ਪਾਠਕਾਂ ਦੇ ਖ਼ਤ
ਈਡੀ ਖ਼ਿਲਾਫ਼ ਸਹੀ ਫ਼ੈਸਲਾ
17 ਮਈ ਦੇ ਸੰਪਾਦਕੀ ‘ਈਡੀ ਨੂੰ ਇੱਕ ਹੋਰ ਝਟਕਾ’ ਵਿੱਚ ਸੁਪਰੀਮ ਕੋਰਟ ਵੱਲੋਂ ਲਿਆ ਗਿਆ ਫ਼ੈਸਲਾ ਬਿਲਕੁਲ ਸਹੀ ਹੈ। ਕਾਫ਼ੀ ਚਿਰ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਰਾਜ ਕਰ ਰਹੀ ਪਾਰਟੀ ਆਪਣੇ ਵਿਰੋਧੀਆਂ ਨੂੰ ਦਬਾਉਣ ਜਾਂ ਚੁੱਪ ਕਰਾਉਣ ਲਈ ਸਰਕਾਰੀ ਏਜੰਸੀਆਂ ਦੀ ਗ਼ਲਤ ਵਰਤੋਂ ਕਰਦੀ ਆ ਰਹੀ ਹੈ। ਈਡੀ, ਐੱਨਆਈਏ, ਸੀਬੀਆਈ ਜਾਂ ਪੁਲੀਸ ਤੋਂ ਛਾਪੇ ਮਰਵਾ ਕੇ ਤੇ ਫਾਲਤੂ ਦੀ ਧੂਹ-ਘਸੀਟ ਕਰਵਾਉਣ ਦਾ ਰੁਝਾਨ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਜੇ ਕੋਈ ਅਖ਼ਬਾਰ ਸੱਚ ਲਿਖਦਾ ਹੈ ਤਾਂ ਉਸ ’ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ। ਜੇ ਕੋਈ ਪੱਤਰਕਾਰ ਖ਼ਬਰ ਲਾ ਦੇਵੇ, ਉਸ ’ਤੇ ਯੂਏਪੀਏ ਦਾ ਪਰਚਾ, ਕੋਈ ਵਿਰੋਧੀ ਧਿਰ ਬੋਲਣ ਦੀ ਕੋਸ਼ਿਸ਼ ਕਰੇ ਉਸ ਨੂੰ ਏਜੰਸੀਆਂ ਦੇ ਛਾਪਿਆਂ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਿਨਾਂ ਕਿਸੇ ਵਾਰੰਟ ਤੋਂ ਬੇਗੁਨਾਹਾਂ ਨੂੰ ਗ੍ਰਿਫ਼ਤਾਰ ਕਰ ਕੇ, ਸਾਲਾਂਬੱਧੀ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ। ਲੋਕ ਰਾਜ ਵਿੱਚ ਸਭ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ, ਬਠਿੰਡਾ
ਕੁਦਰਤੀ ਖ਼ਜ਼ਾਨਾ ਬਚਾਉਣ ਦੀ ਲੋੜ
15 ਮਈ ਦੇ ਪੰਜਾਬੀ ਟ੍ਰਿਬਿਊਨ ਵਿਚ ਅਵਿਜੀਤ ਪਾਠਕ ਦਾ ਲੇਖ ‘ਹਿਮਾਲਿਆ ਦੇ ਇੱਕ ਪਿੰਡ ਦੇ ਸਬਕ’ ਵਿਸ਼ੇਸ਼ ਤੌਰ ’ਤੇ ਸਲਾਹੁਣਯੋਗ ਹੈ। ਉਨ੍ਹਾਂ ਦੇ ਤਿੰਨ ਸਬਕ ਅੱਜ ਦੀ ਭੱਜ-ਦੌੜ ਤੇ ਕਾਹਲ ਵਾਲੀ ਜ਼ਿੰਦਗੀ ਲਈ ਵਰਦਾਨ ਹਨ। ਮੈਨੂੰ ਵੀ ਪਿਛਲੇ ਦਿਨੀਂ ਉਤਰਾਖੰਡ ਵਿੱਚ ਜਾਣ ਤੇ ਘੁੰਮਣ ਦਾ ਮੌਕਾ ਮਿਲਿਆ, ਪਰ ਅਫ਼ਸੋਸ ਇਸ ਗੱਲ ਦਾ ਹੋਇਆ ਕਿ ਅੰਨ੍ਹੇਵਾਹ ਆਵਾਜਾਈ ਤੇ ਪ੍ਰਦੂਸ਼ਣ ਦੇ ਨਾਲ ਨਾਲ ਬੇਤਰਤੀਬੇ ਵਿਕਾਸ ਨੇ ਪਹਾੜਾਂ ਦੇ ਹੁਸਨ, ਸ਼ਾਂਤੀ, ਖਾਮੋਸ਼ੀ ਤੇ ਅਛੋਹ ਕੁਦਰਤ ਨੂੰ ਦਾਗ਼ਦਾਰ ਕਰ ਦਿੱਤਾ ਹੈ। ਅੱਜ ਤੋਂ ਕਈ ਵਰ੍ਹੇ ਪਹਿਲਾਂ ਜਿੰਨਾ ਸਕੂਨ ਤੇ ਸ਼ਾਂਤੀ ਪਹਾੜਾਂ ਦਾ ਹਾਸਲ ਸੀ, ਉਹ ਬਰਬਾਦ ਹੋ ਗਈ ਹੈ। ਲਾਲਚ ਤੇ ਹਵਸ ਨੇ ਪਹਾੜੀ ਤੋਰ ਨੂੰ ਵਿੰਗਾ-ਟੇਢਾ ਕਰ ਦਿੱਤਾ ਹੈ। ਲੇਖਕ ਜਿਨ੍ਹਾਂ ਰੁੱਖਾਂ, ਤਿਤਲੀਆਂ, ਪੰਛੀਆਂ, ਝਰਨਿਆਂ, ਨਦੀਆਂ ਦੀ ਗੱਲ ਕਰ ਰਿਹਾ ਹੈ, ਉਨ੍ਹਾਂ ਨੂੰ ਮੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਬੜਾ ਭਿਆਨਕ ਵਰਤਾਰਾ ਹੈ। ਸਾਡੀ ਖ਼ਪਤ ਬਿਰਤੀ ਵਿੱਚ ਪਹਾੜ ਹੀ ਬਚੇ ਹਨ ਤੇ ਇਨ੍ਹਾਂ ਦੇ ਕੁਦਰਤੀ ਸਰੂਪ ਨੂੰ ਬਚਾਅ ਕੇ ਰੱਖਣ ਦਾ ਅਰਥ ਹੈ ਮਨੁੱਖਤਾ ਨੂੰ ਜੀਆਦਾਨ। ਸਰਕਾਰਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੁਦਰਤ ਦੇ ਇਸ ਅਨਮੋਲ ਖਜ਼ਾਨੇ ਨੂੰ ਜਿਉਂ ਦਾ ਤਿਉਂ ਬਚਾਇਆ ਜਾਵੇ ਤਾਂ ਕਿ ਵੱਧ ਰਹੀ ਆਲਮੀ ਤਪਸ਼ ਨੂੰ ਮੋੜਿਆ ਜਾ ਸਕੇ।
ਪਰਮਜੀਤ ਢੀਂਗਰਾ
ਪਾਤਰ ਐਵਾਰਡ
13 ਮਈ ਦੇ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਛਪੀ ਖ਼ਬਰ ‘ਪੰਜਾਬ ਸਰਕਾਰ ਵੱਲੋਂ ਪਾਤਰ ਐਵਾਰਡ ਸ਼ੁਰੂ ਕਰਨ ਦਾ ਫ਼ੈਸਲਾ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਾਹਿਤਕਾਰ ਕਿਸੇ ਦੇਸ਼, ਕੌਮ ਅਤੇ ਸਮਾਜ ਦਾ ਅਣਮੁੱਲ ਸਰਮਾਇਆ ਹੁੰਦੇ ਹਨ ਤੇ ਇਸ ਸਰਮਾਏ ਨੂੰ ਸੰਭਾਲ ਕੇ ਰੱਖਣਾ ਤੇ ਉਸ ਦਾ ਸਨਮਾਨ ਕਰਨਾ ਕੌਮ ਤੇ ਸਰਕਾਰ ਦਾ ਫਰਜ਼ ਬਣਦਾ ਹੈ। ਖ਼ਬਰ ਪੜ੍ਹ ਕੇ ਇੱਕ ਸਕੂਨ ਮਿਲਦਾ ਹੈ ਕਿ ਸੂਬੇ ਦੀ ਸਰਕਾਰ ਨੇ ਇੱਕ ਸਿਰਮੌਰ ਕਵੀ ਨੂੰ ਆਪਣੀ ਕੌਮ ਅਤੇ ਆਪਣੇ ਸਮਾਜ ਵਿੱਚ ਜਿਊਂਦਾ ਰੱਖਣ ਅਤੇ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ‘ਪਾਵਰ ਐਵਾਰਡ’ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ
ਦੇਵ ਥਰੀਕੇ ਵਾਲਾ
11 ਮਈ ਦੇ ‘ਸਤਰੰਗ’ ਪੰਨੇ ’ਤੇ ਕੁਲਦੀਪ ਸਿੰਘ ਸਾਹਿਲ ਦਾ ‘ਪੰਜਾਬੀ ਸੱਭਿਆਚਾਰ ਦਾ ਦਰਪਣ ਦੇਵ ਥਰੀਕਿਆਂ ਵਾਲੇ ਦੇ ਗੀਤ’ ਜਾਣਕਾਰੀ ਭਰਪੂਰ ਸੀ। ਗੀਤਕਾਰੀ ਖੇਤਰ ਵਿੱਚ ਜਿਹੜੀਆਂ ਮੱਲਾਂ ਦੇਵ ਥਰੀਕੇ ਵਾਲਾ ਮਾਰ ਗਿਆ ਉਹ ਹੋਰ ਕੋਈ ਨਹੀਂ। ਉਸਦੇ ਲਿਖੇ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਨਜ਼ਰ ਆਉਂਦਾ ਹੈ ਜਿਸ ਕਾਰਨ ਲੋਕ ਉਸ ਦੇ ਲਿਖੇ ਗੀਤਾਂ ਨੂੰ ਆਪਣੇ ਪਰਿਵਾਰਾਂ ਵਿੱਚ ਬਹਿ ਕੇ ਸੁਣਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਅਜੋਕੀ ਗੀਤਕਾਰੀ ਅਤੇ ਗਾਇਕੀ ਪੰਜਾਬੀ ਸੱਭਿਆਚਾਰ ਨੂੰ ਖ਼ਤਮ ਕਰਨ ਲੱਗੀ ਹੋਈ ਹੈ। ਘਟੀਆ ਕਿਸਮ ਦੇ ਗੀਤਕਾਰ ਅਤੇ ਗਾਇਕ ਪੰਜਾਬ ਨੂੰ ਅੱਗ ਵੱਲ ਧੱਕ ਰਹੇ ਹਨ ਅਤੇ ਆਪਸੀ ਵੈਰ-ਵਿਰੋਧ ਵਧਾਉਣ ’ਤੇ ਤੁਲੇ ਹੋਏ ਹਨ।
ਹਰਜਿੰਦਰ ਸਿੰਘ ਭਗੜਾਣਾ (ਫਤਹਿਗੜ੍ਹ ਸਾਹਿਬ)
ਆਬਾਦੀ ਸਬੰਧੀ ਅੰਕੜੇ
10 ਮਈ ਦੇ ਪੰਜਾਬੀ ਟ੍ਰਿਬਿਊਨ ਵਿੱਚ ਪਹਿਲੇ ਪੰਨੇ ਤੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਵੱਲੋਂ ਆਬਾਦੀ ਸਬੰਧੀ ਅੰਕੜੇ ਜਾਰੀ ਕਰਨ ਦੀ ਖ਼ਬਰ ਹੈ। ਇਹ ਅੰਕੜੇ ਦਿਨ-ਦਿਹਾੜੇ ਬੋਲਿਆ ਗਿਆ ਚਿੱਟਾ ਝੂਠ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਅੰਕੜੇ 2011 ਦੀ ਮਰਦਮਸ਼ੁਮਾਰੀ ਦੇ ਹਨ ਜੋ ਕਿ 2015 ਵਿੱਚ ਜਾਰੀ ਕੀਤੇ ਗਏ ਸਨ। ਇਨ੍ਹਾਂ ਨੂੰ ਹੁਣ ਚੋਣਾਂ ਮੌਕੇ ਦੁਬਾਰਾ ਜਾਰੀ ਕਰਨ ਦੀ ਕੀ ਤੁਕ ਬਣਦੀ ਹੈ? ਜਦੋਂਕਿ ਮੋਦੀ ਸਰਕਾਰ ਨੇ ਬੇਰੁਜ਼ਗਾਰਾਂ ਦੇ ਅੰਕੜੇ ਦੇਣੇ ਬੰਦ ਕੀਤੇ ਹੋਏ ਹਨ। ਮੈਂ ਇਨ੍ਹਾਂ ਹੀ ਅੰਕੜਿਆਂ ਨੂੰ ਆਪਣੇ ਹਿਸਾਬ ਨਾਲ ਪੇਸ਼ ਕਰਾਂ ਤਾਂ 1951 ਤੋਂ ਲੈ ਕੇ 2011 ਤੱਕ ਹਿੰਦੂਆਂ ਦੀ ਆਬਾਦੀ ਵਿੱਚ 66 ਕਰੋੜ 26 ਲੱਖ ਦਾ ਵਾਧਾ ਹੋਇਆ, ਮੁਸਲਮਾਨਾਂ ਦੀ ਆਬਾਦੀ ਵਿੱਚ 13 ਕਰੋੜ 68 ਲੱਖ। ਇਸ ਤਰ੍ਹਾਂ ਹਿੰਦੂਆਂ ਦੀ ਆਬਾਦੀ ਵਿੱਚ ਮੁਸਲਮਾਨਾਂ ਨਾਲੋਂ 52 ਕਰੋੜ 58 ਲੱਖ ਦਾ ਜ਼ਿਆਦਾ ਵਾਧਾ ਹੋਇਆ ਹੈ। ਇਹ ਅੰਕੜੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਵੱਲੋਂ ਜਾਰੀ ਕੀਤੇ ਗਏ ਹਨ। ਸੁਆਲ ਇਹ ਹੈ ਕਿ ਆਰਥਿਕ ਸਲਾਹਕਾਰ ਕੌਂਸਲ ਵੱਲੋਂ ਅੰਕੜੇ ਆਰਥਿਕਤਾ ਦੇ ਆਧਾਰ ’ਤੇ ਕਿਉਂ ਨਹੀਂ ਜਾਰੀ ਕੀਤੇ ਗਏ? ਧਰਮਾਂ ਦੇ ਆਧਾਰ ’ਤੇ ਕਿਉਂ ਕੀਤੇ ਗਏ? ਜੇਕਰ ਆਰਥਿਕਤਾ ਅਨੁਸਾਰ ਆਬਾਦੀ ਦਾ ਵਾਧਾ ਨੋਟ ਕੀਤਾ ਜਾਵੇ ਤਾਂ ਪਤਾ ਲੱਗੇਗਾ ਕਿ ਸਮਾਜ ਦਾ ਧਨੀ ਅਤੇ ਮੱਧ ਵਰਗ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ, ਉਨ੍ਹਾਂ ਨੇ ਆਬਾਦੀ ਦੀ ਵਾਧਾ ਦਰ ’ਤੇ ਕੰਟਰੋਲ ਕੀਤਾ ਹੈ। ਹਾਸ਼ੀਏ ਤੇ ਧੱਕੇ ਹੋਏ ਗ਼ਰੀਬ ਅਤੇ ਅਨਪੜ੍ਹ ਲੋਕਾਂ ਵਿੱਚ ਆਬਾਦੀ ਵਾਧੇ ਦੀ ਦਰ ਜ਼ਿਆਦਾ ਹੈ। ਇਸ ਲਈ ਜੇਕਰ ਆਬਾਦੀ ਤੇ ਕੰਟਰੋਲ ਕਰਨਾ ਹੈ ਤਾਂ ਲੋਕਾਂ ਦੀ ਗ਼ਰੀਬੀ ਅਤੇ ਅਨਪੜ੍ਹਤਾ ਦੂਰ ਕਰਨੀ ਹੋਵੇਗੀ, ਪਰ ਆਰਥਿਕ ਸਲਾਹਕਾਰ ਕੌਂਸਲ, ਗ਼ਰੀਬੀ ਅਤੇ ਅਨਪੜ੍ਹਤਾ ਦੂਰ ਕਰਨ ਬਾਰੇ ਨਹੀਂ ਸੋਚਦੀ ਸਗੋਂ ਲੋਕਾਂ ਨੂੰ ਧਰਮਾਂ ਦੇ ਆਧਾਰ ’ਤੇ ਲੜਾਉਣਾ ਚਾਹੁੰਦੀ ਹੈ। ਦੇਸ਼ ਦੀ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ?
ਅੰਗਰੇਜ਼ ਸਿੰਘ, ਭਦੌੜ
ਉਰਦੂ ਦਾ ਸੁਹਜ
16 ਮਈ ਨੂੰ ਕੁਲਵਿੰਦਰ ਸਿੰਘ ਮਲੋਟ ਦਾ ‘ਉਰਦੂ ਸਿੱਖਦਿਆਂ’ ..ਮਿਡਲ ਲੇਖ ਪੜ੍ਹਦਿਆਂ ਉਰਦੂ ਸਿੱਖਣ ਦੀ ਆਪਣੀ ਰੀਝ ਵੀ ਯਾਦ ਆਈ ਜਿਹੜੀ ਦੂਜੀ ਜਮਾਤ ਦੇ ਵਿਦਿਆਰਥੀ ਤੱਕ ਦੀ ਸਮਝ ਨਾਲ ਖ਼ਤਮ ਹੋ ਗਈ। ਪੁਰਾਣੀ ਪੀੜ੍ਹੀ ਨੇ ਉਰਦੂ ਦੇ ਸ਼ੇਅਰਾਂ ਦਾ ਸੁਆਦ ਜੋ ਮਾਣਿਆ ਉਹ ਬੇਮਿਸਾਲ ਹੈ। ਰਵਾਨੀ ਤੇ ਵਿਚਾਰ ਪ੍ਰਗਟ ਕਰਨ ਦਾ ਸੁਹਜ ਨਿਰਸੰਦੇਹ ਉਰਦੂ ਜ਼ੁਬਾਂ ਦੀ ਵਿਸ਼ੇਸ਼ ਖਾਸੀਅਤ ਹੈ। ਜਾਂਦੇ ਜਾਂਦੇ ਦੋ ਸ਼ੇਅਰ-ਆਖੋਂ ਮੇਂ ਰਹਾ ਦਿਲ ਮੇਂ ਉਤਰ ਕਰ ਨਹੀਂ ਦੇਖਾ, ਕਸ਼ਤੀ ਕੇ ਮੁਸਾਫ਼ਿਰ ਨੇ ਕਭੀ ਸਮੰਦਰ ਨਹੀਂ ਦੇਖਾ, (ਡਾ. ਬਸ਼ੀਰ ਬਦਰ) ਉਰਦੂ ਜੁਬਾਂ ਨੂੰ ਨੁਕਤਿਆਂ ਦੀ ਭਾਸ਼ਾ ਵੀ ਕਹਿ ਦਿੰਦੇ ਹਨ। ਆਪਸੀ ਸੰਪਰਕ ਦੇ ਮਾਮੂਲੀ ਖੱਪੇ ਨਾਲ ਅਰਥ ਬਦਲ ਜਾਂਦੇ ਹਨ, ਕਿਆ ਗ਼ਜ਼ਬ ਦਾ ਸ਼ੇਅਰ ਹੈ-ਹਮ ਦੁਆ ਲਿਖਤੇ ਰਹੇ, ਤੁਮ ਦਗ਼ਾ ਪੜ੍ਹਤੇ ਰਹੇ; ਏਕ ਨੁਕਤੇ ਨੇ ਮਹਿਰਮ ਸੇ ਮੁਜ਼ਰਮ ਬਨਾ ਦੀਆ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ