ਪਾਠਕਾਂ ਦੇ ਖ਼ਤ
ਕੋਵਿਡ ਵੈਕਸੀਨ ਦੀ ਮਾਰ
9 ਮਈ ਵਾਲਾ ਸੰਪਾਦਕੀ ‘ਕੋਵਿਡ ਵੈਕਸੀਨ ਦੀ ਵਿਕਰੀ ਬੰਦ’ ਕਈ ਸਵਾਲ ਖੜ੍ਹੇ ਕਰਦਾ ਹੈ। ਇਹ ਸਿਰਫ਼ ਫਾਰਮਾ ਕੰਪਨੀ ਦੀ ਲਾਲਚੀ ਬਿਰਤੀ ਨੂੰ ਹੀ ਜ਼ਾਹਿਰ ਨਹੀਂ ਕਰਦਾ ਸਗੋਂ ਇਸ ਤੋਂ ਇਹ ਝਲਕ ਵੀ ਮਿਲਦੀ ਹੈ ਕਿ ਮੰਡੀ ਵਿਚਲੀ ਮੁਨਾਫ਼ੇ ਦੀ ਦੌੜ ਅੱਗੇ ਮਨੁੱਖ ਜ਼ਿੰਦਗੀਆਂ ਦੀ ਕੋਈ ਕੀਮਤ ਨਹੀਂ। ਜਿਨ੍ਹਾਂ ਲੱਖਾਂ ਕਰੋੜਾਂ ਲੋਕਾਂ ਨੂੰ ਇਹ ਵੈਕਸੀਨ ਲੱਗ ਗਈ, ਕੀ ਕੰਪਨੀ ਨੈਤਿਕ ਜ਼ਿੰਮੇਵਾਰੀ ਲੈਂਦੀ ਉਨ੍ਹਾਂ ਦੀ ਸਿਹਤ ਦੀ ਜਾਂਚ ਕਰੇਗੀ? ਲੰਡਨ ਵਿੱਚ ਲੋਕ ਇਸ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਹੇ ਹਨ ਪਰ ਭਾਰਤ ਵਰਗੇ ਗ਼ਰੀਬ ਦੇਸ਼ ਵਿੱਚ ਆਮ ਲੋਕ ਅਜਿਹੀ ਕਾਨੂੰਨੀ ਲੜਾਈ ਲੜਨ ਤੋਂ ਅਸਮਰੱਥ ਹਨ। ਇਸ ਦਾ ਦੂਸਰਾ ਪੱਖ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਬਾਰੇ ਹੈ ਜਿਨ੍ਹਾਂ ਨੇ ਲੋਕਾਂ ਨੂੰ ਇਸ ਵੈਕਸੀਨ ਲਈ ਮਜਬੂਰ ਕੀਤਾ। ਕਈ ਥਾਈਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੋਕਣ ਦੀ ਧਮਕੀ ਦਿੱਤੀ ਗਈ। ਕੀ ਸਰਕਾਰਾਂ ਲੋਕਾਂ ਨੂੰ ਹੁਣ ਕੋਈ ਰਾਹਤ ਦੇਣਗੀਆਂ? ਸ਼ਾਇਦ ਨਹੀਂ ਕਿਉਂਕਿ ਰਾਜਨੀਤੀ ਸਿਰਫ਼ ਵਾਹ-ਵਾਹ ਵਿੱਚ ਹੀ ਸਕੂਨ ਮਹਿਸੂਸ ਕਰਦੀ ਹੈ।
ਪਰਮਜੀਤ ਢੀਂਗਰਾ, ਈਮੇਲ
(2)
ਕਰੋਨਾ ਮਹਾਮਾਰੀ ਵੇਲੇ ਕਈ ਲੋਕ ਦਹਿਲ ਨਾਲ ਹੀ ਮਰੇ ਸਨ। ਹੁਣ ਜਦੋਂ ਦਵਾਈ ਕੰਪਨੀ ਨੇ ਕੋਵਿਡ-19 ਵੈਕਸੀਨ ਨਾਲ ਖ਼ੂਨ ਜੰਮਣ ਅਤੇ ਹੋਰ ਦੁਰਪ੍ਰਭਾਵਾਂ ਬਾਰੇ ਅਦਾਲਤ ਵਿੱਚ ਮੰਨ ਲਿਆ ਹੈ ਤਾਂ ਲੋਕ ਇੱਕ ਵਾਰ ਫਿਰ ਦਹਿਲ ਗਏ ਹਨ। ਉਸ ਵਕਤ ਸਰਕਾਰਾਂ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਖੌਫ਼ਜ਼ਦਾ ਕੀਤਾ ਸੀ, ਹੁਣ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਯਕੀਨ ਬੰਨ੍ਹਾਉਣ, ਡਰਾਉਣ ਨਾ।
ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ
ਖੇਤੀ ਵੰਨ-ਸਵੰਨਤਾ
8 ਮਈ ਦਾ ਸੰਪਾਦਕੀ ‘ਨਾੜ ਦੀ ਸਾੜਫੂਕ’ ਪੜ੍ਹਿਆ। ਕਿਸਾਨਾਂ ਵੱਲੋਂ ਕਣਕ ਦੀ ਰਹਿੰਦ-ਖੂੰਹਦ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਦੇ ਹਵਾਲੇ ਕਰਨਾ ਕੋਈ ਨਵੀਂ ਗੱਲ ਨਹੀਂ। ਇਸ ਮਸਲੇ ’ਤੇ ਕੇਂਦਰ ਅਤੇ ਰਾਜ ਸਰਕਾਰਾਂ ਕਿਸਾਨਾਂ ਨਾਲ ਤਾਲਮੇਲ ਰੱਖਣ ਲਈ ਪੂਰੀ ਤਰ੍ਹਾਂ ਸੁਹਿਰਦ ਨਹੀਂ ਹਨ। ਇਸ ਗੱਲੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਇਸ ਰਹਿੰਦ-ਖੂੰਹਦ ਤੋਂ ਪੈਦਾ ਹੋਏ ਧੂੰਏ ਨਾਲ ਵਾਤਾਵਰਨ ਹੀ ਪਲੀਤ ਨਹੀਂ ਹੁੰਦਾ ਬਲਕਿ ਇਸ ਨਾਲ ਹੋਏ ਹਾਦਸਿਆਂ ਵਿਚ ਅਨੇਕਾਂ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਬਿਨਾਂ ਸ਼ੱਕ ਕਣਕ/ਝੋਨਾ ਪੰਜਾਬ ਦੇ ਕਿਸਾਨ ਦੀ ਆਮਦਨ ਦਾ ਮੁੱਖ ਸ੍ਰੋਤ ਹਨ, ਉਹ ਚਾਹ ਕੇ ਵੀ ਇਸ ਨੂੰ ਤਿਆਗ ਨਹੀਂ ਸਕਦਾ। ਅਗਲੀ ਫ਼ਸਲ ਦੀ ਤਿਆਰੀ ਲਈ ਉਸ ਕੋਲ ਬਹੁਤ ਘੱਟ ਸਮਾਂ ਹੁੰਦਾ ਹੈ। ਖੇਤੀ ਵੰਨ-ਸਵੰਨਤਾ ਅਤੇ ਇਸ ਪ੍ਰਤੀ ਸਰਕਾਰਾਂ ਦੀ ਇਮਾਨਦਾਰੀ ਹੀ ਇਸ ਮਸਲੇ ਦਾ ਸਥਾਈ ਹੱਲ ਹੋ ਸਕਦਾ ਹੈ। ਸਥਾਈ ਹੱਲ ਤੋਂ ਬਗੈਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿਣਾ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
(2)
ਸੰਪਾਦਕੀ ‘ਨਾੜ ਦੀ ਸਾੜਫੂਕ’ (8 ਮਈ) ਇਸ ਮਸਲੇ ਦੇ ਕਈ ਪੱਖ ਉਭਾਰਦਾ ਹੈ। ਇਹ ਬਿਲਕੁਲ ਸਹੀ ਹੈ ਕਿ ਇਹ ਮਸਲਾ ਮਹਿਜ਼ ਕਾਨੂੰਨੀ ਨਜ਼ਰੀਏ ਨਾਲ ਨਹੀਂ ਨਜਿੱਠਿਆ ਜਾ ਸਕਦਾ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸਭ ਧਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਹੁਣ ਤੱਕ ਦੇ ਇਤਿਹਾਸ ’ਤੇ ਨਿਗ੍ਹਾ ਮਾਰੀ ਜਾਵੇ ਤਾਂ ਸਾਫ਼ ਹੋ ਜਾਂਦਾ ਹੈ ਕਿ ਇਸ ਬਾਰੇ ਸਰਕਾਰਾਂ ਸੰਜੀਦਾ ਨਹੀਂ ਹਨ। ਕਿਸਾਨ ਜਥੇਬੰਦੀਆਂ ਨੂੰ ਇਸ ਸਬੰਧੀ ਕੋਈ ਪਹਿਲਕਦਮੀ ਕਰਨੀ ਚਾਹੀਦੀ ਹੈ।
ਗੁਰਮੇਜ ਸਿੰਘ, ਬਠਿੰਡਾ
ਮਾਂ ਦੀਆਂ ਗੱਲਾਂ
3 ਮਈ ਨੂੰ ਰਾਵਿੰਦਰ ਫਫੜੇ ਦਾ ਲੇਖ ‘ਮਾਂ ਦੀਆਂ ਗੱਲਾਂ’ ਪੜ੍ਹਿਆ। ਲੇਖਕ ਨੇ ਭਾਵੇਂ ਬਹੁਤ ਕੁਝ ਬਿਆਨ ਕੀਤਾ ਹੈ ਪਰ ਬਹੁਤ ਕੁਝ ਅਜਿਹਾ ਹੈ ਜੋ ਅਣਛੋਹਿਆ ਰਹਿ ਗਿਆ ਹੈ। ਇਹ ਮਾਵਾਂ ਹੀ ਹਨ ਜੋ ਵਿਰਾਸਤ ਅੱਗੇ ਤੋਰਦੀਆਂ ਹਨ, ਤਹਿਜ਼ੀਬ ਸਿਖਾਉਂਦੀਆਂ ਹਨ ਅਤੇ ਬੱਚਿਆਂ ਨੂੰ ਛਲ-ਕਪਟ ਤੋਂ ਦੂਰ ਰੱਖਦੀਆਂ ਹਨ। ਠੀਕ ਹੈ ਕਿ ਤਰੱਕੀਆਂ ਬੰਦੇ ਕੋਲੋਂ ਬਹੁਤ ਕੁਝ ਖੋਹ ਲੈਂਦੀਆਂ ਹਨ ਪਰ ਇਹ ਵੀ ਸਮੇਂ ਦਾ ਵਹਿਣ ਹੈ ਜੋ ਕਦੀ ਰੁਕਦਾ ਨਹੀਂ ਹੈ। ਇਹ ਸਮੇਂ ਦਾ ਸੱਚ ਹੈ। ਰਿਸ਼ਤੇ-ਨਾਤੇ ਨੇੜਤਾ ਭਾਲਦੇ ਹਨ। ਅੱਜ ਕੱਲ੍ਹ ਸਭ ਕੁਝ ਉਲਟਾ-ਪੁਲਟਾ ਹੋ ਿਗਆ ਹੈ। ਕੋਈ ਨਹੀਂ ਪੁੱਛਦਾ, ਚਾਚਾ-ਚਾਚੀ, ਤਾਇਆ-ਤਾਈ, ਮਾਸੀਆਂ, ਮਾਮੀਆਂ, ਭੂਆ, ਭੈਣਾਂ ਆਈਆਂ ਕਿ ਨਹੀਂ! ਅਸੀਂ ਸਭ ਖ਼ੁਦਗਰਜ਼ੀ ਦੇ ਜੰਜਾਲ ਵਿਚ ਫਸ ਕੇ ਆਪਣੀ ਵਿਰਾਸਤ ਦਾ ਵਿਨਾਸ਼ ਕਰ ਰਹੇ ਹਾਂ।
ਰੋਸ਼ਨਜੀਤ ਪਨਾਮ, ਈ-ਮੇਲ
ਬੱਚਿਆਂ ਦੀ ਪੜ੍ਹਾਈ
2 ਮਈ ਨੂੰ ਨਜ਼ਰੀਆ ਪੰਨੇ ’ਤੇ ਡਾ. ਪ੍ਰਵੀਨ ਬੇਗਮ ਦਾ ਮਿਡਲ ‘ਕੂੜਾ ਕਬਾੜਾ’ ਪੜ੍ਹ ਕੇ ਮਨ ਬਹੁਤ ਭਾਵੁਕ ਹੋਇਆ। ਅੱਜ ਦੇ ਸਮੇਂ ਵਿੱਚ ਵੀ ਕਈ ਬੱਚਿਆਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲ ਰਿਹਾ ਜੋ ਮੌਲਿਕ ਅਧਿਕਾਰ ਹੈ। ਸਾਡੇ ਸਿਆਸਤਦਾਨ ਵੱਡੀਆਂ-ਵੱਡੀਆਂ ਗੱਲਾਂ ਕਰ ਕੇ ਦੇਸ਼ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਨਹੀਂ ਥੱਕਦੇ ਪਰ ਹਕੀਕਤ ਕੁਝ ਹੋਰ ਹੈ। ਲੇਖ ਵਿਚਲੇ ਬੱਚੇ ਦੀ ਸੋਚ ਨੂੰ ਵੀ ਸਲਾਮ ਹੈ। ਹਾਲਾਤ ਹੀ ਇਨਸਾਨ ਨੂੰ ਤਰਾਸ਼ਦੇ ਹਨ।
ਪਰਵਿੰਦਰ, ਪਿੰਡ ਸੋਥਾ (ਸ੍ਰੀ ਮੁਕਤਸਰ ਸਾਹਿਬ)
(2)
ਡਾ. ਪ੍ਰਵੀਨ ਬੇਗਮ ਦਾ ਮਿਡਲ ‘ਕੂੜਾ ਕਬਾੜਾ’ ਵਧੀਆ ਸੀ। ਪਿਤਾ ਜੀ ਦੇ ਲੇਖਕ ਹੋਣ ਨਾਤੇ ਮੈਨੂੰ ਪਤਾ ਹੈ ਕਿ ਕਿਸੇ ਰਚਨਾ ਨੂੰ ਲੇਖਕ ਆਪਣੀ ਕਲਾ ਅਤੇ ਕਲਪਨਾ ਨਾਲ ਕਿਵੇਂ ਸ਼ਿੰਗਾਰਦਾ ਹੈ। ਉਂਝ ਜੇ ਲੇਖਕਾ ਬੱਚੇ ਦੇ ਹੱਥ ਦੇਖੀ ਕਿਤਾਬ ਦਾ ਨਾਮ ‘ਇਗਨਾਈਟਡ ਮਾਈਂਡਜ਼’ ਦੀ ਥਾਂ ਕੋਈ ਵਧੀਆ ਪੰਜਾਬੀ ਕਿਤਾਬ ਦਾ ਨਾਮ ਲਿਖ ਦਿੰਦੀ ਤਾਂ ਚੰਗਾ ਸੀ। ਇੱਥੇ ਕਿਹੜਾ ਲੇਖਕਾ ਨੇ ਆਪਣੀ ਪ੍ਰਤਿਭਾ ਦਰਸਾਉਣੀ ਸੀ, ਉਹਨੇ ਤਾਂ ਬੱਚੇ ਦੀ ਕਾਬਲੀਅਤ ਅਤੇ ਰੁਚੀ ਦਰਸਾਉਣੀ ਸੀ ਅਤੇ ਉਹ ਉਸ ਦੀ ਉਮਰ, ਸਮਝ ਅਤੇ ਪਿਛੋਕੜ ਦੇ ਮੇਚ ਦੀ ਹੋਣੀ ਚਾਹੀਦੀ ਸੀ।
ਸ਼ੁਭਮ ਰਿਸ਼ੀ, ਈਮੇਲ
‘ਨੋਟਾ’ ਤਾਂ ਮੈਦਾਨ ਵਿੱਚ ਸੀ
ਭਾਰਤੀ ਚੋਣ ਪ੍ਰਣਾਲੀ ਵਿੱਚ ‘ਨੋਟਾ’ ਦੀ ਆਮਦ 2013 ਤੋਂ ਬਾਅਦ ਹੋਈ ਸੀ। 29 ਅਪਰੈਲ ਵਾਲੇ ਸੰਪਾਦਕੀ ‘ਨੋਟਾ ’ਤੇ ਮੁੜ ਵਿਚਾਰ’ ਵਿੱਚ ‘ਨੋਟਾ’ ’ਤੇ ਮੁੜ ਵਿਚਾਰਨ ਦਾ ਸਵਾਲ ਐਨ ਵਕਤ ਸਿਰ ਉਭਾਰਿਆ ਗਿਆ ਹੈ। ਈਵੀਐੱਮ ’ਤੇ ਨੋਟਾ ਦਾ ਬਟਨ ਦੀ ਚੋਣ ਮੈਦਾਨ ਵਿੱਚ ਮੌਜੂਦਗੀ ਦੇ ਬਾਵਜੂਦ ਭਾਜਪਾ ਦੀ ਉਮੀਦਵਾਰ ਨੂੰ ਜੇਤੂ ਐਲਾਨ ਕਰਨਾ ਨੋਟਾ ’ਤੇ ਮੁੜ ਵਿਚਾਰ ਕਰ ਕੇ ਇਸ ਨੂੰ ਹੋਰ ਸਾਰਥਿਕ ਕਰਨ ਦੀ ਲੋੜ ਜ਼ਾਹਿਰ ਕਰਦਾ ਹੈ। ਸਭ ਉਮੀਦਵਾਰ ਭਾਵੇਂ ਪਿੱਛੇ ਹਟ ਗਏ ਸਨ ਪਰ ‘ਨੋਟਾ’ ਤਾਂ ਮੈਦਾਨ ਵਿੱਚ ਸੀ, ਸੋ ਇਹ ਤਾਂ ਦੇਖਣਾ ਬਣਦਾ ਸੀ ਕਿ ਮੈਦਾਨ ਵਿੱਚ ਰਹਿ ਗਏ ਉਮੀਦਵਾਰ ਨੂੰ ਕਿੰਨੇ ਵੋਟਰ ਨਾਪਸੰਦ ਕਰਦੇ ਹਨ।
ਦਰਸ਼ਨ ਸਿੰਘ ਭੁੱਲਰ, ਬਠਿੰਡਾ
ਕਰਤਾਰ ਰਮਲਾ ਦੇ ਗੀਤ
27 ਅਪਰੈਲ ਦੇ ਸਤਰੰਗ ਦੇ ਇੰਟਰਨੈੱਟ ਪੰਨੇ ’ਤੇ ਸ ਸ ਰਮਲਾ ਦਾ ਕਰਤਾਰ ਰਮਲਾ ਬਾਰੇ ਲੇਖ ‘ਦਮਦਾਰ ਆਵਾਜ਼ ਦਾ ਮਾਲਕ ਸੀ ਕਰਤਾਰ ਰਮਲਾ’ ਜਾਣਕਾਰੀ ਭਰਪੂਰ ਸੀ। ਚਾਰ ਦਹਾਕੇ ਬੀਤ ਜਾਣ ’ਤੇ ਵੀ ਸੁਖਵੰਤ ਸੁੱਖੀ ਅਤੇ ਕਰਤਾਰ ਰਮਲਾ ਦੇ ਗਾਏ ਗੀਤ ਸਰੋਤਿਆਂ ਦੀ ਜ਼ੁਬਾਨ ’ਤੇ ਹਨ। ਜਿਸ ਕਿਸੇ ਵੀ ਗਾਇਕਾ ਨਾਲ ਕਰਤਾਰ ਰਮਲਾ ਦੇ ਗੀਤ ਰਿਕਾਰਡ ਹੋਏ, ਉਹ ਮਿਸਾਲ ਬਣ ਗਏ। ਗਾਇਕਾ ਮਨਜੀਤ ਮਾਨ ਨਾਲ ‘ਸੁਪਨਾ ਹੋਗੀ ਪਾਲੀਏ’ ਗੀਤ ਕਾਫ਼ੀ ਚਰਚਾ ਵਿੱਚ ਰਿਹਾ ਸੀ।
ਰਸ਼ਪਿੰਦਰ ਸਿੰਘ, ਫਰੀਦਕੋਟ
ਸਿੱਖਿਆ ਟੀਚਾ
25 ਅਪਰੈਲ ਦਾ ਸੰਪਾਦਕੀ ‘ਹਰਿਆਣਾ ਦੇ ਸਕੂਲਾਂ ਦੀ ਦਸ਼ਾ’ ਸੂਬੇ ਦੇ ਹਾਕਮਾਂ ਸਮੇਤ ਕੇਂਦਰ ਦੀਆਂ ਸਿੱਖਿਆ ਪ੍ਰਤੀ ਮਾੜੀਆਂ ਨੀਤੀਆਂ ਜ਼ਾਹਿਰ ਕਰਦਾ ਹੈ। ਇਸ ਸੂਰਤ ਵਿੱਚ ਗ਼ਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਕਿੱਧਰ ਜਾਣ? ਇਹ ਨਵ-ਪੂੰਜੀਵਾਦੀ ਪ੍ਰਵਿਰਤੀਆਂ ਸਮਾਜਵਾਦੀ ਵਿਚਾਰਧਾਰਾ ਜਿੱਥੇ ਕਿਸੇ ਕਿਸਮ ਦੀ ਨਾ-ਬਰਾਬਰੀ ਨਾ ਹੋਵੇ, ਦਾ ਦਮਨ ਕਰਦੀਆਂ ਹਨ। ਸਿੱਖਿਆ ਦਾ ਕੋਈ ਟੀਚਾ ਕਿਸੇ ਵੀ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਦਰਜ ਨਹੀਂ।
ਨਨਕਾਣਾ ਜਗਦੀਪ ਸਿੰਘ, ਈਮੇਲ
ਪ੍ਰਧਾਨ ਮੰਤਰੀ ਖ਼ੁਦ ਖੁਲਾਸਾ ਕਰਨ
9 ਮਈ ਦੇ ਅੰਕ ਵਿੱਚ ਮੁੱਖ ਸਫ਼ੇ ’ਤੇ ਕਾਂਗਰਸ ਨੂੰ ਅੰਬਾਨੀ ਅਡਾਨੀ ਤੋਂ ਫੰਡ ਮਿਲਣ ਬਾਰੇ ਪੁੱਛਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਜਪਾ ਨੂੰ ਪਿਛਲੇ ਦਸ ਸਾਲਾਂ ਵਿੱਚ ਇਨ੍ਹਾਂ ਪੂੰਜੀਪਤੀ ਘਰਾਣਿਆਂ ਤੋਂ ਮਿਲੇ ਅਰਬਾਂ ਰੁਪਏ ਦੇ ਚੋਣ ਫੰਡ ਦਾ ਖੁਲਾਸਾ ਕਰਨਾ ਚਾਹੀਦਾ ਹੈ। ਦਰਅਸਲ ਇਹ ਸਰਕਾਰ ਸਿਰਫ਼ ਮੁਨਾਫ਼ਾਖੋਰ ਕਾਰਪੋਰੇਟ ਘਰਾਣਿਆਂ, ਈਡੀ, ਸੀਬੀਆਈ ਅਤੇ ਆਮਦਨ ਕਰ ਵਿਭਾਗ ਦੇ ਆਸਰੇ ਚੱਲ ਰਹੀ ਹੈ। ਇਹੀ ਵਜ੍ਹਾ ਹੈ ਕਿ ਪ੍ਰਧਾਨ ਮੰਤਰੀ ਪਿਛਲੇ ਦਸ ਸਾਲਾਂ ਵਿੱਚ ਇੱਕ ਵੀ ਪ੍ਰੈੱਸ ਕਾਨਫਰੰਸ ਦਾ ਸਾਹਮਣਾ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਕੋਲ ਅਹਿਮ ਮਸਲਿਆਂ ਬਾਰੇ ਕੋਈ ਜਵਾਬ ਨਹੀਂ ਹੈ। ਪ੍ਰਧਾਨ ਮੰਤਰੀ ਵਲੋਂ ਦੋ ਹਫ਼ਤੇ ਪਹਿਲਾਂ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਭਰੇ ਭਾਸ਼ਣ ਉੱਤੇ ਕੇਂਦਰੀ ਚੋਣ ਕਮਿਸ਼ਨ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ।
ਸੁਮੀਤ ਸਿੰਘ, ਅੰਮ੍ਰਿਤਸਰ