ਪਾਠਕਾਂ ਦੇ ਖ਼ਤ
ਟਿੱਬਿਆਂ ਦੀਆਂ ਗੱਲਾਂ
3 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਮੋਹਰ ਗਿੱਲ ਸਿਰਸੜੀ ਦੀ ਰਚਨਾ ‘ਟਿੱਬਿਆਂ ਦੀ ਜੂਨ’ ਪੜ੍ਹੀ। ਪੜ੍ਹਦਿਆਂ ਹੀ ਮਨ ਚਾਰ ਦਹਾਕੇ ਪਿੱਛੇ ਪਿੰਡ ਦੇ ਟਿੱਬਿਆਂ ’ਤੇ ਜਾ ਚੜ੍ਹਿਆ ਜਿਵੇਂ ਕੱਲ੍ਹ ਦੀਆਂ ਗੱਲਾਂ ਹੋਣ। ਉਦੋਂ ਜੱਦੀ ਪਿੰਡ ਬੁਢਲਾਡੇ ਦੇ ਚੜ੍ਹਦੇ ਪਾਸੇ ਟਿੱਬੇ ਦਿਸਦੇ ਸਨ। ਤੇਜ਼ ਹਵਾ ਨਾਲ ਕੱਕੇ ਭੂਰੇ ਰੇਤ ਦੀਆਂ ਲਹਿਰਾਂ ਨਾਲ ਚਿੱਤਰਕਾਰੀ ਨਮੂਨੇ ਬਣ ਜਾਂਦੇ। ਕਿਸੇ ਵੱਟ ਨਾਲ ਜਾਂ ਝਾੜੀਆਂ ਵਗੈਰਾ ’ਚ ਰੇਤਾ ਰੁਕ-ਰੁਕ ਕੇ ਟਿੱਬੇ ਦਾ ਰੂਪ ਧਾਰਨ ਕਰ ਜਾਂਦਾ। ਜਦੋਂ ਸਾਉਣ-ਭਾਦੋਂ ਦੀ ਬਰਸਾਤ ਝੜੀ ਲੱਗਦੀ ਤਾਂ ਪਸ਼ੂਆਂ ਦੇ ਹੇਠਾਂ, ਅੰਦਰ ਵੀ ਤੇ ਬਾਹਰ ਵਿਹੜੇ ਵਿੱਚ ਵੀ ਚਿੱਕੜ ਹੋ ਜਾਂਦਾ ਤਾਂ ਇਨ੍ਹਾਂ ਟਿੱਬਿਆਂ ਤੋਂ ਰੇੜ੍ਹੀਆਂ ਗੱਡੇ ਭਰ ਕੇ ਰੇਤਾ ਲਿਆਉਂਦੇ ਕਿ ਪਸ਼ੂ ਸੁੱਕੇ ਥਾਂ ਸੌਖਾ ਬੈਠ ਜਾਣਗੇ। ਮੌਸਮ ਥੋੜ੍ਹਾ ਠੀਕ ਹੁੰਦਾ ਤਾਂ ਇਨ੍ਹਾਂ ਟਿੱਬੇ ਟਿੱਬੀਆਂ ਉੱਤੇ ਮੱਝਾਂ, ਗਾਵਾਂ, ਬਲਦ, ਵੱਛੇ ਵੱਛੀਆਂ, ਸਭ ਨੂੰ ਗਲੋਂ ਰੱਸੇ ਲਾਹ ਕੇ ਲੈ ਜਾਣਾ। ਪਿੰਡ ਨੇੜੇ ਨਿਆਈਂ ਦੇ ਖੇਤਾਂ ’ਚ ਫ਼ਸਲਾਂ ਦੀ ਰਾਖੀ ਲਈ ਪਾਈਆਂ ਉੱਚੀਆਂ ਵੱਟਾਂ (ਭੜੀਆਂ) ਤੇ ਪਸ਼ੂਆਂ ਨੇ ਸਿੰਗ ਫਸਾ-ਫਸਾ ਕੇ ਖੌਰੂ ਪਾਉਣਾ, ਘਰਾਂ ਦੇ ਕਿੱਲਿਆਂ ’ਤੇ ਬੰਨ੍ਹੇ ਅੱਕੇ ਪਸ਼ੂ ਖ਼ੂਬ ਦੁੜੰਗੇ ਲਾਉਂਦੇ। ਫਿਰ ਸੁੱਕੀ ਪੋਲੀ ਠੰਢੀ ਥਾਂ ’ਤੇ ਮੌਜ ਨਾਲ ਬਹਿ ਕੇ ਸੌਂ ਜਾਂਦੇ। ਪਿਛਲੇ ਪਹਿਰ ਚਾਹ ਰੋਟੀ ਵੀ ਘਰ ਦਾ ਕੋਈ ਨਾ ਕੋਈ ਵਿਹਲਾ ਬੰਦਾ ਉੱਥੇ ਹੀ ਛਕਾ ਜਾਂਦਾ। ਉਸ ਵੇਲੇ ਸਾਉਣੀ ਦੀਆਂ ਮਾਰੂ ਫ਼ਸਲਾਂ ਮੀਂਹ ਸਹਾਰੇ ਹੋ ਜਾਂਦੀਆਂ ਸਨ। ਜਿਨ੍ਹਾਂ ਦੇ ਖੇਤ ਮਿਹਨਤ ਨਾਲ ਇਕਸਾਰ ਕੀਤੇ ਹੁੰਦੇ, ਉੱਥੇ ਕਪਾਹ, ਬੇਰੜਾ, ਸਰ੍ਹੋਂ ਤੇ ਹੋਰ ਫ਼ਸਲਾਂ ਵੀ ਹੋ ਜਾਂਦੀਆਂ। ਕਪਾਹ ਵਿੱਚ ਸਬਜ਼ੀ ਲਈ ਟਿੰਡੀਆਂ ਦੇ ਬੀਜ ਖਿੰਡਾ ਦੇਣੇ, ਬਿਨਾਂ ਖਾਦਾਂ ਤੇ ਸਪਰੇਅ ਤੋਂ ਉਹ ਦੇਸੀ ਟਿੰਡੇ ਬਹੁਤ ਹੀ ਸਵਾਦਲੇ ਬਣਦੇ। ਹਾੜ੍ਹੀ ਦੀ ਫ਼ਸਲ ਵਿੱਚ ਛੋਲਿਆਂ ਵਿੱਚ ਸਰ੍ਹੋਂ ਦੀਆਂ ਆਡਾਂ ਦੀ ਖੇਤੀ ਵੀ ਬਹੁਤ ਖ਼ੂਬ ਹੁੰਦੀ। ਹੁਣ ਲੇਖ ਅਨੁਸਾਰ, ਉਹੀ ਲੋਕ ਉਹੀ ਘਰ ਜੋ ਟਿੱਬਿਆਂ ਤੋਂ ਡਰਦੇ ਸੀ, ਹੁਣ ਟਿੱਬਿਆਂ ਨੂੰ ਤਰਸਦੇ ਹਨ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਲੂ ਦੀ ਮਾਰ
ਪਹਿਲੀ ਜੂਨ ਨੂੰ ਛਪੇ ਡਾ. ਗੁਰਿੰਦਰ ਕੌਰ ਦੇ ਲੇਖ ‘ਭਾਰਤ ਗਰਮ ਲਹਿਰਾਂ ਤੋਂ ਨਿਜਾਤ ਕਿਵੇਂ ਪਾਵੇ’ ਵਿੱਚ ਭਾਰਤ ਸਹਿਤ ਸੰਸਾਰ ਭਰ ਦੇ ਊਸ਼ਣ-ਖੰਡ ਦੇ ਦੇਸ਼ਾਂ ਵਿੱਚ ਗਰਮੀ ਰੁੱਤੇ ਪੈਂਦੀ ਅਥਾਹ ਗਰਮੀ ਦੇ ਕਾਰਨਾਂ ਅਤੇ ਪ੍ਰਭਾਵਾਂ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਆਮ ਬੋਲਚਾਲ ਵਿੱਚ ਕਿਸੇ ਸਥਾਨ ਦੇ ਤਾਪਮਾਨ ਬਾਰੇ ਅੰਕੜਿਆਂ ਵਿੱਚੋਂ ਕਿਸੇ ਖ਼ਾਸ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ ਜਦੋਂਕਿ ਘੱਟ ਤੋਂ ਘੱਟ, ਔਸਤ ਅਤੇ ਤਾਪਾਂਤਰ (ਵੱਧ ਤੇ ਘੱਟ ਵਿਚਾਲੇ ਫ਼ਰਕ) ਵੀ ਮਹੱਤਵਪੂਰਨ ਹੁੰਦੇ ਹਨ। ਕੀ ਵਾਤਾਵਰਨ ਦਾ ਵਰਤਾਰਾ ਸਾਧਾਰਨ ਮੌਸਮੀ ਚੱਕਰ ਦੀ ਦੇਣ ਹੈ ਜਾਂ ਜਲਵਾਯੂ ਤਬਦੀਲੀ ਜਾਂ ਫਿਰ ਸਾਡੇ ਬੇਤਹਾਸ਼ਾ ਅਤੇ ਬੇਤਰਤੀਬ ਸ਼ਹਿਰੀਕਰਨ ਦੀ ਦੇਣ ਹੈ। ਪਿੰਡਾਂ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਵਿੱਚ ਰਾਤ ਦੇ ਤਾਪਮਾਨ ਦਾ ਵੱਧ ਹੋਣ ਦਾ ਵੱਡਾ ਕਾਰਨ ਸ਼ਹਿਰਾਂ ਵਿੱਚ ‘ਗਰਮੀ ਟਾਪੂ ਪ੍ਰਭਾਵ’ ਜੋ ਹਵਾ ਦੇ ਵਹਾਅ ਵਿੱਚ ਇਮਾਰਤਾਂ ਦੀਆਂ ਰੁਕਾਵਟਾਂ, ਘੱਟ ਹਰਿਆਵਲ, ਸੜਕਾਂ, ਵਾਹਨਾਂ, ਉਦਯੋਗਾਂ, ਵਾਤਾਨੁਕੂਲ ਯੰਤਰਾਂ ਦੀ ਵਧੇਰੇ ਵਰਤੋਂ ਜਿਹੇ ਅਨੇਕ ਰਲਵੇਂ ਮਿਲਵੇਂ ਕਾਰਨਾਂ ਕਰ ਕੇ ਹੁੰਦਾ ਹੈ। ਜੇ ਨੀਤੀਵਾਨਾਂ ਨੇ ਸ਼ਹਿਰੀਕਰਨ ਬਾਰੇ ਕੁਝ ਠੋਸ ਕਦਮ ਭਵਿੱਖ ਲਈ ਨਾ ਚੁੱਕੇ ਤਾਂ ਸਾਡੀ ਵੱਡੀ ਵਸੋਂ ਇਸ ਗਰਮੀ ਦੀ ਮਾਰ ਦੇ ਗੰਭੀਰ ਸਿੱਟਿਆਂ ਨਾਲ ਨਜਿੱਠਣ ਤੋਂ ਅਸਮਰੱਥ ਹੋ ਜਾਵੇਗੀ।
ਨਵਲੀਸ਼ ਬਿਲਿੰਗ, ਚੰਡੀਗੜ੍ਹ
ਜਮਹੂਰੀਅਤ ਨੂੰ ਖ਼ਤਰਾ
ਪਹਿਲੀ ਜੂਨ ਦਾ ਸੰਪਾਦਕੀ ‘ਜਮਹੂਰੀਅਤ ਦਾ ਦਿਨ’ ਪੜ੍ਹਿਆ। ਖਾਨਾਪੂਰੀ ਹੀ ਲੱਗਿਆ। ਚੰਗਾ ਹੁੰਦਾ ਜੇ ਇਹ ਲਿਖਿਆ ਜਾਂਦਾ ਕਿ ਇਸ ਵਾਰ ਦੀਆਂ ਚੋਣਾਂ ਅਤਿ ਮਾੜੇ ਹਾਲਾਤ ਵਿੱਚ ਹੋਈਆਂ ਹਨ ਜਿੱਥੇ ਪ੍ਰਧਾਨ ਮੰਤਰੀ ਨੇ ਚੋਣ ਜ਼ਾਬਤੇ ਦੀ ਸਭ ਤੋਂ ਵੱਧ ਉਲੰਘਣਾ ਕੀਤੀ ਪਰ ਭਾਰਤੀ ਚੋਣ ਕਮਿਸ਼ਨ ਦੇ ਪੱਖਪਾਤੀ ਰਵੱਈਏ ਕਾਰਨ ਸ਼ਿਕੰਜਾ ਸਿਰਫ਼ ਵਿਰੋਧੀ ਧਿਰਾਂ ’ਤੇ ਹੀ ਕਸਿਆ ਗਿਆ। ਪ੍ਰਧਾਨ ਮੰਤਰੀ ਆਪਣੇ ਹਰ ਭਾਸ਼ਣ ਵਿੱਚ ਇਕ ਖ਼ਾਸ ਭਾਈਚਾਰੇ ਖ਼ਿਲਾਫ਼ ਬੋਲੇ, ਅਜਿਹਾ ਬੋਲਣਾ ਸਮਾਜਿਕ ਤਾਣੇ ਬਾਣੇ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦਾ ਹੈ। ਇਹ ਵਰਤਾਰਾ ਜਮਹੂਰੀਅਤ ਲਈ ਬੇਹੱਦ ਖ਼ਤਰਨਾਕ ਹੈ। ਭਾਜਪਾ ਦਾ ਹਰ ਛੋਟਾ ਵੱਡਾ ਲੀਡਰ ਸੰਵਿਧਾਲ ਬਦਲਣ ਦੀਆਂ ਗੱਲਾਂ ਕਰਦਾ ਹੈ ਪਰ ਪ੍ਰਧਾਨ ਮੰਤਰੀ ਕਹਿ ਰਹੇ ਸਨ ਕਿ ਸੰਵਿਧਾਨ ਨੂੰ ਕੋਈ ਨਹੀਂ ਬਦਲ ਸਕਦਾ। ਉਂਝ ਹਕੀਕਤ ਇਹ ਹੈ ਕਿ ਪ੍ਰਧਾਨ ਮੰਤਰੀ ਸੰਵਿਧਾਨ ਨੂੰ ਖ਼ੁਦ ਮੰਨਦੇ ਕਦੋਂ ਨੇ?
ਸਰਵਨ ਸਿੰਘ, ਈਮੇਲ
ਰੰਗ ਸਤਰੰਗ
ਪਹਿਲੀ ਜੂਨ ਵਾਲਾ ਸਤਰੰਗ ਅੰਕ ਤਰ੍ਹਾਂ-ਤਰ੍ਹਾਂ ਦੇ ਰੰਗਾਂ ਨਾਲ ਸਜਿਆ ਹੋਇਆ ਸੀ। ਕਿਤੇ ਕਿੱਕਲੀ ਪੈ ਰਹੀ ਸੀ, ਕਿਤੇ ਜੇਠ ਨੂੰ ਖੰਡ-ਘਿਉ ਦਿੱਤਾ ਜਾ ਰਿਹਾ ਸੀ। ਕਿਤੇ ਪ੍ਰਕਾਸ਼ ਸਿੰਘ ਦੇ ਚਿੱਤਰ ਵਿੱਚ ਰੰਗ ਭਰੇ ਜਾ ਰਹੇ ਸਨ ਤੇ ਕਿਤੇ ਸੁਰਜੀਤ ਸਿੰਘ ਡੀ ’ਤੇ ਖੜ੍ਹਾ ਹਿੱਟ ਲਾ ਰਿਹਾ ਸੀ। ਸੱਭਿਆਚਾਰ ਦੇ ਨਾਲ-ਨਾਲ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਏ। ਇਜ਼ਰਾਈਲ ਤੇ ਫ਼ਲਸਤੀਨ ਦੀ ਲੜਾਈ ਵਿੱਚ ਬੇਗੁਨਾਹਾਂ ਦੇ ਘਾਣ ਦੀ ਬਾਤ ਅਤੇ ਪੁਰਾਤਨ ਇਤਿਹਾਸ ਦੀ ਬਰਬਾਦੀ ਦਾ ਮੰਜ਼ਰ ਵੇਖਣ ਲਈ ਮਿਲਿਆ। ਸਰਮਾਏਦਾਰੀ ਤਾਕਤਾਂ ਆਪਣੇ ਮਨੋਰੰਜਨ ਲਈ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝ ਕੇ, ਮਣਾਂ ਮੂੰਹੀਂ ਬਾਰੂਦ ਨਾਲ ਵਾਤਾਵਰਨ ਪ੍ਰਦੂਸ਼ਿਤ ਕਰ ਰਹੀਆਂ ਹਨ ਮਗਰ ਕੋਈ ਪੁੱਛਣ-ਦੱਸਣ ਵਾਲਾ ਨਹੀਂ। ਰੋਮ ਸੜ ਰਿਹਾ ਏ ਪਰ ਪਰ ਨੀਰੂ ਬੰਸਰੀ ਵਜਾਉਣ ਵਿੱਚ ਮਸਤ ਏ। ਵਿੱਚ-ਵਿੱਚ ਤੂੰਬੇ ਅਲਗੋਜ਼ੇ ਵੀ ਵੱਜਦੇ ਸੁਣ ਰਹੇ ਹਨ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
ਨਹਿਰੂ ਦੀਆਂ ਬਾਤਾਂ
‘ਨੇਕ ਦਿਲ ਨੇਤਾ ਨਹਿਰੂ ਦੀਆਂ ਬਾਤਾਂ’ (27 ਮਈ, ਲੇਖਿਕਾ ਕਮਲੇਸ਼ ਉੱਪਲ) ਵਿੱਚ ਆਜ਼ਾਦ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਸ਼ਖ਼ਸੀਅਤ ਬਾਰੇ ਪੜ੍ਹ ਕੇ ਛੇ ਦਹਾਕੇ ਪਹਿਲਾਂ ਦਾ ਸਮਾਂ ਯਾਦ ਆ ਗਿਆ; ਖ਼ਾਸਕਰ 27 ਮਈ 1964 ਦੀ ਦੁਪਹਿਰ ਵੇਲੇ ਨਹਿਰੂ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਘਰ-ਘਰ ਵਿੱਚ ਛਾਇਆ ਮਾਤਮ ਅਤੇ ਹੰਝੂਆਂ ਦਾ ਸੈਲਾਬ। ਦਰਅਸਲ ਆਜ਼ਾਦੀ ਤੋਂ ਪਹਿਲਾਂ ਪੈਦਾ ਹੋਈ ਪੀੜ੍ਹੀ ਜਿਹੜੀ ਆਜ਼ਾਦੀ ਦੀਆਂ ਕਹਾਣੀਆਂ ਸੁਣ-ਪੜ੍ਹ ਕੇ ਜਵਾਨ ਹੋਈ, ਉਹੀ ਮਹਿਸੂਸ ਕਰ ਸਕਦੀ ਹੈ ਕਿ ਉਹਦੇ ਲਈ ਨਹਿਰੂ ਦੀ ਕੀ ਅਹਿਮੀਅਤ ਸੀ। ਨਹਿਰੂ ਸਿਰਫ਼ ਸਫ਼ਲ ਰਾਜਨੇਤਾ ਨਹੀਂ ਸਨ, ਉਹ ਇਤਿਹਾਸ ਦੀ ਡੂੰਘੀ ਸਮਝ ਰੱਖਣ ਵਾਲੇ ਵਿਦਵਾਨ ਲੇਖਕ ਅਤੇ ਫਿਲਾਸਫਰ ਹੋਣ ਦੇ ਨਾਲ ਨਾਲ ਸੰਵੇਦਨਸ਼ੀਲ ਇਨਸਾਨ ਵੀ ਸਨ। ਆਜ਼ਾਦ ਮੁਲਕ ਉਸਾਰਨ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਅਜਿਹੇ ਸਮੇਂ ਜਦੋਂ ਲੰਮੀ ਗੁਲਾਮੀ ਦੀਆਂ ਬੇੜੀਆਂ ਤੋਂ ਮੁਕਤ ਹੋਏ ਮੁਲਕ ਸਾਹਮਣੇ ਵੱਡੀਆਂ ਚੁਣੌਤੀਆਂ ਸਨ, ਨਹਿਰੂ ਨੇ ਆਪਣੀ ਵਿਗਿਆਨਕ ਸੋਚ ਦੇ ਆਧਾਰ ’ਤੇ ਮੁਲਕ ਦੀ ਸਰਵਪੱਖੀ ਤਰੱਕੀ ਲਈ ਨਵੀਆਂ ਲੀਹਾਂ ਪਾਈਆਂ। ਸਿੱਖਿਆ ਦੇ ਪਸਾਰ ਲਈ ਸਕੂਲ, ਕਾਲਜ, ਯੂਨੀਵਰਸਿਟੀਆਂ, ਕਲਾ ਸਾਹਿਤ ਨੂੰ ਹੁਲਾਰਾ ਦੇਣ ਵਾਲੀਆਂ ਅਕਾਦਮੀਆਂ, ਭਾਖੜਾ ਵਰਗੇ ਡੈਮ, ਵਿਗਿਆਨਕ ਖੋਜ ਕੇਂਦਰ, ਅੱਜ ਵੀ ਅਜਿਹਾ ਬਹੁਤ ਕੁਝ ਹੈ ਜੋ ਨਹਿਰੂ ਦੇ ਸੁਫ਼ਨਿਆਂ ਅਤੇ ਵਿਉਂਤਬੰਦੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ।
ਸ਼ੋਭਨਾ ਵਿਜ, ਪਟਿਆਲਾ
ਮਾਨਸਿਕਤਾ ਨੂੰ ਹਲੂਣਾ
ਅਵਤਾਰ ਸਿੰਘ ਭੁੱਲਰ, ਕਪੂਰਥਲਾ