ਪਾਠਕਾਂ ਦੇ ਖ਼ਤ
ਜ਼ਿੰਦਗੀ ਦਾ ਤਜਰਬਾ
21 ਮਈ ਦੇ ਅੰਕ ਵਿੱਚ ਰਾਬਿੰਦਰ ਸਿੰਘ ਰੱਬੀ ਦਾ ਮਿਡਲ ‘ਉਲਾਂਭਾ’ ਪੜ੍ਹਿਆ। ਅਧਿਆਪਕ ਜਿਸ ਨੂੰ ਗੁਰੂ ਦੇ ਸਮਾਨ ਮੰਨਿਆ ਜਾਂਦਾ ਹੈ, ਸਾਡੇ ਲਈ ਸਾਰੀ ਉਮਰ ਦਾ ਰਾਹ ਦਸੇਰਾ ਹੁੰਦੇ ਹਨ। ਉਨ੍ਹਾਂ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ। ਅਧਿਆਪਕਾਂ ਦੇ ਖਾਧੇ ਡੰਡੇ ਅਤੇ ਉਨ੍ਹਾਂ ਦੁਆਰਾ ਦਿੱਤੀ ਸਿੱਖਿਆ ਸਦਕਾ ਵਿਦਿਆਰਥੀ ਚੰਗੇ ਅਹੁਦਿਆਂ ’ਤੇ ਪੁੱਜਦੇ ਹਨ। ਫਿਰ ਸਾਨੂੰ ਉਨ੍ਹਾਂ ਪ੍ਰਤੀ ਬਦਲਾਖ਼ੋਰੀ ਦਾ ਉਲਾਂਭਾ ਨਹੀਂ ਸਗੋਂ ਸਤਿਕਾਰ ਹੋਣਾ ਜ਼ਰੂਰੀ ਹੈ।
ਬੂਟਾ ਸਿੰਘ, ਚਤਾਮਲਾ (ਰੂਪਨਗਰ)
(2)
ਰਾਬਿੰਦਰ ਸਿੰਘ ਰੱਬੀ ਦਾ ਮਿਡਲ ‘ਉਲਾਂਭਾ’ (21 ਮਈ) ਭਾਵੇਂ ਨਿੱਕਾ ਜਿਹਾ ਹੈ ਪਰ ਇਸ ਅੰਦਰ ਪੇਸ਼ ਦਰਦ ਬਹੁਤ ਡੂੰਘਾ ਹੈ। ਕਈ ਵਾਰ ਤਾਂ ਮਨ ਬਹੁਤ ਕਲਪਦਾ ਹੈ ਕਿ ਇਹ ਆਧੁਨਿਕ ਸ਼ਹਿਰ ਪੰਜਾਬ ਦੇ ਪਿੰਡ ਉਜਾੜ ਕੇ ਵਸਾਇਆ ਗਿਆ ਪਰ ਇੱਥੇ ਪੰਜਾਬ ਵਾਲਿਆਂ ਨਾਲ ਹੀ ਵਧੀਕੀਆਂ ਹੋ ਰਹੀਆਂ ਹਨ।
ਗੁਰਵੇਲ ਸਿੰਘ, ਰੂਪ ਨਗਰ
ਸ਼ਾਇਰ ਦੀਆਂ ਪਰਤਾਂ
20 ਮਈ ਨੂੰ ਨਜ਼ਰੀਆ ਪੰਨੇ ਉੱਤੇ ਨਵਦੀਪ ਸਿੰਘ ਗੱਲ ਦਾ ਲੇਖ ‘ਪਾਤਰ ਦੀਆਂ ਪਰਤਾਂ’ ਪੜ੍ਹਿਆ। ਲੇਖਕ ਨੇ ਉੱਘੇ ਸ਼ਾਇਰ ਸੁਰਜੀਤ ਪਾਤਰ ਦੇ ਜੀਵਨ ਅਤੇ ਸਾਹਿਤ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। ਆਪਣੀਆਂ ਰਚਨਾਵਾਂ ਵਿੱਚ ਸੁਰਜੀਤ ਪਾਤਰ ਨੇ ਪੰਜਾਬੀ ਦਾ ਪੂਰਾ ਠੁੱਕ ਬੰਨ੍ਹਿਆ ਹੈ। ਸਾਹਿਤ ਦੇ ਖੇਤਰ ਵਿੱਚ ਯੋਗਦਾਨ ਪਾਉਣ ਕਰ ਕੇ ਉਨ੍ਹਾਂ ਨੂੰ ਪਦਮਸ੍ਰੀ ਦਾ ਸਨਮਾਨ ਦਿੱਤਾ ਗਿਆ। ਅੱਜ ਪੰਜਾਬੀ ਪਛੜ ਰਹੀ ਹੈ। ਸਬੰਧਿਤ ਸੰਸਥਾਵਾਂ, ਲੇਖਕਾਂ, ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ ਅਗਲੀਆਂ ਪੀੜ੍ਹੀਆਂ ਨੂੰ ਪੰਜਾਬੀ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਇਹੀ ਸੁਰਜੀਤ ਪਾਤਰ ਵਰਗੀ ਸ਼ਖ਼ਸੀਅਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਗੁਰਮੀਤ ਸਿੰਘ, ਵੇਰਕਾ
ਭਾਜਪਾ ਦਾ ਵਿਰੋਧ
18 ਮਈ ਦਾ ਸੰਪਾਦਕੀ ‘ਭਾਜਪਾ ਦਾ ਵਿਰੋਧ’ ਬੜਾ ਕੁਝ ਬਿਆਨ ਕਰਦਾ ਹੈ। ਕਿਸਾਨਾਂ ਦਾ ਇਹ ਕਹਿਣਾ ਵਾਜਿਬ ਹੈ ਕਿ ਉਨ੍ਹਾਂ ਨੂੰ ਦਿੱਲੀ ਵੜਨ ਤੋਂ ਰੋਕਿਆ ਜਾ ਰਿਹਾ ਹੈ, ਇਸ ਲਈ ਹੁਣ ਸੱਤਾ ’ਤੇ ਕਾਬਜ਼ ਧਿਰ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਧੀਕੀ ਹੀ ਕੀਤੀ ਹੈ। ਅੰਦੋਲਨ ਦੀ ਸਮਾਪਤੀ ਮੌਕੇ ਕੀਤੇ ਵਾਅਦੇ ਸਰਕਾਰ ਨੇ ਨਿਭਾਏ ਨਹੀਂ।
ਕਿਰਪਾਲ ਸਿੰਘ, ਪਟਿਆਲਾ
ਮਨ ਉਦਾਸ ਹੋਇਆ
18 ਮਈ ਦੇ ਸਤਰੰਗ ਪੰਨੇ ’ਤੇ ਅਸ਼ੋਕ ਬਾਂਸਲ ਮਾਨਸਾ ਦੀ ਰਚਨਾ ‘ਚੰਨ ਕੇ ਕਿ ਸ਼ੌਂਕਣ ਮੇਲੇ ਦੀ…’ ਪੜ੍ਹ ਕੇ ਮਨ ਬਹੁਤ ਉਦਾਸ ਹੋਇਆ। ਨੰਦ ਲਾਲ ਨੂਰਪੁਰੀ ਸੰਵੇਦਨਸ਼ੀਲ ਅਤੇ ਖ਼ੁੱਦਾਰ ਸ਼ਖ਼ਸੀਅਤ ਸਨ। ਉਸ ਨੇ ਆਪਣੇ ਗੀਤਾਂ ਵਿੱਚ ਸਮਕਾਲੀਨ ਸਮਾਜ ਦਾ ਨਿਵੇਕਲੇ ਅੰਦਾਜ਼ ਵਿੱਚ ਮੁਲਾਂਕਣ ਕੀਤਾ ਹੈ। ਨੂਰਪੁਰੀ ਨੇ ਸਮੇਂ ਦੀ ਨਬਜ਼ ਪਛਾਣਦਿਆਂ ਕਈ ਕਵਿਤਾਵਾਂ ਅਤੇ ਵਡਮੁੱਲੇ ਗੀਤ ਲਿਖੇ ਜੋ ਵੱਡੇ-ਵੱਡੇ ਕਲਾਕਾਰਾਂ ਨੇ ਗਾਏ। ਵੱਡੀ ਕਬੀਲਦਾਰੀ ਅਤੇ ਘਰ ਦੇ ਮੰਦੇ ਆਰਥਿਕ ਹਾਲਾਤ ਹੋਣ ਦੇ ਬਾਵਜੂਦ ਉਸ ਨੇ ਮਦਦ ਲਈ ਕਿਸੇ ਦੇ ਤਰਲੇ-ਮਿੰਨਤਾਂ ਨਹੀਂ ਕੀਤੇ। ਦੁੱਖ ਦੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਉਸ ਦੀ ਬਾਂਹ ਨਹੀਂ ਫੜੀ। ਉਸ ਦਾ ਖੂਹ ਵਿੱਚ ਛਾਲ ਮਾਰ ਜਾਣਾ ਦਿਲ ਨੂੰ ਝੰਜੋੜ ਕੇ ਰੱਖਣ ਵਾਲਾ ਹੈ। ਆਜ਼ਾਦੀ ਤੋਂ ਬਾਅਦ ਖੁਸ਼ਹਾਲ ਭਾਰਤ ਦੇ ਸੁਫ਼ਨੇ ਲੈਣ ਵਾਲੇ ਨੂਰਪੁਰ ਦੇ ਨੰਦ ਲਾਲ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹਮੇਸ਼ਾ ਅਹਿਸਾਨਮੰਦ ਰਹੇਗਾ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
(2)
18 ਮਈ ਦੇ ਸਤਰੰਗ ਪੰਨੇ ’ਤੇ ਅਸ਼ੋਕ ਬਾਂਸਲ ਮਾਨਸਾ ਦਾ ਲੇਖ ‘ਚੰਨ ਵੇ ਕਿ ਸ਼ੌਂਕਣ ਮੇਲੇ ਦੀ…’ ਪੜ੍ਹਿਆ। ਲੇਖ ਵਿੱਚ ਗੀਤਕਾਰ ਨੰਦ ਲਾਲ ਨੂਰਪੁਰੀ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਨੂਰਪੁਰੀ ਜੀ ਦੇ ਲਿਖੇ ਗੀਤ ਅੱਜ ਵੀ ਨਵੇਂ ਨਿਵੇਕਲੇ ਹਨ। ਇਨ੍ਹਾਂ ਗੀਤਾਂ ਨੂੰ ਆਵਾਜ਼ ਦੇ ਕੇ ਪੰਜਾਬ ਦੇ ਬਥੇਰੇ ਗਾਇਕਾਂ ਨੇ ਪ੍ਰਸਿੱਧੀ ਖੱਟੀ ਪਰ ਇਹ ਡੂੰਘੇ ਦੁੱਖ ਵਾਲੀ ਗੱਲ ਹੈ ਕਿ ਚੋਟੀ ਦੇ ਇਸ ਗੀਤਕਾਰ ਦਾ ਸਾਰਾ ਜੀਵਨ ਤੰਗੀਆਂ-ਤੁਰਸ਼ੀਆਂ ਵਿੱਚ ਹੀ ਗੁਜ਼ਰਿਆ। ਕਿਸੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾ ਨੇ ਉਸ ਦੀ ਮਦਦ ਨਹੀਂ ਕੀਤੀ। ਨੰਦ ਲਾਲ ਨੂਰਪੁਰੀ ਦੀ ਆਤਮ-ਹੱਤਿਆ ਵਾਕਈ ਸਾਡੇ ਸਿਸਟਮ ਦੇ ਮੱਥੇ ’ਤੇ ਕਲੰਕ ਹੈ।
ਹਰਜਿੰਦਰ ਸਿੰਘ ਭਗੜਾਣਾ (ਫਤਹਿਗੜ੍ਹ ਸਾਹਿਬ)
ਆਧੁਨਿਕ ਠੱਗੀਆਂ
15 ਮਈ ਨੂੰ ਨਜ਼ਰੀਆ ਪੰਨੇ ’ਤੇ ਰਵਨੀਤ ਕੌਰ ਨੇ ‘ਠੱਗਾਂ ਦੇ ਕਿਹੜਾ ਹਲ ਚਲਦੇ’ ਵਿੱਚ ਆਧੁਨਿਕ ਤਰੀਕੇ ਰਾਹੀਂ ਮਾਰੀਆਂ ਜਾਂਦੀਆਂ ਠੱਗੀਆਂ ਤੋਂ ਬਚਣ ਬਾਰੇ ਸੁਚੇਤ ਕੀਤਾ ਹੈ। ਸਬੰਧਿਤ ਏਜੰਸੀਆਂ ਵੀ ਸੁਚੇਤ ਕਰਦੀਆਂ ਹਨ ਕਿ ਅਣਜਾਣੇ ਦਾ ਫ਼ੋਨ ਨਹੀਂ ਸੁਣਨਾ, ਓਟੀਪੀ (ਵਨ ਟਾਈਮ ਪਾਸਵਰਡ) ਕਿਸੇ ਨਾਲ ਸਾਂਝਾ ਨਹੀਂ ਕਰਨਾ, ਆਪਣੀ ਵਾਰੀ ਆਉਣ ’ਤੇ ਏਟੀਐੱਮ (ਆਟੋਮੋਟਿਡ ਟੈਲਰ ਮਸ਼ੀਨ) ਦੇ ਅੰਦਰ ਕਿਸੇ ਨੂੰ ਵੜਨ ਨਹੀਂ ਦੇਣਾ। ਇਸ ਦੇ ਬਾਵਜੂਦ ਠੱਗੀ ਵੱਜ ਜਾਂਦੀ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਸਮਾਜ ਦਾ ਸ਼ੀਸ਼ਾ
ਪ੍ਰੋ. ਅਵਤਾਰ ਸਿੰਘ ਦਾ ਮਿਡਲ ‘ਮਾਣਕ ਸਭ ਅਮੋਲਵੇ।।’ (9 ਮਈ) ਸਾਡੇ ਸਮਾਜ ਦਾ ਸ਼ੀਸ਼ਾ ਹੈ। ਇਸ ਸਮਾਜ ਨੂੰ ਅਸੀਂ ਨਿਆਰਾ ਅਤੇ ਨਿਰਾਲਾ ਕਹਿ ਰਹੇ ਹਾਂ ਪਰ ਹਕੀਕਤ ਇਹ ਹੈ ਕਿ ਹਰ ਕੋਈ ਆਪਣੇ ਸਵਾਰਥ ਮੁਤਾਬਿਕ ਚੱਲ ਰਿਹਾ ਹੈ। ਜੇ ਅਜਿਹੇ ਅਧਿਆਪਕ ਹਰ ਥਾਂ ਹੋਣ ਜਿਹੜੇ ਆਪਣੇ ਵਿਦਿਆਰਥੀਆਂ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਰੱਖਦੇ ਹੋਣ ਤਾਂ ਸਮਾਜ ਅੰਦਰ ਵੱਡੀ ਤਬਦੀਲੀ ਸੰਭਵ ਹੈ।
ਹਰਮੇਸ਼ ਸਿੰਘ ਸੇਖੋਂ, ਪਟਿਆਲਾ
ਗ਼ਰੀਬੀ ਦਾ ਜਾਲ
2 ਮਈ ਨੂੰ ਡਾ. ਪ੍ਰਵੀਨ ਬੇਗਮ ਦਾ ਲੇਖ ‘ਕੂੜਾ ਕਬਾੜਾ’ ਪੜ੍ਹਿਆ। ਬਹੁਤ ਸਾਰੇ ਪਰਿਵਾਰ ਮਜਬੂਰੀ ਵਸ ਬੱਚਿਆਂ ਨੂੰ ਪੜ੍ਹਾਉਣ ਦੀ ਥਾਂ ਕੰਮ ਨੂੰ ਤਰਜੀਹ ਦਿੰਦੇ ਹਨ। ਬੱਚਿਆਂ ਨੂੰ ਪੜ੍ਹਾਈ ਵਾਲੀ ਉਮਰ ਵਿੱਚ ਸਿਰਫ਼ ਪੜ੍ਹਾਓ ਤਾਂ ਜੋ ਉਹ ਗ਼ਰੀਬੀ ਦਾ ਜਾਲ ਕੱਟ ਸਕਣ।
ਨਵਜੋਤ ਕੌਰ, ਕੁਠਾਲਾ
ਨਿਆਂਤੰਤਰ ਅਤੇ ਪੱਖਪਾਤ
18 ਮਈ ਦੇ ਨਜ਼ਰੀਆ ਪੰਨੇ ’ਤੇ ਸ੍ਰੀਰਾਮ ਪੰਚੂ ਦਾ ਲੇਖ ‘ਸਖ਼ਤ ਕਾਨੂੰਨਾਂ ਕਾਰਨ ਲੰਮੇਰੀ ਹੁੰਦੀ ਹਿਰਾਸਤ’ ਸਾਡੇ ਨਿਆਂਤੰਤਰ ’ਤੇ ਰੋਸ਼ਨੀ ਪਾਉਂਦਾ ਹੈ। ਪ੍ਰਬੀਰ ਪੁਰਕਾਇਸਬ ਅਤੇ ਅਰਨਬ ਗੋਸਵਾਮੀ (ਦੋਵੇਂ ਪੱਤਰਕਾਰ) ਦੇ ਮਾਮਲਿਆਂ ਰਾਹੀਂ ਨਿਆਂਤੰਤਰ ਵਿਚਲਾ ਪੱਖਪਾਤ ਸਾਹਮਣੇ ਲਿਆਂਦਾ ਗਿਆ ਹੈ। ਅਰਵਿੰਦ ਕੇਜਰੀਵਾਲ ਅਤੇ ਹੋਰ ਸਿਆਸੀ ਕਾਰਕੁਨਾਂ ਦੇ ਕੇਸ ਨਿਆਂਤੰਤਰ ’ਤੇ ਸਿਆਸੀ ਸ਼ਿਕੰਜੇ ਨੂੰ ਉਭਾਰਦੇ ਹਨ। ਜਦ ਕਦੇ ਵੀ ਚਾਰ ਬੰਦਿਆਂ ’ਚ ਇਸ ਬਾਰੇ ਗੱਲ ਕਰਦੇ ਹਾਂ ਤਾਂ ਸੁਨਣ ਨੂੰ ਮਿਲਦਾ ਹੈ: ‘ਛੱਡੋ ਜੀ, ਕਾਨੂੰਨ ਦਾ ਨੱਕ ਮੋਮ ਦਾ ਹੁੰਦਾ ਹੈ, ਜਿੱਧਰ ਮਰਜ਼ੀ ਮੁੜਵਾ ਲਓ।’ ਆਮ ਸ਼ਹਿਰੀ ਵਿੱਚ ਇਹ ਭਾਵਨਾ ਬੜੇ ਗਹਿਰੇ ਸੰਕਟ ਦੀ ਸੂਚਕ ਹੈ ਅਤੇ ਧਰਾਤਲੀ ਹਕੀਕਤ ਦੇ ਬਹੁਤ ਨੇੜੇ ਹੈ। ਸਾਡੇ ਵਿਲੱਖਣ ਧਾਰਮਿਕ-ਸਮਾਜਿਕ ਢਾਂਚੇ ਕਰ ਕੇ ਜਾਤ, ਧਨ-ਦੌਲਤ, ਭਾਈ-ਭਤੀਜਾਵਾਦ, ਸਿਆਸੀ-ਧਾਰਮਿਕ ਵਿਚਾਰਧਾਰਾ ਅਤੇ ਹੋਰ ਅਹਿਮ ਕਾਰਕਾਂ ਦੇ ਸਾਡੇ ਨਿਆਂਤੰਤਰ ’ਤੇ ਪੈਂਦੇ ਪ੍ਰਭਾਵ ਨੂੰ ਸਵੀਕਾਰ ਕਰਨਾ ਪਵੇਗਾ। ਸਥਿਤੀ ਗੰਭੀਰ ਹੈ ਅਤੇ ਸੰਜੀਦਾ ਇਮਾਨਦਾਰ ਪੜਚੋਲ ਹੀ ਕੋਈ ਹੱਲ ਕੱਢ ਸਕਦੀ ਹੈ।
ਜਗਰੂਪ ਸਿੰਘ, ਲੁਧਿਆਣਾ