ਪਾਠਕਾਂ ਦੇ ਖ਼ਤ
ਸ਼ਬਦ ਲੀਲ੍ਹਾ
25 ਜੁਲਾਈ ਨੂੰ ਨਜ਼ਰੀਆ ਪੰਨੇ ਉੱਪਰ ਡਾ. ਅਪਮਿੰਦਰ ਪਾਲ ਸਿੰਘ ਬਰਾੜ ਦਾ ਲੇਖ ‘ਸਾਡੇ ਬੇਰ’ ਪੜ੍ਹਿਆ, ਵਧੀਆ ਲੱਗਾ। ਲੇਖਕ ਨੇ ਕੁਝ ਸ਼ਬਦ ਅਜਿਹੇ ਵਰਤੇ ਜੋ ਅਸੀਂ ਲਗਭੱਗ ਭੁੱਲ ਗਏ ਹਾਂ; ਜਿਵੇਂ ਖੁਣੋਂ, ਭੁੰਝੇ, ਤੌੜੇ ਆਦਿ। ਇਨ੍ਹਾਂ ਸ਼ਬਦਾਂ ਨੇ ਪੁਰਾਣਾ ਸਮਾਂ ਚੇਤੇ ਕਰਵਾ ਦਿੱਤਾ। ਉਸ ਸਮੇਂ ਇਹ ਸ਼ਬਦ ਆਮ ਵਰਤੇ ਜਾਂਦੇ ਸਨ। ਅੱਜ ਕੱਲ੍ਹ ਦੀ ਪੀੜ੍ਹੀ ਇਹ ਸ਼ਬਦ ਵਰਤਦੀ ਹੀ ਨਹੀਂ।
ਜਸਦੀਪ ਸਿੰਘ ਢਿੱਲੋਂ, ਸਾਦਿਕ (ਫਰੀਦਕੋਟ)
ਡੇਰਿਆਂ ਤੇ ਬਾਬਿਆਂ ਦਾ ਤੋੜ
24 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਗੁਰਬਚਨ ਜਗਤ ਦਾ ਲੇਖ ‘ਸਿੱਖਿਆ ਹੀ ਡੇਰਿਆਂ ਤੇ ਬਾਬਿਆਂ ਦਾ ਤੋੜ’ ਅਹਿਮ ਸੁਨੇਹਾ ਦਿੰਦਾ ਹੈ। ਅਨਪੜ੍ਹ ਅਤੇ ਗ਼ਰੀਬ ਗ਼ੁਰਬੇ ਸਾਧ-ਸੰਤਾਂ ਤੋਂ ਪੁੱਛਾਂ, ਹਥੌਲਿਆਂ, ਚੌਂਕੀਆਂ ਵਿੱਚ ਯਕੀਨ ਰੱਖਦੇ ਹਨ ਪਰ ਇਸ ਨੂੰ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਮੰਤਰੀ ਅਤੇ ਆਲ੍ਹਾ ਸਰਕਾਰੀ ਅਫਸਰ ਤੇ ਉਨ੍ਹਾਂ ਦੀਆਂ ਪਤਨੀਆਂ ਵੀ ਇਨ੍ਹਾਂ ਅਖੌਤੀ ਬਾਬਿਆਂ ਦੇ ਪ੍ਰਵਚਨ ਸੁਣਨ ਜਾਂਦੀਆਂ ਹਨ। ਬਾਬੇ ਸਿਆਸਤਦਾਨਾਂ ਦਾ ਵੋਟ ਬੈਂਕ ਹੁੰਦੇ ਹਨ, ਕਈ ਬਾਬੇ ਅਰਬਾਂ ਦਾ ਵਣਜ ਕਰਦੇ ਹਨ। ਕਈ ਬਾਬਿਆਂ ਨੂੰ ਜੇਲ੍ਹ ਅਤੇ ਆਸ਼ਰਮ ਵਿੱਚ ਇੱਕੋ ਜਿੰਨਾ ਸੁੱਖ ਮਿਲਦਾ ਹੈ। ਇਹ ਸਹੀ ਕਿਹਾ ਗਿਆ ਹੈ ਕਿ ਮਿਆਰੀ ਸਿੱਖਿਆ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਬਾਬਿਆਂ ਦੀ ਜਕੜ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਸੁਝਾਅ ਹੈ ਕਿ ਪੰਜਾਬ ਦੇ ਸਕੂਲ ਪਾਠਕ੍ਰਮ ’ਚ ਭਾਸ਼ਾ ਦੀਆਂ ਕਿਤਾਬਾਂ ਵਿੱਚ ਘੱਟੋ-ਘੱਟ ਇੱਕ ਪਾਠ ਅੰਧਵਿਸ਼ਵਾਸ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਣ ਵਾਲਾ ਜ਼ਰੂਰ ਹੋਣਾ ਚਾਹੀਦਾ ਹੈ। ਪਾਠ ਭਾਵੇਂ ਲੇਖ, ਕਹਾਣੀ, ਨਾਟਕ, ਕਵਿਤਾ, ਵਿਅੰਗ ਕੋਈ ਵੀ ਹੋਵੇ। ਵਿਗਿਆਨ ਪੜ੍ਹਾਉਣ ਵਾਲੇ ਅਧਿਆਪਕ ਇਹ ਕੰਮ ਬਾਖ਼ੂਬੀ ਕਰ ਸਕਦੇ ਹਨ।
ਪ੍ਰਿੰ. ਹਰੀ ਕ੍ਰਿਸ਼ਨ ਮਾਇਰ, ਲੁਧਿਆਣਾ
ਅਭੁੱਲ ਯਾਦ
ਦਰਸ਼ਨ ਸਿੰਘ ਦੀ ਰਚਨਾ ‘ਪੀੜਾਂ ਦਾ ਪਰਾਗਾ’ (22 ਜੁਲਾਈ) ਗੁਆਚ ਚੁੱਕੇ ਵਿਰਸੇ ਦੀ ਅਭੁੱਲ ਯਾਦ ਦਾ ਹਿੱਸਾ ਹੈ। ਲੇਖ ਪੜ੍ਹ ਕੇ 4 ਦਹਾਕੇ ਪਹਿਲਾਂ ਵਾਲਾ ਸਮਾਂ ਚੇਤੇ ਆ ਗਿਆ। ਉਸ ਵਕਤ ਰਿਸ਼ਤੇ ਪੀਡੇ ਹੁੰਦੇ ਸਨ। ਭੱਠੀ ’ਤੇ ਦਾਣੇ ਭੁਨਾਉਣ ਜਾਣਾ, ਦਾਣੇ ਬੁੜ੍ਹਕ ਬੁੜ੍ਹਕ ਭੱਠੀ ’ਚੋਂ ਬਾਹਰ ਡਿੱਗਣੇ, ਫਿਰ ਬਾਹਰ ਡਿੱਗੇ ਦਾਣੇ ਚੁੱਕ-ਚੁੱਕ ਖਾਣੇ। ਚੰਗਾ ਟਾਈਮ ਸੀ। ਹੁਣ ਭੱਠੀਆਂ ਬਿਨਾ ਪਤੇ ਵਾਲੇ ਖ਼ਤ ਵਾਂਗ ਗੁਆਚ ਚੁੱਕੀਆਂ ਹਨ ਪਰ ਉਹ ਸਾਡੇ ਗੁਆਚੇ ਵਿਰਸੇ ਦਾ ਹਿੱਸਾ ਜ਼ਰੂਰ ਹਨ। ਲੇਖਕ ਭੱਠੀ ਵਾਲੀ ਮਲਕੀਤੋ ਮਾਸੀ ਦੇ ਸੁਭਾਅ ਦਾ ਜ਼ਿਕਰ ਕਰਦਿਆਂ ਉਸ ਸਮੇਂ ਦੇ ਆਪਸੀ ਭਾਈਚਾਰੇ ਦਾ ਸੱਚ ਬਿਆਨਦਾ ਹੈ।
ਅਜੀਤ ਖੰਨਾ, ਈਮੇਲ
ਔਖੇ ਸਮਿਆਂ ਦਾ ਅਹਿਸਾਸ
17 ਜੁਲਾਈ ਦੇ ਅੰਕ ਵਿੱਚ ਹਰਜਿੰਦਰ ਸਿੰਘ ਗੁਲਪੁਰ ਦਾ ਲੇਖ ‘ਕੁਦਰਤ ਤੇ ਕਿਸਾਨ’ ਪੜ੍ਹਨਯੋਗ ਹੀ ਨਹੀਂ, ਸੰਭਾਲਣਯੋਗ ਵੀ ਹੈ ਤਾਂ ਕਿ ਸਾਨੂੰ ਚੇਤੇ ਰਹੇ ਕਿ ਸਿੰਜਾਈ ਦੇ ਮਾਮਲੇ ਵਿੱਚ ਅਸੀਂ ਕਿੱਥੋਂ ਤੁਰੇ ਸਾਂ ਅਤੇ ਕਿੱਥੇ ਪਹੁੰਚ ਗਏ ਹਾਂ। ਹਰ ਨਵੀਂ ਪੀੜ੍ਹੀ ਲਈ ਤਾਂ ਇਹ ਸਭ ਜਾਣ ਲੈਣਾ ਜ਼ਰੂਰੀ ਹੈ, ਨਹੀਂ ਤਾਂ ਉਨ੍ਹਾਂ ਨੂੰ ਸਹਿਜ ਪਰ ਔਖੇ ਸਮਿਆਂ ਦਾ ਅਹਿਸਾਸ ਨਹੀਂ ਹੋ ਸਕੇਗਾ। ਸਿੰਜਾਈ ਦੀ ਚੜਸ/ਚੜੋ ਵਿਧਾ ਲਗਭੱਗ 80 ਤੋਂ 100 ਸਾਲ ਪਹਿਲਾਂ ਜਾਂ ਉਸ ਤੋਂ ਪਹਿਲਾਂ ਦੀ ਹੈ। ਸ਼ਾਇਦ ਕਿਤੇ ਨਾ ਕਿਤੇ ਅਜੇ ਵੀ ਪੁਰਾਣੇ ਖੂਹ ’ਤੇ ਇਸ ਵਿਧਾ ਦੇ ਨਿਸ਼ਾਨ ਮਿਲ ਸਕਣ। ਖੂਹ ਦੀ ਗਾਧੀ ’ਤੇ ਬੈਠ ਕੇ ਹਲਟ ਦੇ ਬੈਲ ਹੱਕਣੇ ਤਾਂ ਮੇਰੇ ਹਿੱਸੇ ਵੀ ਆਏ ਸਨ। ਹੌਲੀ ਜਾਂ ਤੇਜ਼ ਚੱਲਦੇ ਬੈਲਾਂ ਜਾਂ ਖੋਪੇ ਲੱਗੇ ਊਠ ਨਾਲ, ਹੌਲੀ ਜਾਂ ਤੇਜ਼ ਹੁੰਦੀ ‘ਕੁੱਤੇ’ (ਟਿੰਡਾਂ ਦੇ ਪਿੱਛੇ ਮੁੜਨ ਤੋਂ ਬਰੇਕ) ਦੀ ਟਿੱਕ-ਟਿੱਕ ਦੀ ਆਵਾਜ਼ ਅੱਜ ਵੀ ਜਦੋਂ ਚੇਤੇ ਆਉਂਦੀ ਹੈ ਤਾਂ ਕੰਨ-ਰਸ ਪੈਦਾ ਕਰਦੀ ਹੈ। ਇਹ ਉਹ ਸਹਿਜ ਅਤੇ ਸਾਫ਼ ਸ਼ਫਾਫ ਸਮਾਂ ਸੀ ਜਦੋਂ ਖਾਲ਼ ਦਾ ਪਾਣੀ ਚੂਲ਼ੀਆਂ ਭਰ-ਭਰ ਪੀ ਲਈਦਾ ਸੀ। ਇਸ ਤੋਂ ਅੱਗੇ ਸਿੰਜਾਈ ਵਿਧਾ ਨੂੰ ਆਧੁਨਿਕਤਾ ਦੇ ਪਰ ਤਾਂ ਲੱਗੇ ਪਰ ਅਨੇਕਾਂ ਮਨੁੱਖੀ ਕਾਰਨਾਂ ਕਰ ਕੇ ਪਾਣੀ ਪਲੀਤ ਹੀ ਨਹੀਂ ਹੋਇਆ ਸਗੋਂ ਲੋਪ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਇਸ ਆਧੁਨਿਕਤਾ ਅਤੇ ਰਾਜਸੀ ਬੇਈਮਾਨੀਆਂ ’ਤੇ ਸੰਵੇਦਨਾ ਦੇ ਪੱਲੇ ਰੋਣ ਹੀ ਬਚਦਾ ਹੈ।
ਸਵਰਨ ਸਿੰਘ ਭੰਗੂ, ਚਮਕੌਰ ਸਾਹਿਬ
(2)
‘ਕੁਦਰਤ ਤੇ ਕਿਸਾਨ’ (17 ਜੁਲਾਈ) ਵਿੱਚ ਹਰਜਿੰਦਰ ਸਿੰਘ ਗੁਲਪੁਰ ਨੇ ਧਰਤੀ ’ਚੋਂ ਪਾਣੀ ਕੱਢਣ ਦਾ ਸੰਖੇਪ ਇਤਿਹਾਸ ਬਹੁਤ ਹੀ ਰੌਚਿਕ ਢੰਗ ਨਾਲ ਸਾਡੇ ਸਾਹਮਣੇ ਰੱਖਿਆ ਹੈ। ਸਾਡੇ ਵਿੱਚੋਂ ਵੱਡੀ ਪੀੜ੍ਹੀ ਵਾਲੇ ਬਹੁਤੇ ਮਰਦਾਂ ਔਰਤਾਂ ਨੇ ਹਲਟ ਚੱਲਦੇ ਦੇਖੇ ਹਨ। ਹਲਟ ਦੇ ਕੁੱਤੇ ਦੀ ਆਵਾਜ਼ ਖੂਹ ਦੇ ਵਗਦੇ ਹੋਣ ਦਾ ਚਿੰਨ੍ਹ ਹੁੰਦੀ ਸੀ। ਜੇ ਕੁੱਤੇ ਦੀ ਆਵਾਜ਼ ਬੰਦ ਹੋ ਜਾਏ ਤਾਂ ਪਤਾ ਲੱਗਦਾ ਸੀ ਕਿ ਡੰਗਰ ਖਲੋ ਗਏ ਹਨ। ਜਿਵੇਂ ਲੇਖਕ ਨੇ ਲਿਖਿਆ ਹੈ, ਹਰੀ ਕ੍ਰਾਂਤੀ ਦੇ ਲਾਲਚ ਵਿੱਚ ਪੰਜਾਬੀਆਂ ਨੇ ਖੂਹ ਛੱਡ ਦਿੱਤੇ ਤੇ ਡੀਜ਼ਲ ਨਾਲ ਚੱਲਣ ਵਾਲੇ ਇੰਜਣ ਵਰਤ ਕੇ ਖੂਹ ਖਾਲੀ ਕੀਤੇ, ਪੂਰ ਦਿੱਤੇ ਤੇ ਫਿਰ ਮੁਫ਼ਤ ਬਿਜਲੀ ਨਾਲ ਚੱਲਣ ਵਾਲੇ ਵੱਡੇ ਵੱਡੇ ਟਿਊਬਵੈੱਲ (ਗਿਣਤੀ ਲੱਖਾਂ ’ਚ) ਅਜੋਕੀ ਹਾਲਤ ਲਈ ਜ਼ਿੰਮੇਵਾਰ ਹਨ। ਪੁਰਾਣੇ ਖੂਹ ਤਾਂ ਵਾਪਸ ਨਹੀਂ ਆ ਸਕਦੇ ਪਰ ਟਿਊਬਵੈੱਲਾਂ ਦੀ ਸੁਯੋਗ ਵਰਤੋਂ ਹਰ ਪੰਜਾਬੀ ਦਾ ਫਰਜ਼ ਹੈ।
ਜਸਬੀਰ ਕੌਰ, ਅੰਮ੍ਰਿਤਸਰ
ਆਵਾਜ਼ ਪ੍ਰਦੂਸ਼ਣ
13 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਰਮੇਸ਼ਵਰ ਸਿੰਘ ਦਾ ਲੇਖ ‘ਆਵਾਜ਼ ਪ੍ਰਦੂਸ਼ਣ ਅਤੇ ਪ੍ਰਸ਼ਾਸਕੀ ਜਵਾਬਦੇਹੀ’ ਪੜ੍ਹਿਆ। ਚਾਰੇ ਪਾਸੇ ਸ਼ੋਰ ਹੈ। ਸਵੇਰੇ-ਸਵੇਰੇ ਬਹੁਤੇ ਧਾਰਮਿਕ ਸਥਾਨਾਂ ’ਤੇ ਵੀ ਉੱਚੀ ਆਵਾਜ਼ ਸੁਣਨ ਨੂੰ ਮਿਲਦੀ ਹੈ। ਇਸ ਬਾਰੇ ਜਦੋਂ ਕੋਈ ਸਥਾਨਕ ਸਰਕਾਰਾਂ ਜਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਤਾਂ ਮਸਲਾ ਧਿਆਨ ਵਿੱਚ ਲਿਆਉਣ ਵਾਲੇ ਦਾ ਨਾਮ ਨਸ਼ਰ ਕਰ ਦਿੱਤਾ ਜਾਂਦਾ ਹੈ, ਇਸ ਨਾਲ ਸ਼ੋਰ ਪ੍ਰਦੂਸ਼ਣ ਵਾਲੇ ਲੜਨ ਨੂੰ ਪੈਂਦੇ ਹਨ। ਪ੍ਰਸ਼ਾਸਨਿਕ/ਪੁਲੀਸ ਅਧਿਕਾਰੀਆਂ ਨੂੰ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਵਾਲੇ ਨੂੰ ਆਵਾਜ਼ ’ਤੇ ਕੰਟਰੋਲ ਕਰਨ ਲਈ ਸਮਝਾਉਣਾ ਚਾਹੀਦਾ ਹੈ।
ਮਾਸਟਰ ਪਰਮਵੇਦ, ਸੰਗਰੂਰ
ਸਰਕਾਰ ਦੀ ਨੀਤ ਤੇ ਨੀਤੀ
ਕੇਂਦਰੀ ਬਜਟ ਪੇਸ਼ ਹੋਣ ’ਤੇ ਪ੍ਰਧਾਨ ਮੰਤਰੀ ਨੇ ਇਸ ਨੂੰ ਅਲਾਦੀਨ ਦੇ ਚਿਰਾਗ ਵਾਂਗ ਗਰਦਾਨਦੇ ਹੋਏ ਕਿਹਾ ਹੈ ਕਿ ਇਸ ਵਿੱਚ ਬਿਹਤਰ ਵਿਕਾਸ ਅਤੇ ਸੁਨਹਿਰਾ ਭਵਿੱਖ ਹੈ। ਉਂਝ, ਦੇਸ਼ ਭਰ ਦੇ ਕਿਸਾਨਾਂ, ਮਜ਼ਦੂਰਾਂ ਤੇ ਬੇਰੁਜ਼ਗਾਰਾਂ ਲਈ ਕੋਈ ਉਪਰਾਲਾ ਨਹੀਂ ਦਿਸਿਆ। ਫਹੁੜੀਆਂ ’ਤੇ ਚੱਲਣ ਵਾਲੀ ਸਰਕਾਰ ਦੇ ਬਚਾਓ ਲਈ ਸਹਿਯੋਗੀ ਸੂਬਿਆਂ ਲਈ ਖਜ਼ਾਨੇ ਦਾ ਮੂੰਹ ਫਰਾਖ਼ਦਿਲੀ ਨਾਲ ਖੋਲ੍ਹਿਆ ਹੈ। ‘ਸਬ ਕਾ ਸਾਥ, ਸਭ ਕਾ ਵਿਕਾਸ’ ਦਾ ਨਾਅਰਾ ਦੇਣ ਵਾਲੀ ਸਰਕਾਰ ਨੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਸੂਬਿਆਂ ਨੂੰ ਕਾਣੀ ਕੌਡੀ ਵੀ ਨਹੀਂ ਦਿੱਤੀ। ਇਸ ਤੋਂ ਕੇਂਦਰ ਸਰਕਾਰ ਦੀ ਨੀਤ ਅਤੇ ਨੀਤੀ ਸਪਸ਼ਟ ਹੁੰਦੀ ਹੈ। ਪੰਜਾਬ ਨੂੰ ਸਰਹੱਦੀ ਸੂਬੇ ਦੇ ਤੌਰ ’ਤੇ ਦਰਪੇਸ਼ ਚੁਣੌਤੀਆਂ ਲਈ ਵਿੱਤੀ ਸਹਾਇਤਾ ਦੇਣ ਤੋਂ ਅੱਖਾਂ ਮੀਟ ਲਈਆਂ ਹਨ। ਇਉਂ ਕੇਂਦਰੀ ਸਰਕਾਰ ਦਾ ਬਜਟ ਪੱਖਪਾਤੀ ਹੈ। ਸਰਕਾਰ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਸੂਬਿਆਂ ਬਾਰੇ ਨਿਰਪੱਖਤਾ ਨਾਲ ਸੋਚਣਾ ਚਾਹੀਦਾ ਹੈ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਆਬਾਦੀ ’ਤੇ ਸਿਆਸਤ ਕਿਉਂ
19 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਕੰਵਲਜੀਤ ਕੌਰ ਗਿੱਲ ਦਾ ਲੇਖ ‘ਵਧਦੀ ਆਬਾਦੀ ਦੇ ਮਸਲੇ’ ਪੜ੍ਹਿਆ। ਸੰਯੁਕਤ ਰਾਸ਼ਟਰ ਦੇ ਸਰਵੇਖਣ ਅਨੁਸਾਰ ਭਾਰਤ ਨੂੰ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਗਿਣਿਆ ਗਿਆ ਹੈ। ਵਧ ਰਹੀ ਆਬਾਦੀ ਆਰਥਿਕ ਵਸੀਲਿਆਂ ਉੱਪਰ ਬੋਝ ਬਣਦੀ ਜਾਪਦੀ ਹੈ। ਬੇਰੁਜ਼ਗਾਰੀ, ਭੁੱਖਮਰੀ, ਅਨਪੜ੍ਹਤਾ ਅਤੇ ਗ਼ਰੀਬੀ ਤੋਂ ਇਲਾਵਾ ਕਈ ਪ੍ਰਕਾਰ ਦੀਆਂ ਸਮਾਜਿਕ ਕੁਰੀਤੀਆਂ ਉੱਭਰ ਰਹੀਆਂ ਹਨ। ਬੇਰੁਜ਼ਗਾਰੀ ਜਵਾਨੀ ਨਸ਼ਿਆਂ ਵੱਲ ਜਾ ਰਹੀ ਹੈ। ਨੌਜਵਾਨ ਰੁਜ਼ਗਾਰ ਖ਼ਾਤਿਰ ਵਿਦੇਸ਼ ਮੁਲਕਾਂ ਵੱਲ ਜਾਣ ਲਈ ਮਜਬੂਰ ਹਨ। ਇਸ ਦਾ ਵੱਡਾ ਕਾਰਨ ਦੇਸ਼ ਦੇ ਵਿਕਾਸ ਪ੍ਰਬੰਧ ਵਿੱਚ ਰੁਜ਼ਗਾਰ ਨੀਤੀ ਨੂੰ ਕੋਈ ਸਥਾਨ ਨਾ ਦਿੱਤਾ ਗਿਆ ਹੋਣਾ ਵੀ ਹੈ। ਲੇਖਕਾ ਨੇ ਲਿਖਿਆ ਹੈ ਕਿ ਵਧ ਰਹੀ ਆਬਾਦੀ ’ਤੇ ਰਾਜਨੀਤੀ ਕਰਨ ਦੀ ਥਾਂ ਰੁਜ਼ਗਾਰ ਨਾਲ ਸਬੰਧਿਤ ਠੋਸ ਨੀਤੀ ਬਣਾਉਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਤੇ ਹੁਨਰ ਦੀ ਸਿਖਲਾਈ ਦੇਣ ਦੇ ਨਾਲ ਕਿੱਤਾ ਮੁਖੀ ਸਿਖਲਾਈ ਦਿੱਤੀ ਜਾਵੇ ਤਾਂ ਜੋ ਉਹ ਰੋਜ਼ੀ ਰੋਟੀ ਕਮਾਉਣ ਦੇ ਕਾਬਲ ਹੋ ਜਾਣ।
ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ (ਮਾਲੇਰਕੋਟਲਾ)