ਪਾਠਕਾਂ ਦੇ ਖ਼ਤ
ਸੱਚ ਨਿਤਾਰਿਆ ਜਾਵੇ
ਵਿਨੇਸ਼ ਫੋਗਾਟ ਦੀ ਓਲੰਪਿਕ ਵਿੱਚ ਵਜ਼ਨ ਕਾਰਨ ਮੁਕਾਬਲੇ ਤੋਂ ਬਾਹਰ ਹੋਣ ਬਾਰੇ ਸੰਪਾਦਕੀ ‘ਸਲਾਮ ਵਿਨੇਸ਼’ (9 ਅਗਸਤ) ਉਨ੍ਹਾਂ ਪਲਾਂ ਦੀ ਦਾਸਤਾਨ ਹੈ ਜਿਹੜੇ ਅਰਬ ਤੋਂ ਵੱਧ ਭਾਰਤੀਆਂ ਨੇ ਮਹਿਸੂਸ ਕੀਤੇ। ਜਿਹੜੇ ਪਾਸੇ ਦੇਖੀਏ, ਇਹੀ ਚਰਚਾ ਸੀ। ਲੋਕਾਂ ਅੰਦਰ ਸੱਚ ਜਾਣਨ ਦੀ ਤੀਬਰ ਇੱਛਾ ਇਸ ਕਰ ਕੇ ਸੀ ਕਿਉਂਕਿ ਫੋਗਾਟ ਇਨਸਾਫ਼ ਦੀ ਲੜਾਈ ਵਿੱਚ ਖੇਡ ਭਾਵਨਾ ਨਾਲ ਸੰਘਰਸ਼ ਵਿੱਚ ਕੁੱਦੀ ਸੀ। ਸ਼ੱਕ ਸੁਬ੍ਹਾ ਹੋਣਾ ਸੁਭਾਵਿਕ ਹੈ। ਵਜ਼ਨ ਦੇ ਪੱਖ ਤੋਂ ਇਹ ਮੁੱਦਾ ਹੈ ਕਿ ਜਦੋਂ ਉਸ ਦਾ ਸਾਧਾਰਨ ਵਜ਼ਨ 55 ਕਿਲੋਗ੍ਰਾਮ ਤੋਂ ਵੱਧ ਹੈ ਤਾਂ ਉਸ ਨੂੰ 50 ਕਿਲੋਗ੍ਰਾਮ ਵਰਗ ਵਿੱਚ ਕਿਉਂ ਧੱਕਿਆ ਗਿਆ। ਵਜ਼ਨ ਘਟਾਉਣਾ ਕੋਈ ਸੌਖੀ ਗੱਲ ਨਹੀਂ। ਸਰੀਰ ਨੇ ਖ਼ੁਦ ਨਾਲ ਯੁੱਧ ਕਰਨਾ ਹੁੰਦਾ। ਇਸ ਵਿੱਚ ਸਰੀਰ ਨੂੰ ਅਜਿਹੇ ਖ਼ਤਰੇ ਸਹੇੜਨੇ ਪੈਂਦੇ ਹਨ ਜਿਨ੍ਹਾਂ ਦਾ ਮੁੱਲ ਖਿਡਾਰੀ ਨੂੰ ਬਾਕੀ ਰਹਿੰਦੀ ਉਮਰ ਤਾਰਨਾ ਪੈਂਦਾ ਹੈ। ਖੇਡਾਂ ਮਨੁੱਖੀ ਮਨ ਦੇ ਉਜਲੇ ਵਿਕਾਸ ਅਤੇ ਤੰਦਰੁਸਤੀ ਲਈ ਹਨ। ਸੱਚ ਸਾਹਮਣੇ ਆਉਣਾ ਅਤਿਅੰਤ ਅਹਿਮ ਹੈ। 7 ਅਗਸਤ ਵਾਲਾ ਸੰਪਾਦਕੀ ‘ਪ੍ਰਸਤਾਵਨਾ ’ਤੇ ਵਿਵਾਦ’ ਆਮ ਕਰ ਕੇ ਲੱਗੇਗਾ ਕਿ ਇਸ ਦੀ ਕੋਈ ਖ਼ਾਸ ਅਹਿਮੀਅਤ ਨਹੀਂ ਪਰ ਇਹ ਪ੍ਰਸਤਾਵਨਾ, ਸੰਵਿਧਾਨ ਦੀ ਰੂਹ ਹੈ। ਇਸ ਪ੍ਰਸਤਾਵਨਾ ਦੇ ਆਧਾਰ ’ਤੇ ਸੁਪਰੀਮ ਕੋਰਟ ਵਿੱਚ ਕਈ ਅਹਿਮ ਫ਼ੈਸਲੇ ਹੋਏ ਜਿਨ੍ਹਾਂ ਵਿੱਚ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਹਿੱਸਾ ਮੰਨਿਆ ਗਿਆ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
8 ਅਗਸਤ ਦਾ ਸੰਪਾਦਕੀ ‘ਸਲਾਮ ਵਿਨੇਸ਼’ ਪੜ੍ਹਿਆ। ਇੱਕ ਤਾਂ ਸਖ਼ਤ ਨਿਯਮਾਂ ਨੇ ਵਿਨੇਸ਼ ਫੋਗਾਟ ਦਾ ਭਵਿੱਖ ਤਬਾਹ ਕਰ ਦਿੱਤਾ; ਦੂਜਾ, ਸੰਪਾਦਕੀ ਦੀਆਂ ਇਹ ਸਤਰਾਂ ‘ਉਂਝ ਉਸ ਦੀ ਇਸ ਗੱਲ ਵੱਲ ਵੀ ਤਵੱਜੋ ਦੇਣ ਦੀ ਜ਼ਰੂਰਤ ਹੈ ਜਿਸ ਵਿੱਚ ਉਸ ਨੇ ਕੁਝ ਮਹੀਨੇ ਪਹਿਲਾਂ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਉਸ ਦੀ ਆਪਣੀ ਹੀ ਫ਼ੈਡਰੇਸ਼ਨ ਉਸ ਨੂੰ ਖੇਡਣ ਤੋਂ ਰੋਕਣ ਲਈ ਕੋਈ ਵੀ ਸਾਜ਼ਿਸ਼ ਕਰ ਸਕਦੀ ਹੈ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਵਿਨੇਸ਼ ਨੂੰ ਨਿਯਮਾਂ ਨੇ ਨਹੀਂ ਸਗੋਂ ਆਪਣਿਆਂ ਨੇ ਹੀ ਅਯੋਗ ਠਹਿਰਾਇਆ ਹੋ ਸਕਦਾ ਹੈ। ਜੇ ਇਹ ਗੱਲ ਸੱਚ ਹੈ ਤਾਂ ਇਹ ਸੋਚ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਸਾਡੇ ਖਿਡਾਰੀ ਤਾਂ ਦੇਸ਼ ਦਾ ਝੰਡਾ ਬੁਲੰਦ ਕਰਨ ਲਈ ਜੀਅ ਜਾਨ ਦੀ ਬਾਜ਼ੀ ਲਾ ਰਹੇ ਹਨ ਪਰ ਆਪਣੇ-ਆਪ ਨੂੰ ਦੇਸ਼ ਭਗਤ ਕਹਾਉਣ ਵਾਲੇ ਨਿੱਜੀ ਕਿੜ ਕੱਢਣ ਲਈ ਦੇਸ਼ ਦਾ ਹੀ ਨੁਕਸਾਨ ਕਰ ਰਹੇ ਹਨ। ਇਸ ਲਈ ਇਸ ਮਾਮਲੇ ਦੀ ਤਹਿ ਤੱਕ ਪੜਤਾਲ ਹੋਣੀ ਚਾਹੀਦੀ ਹੈ। 30 ਜੁਲਾਈ ਵਾਲਾ ਸੰਪਾਦਕੀ ‘ਦਿੱਲੀ ’ਚ ਵਾਪਰੀ ਤ੍ਰਾਸਦੀ’ ਦੱਸਦਾ ਹੈ ਕਿ ਜੇ ਕੋਚਿੰਗ ਸੈਂਟਰਾਂ ਨੂੰ ਨੇਮਬੱਧ ਕਰਨ ਲਈ ਛੇ ਕੁ ਮਹੀਨੇ ਪਹਿਲਾਂ ਜਾਰੀ ਹਦਾਇਤਾਂ ਦੀ ਪਾਲਣਾ ਗੰਭੀਰਤਾ ਨਾਲ ਕੀਤੀ ਹੁੰਦੀ ਤਾਂ ਇਹ ਭਾਣਾ ਨਾ ਵਾਪਰਦਾ। ਉਂਝ ਇਹ ਕੋਈ ਨਵੀਂ ਗੱਲ ਨਹੀਂ। ਪ੍ਰਸ਼ਾਸਨ ਅਤੇ ਸਰਕਾਰ ਉਦੋਂ ਹੀ ਜਾਗਦੇ ਜਦੋਂ ਕੁਝ ਵਾਪਰ ਜਾਂਦਾ। ਇੱਕ ਦੋ ਕਰਮਚਾਰੀ ਮੁਅੱਤਲ ਕਰ ਦਿੱਤੇ ਜਾਂਦੇ, ਪੀੜਤਾਂ ਨੂੰ ਕੁਝ ਮੁਆਵਜ਼ਾ ਦੇ ਕੇ ਸ਼ਾਂਤ ਕਰ ਦਿੱਤਾ ਜਾਂਦਾ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
(3)
8 ਅਗਸਤ ਦੀ ਸੰਪਾਦਕੀ ‘ਸਲਾਮ ਵਿਨੇਸ਼’ ਅਨੁਸਾਰ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਕਰਨ ’ਤੇ 1 ਅਰਬ 40 ਕਰੋੜ ਭਾਰਤੀਆਂ ਦਾ ਦਿਲ ਟੁੱਟ ਗਿਆ ਹੈ। ਸਿਰਫ਼ 100 ਗ੍ਰਾਮ ਨਹੀਂ, 50 ਗ੍ਰਾਮ (50 ਗ੍ਰਾਮ ਵਾਧੂ ਮੁਆਫ਼ ਹੈ) ਭਾਵ ਟਨਾਂ ਵਿੱਚ ਬਦਲ ਗਿਆ ਹੈ। ਹੁਣ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਆਪਣੇ ਵੱਲੋਂ ਸੋਨ ਤਗਮਾ ਐਲਾਨੇ ਜਿਵੇਂ ਲਵਲੀ ਯੂਨੀਵਰਸਿਟੀ ਨੇ ਵਿਨੇਸ਼ ਨੂੰ ਆਪਣੀ ਵਿਦਿਆਰਥਣ ਹੋਣ ਕਾਰਨ 25 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਪ੍ਰਿੰ. ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
ਬੰਗਲਾਦੇਸ਼ ਕਿੱਧਰ ਤੁਰ ਪਿਆ?
ਜਯੋਤੀ ਮਲਹੋਤਰਾ ਦਾ 7 ਅਗਸਤ ਵਾਲਾ ਲੇਖ ‘ਹਸੀਨਾ ਤਾਨਾਸ਼ਾਹ ਦੀ ਕਤਾਰ ਵਿੱਚ ਕਿੰਝ ਪਹੁੰਚੀ’ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਤਾਨਾਸ਼ਾਹੀ ਤਾਣਾ-ਬਾਣਾ ਜੱਗ ਜ਼ਾਹਿਰ ਕਰਦਾ ਹੈ। ਦਰਅਸਲ ਇੱਕੀਵੀਂ ਸਦੀ ਦੇ ਤਾਨਾਸ਼ਾਹ ਕਿਸੇ ਤਾਕਤ ਜਾਂ ਫ਼ਰੇਬ ਨਾਲ ਸਰਕਾਰਾਂ ਨਹੀਂ ਪਲਟਦੇ, ਉਹ ਲੋਕਾਂ ਦੇ ‘ਚੁਣੇ ਹੋਏ’ ਤਾਨਾਸ਼ਾਹ ਹੁੰਦੇ ਹਨ। ਸਾਰੇ ਏਸ਼ੀਆ ਵਿੱਚ ਹੀ ਇਹ ਵਰਤਾਰਾ ਚੱਲ ਰਿਹਾ ਹੈ। ਬੰਗਲਾਦੇਸ਼ ਵਿੱਚ ਫਿਰ ਚੋਣਾਂ ਹੋਣਗੀਆਂ ਅਤੇ ਕੋਈ ਹੋਰ ਤਾਨਾਸ਼ਾਹ ਤਾਕਤ ਵਿੱਚ ਆ ਜਾਵੇਗਾ, ਲੋਕਾਂ ਨੂੰ ਭਰਮਾਏਗਾ ਅਤੇ ਆਪਣੀ ਚਲਾਏਗਾ। ਅਸਲ ਲੋਕ ਰਾਜ ਤਾਂ ਭਾਰਤ ਵੀ ਗੁਆ ਚੁੱਕਾ ਹੈ। ਬੰਗਲਾਦੇਸ਼ ਦੀ ਨਵੀਂ ਸਰਕਾਰ ਨਾਲ ਕਿਹੋ ਜਿਹੇ ਸਬੰਧ ਬਣਨਗੇ, ਇਸ ਤਾਂ ਸਮਾਂ ਹੀ ਦੱਸੇਗਾ ਪਰ ਸਫ਼ਲਤਾ ਦਾ ਮਾਰਗ ਇਹੀ ਹੈ ਕਿ ਹਰ ਤਰ੍ਹਾਂ ਦੇ ਵਿਰੋਧ ਨੂੰ ਸ਼ਾਂਤਮਈ ਢੰਗ ਨਾਲ ਨਜਿੱਠਿਆ ਜਾਵੇ, ਹਰ ਹੀਲੇ ਸਾਰਿਆਂ ਦਾ ਮਿਲਵਰਤਣ ਤਲਾਸ਼ਿਆ ਜਾਵੇ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ
ਬਰਬਾਦੀ ਵਾਲਾ ਰਾਹ
‘ਖ਼ੂਨ ਦੇ ਹੰਝੂ’ (23 ਜੁਲਾਈ) ਵਿੱਚ ਮੋਹਨ ਸ਼ਰਮਾ ਨੇ ਪੰਜਾਬ ਦੇ ਹਾਲਾਤ ਬਾਰੇ ਜੋ ਬਿਆਨ ਕੀਤਾ ਹੈ, ਦਿਲ ਨੂੰ ਹਿਲਾ ਦੇਣ ਵਾਲਾ ਹੈ। ਪੰਜ ਦਰਿਆਵਾਂ ਦੀ ਧਰਤੀ ’ਚ ਨਸ਼ੇ ਤੇ ਪਰਵਾਸ ਦੇ 6ਵੇਂ ਤੇ 7ਵੇਂ ਦਰਿਆਵਾਂ ਦਾ ਤੇਜ਼ ਵਹਿਣ ਸੂਬੇ ਨੂੰ ਬਰਬਾਦੀ ਦੇ ਰਾਹ ਧੱਕ ਰਿਹਾ ਹੈ। ਨਸ਼ਿਆਂ ਦਾ ਅਸਰ ਜਵਾਨੀ ਨੂੰ ਤਾਂ ਤਬਾਹ ਕਰ ਹੀ ਰਿਹਾ ਹੈ, ਬਜ਼ੁਰਗਾਂ ਦੀ ਜ਼ਿੰਦਗੀ ਨੂੰ ਵੀ ਇਸ ਨੇ ਤਰਸਯੋਗ ਬਣਾ ਦਿੱਤਾ ਹੈ। ਲੇਖਕ ਨੇ ਜਵਾਨ ਪੁੱਤਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਲੈ ਕੇ ਆਉਣ ਵਾਲੇ ਕੁਝ ਬਜ਼ੁਰਗਾਂ ਦੀ ਆਪਬੀਤੀ ਸੁਣਾਈ ਹੈ। ਪਰਦੇਸ ਜਾਣ ਦੇ ਵਧਦੇ ਰੁਝਾਨ ਲਈ ਸਰਕਾਰਾਂ ਦੇ ਨਾਲ-ਨਾਲ ਬੱਚੇ ਅਤੇ ਉਨ੍ਹਾਂ ਦੇ ਮਾਪੇ ਵੀ ਜ਼ਿੰਮੇਵਾਰ ਹਨ। ਹੈਰਾਨ ਕਰ ਦੇਣ ਵਾਲਾ ਸੱਚ ਇਹ ਹੈ ਕਿ ਚੰਗੇ ਘਰ-ਬਾਰ ਅਤੇ ਵਧੀਆ ਕਾਰੋਬਾਰ ਦੇ ਮਾਲਕ ਪਰਿਵਾਰਾਂ ਦੇ ਬੱਚੇ ਅਤੇ ਮਾਪੇ ਵੀ ਇਸ ਦੌੜ ਦਾ ਹਿੱਸਾ ਹਨ। ਹੋਰ ਸਮੱਸਿਆਵਾਂ ਵਾਂਗ ਨਸ਼ਿਆਂ ਅਤੇ ਉਡਾਰੀ ਦਾ ਇੱਕੋ ਹੱਲ ਨਜ਼ਰ ਆਉਂਦਾ ਹੈ, ਉਹ ਹੈ ਚੰਗੀ ਅਤੇ ਮਿਆਰੀ ਸਿੱਖਿਆ ਜੋ ਨੌਜਵਾਨਾਂ ਦੇ ਮਨਾਂ ਵਿੱਚ ਆਪਣੀ ਮਿੱਟੀ ਦੇ ਨਾਲ-ਨਾਲ ਕਿਰਤ ਬਾਰੇ ਮੋਹ ਜਗਾ ਸਕੇ। ਇਉਂ ਵੱਡੀ ਜ਼ਿੰਮੇਵਾਰੀ ਅਧਿਆਪਕਾਂ ਦੇ ਮੋਢਿਆਂ ’ਤੇ ਪੈਂਦੀ ਹੈ।
ਸ਼ੋਭਨਾ ਵਿਜ, ਪਟਿਆਲਾ
ਜ਼ੁਲਮ ਸਹਿੰਦੀ ਖ਼ਾਮੋਸ਼ੀ
6 ਅਗਸਤ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦਾ ਲੇਖ ‘ਨਸ਼ਿਆਂ ਦੀ ਸਰਪ੍ਰਸਤੀ ਕਰਨ ਵਾਲਿਆਂ ਦੀ ਬਰਬਾਦੀ’ ਪੜ੍ਹਿਆ। ਮੁੱਢਲੇ ਹੀ ਲਫ਼ਜ਼ ‘ਜ਼ੁਲਮ ਸਹਿੰਦੀ ਖ਼ਾਮੋਸ਼ੀ ਦਾ ਧਮਾਕਾ ਕਈ ਵਾਰ ਘਰ ਦੀਆਂ ਨੀਹਾਂ ਹਿਲਾ ਦਿੰਦਾ ਹੈ’ ਬੜੇ ਅਰਥ ਭਰਪੂਰ ਹਨ। ਮੇਲੇ, ਛਿੰਝਾਂ, ਭਲਵਾਨੀਆਂ, ਕਬੱਡੀਆਂ, ਸੂਰਮਗਤੀਆਂ, ਗਿੱਧੇ ਤੇ ਭੰਗੜੇ ਪਾਉਣ ਵਾਲਾ ਸਾਡਾ ਪੰਜਾਬ ਅੱਜ ਬੜੇ ਭਿਆਨਕ ਹਾਲਤ ਵਿੱਚੋਂ ਗੁਜ਼ਰ ਰਿਹਾ ਹੈ। ਇਹ ਤ੍ਰਾਸਦੀ ਇੱਕਾ ਦੁੱਕਾ ਨਹੀਂ, ਹਰ ਤੀਜੇ ਚੌਥੇ ਘਰ ਦਾ ਬਾਪ ਆਪਣੇ ਮੋਢਿਆਂ ’ਤੇ ਜਵਾਨ ਪੁੱਤਾਂ ਦੀਆਂ ਦੇਹਾਂ ਦਾ ਭਾਰ ਢੋਹ ਰਿਹਾ ਹੈ। ਵੱਧ ਦੁੱਖ ਤਦ ਹੁੰਦਾ ਹੈ ਜਦੋਂ ਪੁਲੀਸ ਅਤੇ ਰਾਜਨੀਤਕ ਲੀਡਰਾਂ ਦੇ ਵੀ ਇਸ ਧੰਦੇ ਵਿੱਚ ਸ਼ਾਮਿਲ ਹੋਣ ਬਾਰੇ ਸੁਣਨ ਨੂੰ ਮਿਲਦਾ ਹੈ। ਉਨ੍ਹਾਂ ’ਚੋਂ ਭਾਵੇਂ ਕੁਝ ਕੁ ਕਾਨੂੰਨੀ ਸ਼ਿਕੰਜੇ ’ਚ ਆ ਵੀ ਗਏ ਹਨ ਪਰ ਬਾਕੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ। ਦਰਅਸਲ, ਇਹ ਵਿਸਫੋਟਕ ਹਾਲਾਤ ਪੁਲੀਸ, ਸਿਆਸਤਦਾਨਾਂ ਤੇ ਵੱਡੇ ਤਸਕਰਾਂ ਦੀ ਮਿਲੀਭੁਗਤ ਨਾਲ ਬਣੇ ਹਨ।
ਕੁਲਦੀਪ ਸਿੰਘ, ਰੋਮਾਣਾ (ਬਠਿੰਡਾ)