For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:05 AM Aug 01, 2024 IST
ਪਾਠਕਾਂ ਦੇ ਖ਼ਤ
Advertisement

ਅੱਜ ਦੀ ਭਿਆਨਕ ਹਕੀਕਤ
ਮੋਹਨ ਸ਼ਰਮਾ ਦਾ ਮਿਡਲ ‘ਖੂਨ ਦੇ ਹੰਝੂ’ (23 ਜੁਲਾਈ) ਪੰਜਾਬ ਦੀ ਉਸ ਭਿਆਨਕ ਹਕੀਕਤ ਬਾਰੇ ਚਾਨਣ ਪਾਉਂਦਾ ਹੈ ਜਿਸ ਦਾ ਮੋੜਾ ਸ਼ਾਇਦ ਹੁਣ ਮੁਸ਼ਕਿਲ ਹੈ। ਪੰਜਾਬ ਦੀ ਰੂਹ ਕਹੇ ਜਾਣ ਵਾਲੇ ਪਿੰਡ ਵੀ ਇਸ ਤੋਂ ਅਛੂਤੇ ਨਹੀਂ। ਅੱਜ ਦਾ ਸਮਾਜਿਕ ਤਾਣਾ ਅਜਿਹਾ ਉਲਝਣ ਭਰਿਆ ਹੈ ਜੋ ਕਦਮ-ਕਦਮ ’ਤੇ ਬੱਚਿਆਂ ਨੂੰ ਨਿਰਾਸ਼ਾ ਵੱਲ ਧੱਕ ਰਿਹਾ ਹੈ। ਫਿਰ ਭਾਵੇਂ ਪੜ੍ਹਾਈ ਹੋਵੇ ਤੇ ਭਾਵੇਂ ਉਸ ਤੋਂ ਬਾਅਦ ਨੌਕਰੀ, ਹਰ ਪਾਸੇ ਠੋਕਰਾਂ ਹੀ ਪੱਲੇ ਪੈਂਦੀਆਂ। ਅੱਜ ਦੀ ਪੀੜ੍ਹੀ ਸਹਿਣ ਸ਼ਕਤੀ ਪੱਖੋਂ ਵੀ ਡਾਢੀ ਕਮਜ਼ੋਰ ਹੈ। ਇਹੀ ਕਾਰਨ ਉਨ੍ਹਾਂ ਨੂੰ ਨਸ਼ੇ ਵੱਲ ਧੱਕਦਾ ਹੈ। ਫਿਰ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਵਿੱਚ ਵੀ ਕਮੀ ਆਈ ਹੈ। ਅੱਜ ਜੇ ਇਸ ਛੇਵੇਂ ਦਰਿਆ ਨੂੰ ਵਗਣ ਤੋਂ ਰੋਕਣਾ ਹੈ ਤਾਂ ਇਸ ਨਾਲ ਜੰਗੀ ਪੱਧਰ ’ਤੇ ਨਜਿੱਠਣ ਦੀ ਲੋੜ ਹੈ।
ਵਿਕਾਸ ਕਪਿਲਾ, ਖੰਨਾ (ਲੁਧਿਆਣਾ)

Advertisement


ਦਿਲਚਸਪ ਬਿਰਤਾਂਤ
22 ਜੁਲਾਈ ਨੂੰ ਜਯੋਤੀ ਮਲਹੋਤਰਾ ਦਾ ਲੇਖ ‘ਪਰਵਾਸੀ ਭਾਈਚਾਰੇ ਦੀ ਪੇਚੀਦਾ ਕਹਾਣੀ’ ਬਹੁਤ ਦਿਲਚਸਪ ਬਿਰਤਾਂਤ ਹੈ ਅਤੇ ਸੱਚ ਬਿਆਨਦਾ ਹੈ ਕਿ ਅਸੀਂ ਆਪਣੀ ਪੁਰਾਤਨ ਮਹਾਨ ਸੱਭਿਆਚਾਰਕ ਵਿਰਾਸਤ ਦਾ ਭਾਰ ਚੁੱਕੀ ਫਿਰਦੇ ਹਾਂ। ਅੱਜ 140 ਕਰੋੜ ਲੋਕਾਂ ਵਿੱਚੋਂ 80 ਕਰੋੜ ਢਿੱਡ ਭਰਨ ਲਈ ਸਰਕਾਰ ਵੱਲ ਝਾਕਦੇ ਹੋਣ ਅਤੇ ਮੱਧ ਵਰਗ ਦਾ ਇਹ ਸੋਚਣਾ ‘ਯੈਂਕੀ ਗੋ ਹੋਮ, ਬਟ ਟੇਕ ਮੀ ਵਿਦ ਯੂ’ ਸਾਡੀ ਮਹਾਨਤਾ ’ਤੇ ਉਂਗਲ ਉਠਾ ਰਿਹਾ ਹੈ। ਸਮੂਹਿਕ ਤੌਰ ’ਤੇ ਅਸੀਂ ਕਾਮਯਾਬ ਪਰਵਾਸੀਆਂ ਲਈ ਹੀ ਕੱਛਾਂ ਵਜਾਉਂਦੇ ਹਾਂ ਪਰ ਉੱਥੇ ਗ਼ੈਰ-ਕਾਨੂੰਨੀ ਦਖ਼ਲ ਹੋਣ ਵਾਲਿਆਂ ਬਾਰੇ ਗੱਲ ਕਰਨ ਤੋਂ ਵੀ ਸੰਕੋਚ ਕਰਦੇ ਹਾਂ। ਅੱਜ ਊੁਸ਼ਾ ਵੈਂਸ ਅਤੇ ਕਮਲਾ ਹੈਰਿਸ ਜੋ ਕੁਝ ਹਨ, ਉਹ ਉਸ ਮੁਲਕ ਦੀਆਂ ਕਦਰਾਂ ਕੀਮਤਾਂ ਦੀ ਪੈਦਾਵਾਰ ਹਨ ਅਤੇ ਹਰ ਜਣਾ-ਖਣਾ ਪਰਵਾਸੀ ਇਹ ਮੁਕਾਮ ਹਾਸਿਲ ਨਹੀਂ ਕਰ ਸਕਦਾ। ਆਪਣੇ ਦੇਸ਼ ਨਾਲ ਮੋਹ ਦੀਆਂ ਤੰਦਾਂ ਜੁੜੇ ਰਹਿਣਾ ਮਨੁੱਖ ਦਾ ਕੁਦਰਤੀ ਵਰਤਾਰਾ ਹੈ। 20 ਜੁਲਾਈ ਨੂੰ ਸੁੱਚਾ ਸਿੰਘ ਖੱਟੜਾ ਦਾ ਲੇਖ ‘ਪੰਜਾਬ ਦਾ ਭਵਿੱਖ ਅਤੇ ਸਿਆਸੀ ਲੀਡਰਸ਼ਿਪ’ ਪੜ੍ਹਿਆ। ਲਿਖਿਆ ਹੈ: ‘ਅੰਗਰੇਜ਼ ਵੱਖਰਾ ਦੇਸ਼ ਸਿੱਖਾਂ ਨੂੰ ਦੇ ਸਕਦੇ ਸਨ, ਆਗੂਆਂ ਦੀ ਨਾਲਾਇਕੀ ਕਾਰਨ ਨਹੀਂ ਮਿਲਿਆ, ਇਹ ਝੂਠ ਹੈ।’ ਸਿੱਖ ਵਿਦਵਾਨ ਕਪੂਰ ਸਿੰਘ ਆਪਣੀ ਕ੍ਰਿਤ ‘ਸਾਚੀ ਸਾਖੀ’ ਵਿੱਚ ਦਾਅਵਾ ਕਰਦੇ ਹਨ ਕਿ ਅੰਗਰੇਜ਼ ਚਾਹੁੰਦੇ ਸਨ ਕਿ ਜੇ ਸਿੱਖ ਵੱਖਰੇ ਰਾਜ ਦੀ ਮੰਗ ਕਰਨ ਤਾਂ ਉਹ ਸਿੱਖਾਂ ਲਈ ਵੱਖਰਾ ਰਾਜ ਬਣਾਉਣ ਲਈ ਰਜ਼ਾਮੰਦ ਸਨ। ਉਹ ਜ਼ਿਕਰ ਕਰਦੇ ਹਨ ਕਿ ਇਸ ਬਾਰੇ ਉਹ ਇੰਗਲੈਂਡ ਵਿੱਚ ਆਪਣੇ ਵਿਦਿਆਰਥੀ ਕਾਲ ਵਿੱਚ ਇਸ ਵਿਸ਼ੇ ’ਤੇ ਹੋਈਆਂ ਕਈ ਗੱਲਾਂਬਾਤਾਂ ਦੇ ਭਾਗੀਦਾਰ ਵੀ ਸਨ ਪਰ ਸਿੱਖ ਲੀਡਰਸ਼ਿਪ ਨੇ ਇਹ ਸੰਕੇਤ ਨਜ਼ਰਅੰਦਾਜ਼ ਕਰ ਦਿੱਤੇ ਸਨ, ਅਰਥਾਤ, ਉਹ ਸਿਆਸੀ ਲੀਡਰਸ਼ਿਪ ਨੂੰ ਹੀ ਨਾਲਾਇਕ ਠਹਿਰਾਉਂਦੇ ਹਨ। ਫਿਰ ਸੱਚ ਕੀ ਹੈ? ਸਾਡੇ ਸਾਹਮਣੇ ਕੌੜਾ ਸੱਚ ਇਹ ਹੈ ਕਿ ਸਿੱਖਾਂ ਦੀ ਸਿਆਸੀ ਲੀਡਰਸ਼ਿਪ ਸਿੱਖੀ ਸਿਧਾਂਤਾਂ ਦੀ ਬਲੀ ਦੇ ਕੇ ਆਪਣੇ ਨਿੱਜੀ ਹਿੱਤ ਪਾਲਣ ਲੱਗੀ ਹੋਈ ਹੈ।
ਜਗਰੂਪ ਸਿੰਘ, ਲੁਧਿਆਣਾ

Advertisement


ਅੱਜ ਦਾ ਕਿਸਾਨ ਅਤੇ ਕੁਦਰਤ
17 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਛਪਿਆ ਹਰਜਿੰਦਰ ਸਿੰਘ ਗੁਲਪੁਰ ਦਾ ਲੇਖ ‘ਕੁਦਰਤ ਤੇ ਕਿਸਾਨ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਕਿਸਾਨ ਕੁਦਰਤ ਦੀ ਗੋਦ ਵਿੱਚ ਰਹਿ ਕੇ ਅਤੇ ਕਿਨ੍ਹਾਂ ਮੁਸ਼ਕਿਲਾਂ ਵਿੱਚੋਂ ਹੁੰਦਾ ਹੋਇਆ ਚੜਸ ਦੇ ਯੁੱਗ ਤੋਂ ਅੱਜ ਦੇ ਸਬਮਰਸੀਬਲ ਪੰਪ ਦੇ ਮੁਕਾਮ ਤੱਕ ਪਹੁੰਚਿਆ ਹੈ। ਅੱਜ ਦੇ ਯੁੱਗ ਦਾ ਕਿਸਾਨ ਕੁਦਰਤ ਤੋਂ ਦੂਰ ਹੋ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਰਿਹਾ ਹੈ। ਹੁਣ ਇਹ ਖ਼ਤਰਾ ਪੈਦਾ ਹੋ ਗਿਆ ਹੈ ਕਿ ਇੱਕ ਦਿਨ ਧਰਤੀ ਹੇਠਲਾ ਪਾਣੀ ਬਿਲਕੁਲ ਖ਼ਤਮ ਹੋ ਜਾਵੇਗਾ। ਇਸ ਤੋਂ ਪਹਿਲਾਂ 12 ਜੁਲਾਈ ਦੇ ਸੰਪਾਦਕੀ ‘ਜੰਗ ਦਾ ਖਾਜਾ ਕਿਉਂ’ ਵਿੱਚ ਜੰਗ ਦੀ ਮਾਰ ਅਤੇ ਸਵਾਰਥੀ ਲੋਕਾਂ ਦੇ ਲਾਲਚ ਦਾ ਜ਼ਿਕਰ ਹੈ। 10 ਜੁਲਾਈ ਦਾ ਸਰੋਜ ਦਾ ਮਿਡਲ ‘ਪੀਸੀਐੱਸ ਅਫਸਰ’ ਦੱਸਦਾ ਹੈ ਕਿ ਗੁਰਬਤ ਵਿੱਚ ਰਹਿ ਕੇ ਵੀ ਕੁਝ ਵੱਡਾ ਪ੍ਰਾਪਤ ਕਰਨ ਦੇ ਸੁਫ਼ਨੇ ਲਏ ਜਾ ਸਕਦੇ ਹਨ ਬਸ਼ਰਤੇ ਇਰਾਦਾ ਨੇਕ ਹੋਵੇ ਤੇ ਸੰਕਲਪ ਦ੍ਰਿੜ ਹੋਵੇ। ਇਨ੍ਹਾਂ ਸੁਫ਼ਨਿਆਂ ਨੂੰ ਸਾਕਾਰ ਕਰਾਉਣ ਵਿੱਚ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜਦੋਂ ਅਧਿਆਪਕ ਰਾਹ-ਦਸੇਰਾ ਬਣ ਕੇ ਹੱਲਾਸ਼ੇਰੀ ਦਿੰਦਾ ਹੈ ਤਾਂ ਮੰਜ਼ਿਲ ਹਾਸਿਲ ਕਰਨੀ ਹੋਰ ਸੌਖੀ ਹੋ ਜਾਂਦੀ ਹੈ। 6 ਜੁਲਾਈ ਨੂੰ ਪ੍ਰਵੀਨ ਬੇਗਮ ਦਾ ਲੇਖ ‘ਮੀਲਾਂ ਦਾ ਸਫ਼ਰ’ ਵੀ ਦ੍ਰਿੜਤਾ ਦੀ ਬਾਤ ਪਾਉਂਦਾ ਹੈ। ਇਸ ਦੇ ਨਾਲ ਹੀ ਇਹ ਚਾਨਣ ਹੁੰਦਾ ਹੈ ਕਿ ਕਿਸੇ ਵਿਦਿਆਰਥੀ ਦਾ ਭਵਿੱਖ ਬਣਾਉਣ ਜਾਂ ਵਿਗਾੜਨ ਵਿੱਚ ਅਧਿਆਪਕ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਇਸੇ ਲਈ ਅੱਜ ਕੱਲ੍ਹ ਇਸ ਗੱਲ ’ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਅਧਿਆਪਕ ਛੋਟੀ ਮੋਟੀ ਗ਼ਲਤੀ ਲਈ ਬੱਚਿਆਂ ਨੂੰ ਸਰੀਰਕ ਸਜ਼ਾ ਦੇਣ ਤੋਂ ਬਚਣ ਸਗੋਂ ਉਨ੍ਹਾਂ ਦਾ ਪਿਛੋਕੜ ਜਾਣ ਕੇ ਉਨ੍ਹਾਂ ਦੇ ਰਾਹਨੁਮਾ ਬਣਨ।
ਪ੍ਰਿੰ. ਫਕੀਰ ਸਿੰਘ, ਦਸੂਹਾ (ਹੁਸ਼ਿਆਰਪੁਰ)


ਸ਼ੋਰ ਪ੍ਰਦੂਸ਼ਣ
13 ਜੁਲਾਈ ਦੇ ਅੰਕ ਵਿੱਚ ਰਮੇਸ਼ਵਰ ਸਿੰਘ ਦਾ ਸ਼ੋਰ ਪ੍ਰਦੂਸ਼ਣ ਬਾਰੇ ਲੇਖ ‘ਆਵਾਜ਼ ਪ੍ਰਦੂਸ਼ਣ ਅਤੇ ਪ੍ਰਸ਼ਾਸਕੀ ਜਵਾਬਦੇਹੀ’ ਪੜ੍ਹਿਆ। ਪਿੰਡਾਂ ਵਿੱਚ ਐਨੀ ਮਾੜੀ ਹਾਲਤ ਹੈ ਕਿ ਤਿੰਨ ਵਜੇ ਤੋਂ ਸਪੀਕਰ ਵੱਜਣੇ ਸ਼ੁਰੂ ਹੋ ਜਾਂਦੇ ਹਨ। ਕੋਈ ਜ਼ਾਬਤਾ ਨਹੀਂ। ਕੋਈ ਸਾਢੇ ਤਿੰਨ ਵਜੇ, ਕੋਈ ਪੌਣੇ ਚਾਰ ਵਜੇ ਜਾਂ ਚਾਰ ਵਜੇ ਜਾਂ ਪੰਜ ਵਜੇ ਸਪੀਕਰ ਲਾ ਦਿੰਦਾ ਹੈ। ਅੱਜ ਸਮਾਂ ਬਦਲ ਚੁੱਕਾ ਹੈ। ਅੱਜ ਟੀਵੀ/ਮੋਬਾਇਲ ਫੋਨ ਵਰਗੇ ਸਾਧਨ ਹਨ। ਹਰ ਧਰਮ ਦੇ ਲੋਕ ਆਪਣੀ ਮਰਜ਼ੀ ਅਨੁਸਾਰ ਜੋ ਵੀ ਸੁਣਨਾ ਚਾਹੁਣ, ਸੁਣ ਸਕਦੇ ਹਨ। ਜੇਕਰ ਚੈਨਲ ਚੰਗਾ ਨਾ ਹੋਵੇ ਤਾਂ ਚੈਨਲ ਬਦਲ ਵੀ ਸਕਦੇ ਹਨ ਪਰ ਦੂਜੇ ਪਾਸੇ ਚੈਨਲ ਅ-ਬਦਲ ਹੈ। ਸੋ ਇਸ ਦੀ ਵਰਤੋਂ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਖ਼ਾਸ ਕਰ ਕੇ ਅੰਮ੍ਰਿਤ ਵੇਲੇ ਬਹੁਤ ਹੀ ਪਿਆਰ ਨਾਲ ਪ੍ਰਸਾਰਨ ਕੀਤਾ ਜਾਵੇ। ਆਵਾਜ਼ ਸਥਾਨਕ ਆਬਾਦੀ ਤੱਕ ਸੀਮਤ ਰਹੇ। ਦੁਰੇਡੇ ਖੇਤਰਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਨ੍ਹਾਂ ਕੋਲ ਆਪਣੇ ਵੱਖਰੇ ਸਾਧਨ ਹਨ।
ਈਸ਼ਰ ਸਿੰਘ, ਥਲੀ ਕਲਾਂ (ਰੂਪਨਗਰ)


ਬੱਚੇ ਸਚਮੁੱਚ ਸਮਰੱਥ ਬਣਨ
ਸੰਪਾਦਕੀ ਪੰਨੇ ’ਤੇ ਸੁੱਚਾ ਸਿੰਘ ਖਟੜਾ ਦਾ ਲੇਖ ‘ਸਮਰੱਥਾ ਉੱਤੇ ਬਰੇਕਾਂ ਮਿਸ਼ਨ ਸਮਰੱਥ’ ਪੜ੍ਹਿਆ। ਲੇਖਕ ਦੁਆਰਾ ਉਠਾਏ ਗਏ ਇਤਰਾਜ਼ ਬਿਲਕੁਲ ਵਾਜਬ ਹਨ ਕਿ ਨਤੀਜਿਆਂ ਵਿੱਚੋਂ ਤਾਂ ਸਾਡੇ ਬੱਚੇ 95 ਫ਼ੀਸਦੀ ਤੱਕ ਨੰਬਰ ਹਾਸਿਲ ਕਰ ਰਹੇ ਹਨ ਪਰ ਇੱਕ ਸਰਵੇਖਣ ਮੁਤਾਬਿਕ ਅੱਠਵੀਂ ਤੱਕ ਦੇ 40 ਪ੍ਰਤੀਸ਼ਤ ਬੱਚੇ ਗਣਿਤ ਤੇ ਭਾਸ਼ਾ ਵਿੱਚੋਂ ਮੁੱਢਲੀਆਂ ਕਿਰਿਆਵਾਂ ਦੀ ਨਹੀਂ ਕਰ ਸਕਦੇ। ਅਜਿਹੀਆਂ ਕਿਰਿਆਵਾਂ ਕਰ ਸਕਣ ਦੇ ਯੋਗ ਬਣਾਉਣ ਲਈ ਮਿਸ਼ਨ ਸਮਰੱਥ ਸ਼ੁਰੂ ਕੀਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਤਰਕਸੰਗਤ ਵੰਡ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਹੈਰਾਨੀ ਦੀ ਗੱਲ ਹੈ ਕਿ ਕਈ ਥਾਵਾਂ ’ਤੇ ਸਿੰਗਲ ਟੀਚਰ ਸਕੂਲ ਚਲਾ ਰਹੇ ਹਨ ਅਤੇ ਕਈ ਥਾਵਾਂ ’ਤੇ ਟੀਚਰ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਹਨ। ਜੇਕਰ ਸਰਕਾਰ ਇਸ ਸਬੰਧੀ ਕੋਈ ਤਰਕਸੰਗਤ ਨੀਤੀ ਲੈ ਕੇ ਆਉਂਦੀ ਹੈ ਤਾਂ ਜਥੇਬੰਦੀਆਂ ਨੂੰ ਵੀ ਇਸ ਵਿੱਚ ਰੋੜਾ ਬਣਨ ਦੀ ਥਾਂ ਸਵਾਗਤ ਕਰਨਾ ਚਾਹੀਦਾ ਹੈ। ਮਿਸ਼ਨ ਸਮਰੱਥ ਰਾਹੀਂ ਪੱਛੜੇ ਬੱਚਿਆਂ ਦਾ ਭਾਵੇਂ ਕੁਝ ਲਾਭ ਹੋਇਆ ਹੋਵੇ ਪਰ ਇਸ ਸਕੀਮ ਕਾਰਨ ਹੁਸ਼ਿਆਰ ਵਿਦਿਆਰਥੀ ਰੁਲ ਜਾਂਦੇ ਹਨ। ਸਿੱਖਿਆ ਵਿਭਾਗ ਵੱਲੋਂ ਮਿਸ਼ਨ ਸਮਰੱਥ ਲਈ ਭੇਜੀਆਂ ਗਈਆਂ ਪੁਸਤਕਾਂ ਬਹੁਤ ਹੀ ਵਧੀਆ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਹ ਬੱਚਿਆਂ ਨੂੰ ਮੁੱਢਲੀਆਂ ਕਿਰਿਆਵਾਂ ਵਿੱਚ ਨਿਪੁੰਨ ਕਰਨਾ ਚਾਹੁੰਦੀ ਹੈ ਤਾਂ ਉਹ ਸਿਲੇਬਸ ਵਿੱਚ ਅਜਿਹੀਆਂ ਪੁਸਤਕਾਂ ਲਗਾ ਦੇਵੇ। ਰਵਾਇਤੀ ਸਿਲੇਬਸ ਦੀਆਂ ਕਿਤਾਬਾਂ ਬੱਚਿਆਂ ਨੂੰ ਡਰਾਉਂਦੀਆਂ ਹਨ। ਇਨ੍ਹਾਂ ਨੂੰ ਸਿਲੇਬਸ ਵਿੱਚੋਂ ਹਟਾ ਦੇਣਾ ਚਾਹੀਦਾ ਹੈ ਤਾਂ ਕਿ ਪ੍ਰਾਇਮਰੀ ਪੱਧਰ ’ਤੇ ਬੱਚੇ ਗਣਿਤ ਅਤੇ ਭਾਸ਼ਾ ਵਿੱਚ ਮੁੱਢਲੀਆਂ ਕਿਰਿਆਵਾਂ ਕਰਨ ਦੇ ਯੋਗ ਹੋ ਸਕਣ।
ਚਰਨਜੀਤ ਸਿੰਘ ਮੁਕਤਸਰ, ਸ੍ਰੀ ਮੁਕਤਸਰ ਸਾਹਿਬ


ਮੁੱਲਵਾਨ ਸਿੱਟਾ
24 ਜੁਲਾਈ ਨੂੰ ਗੁਰਬਚਨ ਜਗਤ ਨੇ ਆਪਣੇ ਲੇਖ ‘ਸਿੱਖਿਆ ਹੀ ਡੇਰਿਆਂ ਤੇ ਬਾਬਿਆਂ ਦਾ ਤੋੜ’ ਰਾਹੀਂ ਮੁੱਲਵਾਨ ਸਿੱਟਾ ਕੱਢਿਆ ਹੈ। ਇਸ ਰਚਨਾ ਰਾਹੀਂ ਸਮਾਜ ਵਿੱਚ ਅਖੌਤੀ ਡੇਰਿਆਂ ਦੇ ਵਧਣ ਲਈ ਦੇਸ਼ ਦੀ ਗੰਧਲੀ ਰਾਜਨੀਤੀ ਅਤੇ ਗ਼ੈਰ-ਮਿਆਰੀ ਸਿੱਖਿਆ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਗ਼ੈਰ-ਵਿਗਿਆਨਕ ਵਿਚਾਰ ਪੈਦਾ ਕਰ ਰਹੀ ਵਿੱਦਿਆ ਪ੍ਰਣਾਲੀ ਖ਼ਤਮ ਕੀਤੇ ਬਿਨਾਂ ਅੰਧਵਿਸ਼ਵਾਸ ਫੈਲਾਉਣ ਵਾਲੇ ਡੇਰਿਆਂ ਵਿੱਚੋਂ ਲੋਕਾਂ ਦੀਆਂ ਭੀੜਾਂ ਨੂੰ ਰੋਕਣਾ ਸੰਭਵ ਨਹੀਂ। ਸਰਕਾਰਾਂ ਅਤੇ ਡੇਰੇ ਇੱਕ ਦੂਜੇ ਦੇ ਸਹਿਯੋਗੀ ਬਣ ਕੇ ਹੀ ਲੋਕਾਂ ਨੂੰ ਵਰਗਲਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ, ਸਰਕਾਰਾਂ ਦੀ ਥਾਂ ਡੇਰਿਆਂ ’ਚੋਂ ਲੱਭਣ ਲਈ ਕਿਸਮਤਵਾਦੀ ਬਣੇ ਰਹਿਣ ਲਈ ਉਤੇਜਿਤ ਕਰਦੇ ਹਨ।
ਜਸਵੰਤ ਜੀਰਖ, ਲੁਧਿਆਣਾ

Advertisement
Author Image

joginder kumar

View all posts

Advertisement