ਪਾਠਕਾਂ ਦੇ ਖ਼ਤ
ਸਿਆਸੀ ਦਾਖ਼ਲੇ ’ਚ ਆਉਂਦੀ ਦਿੱਕਤ
15 ਮਈ ਦੇ ਅੰਕ ’ਚ ਕੇਂਦਰ ਵੱਲੋਂ ਪਰਮਪਾਲ ਕੌਰ ਸਿੱਧੂ ਆਈਏਐੱਸ ਦੀ ਸਵੈਇੱਛੁਕ ਸੇਵਾਮੁਕਤੀ ਦਾ ਫ਼ੈਸਲਾ ਵਾਪਸ ਲੈਣ ਵਾਲੇ ਘਟਨਾਕ੍ਰਮ ਸਬੰਧੀ ਖ਼ਬਰ ਪੜ੍ਹ ਕੇ ਫ਼ਰਕ ਮਹਿਸੂਸ ਹੋਇਆ ਕਿ ਵਿਧਾਇਕ, ਮੰਤਰੀ ਆਦਿ ਆਪਣੇ ਅਹੁਦਿਆਂ ’ਤੇ ਬਣੇ ਰਹਿਣ ਦੇ ਬਾਵਜੂਦ ਐੱਮਪੀ ਆਦਿ ਦੀ ਕੋਈ ਵੀ ਚੋਣ ਲੜ ਸਕਦੇ ਹਨ। ਜਿੱਤਣ ਤੋਂ ਬਾਅਦ ਉਹ ਮਰਜ਼ੀ ਨਾਲ ਅਸਤੀਫ਼ਾ ਦਿੰਦੇ ਹਨ। ਹਾਰ ਜਾਣ ਦੀ ਹਾਲਤ ਵਿੱਚ ਉਹ ਆਪਣੇ ਪੁਰਾਣੇ ਅਹੁਦੇ ’ਤੇ ਕਾਇਮ ਰਹਿੰਦੇ ਹਨ। ਜ਼ਿਮਨੀ ਚੋਣ ਕਰਵਾਉਣ ’ਤੇ ਸਰਕਾਰ ਨੂੰ ਵਾਧੂ ਖ਼ਰਚ ਕਰਨਾ ਪੈਂਦਾ ਹੈ। ਦੂਸਰੇ ਪਾਸੇ ਜੇ ਕਿਸੇ ਸਰਕਾਰੀ ਮੁਲਾਜ਼ਮ ਨੇ ਪੰਚ, ਸਰਪੰਚ, ਵਿਧਾਇਕ ਆਦਿ ਦੀ ਕੋਈ ਵੀ ਚੋਣ ਲੜਨੀ ਹੋਵੇ ਤਾਂ ਪਹਿਲਾਂ ਉਸ ਨੂੰ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇਣਾ ਪਵੇਗਾ। ਉਹ ਕੁਝ ਦਿਨਾਂ ਦੀ ਛੁੱਟੀ ਲੈ ਕੇ ਵੀ ਕੋਈ ਹੋਰ ਚੋਣ ਨਹੀਂ ਲੜ ਸਕਦਾ। ਪੜ੍ਹੇ ਲਿਖੇ ਮੁਲਾਜ਼ਮਾਂ ਨੂੰ ਸਿਆਸਤ ਵਿੱਚ ਆਉਣ ਲਈ ਅਸਤੀਫ਼ਾ ਪਹਿਲਾਂ ਹੀ ਦੇਣ ਵਾਲੀ ਬਣੀ ਵੱਡੀ ਰੁਕਾਵਟ ਨੂੰ ਸਮਾਜ ਹਿੱਤ ਵਿੱਚ ਖ਼ਤਮ ਕਰਨ ਦੀ ਲੋੜ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਸਿਹਤ ਖੇਤਰ ਵਿਚਲੀ ਅਨੈਤਿਕਤਾ
10 ਮਈ ਦੇ ਅੰਕ ਵਿੱਚ ਡਾ. ਅਰੁਣ ਮਿੱਤਰਾ ਦਾ ਲੇਖ ‘ਬੇਰਹਿਮ ਸਿਹਤ ਬਾਜ਼ਾਰ ਅਤੇ ਸਿਹਤ-ਸੰਭਾਲ’ ਪੜ੍ਹਿਆ। ਲੇਖ ਸਿਹਤ ਖੇਤਰ ਤੇ ਮੰਡੀ ਦੀ ਪਕੜ ਬਾਰੇ ਜਾਣਕਾਰੀ ਦਿੰਦਾ ਹੈ। ਮਹਾਮਾਰੀ ਵਿੱਚ ਹਰ ਖ਼ੁਰਾਕ ’ਤੇ 2000 ਫ਼ੀਸਦੀ ਮੁਨਾਫ਼ਾ ਕਮਾਉਣਾ ‘ਕਥਿਤ ਅਨੈਤਿਕਤਾ’ ਨਹੀਂ, ਸਿਰਫ਼ ਅਨੈਤਿਕਤਾ ਹੈ। ਸਰਕਾਰੀ ਅਦਾਰੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਦੇ ਮੁਖੀ ਨੂੰ ਦਵਾਈਆਂ ਦੀ ਕੀਮਤ ਘਟਾਉਣ ਦੇ ਆਦੇਸ਼ ਦੇਣ ’ਤੇ ਲਾਂਭੇ ਕਰ ਦੇਣਾ, ਬਲੈਕ ਲਿਸਟ ਫਾਰਮਾ ਕੰਪਨੀਆਂ ਨੂੰ ‘ਚੋਣ ਬਾਂਡ’ ਖਰੀਦਣ ਤੋਂ ਬਾਅਦ ਕਲੀਅਰ ਕਰ ਦੇਣਾ ਅਨੈਤਿਕਤਾ ਨਹੀਂ ਤਾਂ ਹੋਰ ਕੀ ਹੈ? ਚੇਤੇ ਰੱਖਣਾ ਚਾਹੀਦਾ ਹੈ ਕਿ ਚੋਣ ਬਾਂਡ ਸਕੀਮ ਨੂੰ ਸੁਪਰੀਮ ਕੋਰਟ ਨੇ ਗ਼ੈਰ-ਸੰਵਿਧਾਨਕ ਕਰਾਰ ਦੇ ਦਿੱਤਾ ਹੈ। ਜਦ ਸਰਕਾਰੀ ਤੰਤਰ ਅਨੈਤਿਕਤਾ ਨੂੰ ਸ਼ਾਬਾਸ਼ੀ ਦੇ ਰਿਹਾ ਹੋਵੇ ਫਿਰ ਸਿਹਤ ਖੇਤਰ ਵਿੱਚ ਜਨਤਕ ਖੇਤਰ ਦੀ ਪੁਨਰ ਸੁਰਜੀਤੀ ਵੀ ਕੀ ਕਰ ਲਵੇਗੀ? ਹਰ ਖੇਤਰ ਵਿੱਚ ਅਨੈਤਿਕਤਾ ਦਾ ਬੋਲਬਾਲਾ ਸਾਡੇ ਸਮਾਜ ਅਤੇ ਸਾਡੀ ਸਿਹਤ ਦਾ ਘਾਣ ਕਰ ਰਿਹਾ ਹੈ।
ਜਗਰੂਪ ਸਿੰਘ, ਲੁਧਿਆਣਾ
ਵੋਟ ਦਾ ਹੱਕ ਖੁੱਸਣ ਦਾ ਖ਼ਤਰਾ
9 ਮਈ ਦੇ ਅੰਕ ਵਿਚ ਸੁੱਚਾ ਸਿੰਘ ਗਿੱਲ ਦਾ ਲੇਖ ‘ਵੋਟ ਅਤੇ ਨੁਮਾਇੰਦਗੀ ਦੇ ਹੱਕ ਖੁੱਸਣ ਦਾ ਖ਼ਤਰਾ’ ਪੜ੍ਹਿਆ। ਚੰਡੀਗੜ੍ਹ, ਸੂਰਤ ਅਤੇ ਇੰਦੌਰ ਦੀਆਂ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਦੇ ਇਰਾਦੇ ਅਤੇ ਰੰਗ-ਢੰਗ ਦੇਖਦਿਆਂ ਤਾਂ ਇਹੋ ਭਾਸਦਾ ਹੈ ਕਿ ਸਾਡੇ ਵੋਟ ਅਤੇ ਨੁਮਾਇੰਦਗੀ ਦੇ ਹੱਕ ਖੁੱਸਣ ਦਾ ਖ਼ਤਰਾ ਵਾਕਈ ਹਕੀਕਤ ਬਣ ਸਕਦਾ ਹੈ। ਜਿਸ ਸਮਾਜ ਵਿੱਚ ਸਿਆਣਪ ਸਿਰਫ਼ ਪੇਤਲੇ ਰੱਬੀ ਗਿਆਨ ਤੱਕ ਹੀ ਮਹਿਦੂਦ ਹੋਵੇ, ਉਸ ਸਮਾਜ ਵਿੱਚ ਮਨੁੱਖੀ ਸੰਵਿਧਾਨ ਵੱਲੋਂ ਦਿੱਤੇ ਹੱਕਾਂ ਦੇ ਖੁੱਸਣ ਦਾ ਖਦਸ਼ਾ ਬਣਿਆ ਹੀ ਰਹੇਗਾ। ਵਿਗਿਆਨਕ ਯੰਤਰਾਂ ਦੀ ਮੱਦਦ ਨਾਲ ਵੋਟਰ ਜਾਗਰੂਕ ਹੋ ਰਹੇ ਹਨ, ਦੇਖਦੇ ਹਾਂ ਕਿੰਨੇ ਕੁ ਸਿਆਸੀ ਆਗੂਆਂ ਦੇ ਵਿਸ਼ਵਾਸਘਾਤੀ ਅਤੇ ਇਖ਼ਲਾਕੀ ਕੈਂਸਰ ਦਾ ਇਲਾਜ ਕਰਦੇ ਹਨ ਅਤੇ ਆਪਣੇ ਹੱਥੋਂ ਖਿਸਕ ਰਹੇ ਅਤਿਅੰਤ ਮੁੱਲਵਾਨ ਵੋਟ ਅਤੇ ਨੁਮਾਇੰਦਗੀ ਦੇ ਹੱਕ ਦੀ ਰਾਖੀ ਕਰਦੇ ਹਨ।
ਜਗਰੂਪ ਸਿੰਘ, ਲੁਧਿਆਣਾ
ਅਨੁਸ਼ਾਸਨ ਦਾ ਪਾਠ ਪੜ੍ਹਾਉਂਦੀ ਐੱਨਸੀਸੀ
7 ਮਈ ਦੇ ਨਜ਼ਰੀਆ ਪੰਨੇ ’ਤੇ ਡਾ. ਸਰਬਜੀਤ ਸਿੰਘ ਦਾ ਲੇਖ ‘ਐੱਨਸੀਸੀ: ਸਿੱਖਿਆ, ਅਨੁਸ਼ਾਸਨ ਅਤੇ ਰੁਜ਼ਗਾਰ’ ਦੇਸ਼ ਦੇ ਨੌਜਵਾਨਾਂ ਲਈ ਐੱਨਸੀਸੀ ਦੀ ਮਹੱਤਤਾ ਨੂੰ ਸਪਸ਼ਟ ਕਰਦਾ ਹੈ। 16 ਜੁਲਾਈ 1948 ਈਸਵੀ ਤੋਂ ਇਹ ਸੰਸਥਾ ਹਜ਼ਾਰਾਂ ਵਿਦਿਆਰਥੀਆਂ ਨੂੰ ਸਿੱਖਿਆ, ਅਨੁਸ਼ਾਸਨ ਦੇ ਨਾਲ ਨਾਲ ਰੁਜ਼ਗਾਰ ਪ੍ਰਾਪਤ ਕਰਨ ਦੇ ਸਾਧਨ ਮੁਹੱਈਆ ਕਰਦੀ ਆ ਰਹੀ ਹੈ। ਜਿਸ ਵਿਦਿਆਰਥੀ ਨੇ ਐੱਨਸੀਸੀ ਦਾ ‘ਬੀ’ ਅਤੇ ‘ਸੀ’ ਗ੍ਰੇਡ ਸਰਟੀਫਿਕੇਟ ਪ੍ਰਾਪਤ ਕੀਤਾ ਹੋਵੇ ਉਸ ਨੂੰ ਆਰਮੀ ਪ੍ਰੀਖਿਆ ਪੇਪਰ ਤੋਂ ਛੋਟ ਹੁੰਦੀ ਹੈ। ਇਸ ਦਾ ਲੋਗੋ ‘ਏਕਤਾ ਤੇ ਅਨੁਸ਼ਾਸਨ’ ਵਿਦਿਆਰਥੀ ਦੇ ਮਨ ਮਸਤਕ ’ਤੇ ਏਕਤਾ ਤੇ ਅਨੁਸ਼ਾਸਨ ਦਾ ਪਾਠ ਉੱਕਰ ਦਿੰਦਾ ਹੈ ਜੋ ਪੂਰੀ ਜ਼ਿੰਦਗੀ ਉਸ ਨੂੰ ਦ੍ਰਿੜ ਸੰਕਲਪੀ ਤੇ ਜ਼ਿੰਦਗੀ ਦਾ ਸ਼ਾਹਅਸਵਾਰ ਬਣਾਈ ਰੱਖਦਾ ਹੈ। ਭਾਰਤ ਸਰਕਾਰ ਨੇ ਨਵੀਂ ਸਿੱਖਿਆ ਨੀਤੀ 2020 ਤਹਿਤ ਐੱਨਸੀਸੀ ਨੂੰ ਚੋਣਵੇਂ ਵਿਸ਼ੇ ਵਜੋਂ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਸਿੱਖਿਆ ਨੀਤੀ 2020 ਤੋਂ ਪਹਿਲਾਂ ਸਕੂਲਾਂ ਕਾਲਜਾਂ ਵਿੱਚ ਐੱਨਸੀਸੀ ਸੀਟਾਂ ਦੀ ਗਿਣਤੀ ਸੀਮਤ ਹੁੰਦੀ ਸੀ ਜਿਸ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਦਾਖਲਾ ਨਾ ਮਿਲਣ ’ਤੇ ਨਿਰਾਸ਼ਾ ਝੱਲਣੀ ਪੈਂਦੀ ਸੀ। ਉਮੀਦ ਕਰਦੇ ਹਾਂ ਕਿ ਵਿਦਿਆਰਥੀ ਇਸ ਦੇ ਆਰਮੀ, ਨੇਵੀ ਜਾਂ ਏਅਰ ਵਿੰਗ ਵਿੱਚੋਂ ਆਪਣੇ ਕਿਸੇ ਪਸੰਦੀਦਾ ਵਿੰਗ ਵਿੱਚ ਦਾਖ਼ਲ ਹੋ ਕੇ ਅਨੁਸ਼ਾਸਨ, ਸਿੱਖਿਆ ਤੇ ਰੁਜ਼ਗਾਰ ਪ੍ਰਾਪਤ ਕਰਨ ਦੇ ਨਾਲ ਨਾਲ ਦੇਸ਼ ਸੇਵਾ ਵਿੱਚ ਵੀ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ।
ਮਾਸਟਰ ਤਰਸੇਮ ਸਿੰਘ, ਡਕਾਲਾ (ਪਟਿਆਲਾ)
ਨਵੇਂ ਧਾਰਮਿਕ ਸਥਾਨ ਉਸਾਰਨ ਤੋਂ ਸੰਕੋਚ ਦੀ ਲੋੜ
7 ਮਈ ਦੇ ਅੰਕ ’ਚ ਖ਼ਬਰਨਾਮਾ ਪੰਨੇ ’ਤੇ ਗਾਇਕ ਘਨ੍ਹੱਈਆ ਮਿੱਤਲ ਦੇ ਵਿਵਾਦਪੂਰਨ ਬਿਆਨ ਦੀ ਖ਼ਬਰ ਸੀ। ਹੁਣ ਸੋਚਣ ਦੀ ਲੋੜ ਤਾਂ ਸਗੋਂ ਇਹ ਹੈ ਕਿ ਲੋਕਾਂ ਨੇ ਹਰੇਕ ਪਿੰਡ, ਸ਼ਹਿਰ ਦੇ ਹਰੇਕ ਗਲੀ ਮੁਹੱਲੇ ਵਿੱਚ ਮੰਦਰ, ਗੁਰਦੁਆਰੇ ਤੇ ਮਸੀਤਾਂ ਆਦਿ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ। ਇਸ ਲਈ ਭਵਿੱਖ ਵਿੱਚ ਥਾਂ ਥਾਂ ਹੋਰ ਨਵੇਂ ਧਾਰਮਿਕ ਅਸਥਾਨ ਉਸਾਰਨ ਤੋਂ ਸੰਕੋਚ ਕਰਨਾ ਹੀ ਠੀਕ ਰਹੇਗਾ। 7 ਮਈ ਦਾ ਪਾਲੀ ਰਾਮ ਬਾਂਸਲ ਦਾ ਲਿਖਿਆ ਮਿਡਲ ‘ਭਰੇ ਗੱਚ ਦਾ ਸਕੂਨ’ ਪੜ੍ਹਿਆ। ਬੈਂਕ ਮੈਨੇਜਰ ਵੱਲੋਂ ਕਰਜ਼ੇ ਦਾ ਖਾਤਾ ਬੰਦ ਕਰਨ ਦਾ ਸਿਫ਼ਾਰਸ਼ੀ ਫੋਨ ਆਉਣ ਤੋਂ ਪਹਿਲਾਂ ਵੀ 3 ਲੱਖ ਦੀ ਬਜਾਏ ਡੇਢ ਲੱਖ ਰੁਪਏ ਭਰਨ ਲਈ ਹੀ ਕਹਿਣਾ ਚਾਹੀਦਾ ਸੀ।
ਸੋਹਣ ਲਾਲ ਗੁਪਤਾ, ਪਟਿਆਲਾ
ਜੋ ਸੁੱਖ ਛੱਜੂ ਦੇ ਚੁਬਾਰੇ...
4 ਮਈ ਦੇ ਨਜ਼ਰੀਆ ਪੰਨੇ ’ਤੇ ਸਤਵਿੰਦਰ ਸਿੰਘ ਮੜੌਲਵੀ ਦੀ ਰਚਨਾ ‘ਚੇਤਿਆਂ ’ਚ ਵਸਿਆ ਪੁਰਾਣਾ ਘਰ’ ਪੜ੍ਹਦਿਆਂ ਬਜ਼ੁਰਗਾਂ ਦੀ ਆਮ ਪ੍ਰਚੱਲਿਤ ਕਹਾਵਤ ਯਾਦ ਆ ਗਈ ਕਿ ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ਼ ਨਾ ਬੁਖਾਰੇ। ਘਰੋਂ ਬਾਹਰ ਜਿੱਥੇ ਮਰਜ਼ੀ ਘੁੰਮਣ ਚਲੇ ਜਾਈਏ... ਜਿੰਨੇ ਮਰਜ਼ੀ ਦੁਨੀਆ ਦੇ ਮਹਿੰਗੇ ਸ਼ਾਹੀ ਪਕਵਾਨ ਖਾ ਲਈਏ... ਪਰ ਫਿਰ ਵੀ ਥੋੜ੍ਹੇ ਚਿਰ ਵਿੱਚ ਹੀ ਘਰ ਚੇਤੇ ਆਉਣ ਲੱਗਦਾ ਹੈ। ਜੋ ਸਬਰ ਸੰਤੋਖ ਤੇ ਸਕੂਨ ਆਪਣੇ ਜੱਦੀ ਪੁਸ਼ਤੀ ਘਰ ਵਿੱਚ ਆ ਕੇ ਮਿਲਦਾ ਹੈ, ਉਹ ਹੋਰ ਕਿਤੇ ਵੀ ਨਹੀਂ। ਮੈਂ ਖ਼ੁਦ ਪਿਛਲੇ 24-25 ਸਾਲ ਤੋਂ ਚੰਡੀਗੜ੍ਹ ਨੇੜੇ ਮੁਹਾਲੀ ਰਹਿ ਰਿਹਾ ਹਾਂ ਪਰ ਆਪਣੀਆਂ ਲਿਖਤਾਂ ਵਿੱਚ ਜ਼ਿਕਰ ਆਪਣੇ ਪਿਛਲੇ ਪਿੰਡ ਭਰੂਰ ਜ਼ਿਲ੍ਹਾ ਸੰਗਰੂਰ ਦਾ ਹੀ ਕਰਦਾ ਹਾਂ। ਆਪਣੀ ਜਨਮ ਭੋਇੰ ਆਪਣੇ ਜੱਦੀ ਪੁਸ਼ਤੀ ਪਿੰਡ/ਘਰ ਦਾ ਮੋਹ ਹੀ ਆਪਣੇ ਪਿਛੋਕੜ ਨਾਲ ਜੋੜੀ ਰੱਖਦਾ ਹੈ।
ਅਮਰਜੀਤ ਮੱਟੂ, ਭਰੂਰ (ਸੰਗਰੂਰ)
ਗੁਰਬਾਣੀ ਪ੍ਰਸਾਰਨ ਸਬੰਧੀ ਬੇਨਤੀ
ਮੈਂ ਰੇਡੀਓ ਸਟੇਸ਼ਨ ਦਾ ਬਹੁਤ ਪੁਰਾਣਾ ਸਰੋਤਾ ਹਾਂ। ਲਗਾਤਾਰ ਜੂਨ 1984 ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਰਤਨ ਸੁਣਦਾ ਆ ਰਿਹਾ ਹਾਂ। ਮਾਰਚ 2023 ਤੋਂ ਸਵੇਰੇ ਕੀਰਤਨ ਰਿਲੇਅ ਰੁਕਾਵਟਾਂ ਭਰਿਆ ਹੁੰਦਾ ਹੈ। ਹਰ ਸਮੇਂ ਗਰਰ-ਗਰਰ ਦੀ ਆਵਾਜ਼ ਆਉਂਦੀ ਰਹਿੰਦੀ ਹੈ ਜਿਸ ਕਰਕੇ ਆਵਾਜ਼ ਸਮਝ ਨਹੀਂ ਆਉਂਦੀ। ਸ਼ਾਮ 4.30 ਵਜੇ ਕੀਰਤਨ ਰਿਲੇਅ ਸਿਸਟਮ ਬਹੁਤ ਹੀ ਮਾੜਾ ਹੁੰਦਾ ਹੈ। ਇਸ ਲਈ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ ਬੇਨਤੀ ਹੈ ਕਿ ਇਸ ਲਈ ਸਬੰਧਿਤ ਤਕਨੀਕੀ ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਕਿ ਸਵੇਰੇ/ਸ਼ਾਮ ਕੀਰਤਨ ਸ਼ੁੱਧ ਸਪਸ਼ੱਟ ਰੂਪ ਵਿੱਚ ਪ੍ਰਸਾਰਿਤ ਹੋਵੇ।
ਜਗਦੀਸ਼ ਖੇਤਲਾ, ਖਰੜ (ਮੁਹਾਲੀ)
ਨਤੀਜਾ ਚਿੰਤਾ ਦਾ ਵਿਸ਼ਾ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਵੱਖ ਵੱਖ ਪ੍ਰਕਾਰ ਦੇ ਸਕੂਲਾਂ ਦੀ ਕੁੱਲ ਪ੍ਰਤੀਸ਼ਤ 93.404 ਰਹੀ ਹੈ ਭਾਵ 6.96 ਫ਼ੀਸਦੀ ਵਿਦਿਆਰਥੀ ਫੇਲ੍ਹ ਹੋ ਗਏ ਹਨ ਜਿਨ੍ਹਾਂ ਦੀ ਕੁੱਲ ਗਿਣਤੀ 19790 ਬਣਦੀ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤ ਲੜਕਿਆਂ ਨਾਲੋਂ ਪੰਜ ਪ੍ਰਤੀਸ਼ਤ ਵੱਧ ਰਹੀ ਹੈ। ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਫ਼ੀਸਦੀ ਸਭ ਤੋਂ ਵੱਧ 94.03 ਹੈ। ਸਰਕਾਰੀ ਖੇਤਰ ਦੇ ਸਕੂਲਾਂ ਦੀ ਪਾਸ ਪ੍ਰਤੀਸ਼ਤ 92.57 ਰਹੀ ਹੈ ਜਦੋਂਕਿ ਏਡਿਡ ਸਕੂਲਾਂ ਦੀ ਪਾਸ ਪ੍ਰਤੀਸ਼ਤ ਸਭ ਤੋਂ ਘੱਟ 91.86 ਰਹੀ ਹੈ ਜਿਸ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਹੱਕ ਅਤੇ ਵਿਰੋਧ ਵਿੱਚ ਅਨੇਕਾਂ ਦਲੀਲਾਂ ਹੋ ਸਕਦੀਆਂ ਹਨ ਪਰ ਬੋਰਡ ਦੀ ਸਮੁੱਚੀ ਪ੍ਰੀਖਿਆ ਵਿੱਚੋਂ 6.96 ਫ਼ੀਸਦੀ ਵਿਦਿਆਰਥੀ ਫੇਲ੍ਹ ਹੋਣਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਵਿਦਿਆਰਥੀ ਅੱਠਵੀਂ ਪੱਧਰ ਤਕ 100 ਫ਼ੀਸਦੀ ਪਾਸ ਹੁੰਦੇ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਦੇ ਫੇਲ੍ਹ ਹੋਣ ਦੇ ਕਾਰਨ ਸਿੱਖਿਆ ਪ੍ਰਣਾਲੀ ਅਤੇ ਪ੍ਰਬੰਧ ਵਿੱਚ ਖਾਮੀਆਂ ਹੋ ਸਕਦੀਆਂ ਹਨ। ਬੋਰਡ ਦੇ ਸਿਲੇਬਸ ਦੇ ਮਿਆਰ ’ਤੇ ਕਿੰਤੂ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਵਿੱਚ ਪੜ੍ਹਨ ਦੀ ਰੁਚੀ ਵਿੱਚ ਕਮੀ ਆਖੀ ਜਾ ਸਕਦੀ ਹੈ। ਸਕੂਲ ਅਧਿਆਪਕਾਂ ਦੀ ਘਾਟ ਅਤੇ ਅਧਿਆਪਕਾਂ ਤੋਂ ਗ਼ੈਰ ਵਿਦਿਅਕ ਕੰਮ ਲਏ ਜਾਣਾ ਹੋ ਸਕਦਾ ਹੈ। ਵਿਦਿਆਰਥੀਆਂ ਦੇ ਘਰ ਦਾ ਮਾਹੌਲ ਠੀਕ ਨਾ ਹੋਣਾ ਅਤੇ ਬੇਰੁਜ਼ਗਾਰੀ ਦੇ ਆਲਮ ਵਿੱਚ ਆਪਣੇ ਹਨੇਰੇ ਭਵਿੱਖ ਨੂੰ ਲੈ ਕੇ ਚਿੰਤਤ ਹੋਣਾ ਆਦਿ ਵੀ ਕਾਰਨ ਹੋ ਸਕਦੇ ਹਨ ਪਰ ਵੀਹ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਦਾ ਸਾਰਾ ਸਾਲ ਮਿਹਨਤ ਕਰਨ ਦੇ ਬਾਵਜੂਦ ਫੇਲ੍ਹ ਹੋ ਜਾਣਾ ਚਿੰਤਾ ਦਾ ਵਿਸ਼ਾ ਹੈ ਜਿਸ ਵੱਲ ਸਰਕਾਰ ਅਤੇ ਬੁੱਧੀਜੀਵੀਆਂ ਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਡਾ. ਰਣਜੋਧ ਸਿੰਘ ਸਿੱਧੂ, ਧਨੇਠਾ (ਪਟਿਆਲਾ)