For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:10 AM May 15, 2024 IST
ਪਾਠਕਾਂ ਦੇ ਖ਼ਤ
Advertisement

ਉਕਾਈਆਂ ਸੋਭਦੀਆਂ ਨਹੀਂ
11 ਮਈ ਦੇ ਸਤਰੰਗ ਪੰਨੇ ’ਤੇ ਕੁਲਦੀਪ ਸਿੰਘ ਸਾਹਿਲ ਦਾ ਲੇਖ ‘ਪੰਜਾਬੀ ਸੱਭਿਆਚਾਰ ਦਾ ਦਰਪਣ ਦੇਵ ਥਰੀਕਿਆਂ ਵਾਲੇ ਦੇ ਗੀਤ’ ਪੜ੍ਹਦਿਆਂ ਬੜੀ ਹੈਰਾਨੀ ਹੋਈ ਕਿ ਕਾਹਨੂੰ ਮਾਰਦੈਂ ਚੰਦਰਿਆ ਛਮਕਾਂ ਮੈਂ ਕੱਚ ਦੇ ਗਲਾਸ ਵਰਗੀ, ਫੇਰ ਰੋਏਂਗਾ ਢਿੱਲੇ ਜਿਹੇ ਬੁੱਲ ਕਰਕੇ ਜਦੋਂ ਦੇਵ ਪੀਤੋ ਮਰਗੀ…। ਇਹ ਗੀਤ ਦੇਵ ਦਾ ਨਹੀਂ ਲਿਖਿਆ। ਇਸ ਗੀਤ ਦਾ ਅਸਲ ਲੇਖਕ ਪ੍ਰਸਿੱਧ ਗ਼ਜ਼ਲਗੋ ਦੀਪਕ ਜੈਤੋਈ ਹੈ ਜਿਨ੍ਹਾਂ ਇਹ ਗੀਤ ਇਸ ਤਰ੍ਹਾਂ ਲਿਖਿਆ; ‘ਕਾਹਨੂੰ ਮਾਰਦੈਂ ਚੰਦਰਿਆ ਛਮਕਾਂ ਮੈਂ ਕੱਚ ਦੇ ਗਲਾਸ ਵਰਗੀ, ਫੇਰ ਰੋਏਂਗਾ ਢਿੱਲੇ ਜਿਹੇ ਬੁੱਲ ਕਰੇ ਵੇ ਪਾਲੀ ਬੀਬਾ ਜਦੋਂ ਮਰਗੀ। ਇਹ ਗੀਤ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਐੱਚਅਐੱਮਵੀ ਵਿੱਚ ਤਵਾ ਰਿਕਾਰਡ ਹੋਇਆ ਸੀ। ਪਾਲੀ ਬੀਬਾ ਜੀ ਦੇ ਘਰਵਾਲੇ ਦਾ ਨਾਂ ਸੀ। ਲੇਖਕ ਇਹ ਵੀ ਲਿਖਦਾ ਹੈ ਕਿ ਕਹਾਣੀਕਾਰ ਦੇਵ ਨੇ ਗੀਤਕਾਰ ਪ੍ਰੇਮ ਕੁਮਾਰ ਸ਼ਰਮਾ ਦੇ ਕਹਿਣ ’ਤੇ ਪਹਿਲੇ ਚਾਰ ਗੀਤ ਲਿਖੇ ਜੋ ਪ੍ਰੇਮ ਕੁਮਾਰ ਸ਼ਰਮਾ ਦੀ ਆਵਾਜ਼ ਵਿੱਚ ਹੀ ਰਿਕਾਰਡ ਹੋਏ ਤੇ ਮਕਬੂਲ ਵੀ ਬੜੇ ਹੋਏ। ਪ੍ਰੇਮ ਕੁਮਾਰ ਸ਼ਰਮਾ ਗੀਤਕਾਰ ਨਹੀਂ, ਉਹ ਸਿਰਫ਼ ਗਾਇਕ ਸੀ। ਜੇ ਉਹ ਗੀਤਕਾਰ ਹੁੰਦਾ ਤਾਂ ਉਸ ਨੂੰ ਦੇਵ ਨੂੰ ਗੀਤ ਲਿਖਣ ਲਈ ਕਿਉਂ ਮਜਬੂਰ ਕਰਨਾ ਪੈਂਦਾ? ਏਨਾ ਵਧੀਆ ਲਿਖਣ ਦੇ ਬਾਵਜੂਦ ਅਜਿਹੀਆਂ ਉਕਾਈਆਂ ਸੁਹਿਰਦ ਲੇਖਕਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਤੇ ਪਾਠਕਾਂ ਨੂੰ ਵੀ ਰੜਕਦੀਆਂ ਹਨ। ਇਸੇ ਤਰ੍ਹਾਂ 7 ਮਈ ਦੇ ਨਜ਼ਰੀਆ ਪੰਨੇ ’ਤੇ ਪਾਲੀ ਰਾਮ ਬਾਂਸਲ ਦੀ ਰਚਨਾ ‘ਭਰੇ ਗੱਚ ਦਾ ਸਕੂਨ’ ਬੜੀ ਦਿਲ-ਟੁੰਬਵੀਂ ਹੈ। ਲੋੜਵੰਦ ਵਿਅਕਤੀ ਔਖੇ ਵੇਲੇ ਰੱਬ ਬਣ ਕੇ ਬਹੁੜੇ ਬੰਦੇ ਲਈ ਮੂੰਹੋਂ ਕੁਝ ਬੋਲ ਨਹੀਂ ਸਕਦਾ ਪਰ ਭਾਵੁਕਤਾ ਵੱਸ ਹੋਇਆ ਭਰੇ ਗੱਚ ਨਾਲ ਪਰਲ-ਪਰਲ ਵਗਦੇ ਹੰਝੂਆਂ ਰਾਹੀਂ ਧੰਨਵਾਦ ਕਰਦਿਆਂ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਾ ਹੈ।
ਅਮਰਜੀਤ ਮੱਟੂ, ਭਰੂਰ (ਸੰਗਰੂਰ)

Advertisement


ਜਾਗਰੂਕਤਾ ਜ਼ਰੂਰੀ
10 ਮਈ ਦੇ ਅੰਕ ਵਿੱਚ ਨਜ਼ਰੀਆ ਪੰਨੇ ’ਤੇ ਛਪੀ ਸੰਪਾਦਕੀ ‘ਖਾਧ ਪਦਾਰਥ ਅਤੇ ਸਿਹਤ’ ਅਜੋਕੇ ਸਮੇਂ ਵਿੱਚ ਵਰਤੇ ਜਾਂਦੇ ਖਾਧ ਪਦਾਰਥਾਂ ਅਤੇ ਉਨ੍ਹਾਂ ਦੇ ਸਿਹਤ ’ਤੇ ਪੈ ਰਹੇ ਮਾਰੂ ਪ੍ਰਭਾਵਾਂ ਪ੍ਰਤੀ ਸੁਚੇਤ ਕਰਦੀ ਹੈ। ਜੀਵਨ ਸ਼ੈਲੀ ਵਿੱਚ ਆ ਰਹੇ ਬਦਲਾਅ ਕਰਕੇ ਸਾਡੇ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਵੀ ਬਦਲਾਅ ਆਇਆ ਹੈ। ਬਾਜ਼ਾਰਾਂ ਵਿੱਚ ਧੜਾਧੜ ਵਿਕ ਰਹੇ ਪੈਕੇਟ ਬੰਦ ਭੋਜਨ ਅਤੇ ਚਰਬੀ ਭਰਪੂਰ ਪਦਾਰਥ ਮਨੁੱਖ ਲਈ ਮੋਟਾਪਾ, ਸ਼ੂਗਰ ਅਤੇ ਹਾਰਟ ਅਟੈਕ ਵਰਗੇ ਖ਼ਤਰਿਆਂ ਵਿੱਚ ਵਾਧਾ ਕਰਦੇ ਹਨ। ਖਾਧ ਪਦਾਰਥਾਂ ਦੀ ਚੋਣ ਕਰਨ ਸਮੇਂ ਉਨ੍ਹਾਂ ਤੱਤਾਂ ਦੀ ਜਾਂਚ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਬਣਨ ਅਤੇ ਮਿਆਦ ਖ਼ਤਮ ਹੋਣ ਦੀ ਵੀ ਪੜਤਾਲ ਕਰਨੀ ਚਾਹੀਦੀ ਹੈ। ਪੌਸ਼ਟਿਕ ਭੋਜਨ ਹੀ ਨਿਰੋਗ ਸਿਹਤ ਦਾ ਆਧਾਰ ਹੈ। ਸੰਤੁਲਿਤ ਭੋਜਨ ਅਤੇ ਰੋਜ਼ਾਨਾ ਕੀਤੀ ਕਸਰਤ ਬਿਮਾਰੀਆਂ ਨੂੰ ਦੂਰ ਰੱਖਦੀ ਹੈ ਅਤੇ ਸਰੀਰ ਨੂੰ ਵੀ ਤਰੋਤਾਜ਼ਾ ਰੱਖਦੀ ਤੇ ਸੁਡੌਲ ਬਣਾਉਂਦੀ ਹੈ। ਸਿਹਤ ਵਿਭਾਗ ਦੇ ਨਾਲ ਨਾਲ ਸਕੂਲਾਂ ਅਤੇ ਗ਼ੈਰ ਸਰਕਾਰੀ ਸੰਗਠਨਾਂ ਨੂੰ ਵੀ ਲੋਕਾਂ ਨੂੰ ਪੌਸ਼ਟਿਕ ਭੋਜਨ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚ ਕੇ ਤੰਦਰੁਸਤ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ।
ਰਜਵਿੰਦਰਪਾਲ ਸ਼ਰਮਾ, ਈ-ਮੇਲ

Advertisement


ਸਿਆਸੀ ਨਿਘਾਰ ਦੇ ਪ੍ਰਤੀਕ ਆਗੂ
6 ਮਈ ਦੇ ਅੰਕ ਵਿੱਚ ਛਪੀ ਖ਼ਬਰ ‘ਚੋਣ ਪ੍ਰਚਾਰ ਤੋਂ ਵੱਡੇ ਸਿਆਸੀ ਆਗੂਆਂ ਨੇ ਪਾਸਾ ਵੱਟਿਆ’ ਪੜ੍ਹ ਕੇ ਹੈਰਾਨੀ ਹੋਈ ਕਿ ਹੁਣ ਇਨ੍ਹਾਂ ਵਿੱਚੋਂ ਵੱਡਾ ਕਿਹੜਾ ਰਹਿ ਗਿਆ ਹੈ? ਹਾਂ, ਉਮਰ ਜਾਂ ਫਿਰ ਸਿਆਸੀ ਜੀਵਨ ਪੱਖੋਂ ਜ਼ਰੂਰ ਵੱਡੇ ਹਨ। ਮੇਰੇ ਵਿਚਾਰ ਵਿਚ ਦਲ-ਬਦਲੀਆਂ ਕਰਨ ਵਾਲੇ ਇਹ ਨੇਤਾ ਰਾਜਨੀਤਕ ਨਿਘਾਰ ਦੇ ਪ੍ਰਤੀਕ ਹਨ ਅਤੇ ਪੰਜਾਬੀਆਂ ਦੇ ਮੂੰਹੋਂ ਲੱਥ ਚੁੱਕੇ ਹਨ। ਇਹ ਜਿਸ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਉਸ ਦੀਆਂ ਵੋਟਾਂ ਤੋੜ ਤਾਂ ਸਕਦੇ ਹਨ ਪਰ ਵੋਟਾਂ ਦਿਵਾ ਨਹੀਂ ਸਕਦੇ। ਇਸ ਕਰਕੇ ਇਹ ਦੂਰੋਂ ਹੀ ਮੇਲਾ ਵੇਖ ਰਹੇ ਹਨ। ਇਨ੍ਹਾਂ ਉੱਪਰ ਸ਼ਾਇਦ ਇਹ ਕਹਾਵਤ ਪੂਰੀ ਤਰ੍ਹਾਂ ਢੁੱਕਦੀ ਹੈ: ਨਾ ਮੈਂ ਖੁੱਲ ਕੇ ਵਾਸੀ ਘਰ ਤੇਰੇ, ਵੇ ਨਾ ਮੇਰਾ ਧਰਮ ਰਿਹਾ।
ਅਵਤਾਰ ਸਿੰਘ, ਮੋਗਾ


ਅਧਿਆਪਕ ਹੋਣ ਦੇ ਅਰਥ
9 ਮਈ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਅਵਤਾਰ ਸਿੰਘ ਦਾ ਛਪਿਆ ਲੇਖ ‘ਮਾਣਕ ਸਭ ਅਮੋਲਵੇ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਇੱਕ ਅਧਿਆਪਕ ਲਈ ਅਧਿਆਪਕ ਬਣ ਹੀ ਜਾਣਾ ਕਾਫ਼ੀ ਨਹੀਂ ਸਗੋਂ ਉਸ ਨੂੰ ਅਧਿਆਪਕ ਹੋਣ ਦਾ ਅਹਿਸਾਸ ਵੀ ਹੋਣਾ ਚਾਹੀਦਾ ਹੈ। ਇਹ ਅਹਿਸਾਸ ਉਸ ਨੂੰ ਇਹ ਯਾਦ ਕਰਵਾਉਂਦਾ ਹੈ ਕਿ ਮਹੀਨਾ ਭਰ ਸਕੂਲ ਵਿੱਚ ਪੜ੍ਹਾ ਕੇ ਉਸ ਦੇ ਇਵਜ਼ ਵਿੱਚ ਵਗਾਰ ਦੇ ਰੂਪ ਵਿੱਚ ਤਨਖ਼ਾਹ ਲੈ ਕੇ ਘਰ ਚਲੇ ਜਾਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੀ ਅਧਿਆਪਕ ਹੋਣਾ ਨਹੀਂ ਅਖਵਾਉਂਦਾ। ਉਂਜ ਤਾਂ ਕੋਈ ਬੰਦਾ ਅਧਿਆਪਨ ਦਾ ਕਿੱਤਾ ਆਪਣੀ ਰੋਜ਼ੀ ਕਮਾਉਣ ਲਈ ਅਪਣਾਉਂਦਾ ਹੈ ਪਰ ਉਸ ਦੀ ਆਪਣੇ ਵਿਦਿਆਰਥੀਆਂ ’ਤੇ ਛੱਡੀ ਛਾਪ ਸਮਾਜ ਨੂੰ ਬਹੁਤ ਕੁਝ ਦੇ ਜਾਂਦੀ ਹੈ। ਡਾਕਟਰਾਂ, ਇੰਜਨੀਅਰਾਂ, ਜੱਜਾਂ, ਸਿਆਸਤਦਾਨਾਂ ਵਾਂਗੂੰ ਚੰਗੇ ਇਨਸਾਨ ਵੀ ਅਧਿਆਪਕ ਦੀ ਹੀ ਉਪਜ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ (ਹੁਸ਼ਿਆਰਪੁਰ)


ਕਿਸਾਨ ਸੰਘਰਸ਼ ਅਤੇ ਚੋਣਾਂ
8 ਮਈ ਦੇ ਨਜ਼ਰੀਆ ਪੰਨੇ ’ਤੇ ਸੁੱਚਾ ਸਿੰਘ ਖੱਟੜਾ ਦਾ ਲੇਖ ‘ਰਾਹ ਦਸੇਰਾ ਕਿਸਾਨ ਸੰਘਰਸ਼ ਅਤੇ ਚੋਣਾਂ’ ਪੜ੍ਹਿਆ। 2020-21 ਦੇ ਕਿਸਾਨੀ ਸੰਘਰਸ਼ ਦੀ ਪ੍ਰਸਿੱਧੀ ਵਿਸ਼ਵ ਵਿੱਚ ਫੈਲ ਗਈ ਸੀ। ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੀਆਂ ਹੋਰ ਯੂਨੀਅਨਾਂ ਦੇ ਨੁਮਾਇੰਦੇ ਇਸ ਸੰਘਰਸ਼ ਨੂੰ ਉਦਾਹਰਨ ਵਜੋਂ ਪੇਸ਼ ਕਰਦੇ ਹਨ ਪਰ ਕਿਸਾਨ ਯੂਨੀਅਨ ਅਹੁਦੇਦਾਰਾਂ ਨੇ ਕੁਝ ਸਮੇਂ ਮਗਰੋਂ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਮੀਦਵਾਰ ਬਣ ਕੇ ਆਪਣੇ ਪੈਰਾਂ ’ਤੇ ਆਪ ਕੁਹਾੜਾ ਮਾਰ ਲਿਆ। ਇਸੇ ਪੰਨੇ ’ਤੇ ਨਿਰੰਜਨ ਬੋਹਾ ਦਾ ਮਿਡਲ ‘ਦੋ ਮਿੰਟ ਦੀ ਗੋਸ਼ਟੀ’ ਪੂੰਜੀਵਾਦ ਦੇ ਇਸ ਦੌਰ ਵਿੱਚ ਖੁਦਗਰਜ਼ੀ ਦੀ ਨਵੀਂ ਪਰਿਭਾਸ਼ਾ ਉਲੀਕਦਾ ਹੈ। ਲੇਖਕ ਨੇ ਆਪਣੀਆਂ ਪੋਤੀਆਂ ਵਿਚਕਾਰ ਖਿਡੌਣੇ ਕਾਰਨ ਹੋਏ ਝਗੜੇ ਦਾ ਕਾਰਨ ਦਰਸਾ ਕੇ ਸਾਡੇ ਪਰਿਵਾਰ, ਸਮਾਜ ਤੇ ਦੇਸ਼ ਵਿੱਚ ਹੋਣ ਵਾਲੇ ਝਗੜੇ ਦੇ ਕਾਰਨਾਂ ਦੀ ਦੱਸ ਪਾਈ ਹੈ।
ਮਾਸਟਰ ਤਰਸੇਮ ਸਿੰਘ, ਡਕਾਲਾ (ਪਟਿਆਲਾ)


ਆਸ ਦੀਆਂ ਕਰੂੰਬਲਾਂ
2 ਮਈ ਨੂੰ ਡਾ. ਪ੍ਰਵੀਨ ਬੇਗਮ ਦਾ ਲੇਖ ‘ਕੂੜਾ ਕਬਾੜਾ’ ਪੜ੍ਹਿਆ ਜੋ ਕਿ ਕਿਤਾਬਾਂ ਦੀ ਮਹੱਤਤਾ ਬਾਰੇ ਸੀ। ਲੇਖਕਾ ਨੇ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਹੈ ਕਿ ਜਦੋਂ ਉਹ ਸਕੂਲ ਜਾਣ ਲਈ ਕੈਬ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਕੁਝ ਬੱਚੇ ਕੂੜੇ ਦੇ ਢੇਰ ਤੋਂ ਕੂੜਾ ਕਬਾੜ ਇਕੱਠਾ ਕਰਦੇ ਹੋਏ ਆਪਸ ਵਿੱਚ ਲੜ ਰਹੇ ਸਨ। ਇੱਕ ਛੋਟਾ ਬੱਚਾ ਜ਼ਰਾ ਡਰਿਆ ਸਹਿਮਿਆ ਜਿਹਾ ਖੜ੍ਹਾ ਸੀ ਤੇ ਉਸਦੇ ਹੱਥ ਵਿੱਚ ਫਟੇਹਾਲ ਕਿਤਾਬ ਸੀ ਜਿਸਦੀ ਜਿਲਦ ਉਖੜੀ ਹੋਈ ਤੇ ਵਰਕੇ ਉਲਟ-ਪੁਲਟ ਸਨ। ਲੇਖਕਾ ਕਿਤਾਬ ਦੇਖ ਕੇ ਹੈਰਾਨ ਰਹਿ ਗਈ। ਉਹ ਕਿਤਾਬ ਇਗਨਾਈਟਡ ਮਾਈਂਡਜ਼ ਡਾ. ਏ ਪੀ ਜੇ ਅਬਦੁਲ ਕਲਾਮ ਦੀ ਲਿਖੀ ਕਿਤਾਬ ਸੀ ਜਿਸ ਨੂੰ ਦੂਜੇ ਬੱਚੇ ਖੋਹ ਕੇ ਰੱਦੀ ਲਈ ਵੇਚ ਕੇ ਪੈਸੇ ਵੱਟਣਾ ਚਾਹੁੰਦੇ ਸਨ। ਪਰੰਤੂ ਉਹ ਛੋਟਾ ਬੱਚਾ ਜੋ ਛੇਵੀਂ ਜਮਾਤ ਵਿੱਚ ਪੜ੍ਹਾਈ ਛੱਡ ਗਿਆ ਸੀ, ਉਹ ਇਹ ਕਿਤਾਬ ਪੜ੍ਹਨਾ ਚਾਹੁੰਦਾ ਸੀ। ਜਦੋਂ ਲੇਖਕਾ ਨੇ ਉਸ ਬੱਚੇ ਤੋਂ ਪੁੱਛਿਆ ਤੈਨੂੰ ਅੰਗਰੇਜ਼ੀ ਪੜ੍ਹਨੀ ਆਉਂਦੀ ਏ, ਉਸ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਦੱਸਿਆ ਕਿ ਪਿਤਾ ਦੀ ਮੌਤ ਹੋਣ ਕਾਰਨ ਪੜ੍ਹਾਈ ਵਿੱਚੇ ਹੀ ਛੱਡਣੀ ਪੈ ਗਈ। ਉਸ ਨੇ ਦੱਸਿਆ ਕਿ ਹੁਣ ਉਹ ਇੱਥੇ ਕੂੜਾ ਚੁੱਕਦਾ ਹੈ। ਮੈਂ ਅਕਸਰ ਕੂੜੇ ਵਿੱਚੋਂ ਅਖ਼ਬਾਰ ਜਾਂ ਹੋਰ ਪੜ੍ਹਨ ਵਾਲੀਆਂ ਚੀਜ਼ਾਂ ਇਕੱਠੀਆਂ ਕਰ ਲੈਂਦਾ ਹਾਂ ਜਦੋਂ ਮੈਨੂੰ ਸਮਾਂ ਮਿਲਦਾ ਹੈ ਤਾਂ ਪੜ੍ਹ ਲੈਂਦਾ ਹਾਂ। ਲੇਖਕਾ ਨੇ ਜਦੋਂ ਪੁੱਛਿਆ ਕਿ ਬੇਟਾ ਤੂੰ ਪੜ੍ਹਕੇ ਕੀ ਕਰਨਾ ਹੈ? ਉਸ ਨੇ ਕਿਹਾ, ‘ਮੈਂ ਪੜ੍ਹ ਲਿਖ ਕੇ ਕੁਲੈਕਟਰ ਬਣਨਾ ਹੈ। ਦੂਜੀ ਤਸਵੀਰ ਵੀ ਹੈਰਾਨੀ ਵਾਲੀ ਹੈ ਕਿ ਕਿੰਨੇ ਸਾਰੇ ਬੱਚੇ ਐਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਪੜ੍ਹਾਈ, ਕਿਤਾਬਾਂ ਤੋਂ ਕਿਵੇਂ ਬੇਮੁਖ ਹੋ ਗਏ। ਸੱਚੀਂ ਸਮਾਜ, ਸਰਕਾਰਾਂ ਅਤੇ ਸਿਵਲ ਸੁਸਾਇਟੀ ਨੂੰ ਇਨ੍ਹਾਂ ਨੂੰ ਇਨ੍ਹਾਂ ਕੂੜੇ ਦੇ ਢੇਰਾਂ ’ਚੋਂ ਆਸ ਲੱਭਦੀਆਂ ਨਵੀਆਂ ਫੁੱਟਦੀਆਂ ਕਰੂੰਬਲਾਂ ਵੱਲ ਤਵੱਜੋ ਦੇਣ ਦੀ ਲੋੜ ਹੈ।
ਹਰਿੰਦਰਜੀਤ ਸਿੰਘ, ਬਿਜਲਪੁਰ (ਪਟਿਆਲਾ)


ਕਿਤਾਬਾਂ ਦੀ ਮਹੱਤਤਾ
ਨਜ਼ਰੀਆ ਅੰਕ ਵਿੱਚ 2 ਮਈ ਨੂੰ ਡਾ. ਪ੍ਰਵੀਨ ਬੇਗਮ ਦਾ ਲੇਖ ‘ਕੂੜਾ ਕਬਾੜਾ’ ਲਾਜਵਾਬ ਪੇਸ਼ਕਾਰੀ ਵਾਲਾ ਲੇਖ ਸੀ। ਲੇਖਕਾ ਦੇ ਲੇਖ ਦਾ ਪਾਤਰ ਭਾਵੇਂ ਅੱਜ ਕਬਾੜ ਵੇਚ ਕੇ ਗੁਜ਼ਾਰਾ ਕਰ ਰਿਹਾ ਸੀ ਪਰ ਉਸ ਦੀ ਕਿਤਾਬਾਂ ਪ੍ਰਤੀ ਖਿੱਚ ਅਗਲੇ ਸਮੇਂ ਵਿੱਚ ਕਿਸੇ ਚੰਗੇ ਅਹੁਦੇ ਦੇ ਅਧਿਕਾਰੀ ਹੋਣ ਦਾ ਸੰਕੇਤ ਦਿੰਦੀ ਹੈ। ਕਬਾੜ ਇਕੱਠਾ ਕਰਨ ਵਾਲੇ ਬੱਚੇ ਦੀ ਕਿਤਾਬਾਂ ਪੜ੍ਹਨ ਵੱਲ ਰੁਚੀ ਅਜੋਕੇ ਵਿਦਿਆਰਥੀ ਵਰਗ ਲਈ ਚੰਗੀ ਸੇਧ ਪੇਸ਼ ਕਰਦੀ ਹੈ। ਜਦੋਂਕਿ ਅਜੋਕੇ ਸਮੇਂ ਵਿੱਚ ਸਾਧਨ ਸੰਪੰਨ ਪਰਿਵਾਰਾਂ ਦੇ ਬੱਚੇ ਕਿਤਾਬਾਂ ਤੋਂ ਦੂਰ ਜਾ ਰਹੇ ਹਨ ਅਤੇ ਮੋਬਾਈਲ ਦੀ ਦੁਨੀਆ ਵੱਲ ਖਿੱਚੇ ਜਾ ਰਹੇ ਹਨ। ਜੋ ਇੱਕ ਕਿਤਾਬ ਕਰ ਸਕਦੀ ਹੈ, ਮੋਬਾਈਲ ਤਕਨਾਲੋਜੀ ਨਹੀਂ ਕਰ ਸਕਦੀ। ਕਾਸ਼! ਸਮੇਂ ਦੀਆਂ ਸਰਕਾਰਾਂ ਇਸ ਗੱਲ ਨੂੰ ਸਮਝਦੀਆਂ ਕਿ ਮੁਫ਼ਤ ਮੋਬਾਈਲ ਡੇਟਾ ਨਾਲੋਂ ਮੁਫ਼ਤ ਕਿਤਾਬਾਂ, ਲਾਇਬ੍ਰੇਰੀਆਂ ਨਰੋਏ ਸਮਾਜ ਦੀਆਂ ਸਿਰਜਣਹਾਰੀਆਂ ਹਨ।

ਮਹਾਵੀਰ ਸਿੰਘ ਸੰਧੂ, ਬਠਿੰਡਾ

Advertisement
Author Image

joginder kumar

View all posts

Advertisement