ਪਾਠਕਾਂ ਦੇ ਖ਼ਤ
ਬਦਲਦੇ ਵਕਤ ਦੇ ਪਹਿਲੂ
25 ਜੂਨ ਨੂੰ ਗੁਰਮੇਲ ਸਿੰਘ ਸਿੱਧੂ ਦਾ ਲੇਖ ‘ਜੇਠ ਹਾੜ੍ਹ ਦੇ ਦੁਪਹਿਰੇ’ ਵਧੀਆ ਲੱਗਿਆ। ਲੇਖਕ ਨੇ ਬਦਲ ਚੁੱਕੇ ਸਮੇਂ ਦੇ ਪਹਿਲੂ ਛੋਹੇ ਹਨ। 3-4 ਦਹਾਕੇ ਜਾਂ ਇਸ ਤੋਂ ਵੀ ਵੱਧ ਪਹਿਲੇ ਸਮੇਂ ਦੇ ਪੇਂਡੂ ਜੀਵਨ ਦੀ ਸਾਦਗੀ ਅਤੇ ਆਤਮ-ਵਿਸ਼ਵਾਸ ਲੇਖਕ ਨੇ ਸ਼ਿੱਦਤ ਨਾਲ ਚਿਤਰਿਆ ਹੈ। ਅਜਿਹੇ ਲੇਖ ਅਜੋਕੀ ਪੀੜ੍ਹੀ ਨੂੰ ਸਾਡੇ ਪੁਰਾਤਨ ਸੱਭਿਆਚਾਰ ਨਾਲ ਜੋੜਦੇ ਹਨ।
ਦੀਪਕ ਵੈਦ, ਈਮੇਲ
(2)
ਗੁਰਮੇਲ ਸਿੰਘ ਸਿੱਧੂ ਦੇ ਮਿਡਲ ‘ਜੇਠ ਹਾੜ੍ਹ ਦੇ ਦੁਪਹਿਰ’ (25 ਜੂਨ) ਨੇ ਪੁਰਾਣੇ ਪੰਜਾਬ ਦੇ ਦਰਸ਼ਨ ਕਰਵਾ ਦਿੱਤੇ। ਸਾਡੇ ਮਾਂ ਬਾਪ ਕਿਵੇਂ ਰਹਿੰਦੇ ਤੇ ਕਿਸ ਤਰੀਕੇ ਨਾਲ ਕੰਮਕਾਰ ਕਰਦੇ ਸਨ, ਬਾਰੇ ਤਸਵੀਰ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੀ ਹੈ। ਨਹਿਰਾਂ ਦਾ ਪਾਣੀ ਲਾਉਣਾ ਤੇ ਰਾਤ ਨੂੰ ਲਾਲਟੈਣਾਂ ਨਾਲ ਪੜ੍ਹਾਈ ਕਰਨੀ, ਕਦੇ ਲੈਂਪ ਵੀ ਜਗਾ ਲੈਣਾ, ਵਿਆਹ ਸ਼ਾਦੀਆਂ ਵਿੱਚ ਗੈਸ ਵਾਲਾ ਲੈਂਪ ਅਸੀਂ ਬਲਦਾ ਦੇਖਦੇ ਸੀ। ਜ਼ਮਾਨੇ ਦੇ ਨਾਲ ਨਾਲ ਤਰੱਕੀ ਜ਼ਰੂਰ ਹੋਣੀ ਚਾਹੀਦੀ ਹੈ। ਨਵੇਂ ਤਰੀਕੇ ਈਜ਼ਾਦ ਹੁੰਦੇ ਰਹਿੰਦੇ ਹਨ, ਹੋਣੇ ਵੀ ਚਾਹੀਦੇ ਹਨ ਪਰ ਆਪਣੇ ਵਿਰਸੇ ਤੇ ਸਾਹਿਤ ਨਾਲ ਜੁੜੇ ਰਹਿਣਾ ਚਾਹੀਦਾ ਹੈ।
ਗੁਰਮੀਤ ਡੁਮਾਣਾ, ਪਿੰਡ ਲੋਹੀਆ ਖ਼ਾਸ (ਜਲੰਧਰ)
ਤਿੰਨ ਏਕੜ ਦਾ ਕਿਆਰਾ?
24 ਜੂਨ ਨੂੰ ਪੰਨਾ 2 ਉੱਤੇ ਤਿੰਨ ਏਕੜਾਂ ਦੇ ਕਿਆਰੇ ਵਿੱਚ ਚੱਲਦੀ ਮੋਟਰ ਬਰੇ ਖ਼ਬਰ ਸਹੀ ਨਹੀਂ। ਕਿਆਰਾ ਹੋਵੇ ਜਾਂ ਨਾ, ਜੇਕਰ ਮੋਟਰ ਸਹੀ ਹੈ, ਜਦੋਂ ਬਿਜਲੀ ਸਪਲਾਈ ਆ ਗਈ ਤਾਂ ਉਸ ਨੇ ਚੱਲਣਾ ਹੀ ਹੁੰਦਾ ਹੈ। ਪੱਤਰਕਾਰ ਜੇ ਇਸ ਦੀ ਥਾਂ ਕਿਸਾਨਾਂ ਦੇ ਦੁੱਖਾਂ ਤਕਲੀਫ਼ਾਂ ਦੀ ਗੱਲ ਕਰਦਾ ਤਾਂ ਹੋਰ ਵੀ ਬਿਹਤਰ ਹੁੰਦਾ। ਕੀ ਅੱਜ ਕਿਸਾਨਾਂ ਨੂੰ ਫ਼ਸਲਾਂ ਤੇ ਮਸ਼ੀਨਰੀ ਦੇ ਜੋ ਖਰਚੇ ਪੈ ਰਹੇ ਹਨ, ਉਸ ਮੁਤਾਬਿਕ ਰੇਟ ਮਿਲ ਰਿਹਾ ਹੈ? ਕੀ ਨਕਲੀ ਖਾਦਾਂ, ਕੀਟਨਾਸ਼ਕਾਂ ਤੇ ਘਟੀਆ ਮਸ਼ੀਨਰੀ ਨਾਲ ਅਤੇ ਮੰਡੀਆਂ ਵਿੱਚ ਉਸ ਦੀ ਲੁੱਟ ਨਹੀਂ ਹੋ ਰਹੀ? ਜਿੱਥੋਂ ਤਕ ਕਿਆਰਿਆਂ ਦੀ ਗੱਲ ਹੈ, ਅੱਜ ਕੰਪਿਊਟਰ ਮਸ਼ੀਨਰੀ ਦਾ ਯੁੱਗ ਹੈ। ਪਹਿਲਾਂ ਜ਼ਮੀਨਾਂ ਉੱਚੀਆਂ ਨੀਵੀਆਂ ਸਨ ਜਿਨ੍ਹਾਂ ਨੂੰ ਛੋਟੇ-ਛੋਟੇ ਕਿਆਰੇ ਪਾ ਕੇ ਹੀ ਪਾਣੀ ਦਿੱਤਾ ਜਾਂਦਾ ਸੀ। ਹੁਣ ਕਿਸਾਨਾਂ ਨੇ ਦਿਨ ਰਾਤ ਮਿਹਨਤ ਕਰ ਕੇ ਜ਼ਮੀਨਾਂ ਪੱਧਰੀਆਂ ਕਰ ਲਈਆਂ ਹਨ, ਉਨ੍ਹਾਂ ਵਿੱਚ ਕੰਪਿਊਟਰ ਕਰਾਹੇ ਲਗਾਏ ਗਏ ਹਨ ਜਿਸ ਕਾਰਨ ਪਾਣੀ ਹਰ ਜਗ੍ਹਾ ਇੱਕੋ ਜਿਹਾ ਖੜ੍ਹਦਾ ਹੈ। ਕਿਆਰਿਆਂ ਨੂੰ ਵੱਡੇ ਛੋਟੇ ਦੱਸ ਕੇ ਕਿਸਾਨਾਂ ਨੂੰ ਬਦਨਾਮ ਕਰਨਾ ਸਹੀ ਨਹੀਂ। ਅੱਜ ਫੈਕਟਰੀਆਂ ਜੋ ਪ੍ਰਦੂਸ਼ਣ ਫੈਲਾਅ ਰਹੀਆਂ ਹਨ, ਪਾਣੀ ਦੀ ਅੰਨ੍ਹੇਵਾਹ ਵਰਤੋਂ ਕਰ ਰਹੀਆਂ ਹਨ ਤੇ ਡਰੇਨਾਂ ਅਤੇ ਦਰਿਆਵਾਂ ਵਿੱਚ ਜ਼ਹਿਰੀਲੇ ਪਦਾਰਥ ਛੱਡ ਕੇ ਬਰਬਾਦ ਕੀਤਾ ਜਾ ਰਿਹਾ ਹੈ, ਉਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਪਾਣੀ ਬਚਾਉਣ ਸਬੰਧੀ ਸੁਝਾਅ ਦੇਣੇ ਚਾਹੀਦੇ ਹਨ। ਝੋਨੇ ਦੀ ਫ਼ਸਲ ਕਿਸਾਨ ਨਹੀਂ ਲੈ ਕੇ ਆਏ, ਇਹ ਸਰਕਾਰ ਤੇ ਖੇਤੀਬਾੜੀ ਵਿਭਾਗ ਦੀ ਦੇਣ ਹੈ। ਕਿਸਾਨ ਨੂੰ ਜੋ ਪੈਦਾ ਕਰਨ ਲਈ ਦਿੱਤਾ ਗਿਆ, ਉਸ ਨੇ ਉਹੀ ਪੈਦਾ ਕੀਤਾ।
ਦਰਸ਼ਨ, ਬੀਕੇਯੂ
ਹਥਿਆਰਾਂ ਦੀ ਮਾਰ
24 ਜੂਨ ਦੇ ਅੰਕ ’ਚ 4 ਸਫ਼ੇ ’ਤੇ ਬਰਨਾਲਾ ਵਿੱਚ ਮਾਨਸਿਕ ਪ੍ਰੇਸ਼ਾਨੀ ਕਾਰਨ ਮਾਂ, ਧੀ, ਪਾਲਤੂ ਕੁੱਤੇ ਤੇ ਖ਼ੁਦ ਨੂੰ ਗੋਲੀ ਮਾਰਨ ਦੀ ਖ਼ਬਰ ਸੀ। ਘਰਾਂ ਵਿੱਚ ਰੱਖਿਆ ਲਾਇਸੈਂਸੀ ਅਸਲਾ ਚੋਰਾਂ, ਡਾਕੂਆਂ ਨੂੰ ਮਾਰਨ ਦੇ ਕੰਮ ਨਹੀਂ ਆ ਰਿਹਾ ਸਗੋਂ ਖ਼ੁਦ ਆਪ ਅਤੇ ਆਪਣੇ ਹੀ ਪਰਿਵਾਰ ਦੇ ਜੀਆਂ ਦੀ ਜਾਨ ਲੈਣ ਲਈ ਵਰਤਿਆ ਜਾ ਰਿਹਾ ਹੈ। ਇਸ ਲਈ ਘਰਾਂ ਵਿੱਚ ਅਸਲਾ ਨਾ ਰੱਖਣ ਵਿੱਚ ਹੀ ਭਲਾਈ ਹੈ। 19 ਜੂਨ ਦੇ ਅੰਕ ਵਿੱਚ ਝੋਨਾ ਲੱਗਣ ਤੋਂ ਪਹਿਲਾਂ ਹੀ ਚੱਲ ਰਹੇ ਟਿਊਬਵੈੱਲਾਂ ਰਾਹੀਂ ਜ਼ਮੀਨ ਅੰਦਰੋਂ ਪਾਣੀ ਕੱਢਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਵਿੱਚ ਖੇਤਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਨੇ ਚਿੰਤਾਜਨਕ ਸਥਿਤੀ ਬਣਾ ਦਿੱਤੀ ਹੈ। 60-70 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ਦੀ ਰਕਮ ਲੈਣ ਵਾਲੇ ਕਾਫ਼ੀ ਜ਼ਮੀਨ ਦੇ ਮਾਲਕ ਆਪਣੀਆਂ ਮੋਟਰਾਂ ਦਾ ਬਿਜਲੀ ਬਿੱਲ ਕਿਉਂ ਨਾ ਭਰਨ? ਕਿਸਾਨ ਯੂਨੀਅਨਾਂ ਵੱਲੋਂ ਸ਼ਰਾਬ, ਕੋਲਡ ਡਰਿੰਕ ਫੈਕਟਰੀਆਂ ਨੂੰ ਦੋਸ਼ੀ ਠਹਿਰਾਉਣ ਦੀ ਥਾਂ ਪੰਜਾਬ ਦੀ ਜਨਤਾ ਦੇ ਭਲੇ ਹਿੱਤ ਨਾੜ ਦੇ ਦਰਖ਼ਤਾਂ ਨੂੰ ਲੱਗਦੀ ਅੱਗ, ਜ਼ਮੀਨ ਅੰਦਰੋਂ ਟਿਊਬਵੈੱਲਾਂ ਰਾਹੀਂ ਖਿੱਚਿਆ ਜਾ ਰਿਹਾ ਪਾਣੀ ਵਰਗੇ ਮਸਲਿਆਂ ਦਾ ਹੱਲ ਕੱਢਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਪੰਜਾਬ ਦੇ ਸਿਆਸੀ ਆਗੂਆਂ ਅਤੇ ਸਰਕਾਰ ਵੱਲੋਂ ਅਜਿਹੇ ਮਾਮਲਿਆਂ ਬਾਰੇ ਲੰਮੇ ਸਮੇਂ ਤੋਂ ਚੁੱਪ ਵੱਟ ਲੈਣੀ ਲੋਕਾਂ (ਸਮੇਤ ਕਿਸਾਨਾਂ) ਲਈ ਖ਼ਤਰਨਾਕ ਸਿੱਧ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਰਹਿ ਗਿਆ। 17 ਜੂਨ ਦੇ ਅੰਕ ਵਿੱਚ ਸੁਮੀਤ ਸਿੰਘ ਦਾ ਮਿਡਲ ’ਤੇ ਫਿਰ ਇੰਝ ਬੰਦ ਹੋਇਆ ਲਾਊਡ ਸਪੀਕਰ’ ਪੜ੍ਹ ਕੇ ਚੰਗਾ ਲੱਗਿਆ ਕਿ ਲੇਖਕ ਨੇ ਕੋਸ਼ਿਸ਼ ਜਾਰੀ ਰੱਖੀ। ਸ਼ੋਰ ਰੋਕੂ ਐਕਟਾਂ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਜਦੋਂ ਪੁਲੀਸ ਆਪਣੇ ਪੱਧਰ ’ਤੇ ਆਪ ਹੀ ਲਾਗੂ ਨਹੀਂ ਕਰਵਾਉਂਦੀ ਤਾਂ ਜਨਤਾ ਨੂੰ ਹੋਰ ਬਾਕੀ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਵੀ ਆਦਤ ਪੈ ਜਾਂਦੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਸੱਚੀਆਂ ਹੁੰਦੀਆਂ ਕਹਾਵਤਾਂ
19 ਜੂਨ ਦੇ ਨਜ਼ਰੀਆ ਪੰਨੇ ’ਤੇ ਕੇ ਪੀ ਸਿੰਘ ਦੀ ਰਚਨਾ ‘ਮਸਲੇ ਦਾ ਹੱਲ’ ਪੜ੍ਹਦਿਆਂ ਭੋਲੇ-ਭਾਲੇ ਸਿੱਧਰੇ ਲੋਕਾਂ ਬਾਰੇ ਬਜ਼ੁਰਗਾਂ ਕੋਲੋਂ ਸੁਣੀਆਂ ਕਈ ਕਹਾਵਤਾਂ ਜ਼ਿਹਨ ਵਿੱਚ ਘੁੰਮਣ ਲੱਗੀਆਂ ਜਿਵੇਂ ਰਚਨਾ ਵਿਚਲੇ ਮਾਸਟਰ ਨੂੰ ਆਪਣੇ ਸਕੂਲ ਦੇ ਸੇਵਾਦਾਰ ਨੂੰ ਆਪਣੀ ਤਨਖ਼ਾਹ ਵਿੱਚੋਂ ਦੋ-ਤਿੰਨ ਹਜ਼ਾਰ ਰੁਪਏ ਰੱਖ ਕੇ ਬਾਕੀ ਤਨਖ਼ਾਹ ਘਰਵਾਲੀ ਨੂੰ ਦੇ ਦੇਣ ਵਾਲੀ ਸਲਾਹ ਪੁੱਠੀ ਪੈ ਗਈ। ਨਾਲੇ ਤਾਂ ਬੰਦੇ ਨੇ ਘਰਵਾਲੀ ਤੋਂ ਲਾਹ-ਪਾਹ ਕਰਵਾਈ, ਨਾਲੇ ਮੱਤ ਦੇਣ ਵਾਲੇ ਮਾਸਟਰ ਨੂੰ ਬੁਰਾ ਪੁਆਇਆ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
ਖੇਤੀ ਆਧਾਰਿਤ ਸਨਅਤਾਂ
17 ਜੂਨ ਦੇ ਨਜ਼ਰੀਆ ਪੰਨੇ ’ਤੇ ਡਾ. ਸ ਸ ਛੀਨਾ ਦਾ ਲੇਖ ‘ਫ਼ਸਲਾਂ ਦੀ ਸਰਕਾਰੀ ਖਰੀਦ ਤੇ ਖੇਤੀ ਆਧਾਰਿਤ ਸਨਅਤਾਂ’ ਪੜ੍ਹਿਆ। ਉੱਘੇ ਅਰਥ ਸ਼ਾਸਤਰੀ ਡਾ. ਕੇ ਐੱਨ ਰਾਗ ਦੇ ਵਿਚਾਰ ਬਿਲਕੁੱਲ ਦਰੁਸਤ ਸਨ ਕਿ ਦੇਸ਼ ਨੂੰ ਉਦਯੋਗਿਕ ਤੌਰ ’ਤੇ ਵਿਕਸਤ ਹੋਣ ਲਈ ਕੱਚੇ ਮਾਲ ਲਈ ਆਤਮ-ਨਿਰਭਰ ਹੋਣਾ ਬੇਹੱਦ ਜ਼ਰੂਰੀ ਹੈ। ਆਜ਼ਾਦੀ ਪ੍ਰਾਪਤੀ ਤੋਂ ਦੋ ਦਹਾਕਿਆਂ ਤੱਕ ਪੰਜਾਬ ਉਦਯੋਗਿਕ ਤੌਰ ’ਤੇ ਪ੍ਰਫੁੱਲਤ ਸੀ ਅਤੇ ਬੇਰੁਜ਼ਗਾਰੀ ਨਾ-ਮਾਤਰ ਸੀ। ਅੰਮ੍ਰਿਤਸਰ, ਬਟਾਲਾ, ਗੁਰਾਇਆ, ਮੰਡੀ ਗੋਬਿੰਦਗੜ੍ਹ ਵਿੱਚ ਵੱਡੀਆਂ ਉਦਯੋਗਿਕ ਇਕਾਈਆਂ ਸਨ ਜੋ ਹੁਣ ਕੰਢੇ ਹਨ। ਪੰਜਾਬ ਵਿੱਚ ਪਸਰੀ ਬੇਰੁਜ਼ਗਾਰੀ ਨੂੰ ਉਦਯੋਗਿਕ ਵਿਕਾਸ ਤੋਂ ਬਿਨਾਂ ਹੱਲ ਕਰਨਾ ਲਗਭੱਗ ਅਸੰਭਵ ਹੈ। ਬੇਰੁਜ਼ਗਾਰੀ ਪੇਂਡੂ ਖੇਤਰਾਂ ਵਿੱਚ ਵਧੇਰੇ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਖੇਤੀ ਆਧਾਰਿਤ ਉਦਯੋਗਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਨਾਲ ਖੇਤੀ ਰਹਿੰਦ-ਖੂੰਹਦ (ਪਰਾਲੀ ਆਦਿ) ਦੀ ਸਮੱਸਿਆ ਵੀ ਹੱਲ ਹੋ ਸਕਦੀ ਹੈ।
ਮਾਸਟਰ ਤਰਸੇਮ ਸਿੰਘ, ਡਕਾਲਾ (ਪਟਿਆਲਾ)
ਕੁਦਰਤ ਦਾ ਸੰਤੁਲਨ
ਗਰਮੀ ਵਧਣ ਨਾਲ ਮਨੁੱਖ, ਪਸ਼ੂ-ਪੰਛੀ, ਜੀਵ-ਜੰਤੂ ਸਭ ਹਾਲੋਂ-ਬੇਹਾਲ ਹੋ ਰਹੇ ਹਨ। ਇਹ ਤਾਂ ਹੋਣਾ ਹੀ ਹੈ ਜਦੋਂ ਅਸੀਂ ਕੁਦਰਤ ਦੇ ਸੰਤੁਲਨ ਨੂੰ ਵਿਗਾੜਾਂਗੇ ਤਾਂ ਉਸ ਲਈ ਹਰਜਾਨਾ ਤਾਂ ਭਰਨਾ ਹੀ ਪਵੇਗਾ। ਆਪਣੀ ਸਹੂਲਤ ਲਈ ਅਸੀਂ ਘਰਾਂ, ਦਫ਼ਤਰਾਂ, ਹੋਰ ਕਾਰੋਬਾਰੀ ਥਾਵਾਂ ’ਤੇ ਏਅਰਕੰਡੀਸ਼ਨ, ਫਰਿੱਜਾਂ ਆਦਿ ਦੀ ਵਰਤੋਂ ਕਰ ਰਹੇ ਹਾਂ। ਇਨ੍ਹਾਂ ਉਪਕਰਨਾਂ ਦੁਆਰਾ ਛੱਡੀ ਜਾਂਦੀ ਕਲੋਰੋ-ਫਲੋਰੋ-ਕਾਰਬਨ ਵਾਤਾਵਰਨ ਵਿੱਚ ਤਪਸ਼ ਵਧਾ ਰਹੀ ਹੈ। ਸਹੂਲਤਾਂ ਦੇ ਅਸੀਂ ਆਦੀ ਹੋ ਗਏ ਹਾਂ, ਇਨ੍ਹਾਂ ਦੀ ਵਰਤੋਂ ਅਸੀਂ ਛੱਡ ਨਹੀਂ ਸਕਦੇ ਪਰ ਵਿਗੜੇ ਸੰਤੁਲਨ ਨੂੰ ਸੁਧਾਰਨ ਲਈ ਅਸੀਂ ਸਚਮੁੱਚ ਯਤਨ ਕਰਦੇ ਹਾਂ ਜਾਂ ਫਿਰ ਐਵੇਂ ਹੀ ਗੱਲਾਂ ਬਾਤਾਂ ਨਾਲ ਹੀ ਸਾਰ ਲਿਆ ਜਾਂਦਾ ਹੈ। ਦਿਨੋ-ਦਿਨ ਵਧ ਰਹੀ ਤਪਸ਼ ਘਟਾਉਣ ਲਈ ਜੇ ਅਸੀਂ ਦਿਲੋਂ ਕੁਝ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਉਪਕਰਨਾਂ ਵਿੱਚੋਂ ਖ਼ਾਸ ਕਰ ਕੇ ਏਸੀ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਇਉਂ ਇੱਕ ਤਾਂ ਬਿਜਲੀ ਦੀ ਬੱਚਤ ਹੋਵੇਗੀ; ਦੂਜਾ, ਵਾਤਾਵਰਨ ’ਚ ਹੋ ਰਹੇ ਵਿਗਾੜ ਨੂੰ ਕੁਝ ਘਟਾਇਆ ਜਾ ਸਕੇਗਾ।
ਲਾਭ ਸਿੰਘ ਸ਼ੇਰਗਿੱਲ, ਸੰਗਰੂਰ