ਫਿਰ ਮੇਰੀ ਪੜ੍ਹਾਈ ਬਾਰੇ ਪੁੱਛਣ ਲੱਗ ਪਏ। ਮੈਂ ਦੱਸਿਆ ਕਿ ਮੈਂ ਐੱਮਏ ਪੰਜਾਬੀ, ਬੀਏ ਆਨਰਜ਼ ਪੰਜਾਬੀ ਅਤੇ ਗਿਆਨੀ ਕੀਤੀ ਹੋਈ ਹੈ। ਫਿਰ ਕਹਿਣ ਲੱਗੇ ਕਿ ‘ਪੰਜਾਬੀ ਟ੍ਰਿਬਿਊਨ’ ਲਈ ਕਾਪੀ ਹੋਲਡਰ ਦੀ ਅਸਾਮੀ ਵਾਸਤੇ ਅਪਲਾਈ ਕਰੋ।
ਮੈਂ ਉਨ੍ਹਾਂ ਨੂੰ ਆਪਣੀ ਇੱਛਾ ਅਧਿਆਪਕ ਬਣਨ ਦੀ ਦੱਸੀ। ਉਨ੍ਹਾਂ ਨੇ ਮੈਨੂੰ ਬੀਐੱਡ ਕਰਨ ਦੀ ਸਲਾਹ ਦਿੱਤੀ। ਰੰਧਾਵਾ ਹੋਰਾਂ ਵੱਲੋਂ ਨੌਕਰੀ ਦੀ ਪੇਸ਼ਕਸ਼ ਮੇਰੀ ਮਿੱਠੀ ਯਾਦ ਹੈ। ਹੇਰਵਾ ਇਸ ਗੱਲ ਦਾ ਹੈ ਕਿ ਮੈਂ ‘ਪੰਜਾਬੀ ਟ੍ਰਿਬਿਊਨ’ ਨਾਲ ਉਦੋਂ ਪੱਤਰਕਾਰ ਵਜੋਂ ਕਿਉਂ ਨਹੀਂ ਜੁੜਿਆ।
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)

Advertisement


ਸਕੂਲ ਤੋਂ ਸ਼ੁਰੂ ਹੋਇਆ ਸਫ਼ਰ
ਮੈਨੂੰ ਅਖ਼ਬਾਰ ਪੜ੍ਹਨ ਦਾ ਸ਼ੌਕ ਨੌਵੀਂ ਜਾਮਤ ਵਿੱਚ ਪੜ੍ਹਦਿਆਂ ਪਿਆ। ਉਦੋਂ ਅਸੀਂ ਅਖ਼ਬਾਰ ਸਕੂਲ ਵਿੱਚ ਹੀ ਪੜ੍ਹ ਲੈਂਦੇ ਸੀ। ਦਸਵੀਂ ਵਿੱਚ ਅਸੀਂ ਅੰਗਰੇਜ਼ੀ ਟ੍ਰਿਬਿਊਨ ਆਪਣੇ ਘਰ ਮੰਗਵਾਉਣ ਲੱਗੇ। ਪ੍ਰੈੱਪ ਵਿੱਚ ਪੜ੍ਹਦਿਆਂ ਪਤਾ ਲੱਗਾ ਕਿ ਟ੍ਰਿਬਿਊਨ ਗਰੁੱਪ ਦੋ ਨਵੇਂ ਅਖ਼ਬਾਰ ‘ਪੰਜਾਬੀ ਟ੍ਰਿਬਿਊਨ’ ਅਤੇ ‘ਦੈਨਿਕ ਟ੍ਰਿਬਿਊਨ’ ਕੱਢ ਰਿਹਾ ਹੈ ਤਾਂ ਅਸੀਂ 15 ਅਗਸਤ 1978 ਦਾ ‘ਪੰਜਾਬੀ ਟ੍ਰਿਬਿਊਨ’ ਬੁੱਕ ਕਰਵਾ ਦਿੱਤਾ। ਇਸ ਨੂੰ ਦੇਖ ਕੇ ਮਨ ਖ਼ੁਸ਼ ਹੋ ਗਿਆ। ਉਸ ਦਿਨ ਅਖ਼ਬਾਰ ਦੇ ਛੱਤੀ ਸਫ਼ੇ ਸਨ। ਉਸ ਮਗਰੋਂ ਕੋਈ ਵਿਰਲਾ ਦਿਨ ਹੀ ਹੋਵੇਗਾ ਜਿਸ ਦਿਨ ‘ਪੰਜਾਬੀ ਟ੍ਰਿਬਿਊਨ’ ਨਾ ਪੜ੍ਹਿਆ ਹੋਵੇ; ਖ਼ਾਸਕਰ ਐਤਵਾਰ ਦੇ ਅਖ਼ਬਾਰ ਦਾ ਤਾਂ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸੀ, ਹੁਣ ਵੀ ਰਹਿੰਦਾ ਹੈ। ਪਹਿਲਾਂ-ਪਹਿਲਾਂ ਐਤਵਾਰ ਮੈਗਜ਼ੀਨ ਸੈਕਸ਼ਨ ਵੱਖਰਾ ਹੁੰਦਾ ਸੀ ਚਾਰ ਸਫਿ਼ਆਂ ਦਾ। ਇਹ ਮੈਗਜ਼ੀਨ ਅਖ਼ਬਾਰ ਵਾਲਿਆਂ ਕੋਲ ਸ਼ਨਿਚਰਵਾਰ ਨੂੰ ਹੀ ਪਹੁੰਚ ਜਾਂਦਾ ਸੀ ਜੋ ਅਸੀਂ ਉਸੇ ਦਿਨ ਲੈ ਲੈਂਦੇ ਅਤੇ ਦੋ ਦਿਨ ਪੜ੍ਹਦੇ ਰਹਿੰਦੇ।
ਗ੍ਰੈਜੂਏਸ਼ਨ ਕਰਨ ਮਗਰੋਂ ਮੈਂ ਬੈਂਕਿੰਗ ਸਰਵਿਸ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚ ਗਿਆ। ਮੁਕਾਬਲਾ ਇਮਤਿਹਾਨ ਦੀ ਤਿਆਰੀ ਲਈ ਬਹੁਤੇ ਸਵਾਲ ਸਾਨੂੰ ਇਸ ਅਖ਼ਬਾਰ ਵਿੱਚੋਂ ਹੀ ਮਿਲ ਜਾਂਦੇ ਸਨ। ਕੁਝ ਸਾਲ ਪਹਿਲਾਂ ਕੈਪਸ਼ਨ ਮੁਕਾਬਲਾ ਛਪਦਾ ਸੀ। ਸਹੀ ਉੱਤਰ ਦੇਣ ਵਾਲੇ ਨੂੰ 100 ਰੁਪਏ ਮਿਲਦੇ ਸਨ। ਮੈਨੂੰ ਵੀ ਕਈ ਵਾਰ ਸੌ-ਸੌ ਰੁਪਏ ਮਿਲੇ ਅਤੇ ਅਖ਼ਬਾਰ ’ਚ ਨਾਂ ਛਪਿਆ। ਇਸ ਵਿਚਲੇ ਨਵੇਂ-ਨਵੇਂ ਸ਼ਬਦ ਮੁਕਾਬਲਾ ਪ੍ਰੀਖਿਆ ਵਿੱਚ ਸਹਾਈ ਹੁੰਦੇ ਸਨ। ਇੱਕ ਆਈਏਐੱਸ ਅਧਿਕਾਰੀ ਨੇ ਪੰਜਾਬੀ ਵਿਸ਼ੇ ਦੀ ਤਿਆਰੀ ‘ਪੰਜਾਬੀ ਟ੍ਰਿਬਿਊਨ’ ਪੜ੍ਹ ਕੇ ਕੀਤੀ ਹੋਣ ਦੀ ਗੱਲ ਟੈਲੀਵਿਜ਼ਨ ’ਤੇ ਇੰਟਰਵਿਊ ’ਚ ਆਖੀ। ਇਹ ਸੁਣ ਕੇ ਮਨ ਬਹੁਤ ਹੀ ਜਿ਼ਆਦਾ ਖ਼ੁਸ਼ ਹੋਇਆ। ਵੱਖ-ਵੱਖ ਸਮੇਂ ’ਤੇ ਆਏ ਸੰਪਾਦਕਾਂ ਦੇ ਲਿਖੇ ਸੰਪਾਦਕੀ ਲੇਖ ਸਾਂਭਣਯੋਗ ਹੁੰਦੇ ਹਨ। ਮੈਂ ਆਸ ਕਰਦਾ ਹਾਂ ਜਿਸ ਅਖ਼ਬਾਰ ਨੂੰ ਸਕੂਲ ਸਮੇਂ ਤੋਂ ਲੈ ਕੇ ਹੁਣ ਸੇਵਾਮੁਕਤੀ ਮਗਰੋਂ ਵੀ ਪੜ੍ਹਦਾ ਅਤੇ ਪਸੰਦ ਕਰਦਾ ਹਾਂ, ਉਹ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ। ਅੱਜ ਦੇ ਸਮੇਂ ਵਿੱਚ ਨਿਰਪੱਖ ਅਤੇ ਨਿਧੜਕ ਅਖ਼ਬਾਰ ਦੀ ਲੋੜ ਨੂੰ ‘ਪੰਜਾਬੀ ਟ੍ਰਿਬਿਊਨ’ ਹੀ ਪੂੁਰਾ ਕਰ ਸਕਦਾ ਹੈ।
ਡੀਆਰ ਪਾਲ, ਲਾਂਧੜਾ (ਜਲੰਧਰ)

Advertisement
Author Image

joginder kumar

View all posts

Advertisement
×