ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਠਕਾਂ ਦੇ ਖ਼ਤ

06:08 AM Aug 07, 2024 IST

ਧਰਤੀ ਹੇਠਲਾ ਪਾਣੀ
5 ਅਗਸਤ ਨੂੰ ਆਪਣੇ ਲੇਖ ‘ਧਰਤੀ ਹੇਠਲੇ ਪਾਣੀ ਵਿੱਚ ਵਾਧੇ ਲਈ ਯਤਨਾਂ ਦੀ ਲੋੜ’ ਵਿੱਚ ਡਾ. ਰਣਜੀਤ ਸਿੰਘ ਨੇ ਸਰਲ ਸ਼ਬਦਾਂ ਵਿੱਚ ਅਸਲ ਤਸਵੀਰ ਬਿਆਨ ਕੀਤੀ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬਦਿਨ ਥੱਲੇ ਜਾ ਰਿਹਾ ਹੈ ਪਰ ਇਸ ਦਾ ਦੋਸ਼ ਇਕੱਲੇ ਕਿਸਾਨ ਨੂੰ ਹੀ ਦੇਈ ਜਾਣਾ ਠੀਕ ਨਹੀਂ। ਅਸਲ ਵਿੱਚ ਸਾਡਾ ਵਾਤਾਵਰਨ ਵਿਭਾਗ ਗੂੜ੍ਹੀ ਨੀਂਦ ਸੁੱਤਾ ਹੋਇਆ ਹੈ। ਕਿਸਾਨਾਂ ਨੂੰ ਭੰਡਣ ਦੀ ਥਾਂ ਸਭ ਨੂੰ ਪੂਰੀ ਸੁਹਿਰਦਤਾ ਨਾਲ ਪਾਣੀ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਸੁਖਦੇਵ ਸਿੰਘ ਭੁੱਲੜ, ਸੁਰਜੀਤ ਪੁਰਾ (ਬਠਿੰਡਾ)

Advertisement


ਡਾਵਾਂਡੋਲ ਖਜ਼ਾਨਾ ਕਿਵੇਂ ਭਰੇ
5 ਅਗਸਤ ਦੇ ਨਜ਼ਰੀਆ ਪੰਨੇ ’ਤੇ ਜਯੋਤੀ ਮਲਹੋਤਰਾ ਦਾ ਲੇਖ ‘ਹਿਮਾਚਲ ਲਈ ਸੁੱਖੂ ਦਾ ਦਲੇਰਾਨਾ ਫ਼ੈਸਲਾ’ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੁਆਰਾ ਰਾਜ ਸਰਕਾਰ ਦੇ ਡਾਵਾਂਡੋਲ ਹੋਏ ਖਜ਼ਾਨੇ ਨੂੰ ਸਥਿਰ ਕਰਨ ਅਤੇ ਫਿਰ ਭਰਨ ਲਈ ਕੀਤੇ ਫ਼ੈਸਲਿਆਂ ਦੀ ਸ਼ਲਾਘਾ ਕਰਦਾ ਹੈ। ਪੰਜਾਬ ਸਰਕਾਰ ਨੂੰ ਵੀ ਬਿਜਲੀ ਸਬਸਿਡੀ ਤਰਕ ਸੰਗਤ ਅਤੇ ਨਿਯਮਤ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਸੂਬੇ ਦੇ ਵਿਕਾਸ ਦੀ ਰਫ਼ਤਾਰ ਤੇਜ਼ ਕੀਤੀ ਜਾ ਸਕੇ। 3 ਅਗਸਤ ਦੇ ਨਜ਼ਰੀਆ ਪੰਨੇ ’ਤੇ ਡਾ. ਗੁਰਜੀਤ ਸਿੰਘ ਭੱਠਲ ਦਾ ਲੇਖ ‘ਵਰਤੋਂਕਾਰ ਰਾਜ਼ਦਾਰੀ ਨੀਤੀ: ਸੁਧਾਰ ਦੇ ਮਸਲੇ’ ਮੌਜੂਦਾ ਸੂਚਨਾ ਤਕਨਾਲੋਜੀ ਯੁੱਗ ਵਿੱਚ ਵਟਸਐਪ ਦੀ ਪੇਰੈਂਟ ਕੰਪਨੀ ਮੈਟਾ ਅਤੇ ਭਾਰਤ ਸਰਕਾਰ ਦੁਆਰਾ ਲਾਗੂ ‘ਸੂਚਨਾ ਤਕਨਾਲੋਜੀ ਕਾਨੂੰਨ-2021’ ਦੀ ਆਪਸੀ ਤਕਰਾਰ ਦੇ ਪਹਿਲੂਆਂ ’ਤੇ ਚਾਨਣਾ ਪਾਉਂਦਾ ਹੈ। ਮੌਜੂਦਾ ਸੂਚਨਾ ਤਕਨੀਕ ਦੀ ਇਸ ਘੜਮੱਸ ਵਿੱਚ ਸਾਨੂੰ ਸਾਰਿਆਂ ਨੂੰ ਸੁਚੇਤ ਅਤੇ ਜਾਗਰੂਕ ਹੋਣ ਦੀ ਜ਼ਰੂਰਤ ਹੈ।
ਤਰਸੇਮ ਸਿੰਘ, ਡਕਾਲਾ (ਪਟਿਆਲਾ)


(2)
ਜਯੋਤੀ ਮਲਹੋਤਰਾ ਦਾ ਲੇਖ ‘ਹਿਮਾਚਲ ’ਚ ਸੁੱਖੂ ਸਰਕਾਰ ਦਾ ਦਲੇਰਾਨਾ ਫ਼ੈਸਲਾ’ (5 ਅਗਸਤ) ਪੜ੍ਹਿਆ। ਹਿਮਾਚਲ ਮੁੱਖ ਮੰਤਰੀ ਨੇ ਸਬਸਿਡੀ ਬਾਰੇ ਸੱਚਮੁੱਚ ਸ਼ਲਾਘਾ ਵਾਲਾ ਫ਼ੈਸਲਾ ਕੀਤਾ ਹੈ। ਪੰਜਾਬ ਵਿੱਚ ਵੀ ਮੁਫ਼ਤ ਬਿਜਲੀ, ਜਲ ਸਬਸਿਡੀ, ਬਸ ਸਫ਼ਰ ਅਤੇ ਹੋਰ ਸਬਸਿਡੀਆਂ ਬੰਦ ਹੋਣੀਆਂ ਚਾਹੀਦੀਆਂ ਹਨ। ਪਹਿਲੀ ਅਗਸਤ ਵਾਲੇ ਅੰਕ ’ਚ ਸਰੋਜ ਦਾ ਮਿਡਲ ‘ਸਮਾਂ’ ਪੜ੍ਹਿਆ ਜੋ ਜ਼ਿੰਦਗੀ ਦੇ ਤਲਖ਼ ਤਜਰਬੇ ਬਿਆਨ ਕਰਦਾ ਹੈ। ਇਨ੍ਹਾਂ ਤਜਰਬਿਆਂ ਤੋਂ ਬੰਦੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜ਼ਿੰਦਗੀ ’ਚ ਜੋ ਕੁਝ ਤਜਰਬਿਆਂ ਨਾਲ ਮਿਲਦਾ ਹੈ, ਉਹ ਕਿਤਾਬਾਂ ਦੇ ਕਿਸੇ ਵੀ ਪੰਨੇ ਉੱਤੇ ਨਹੀਂ ਮਿਲੇਗਾ।
ਅਜੀਤ ਖੰਨਾ, ਈਮੇਲ

Advertisement


ਦਿਵਿਆ ਦੱਤਾ ਦਾ ਸਫ਼ਰ
3 ਅਗਸਤ ਦੇ ਸਤਰੰਗ ਪੰਨੇ ’ਤੇ ਨੋਨਿਕਾ ਸਿੰਘ ਦਾ ਲੇਖ ‘ਦਿਵਿਆ ਦੱਤਾ ਦਾ ਯਾਦਗਾਰੀ ਸਫ਼ਰ’ ਪੜ੍ਹਿਆ। ਲੇਖ ਵਿੱਚ ਦਿਵਿਆ ਦੱਤਾ ਦੇ ਜੀਵਨ ਅਤੇ ਅਦਾਕਾਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕੀਤੀ ਗਈ ਹੈ। ਦਿਵਿਆ ਦੱਤਾ ਉਹ ਅਦਾਕਾਰਾ ਹੈ ਜਿਸ ਨੇ ਸਿਨੇਮਾ ਵਿਚ ਸੁਹਜ ਅਤੇ ਸਹਿਜ ਦੀ ਮਿਸਾਲ ਪੈਦਾ ਕੀਤੀ ਹੈ। ਉਸ ਦੀ ਅਦਾਕਾਰੀ ਵਿਚਲਾ ਸਹਿਜ ਦਰਸ਼ਕ ਦੇ ਦਿਲ ਅੰਦਰਲੇ ਦਰਦ ਦਾ ਬੰਨ੍ਹ ਤੋੜ ਦਿੰਦਾ ਹੈ।
ਰੇਸ਼ਮ ਸਿੰਘ, ਹੁਸਿ਼ਆਰ ਪੁਰ


ਓਲੰਪਿਕ ਵਿੱਚ ਖਿਡਾਰਨਾਂ
2 ਅਗਸਤ ਦੇ ਨਜ਼ਰੀਆ ਪੰਨੇ ’ਤੇ ਨਵਦੀਪ ਸਿੰਘ ਗਿੱਲ ਦਾ ਪੈਰਿਸ ਓਲੰਪਿਕ ਖੇਡਾਂ ਬਾਰੇ ਲੇਖ ‘ਪੈਰਿਸ ਓਲੰਪਿਕਸ ਵਿੱਚ ਖਿਡਾਰਨਾਂ ਪ੍ਰੇਰਨਾ ਸ੍ਰੋਤ ਬਣੀਆਂ’ ਜਾਣਕਾਰੀ ਭਰਪੂਰ ਸੀ। ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਖਿਡਾਰਨਾਂ ਦਾ ਹਿੱਸਾ ਲੈਣਾ ਦਰਸਾਉਂਦਾ ਹੈ ਕਿ ਔਰਤ ਹੁਣ ਸਿਰਫ਼ ਘਰ ਸੰਭਾਲਣ ਤਕ ਸੀਮਤ ਨਹੀਂ।
ਹਰਪ੍ਰੀਤ ਕੌਰ ਪਬਰੀ, ਬਲਸੂਆਂ


ਹੁਕਮਰਾਨਾਂ ਦੀ ਹੈਂਕੜ
ਪਹਿਲੀ ਅਗਸਤ ਦੇ ਨਜ਼ਰੀਆ ਪੰਨੇ ’ਤੇ ਸਰੋਜ ਦੀ ਰਚਨਾ ‘ਸਮਾਂ’ ਅਜੋਕੇ ਹੁਕਮਰਾਨਾਂ ਦੀ ਹੈਂਕੜ ਨਾਲ ਭਰੇ ਵਤੀਰੇ ਦੀ ਤਰਜਮਾਨੀ ਕਰਦੀ ਹੈ। ਅਕਸਰ ਸੱਤਾਧਾਰੀ ਲੋਕ ਆਪਣੇ ਆਪ ਨੂੰ ਦੂਜਾ ਰੱਬ ਸਮਝਣ ਲੱਗ ਪੈਂਦੇ ਹਨ ਪਰ ਅੱਤ ਚੁੱਕਣ ਵਾਲੇ ਨੂੰ ਕੁਦਰਤ ਸਬਕ ਜ਼ਰੂਰ ਸਿਖਾਉਂਦੀ ਹੈ। ਇਹ ਹਕੀਕਤ ਹੈ ਕਿ ਭਾਰਤ ਵਿੱਚ ਜੇਕਰ ਅਦਾਲਤਾਂ ਨਾ ਹੋਣ ਤਾਂ ਹੁਕਮਰਾਨ ਲੋਕਾਂ ਨੂੰ ਜਿਊਣ ਨਾ ਦੇਣ।
ਬਿਕਰਮਜੀਤ ਸਿੰਘ, ਭਾਦਸੋਂ (ਪਟਿਆਲਾ)


ਸਿੱਖ ਰਾਜ ਤੇ ਸਿੱਖ ਲੀਡਰਸ਼ਿਪ
ਪਹਿਲੀ ਅਗਸਤ ਨੂੰ ਜਗਰੂਪ ਸਿੰਘ (ਲੁਧਿਆਣਾ) ਦੇ ਖ਼ਤ ‘ਦਿਲਚਸਪ ਬਿਰਤਾਂਤ’ ਵਿੱਚ ਸੁੱਚਾ ਸਿੰਘ ਖੱਟੜਾ ਦੇ ਲੇਖ ‘ਪੰਜਾਬ ਦਾ ਭਵਿੱਖ ਅਤੇ ਸਿਆਸੀ ਲੀਡਰਸ਼ਿਪ’ (20 ਜੁਲਾਈ) ਦੇ ਪ੍ਰਸੰਗ ਵਿੱਚ ਟਿੱਪਣੀ ਹੈ ਕਿ ਅੰਗਰੇਜ਼ ਵੱਖਰਾ ਸਿੱਖ ਰਾਜ ਦੇਣਾ ਚਾਹੁੰਦੇ ਸਨ ਪਰ ਸਿੱਖਾਂ ਦੀ ਲੀਡਰਸ਼ਿਪ ਕਾਰਨ ਨਹੀਂ ਮਿਲਿਆ। ਇਹ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਦੀ ਸਹੀ ਸੇਧ ਅਤੇ ਸੋਚ ਸੀ। ਹਿੰਦੂ-ਸਿੱਖ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਜੇਕਰ ਵੱਖਰਾ ਸਿੱਖ ਰਾਜ ਬਣ ਜਾਂਦਾ ਹੈ ਤਾਂ ਉਹੀ ਕੁੜੱਤਣ ਬਨਣ ਦਾ ਖ਼ਦਸ਼ਾ ਸੀ ਜੋ ਅੱਜ ਭਾਰਤ ਪਾਕਿਸਤਾਨ ਵਿਚਕਾਰ ਹੈ। ਅੱਜ ਮੁਲਕ ਭਰ ਵਿੱਚ ਸਿੱਖ ਖੁਸ਼ਹਾਲ ਅਤੇ ਚੰਗੇ ਅਹੁਦਿਆਂ ’ਤੇ ਬਿਰਾਜਮਾਨ ਹਨ। ਉਂਝ ਪਿਛਲੇ 30-40 ਸਾਲਾਂ ਵਿੱਚ ਪੰਜਾਬ ਦੀ ਸਿਆਸੀ ਸਿੱਖ ਲੀਡਰਸ਼ਿਪ ਦੇ ਬਾਵਜੂਦ ਪੰਜਾਬ ਆਰਥਿਕ ਪੱਖੋਂ ਕਮਜ਼ੋਰ ਹੋਇਆ ਹੈ ਅਤੇ ਨਸ਼ਿਆਂ ਦੀ ਘੁੰਮਣਘੇਰੀ ਵਿੱਚ ਜਕੜਿਆ ਗਿਆ ਹੈ।
ਸੁਭਾਸ਼ ਚੰਦਰ ਸ਼ਰਮਾ, ਪੰਚਕੂਲਾ


ਯੋਧੇ ਦਾ ਜ਼ਿਕਰ
31 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਦਰਸ਼ਨ ਸਿੰਘ ਪ੍ਰੀਤੀਮਾਨ ਦਾ ਲੇਖ ‘ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ’ ਪੜ੍ਹਿਆ ਜਿਸ ਵਿੱਚ ਭਾਰਤ ਨੂੰ ਆਜ਼ਾਦ ਕਰਾਉਣ ਲਈ ਦੇਸ਼ ਦੇ ਅਣਖੀਲੇ ਯੋਧੇ ਦੇ ਜਨਮ, ਬਚਪਨ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੱਦੋ-ਜਹਿਦ, ਜੱਲ੍ਹਿਆਂਵਾਲੇ ਬਾਗ਼ ਦੇ ਕਾਂਡ, ਇਸ ਕਾਂਡ ਦੇ ਬਦਲੇ ਅਤੇ ਕੁਰਬਾਨੀ ਭਰੇ ਤਫ਼ਸੀਲ ਨਾਲ ਦੱਸਿਆ ਗਿਆ ਹੈ।
ਹਰਿੰਦਰਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)


(2)
ਲੇਖ ‘ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ’ (31 ਜੁਲਾਈ, ਲੇਖਕ ਦਰਸ਼ਨ ਸਿੰਘ ਪ੍ਰੀਤੀਮਾਨ) ਨੇ ਉਹ ਦੌਰ ਕਿਸੇ ਫਿਲਮ ਵਾਂਗ ਅੱਖਾਂ ਅੱਗਿਓਂ ਲੰਘਾ ਦਿੱਤਾ।
ਕਰਮ ਸਿੰਘ ਖੇਲਾ, ਤਰਨ ਤਾਰਨ


ਵਿਰੋਧੀ ਪਾਰਟੀਆਂ ਨਾਲ ਮਾੜਾ ਵਿਹਾਰ

5 ਅਗਸਤ ਨੂੰ ‘ਖੇਡਾਂ ਦਾ ਸਿਆਸੀਕਰਨ’ ਪੜ੍ਹ ਕੇ ਕੇਂਦਰ ਦੀ ਭਾਜਪਾ ਸਰਕਾਰ ਦੀ ਵਿਰੋਧੀ ਪਾਰਟੀਆਂ ਪ੍ਰਤੀ ਮਾੜੇ ਨਜ਼ਰੀਏ ਅਤੇ ਦੁਸ਼ਮਣੀ ਭਰੇ ਵਿਹਾਰ ਦੀ ਤਸਵੀਰ ਸਾਫ਼ ਝਲਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਖ਼ਰਚੇ ਉੱਤੇ ਹਾਕੀ ਟੀਮ ਦੀ ਹੌਸਲਾ ਅਫ਼ਜ਼ਾਈ ਲਈ ਪੈਰਿਸ ਜਾਣਾ ਚਾਹੁੰਦਾ ਸੀ। ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁੱਡੀ ਸਦਾ ਨਹੀਂ ਚੜ੍ਹੀ ਰਹਿੰਦੀ। ਅਜੇ ‘ਕੱਲ੍ਹ’ ਭਾਜਪਾ ਨੇ ਤੀਜੀ ਪਾਰੀ ਸ਼ੁਰੂ ਕੀਤੀ ਹੈ ਤੇ ਗ੍ਰਹਿ ਮੰਤਰੀ ਸ਼ਾਹ ਚੰਡੀਗੜ੍ਹ ਆ ਕੇ ਕਹਿੰਦਾ ਹੈ- ‘2029 ਵਿੱਚ ਵੀ ਸਾਡੀ ਸਰਕਾਰ ਹੀ ਹੋਵੇਗੀ’। ਇਹ ਬਿਆਨ ਪਾਣੀ ਮੌਜੇ ਲਾਹੁਣ ਵਾਲੀ ਗੱਲ ਹੈ। ਸੁਖਬੀਰ ਸਿੰਘ ਬਾਦਲ ਵੀ ਕਹਿੰਦਾ ਹੁੰਦਾ ਸੀ, ‘ਰਾਜ ਕਰਾਂਗੇ ਪੱਚੀ ਸਾਲ’।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

Advertisement
Advertisement