ਪਾਠਕਾਂ ਦੇ ਖ਼ਤ
ਵੰਸ਼ਪ੍ਰਸਤੀ
6 ਮਈ ਦੇ ਅੰਕ ਵਿੱਚ ਰਾਜੇਸ਼ ਰਾਮਚੰਦਰਨ ਦਾ ਲੇਖ ‘ਨਵੇਂ ਪੁਰਾਣੇ ਵੰਸ਼ਵਾਦੀਆਂ ਦੀ ਸਿਆਸਤ’ ਪੜ੍ਹਿਆ। ਕਾਂਗਰਸ ਪਾਰਟੀ ਆਜ਼ਾਦੀ ਲਹਿਰ ਦੀ ਉਪਜ ਸੀ। ਇਸ ਦੇ ਤਤਕਾਲੀ ਆਗੂ ਪੱਛਮੀ ਕਾਨੂੰਨ ਦੇ ਮਾਹਿਰ ਸਨ, ਵਿਦੇਸ਼ਾਂ ਵਿੱਚ ਪੜ੍ਹੇ ਸਨ ਅਤੇ ਤਕਰੀਬਨ ਸਾਰੇ ਹੀ ਤਕੜੇ ਵੰਸ਼ ਨਾਲ ਸਬੰਧਿਤ ਸਨ। ਸਮਾਜ ਦਾ ਕਾਂਗਰਸ ਨੂੰ ਦੇਸ਼ਭਗਤੀ ਦੇ ਮੁੱਖ ਵਾਹਕ ਵਜੋਂ ਦੇਖਣਾ ਕੁਦਰਤੀ ਵਰਤਾਰਾ ਸੀ/ਹੈ। ਦੇਸ਼ਭਗਤੀ ਦੀ ਪਰਿਭਾਸ਼ਾ ਬਦਲਣ ਮਗਰੋਂ ਵੰਸ਼ਪ੍ਰਸਤੀ ਬਦਲਣਾ ਵੀ ਗ਼ੈਰ-ਕੁਦਰਤੀ ਨਹੀਂ ਹੈ। ਸਾਡਾ ਸਮਾਜ ਵੰਸ਼ ਨੂੰ ਹੀ ਅਹਿਮੀਅਤ ਦਿੰਦਾ ਸੀ/ਹੈ ਕਿਉਂਕਿ ਅਸੀਂ ਸੰਸਾਰ ਛੱਡਣ ਤੋਂ ਪਹਿਲਾਂ ਸੱਤ ਪੁਸ਼ਤਾਂ ਲਈ ਦੌਲਤ ਇਕੱਠੀ ਕਰਨ ਦੀ ਇੱਛਾ ਪਾਲਦੇ ਆਏ ਹਾਂ। 4 ਮਈ ਨੂੰ ਪ੍ਰੋ. ਅਮਰਜੀਤ ਭੁੱਲਰ ਦਾ ਲੇਖ ‘ਫ਼ਲਸਤੀਨੀ ਗਿਆਨ ਸੋਮਿਆਂ ਦਾ ਘਾਣ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਜ਼ਰਾਈਲ ਅਤੇ ਇਸ ਦੇ ਹਮਾਇਤੀਆਂ ਵੱਲੋਂ ਫ਼ਲਸਤੀਨ ਵਿੱਚ ਕੀਤਾ ਗਿਆਨ ਬਧ (ਹੱਤਿਆ) ਕਿੰਨਾ ਦਿਲ ਕੰਬਾਊ ਹੈ। ਪ੍ਰੋਫ਼ੈਸਰਾਂ ਅਤੇ ਵਿਦਿਆਰਥੀਆਂ ਦੀ ਹੱਤਿਆ ਵਿਰੁੱਧ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਰੋਸ ਮੁਜ਼ਾਹਰੇ ਅਤੇ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ। ਕਿੱਡਾ ਮੰਦਭਾਗਾ ਹੈ ਕਿ ਅਸੀਂ ਮਹਾਨ ਸਭਿਅਤਾ ਦੇ ਵਾਰਿਸ ਚੂੰ ਤੱਕ ਨਹੀਂ ਕਰ ਰਹੇ।
ਜਗਰੂਪ ਸਿੰਘ, ਲੁਧਿਆਣਾ
ਪਾਣੀ ਦੀ ਸੰਭਾਲ
ਦਰਸ਼ਨ ਸਿੰਘ ਦੀ ਰਚਨਾ ‘ਦਰਿਆ ਜਦ ਗਲੀਆਂ ’ਚ ਵਗਦੈ’ ਜੋ 6 ਮਈ ਨੂੰ ਛਪੀ ਹੈ, ਵੱਧ ਤੋਂ ਵੱਧ ਧਿਆਨ ਦੀ ਮੰਗ ਕਰਦੀ ਹੈ। ਪਾਣੀ ਦੀ ਸੰਭਾਲ ਹੁਣ ਮੁੱਖ ਏਜੰਡਾ ਹੋਣਾ ਚਾਹੀਦਾ ਹੈ। ਇਸ ਬਾਰੇ ਸੁਚੇਤ ਹੋ ਕੇ ਹੀ ਵਾਤਾਵਰਨ ਬਾਰੇ ਜਾਗਰੂਕ ਹੋਇਆ ਜਾ ਸਕਦਾ ਹੈ।
ਬਲਬੀਰ ਕੌਰ, ਹੁਸ਼ਿਆਰਪੁਰ
ਮਨੀਪੁਰ ਦੀ ਦਰਿੰਦਗੀ
ਸੰਪਾਦਕੀ ‘ਮਨੀਪੁਰ ’ਚ ਹਿੰਸਾ ਦਾ ਸਾਲ’ (4 ਮਈ) ਪੜ੍ਹਿਆ। ਪਿਛਲੇ ਵਰ੍ਹੇ ਮਨੀਪੁਰ ’ਚ ਹਿੰਸਾ ਹੋਣ ਅਤੇ ਮਨੀਪੁਰ ਦੇ ਵਿਗੜੇ ਹਾਲਾਤ ਤੋਂ ਬਾਅਦ ਕੇਂਦਰ ਤੇ ਰਾਜ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਸੀ। ਕੇਂਦਰ ਸਰਕਾਰ ਨੇ ਭਾਵੇਂ ‘ਬੇਟੀ ਬਚਾਉ, ਬੇਟੀ ਪੜ੍ਹਾਉ’ ਦਾ ਨਾਅਰਾ ਦਿੱਤਾ ਪਰ ਇਸ ਦੇ ਬਾਵਜੂਦ ਮਨੀਪੁਰ ’ਚ ਇੱਕ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਨਿਰਵਸਤਰ ਕਰ ਕੇ ਪਰੇਡ ਕਰਵਾਉਣ ਵਰਗੀ ਸ਼ਰਮਨਾਕ ਘਟਨਾ ਵਾਪਰੀ। ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲਿਆ ਅਤੇ ਕੇਂਦਰ ਤੇ ਮਨੀਪੁਰ ਸਰਕਾਰ ਨੂੰ ਕਾਰਵਾਈ ਬਾਰੇ ਵੀ ਕਿਹਾ ਸੀ ਪਰ ਪਰਨਾਲਾ ਉੱਥੇ ਦਾ ਉੱਥੇ ਹੈ। ਅਸਲ ਵਿੱਚ ਜਿੰਨੀ ਦੇਰ ਅਜਿਹੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ, ਇਨਸਾਫ਼ ਮਿਲਣਾ ਔਖਾ ਹੈ।
ਗੁਰਮੀਤ ਸਿੰਘ, ਵੇਰਕਾ
ਮਹਾਰਾਜਾ ਰਣਜੀਤ ਸਿੰਘ ਦਾ ਰਾਜ
3 ਮਈ ਨੂੰ ‘ਸਾਹਿਤ ਸੰਸਾਰ’ ਪੰਨੇ ’ਤੇ ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ ਦੇ ਲੇਖ ‘ਖਾਲਸਾ ਰਾਜ ਦਾ ਨਿਵੇਕਲਾ ਪੱਖ’ ਵਿਚ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੀ ਕਿਤਾਬ ‘ਖਾਲਸਾ ਰਾਜ ਦੇ ਬਦੇਸ਼ੀ ਕਾਰਿੰਦੇ’ ਬਾਰੇ ਚਰਚਾ ਛੇੜੀ ਗਈ ਹੈ ਕਿ ਕਿਵੇਂ ਉਸ ਸਮੇਂ ਫੌਜ ਵਾਸਤੇ ਉਨ੍ਹਾਂ ਨੇ ਵਿਦੇਸ਼ੀ ਅਫਸਰ ਵੀ ਉੱਚ ਤਨਖਾਹਾਂ ’ਤੇ ਭਰਤੀ ਕੀਤੇ ਹੋਏ ਸਨ। 3 ਮਈ ਨੂੰ ਹੀ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦੇ ਲੇਖ ‘ਨਾਕਾਮੀ ਦਾ ਬਦਨੁਮਾ ਦਾਗ਼’ ਵਿਚ ਪੜ੍ਹੇ-ਲਿਖੇ ਨੌਜਵਾਨਾਂ ਦਾ ਦਰਦ ਬਿਆਨ ਕੀਤਾ ਿਗਆ ਹੈ ਕਿ ਪਿੰਡਾਂ ਦੇ ਬੱਚੇ ਵੀ ਮਨ ਵਿਚ ਇੱਛਾ ਰੱਖਦੇ ਹਨ ਕਿ ਉਹ ਵੀ ਪੜ੍ਹ ਕੇ ਡੀਸੀ/ਕੁਲੈਕਟਰ, ਤਹਿਸੀਲਦਾਰ ਤੇ ਹੋਰ ਉੱਚੇ ਅਹੁਦੇ ’ਤੇ ਪੁੱਜਣ ਪਰ ਅਫਸੋਸ ਜੋ ਅਦਾਰੇ ਇਹ ਭਰਤੀਆਂ ਕਰਦੇ ਹਨ, ਉਹ ਸਰਕਾਰਾਂ ਲਈ ਚਿੱਟੇ ਹਾਥੀ ਸਾਬਤ ਹੋ ਰਹੇ ਹਨ। 3 ਮਈ ਨੂੰ ਹੀ ਛਪਿਆ ਰਾਵਿੰਦਰ ਫਫੜੇ ਦਾ ਮਿਡਲ ‘ਮਾਂ ਦੀਆਂ ਗੱਲਾਂ’ ਉਨ੍ਹਾਂ ਮਾਪਿਆਂ ਦੀ ਗੱਲ ਕਰਦਾ ਹੈ ਜੋ ਰਿਸ਼ਤਿਆਂ ’ਚ ਆਏ ਨਿਘਾਰ ਦਾ ਦਰਦ ਹੰਢਾਅ ਰਹੇ ਹਨ। ਪਹਿਲੀ ਮਈ ਦੇ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਦਾ ਲੇਖ ‘ਬਹੁਤ ਕੁਝ ਲੈ ਜਾਂਦਾ ਹੈ ਪਰਵਾਸ’ ਉਸਾਰੂ ਸੋਚ ਵਾਲਾ ਹੈ। ਸਾਡੇ ਮੁੰਡੇ ਕੁੜੀਆਂ ਅੱਜ ਕੱਲ੍ਹ ਵਿਦੇਸ਼ ਭੱਜ ਰਹੇ ਹਨ ਜਿਹੜਾ ਇਕ ਵਾਰ ਵਿਦੇਸ਼ ਚਲੇ ਜਾਂਦਾ ਹੈ ਉਹ ਕਦੇ ਵਾਪਸ ਵਤਨ ਨਹੀਂ ਮੁੜਦਾ। ਪਰਵਾਸੀ ਸਦਾ ਲਈ ਆਪਣੇ ਪਿਛੋਕੜ ਤੋਂ ਟੁੱਟ ਜਾਂਦਾ ਹੈ। ਲੇਖਕ ਨੇ ਇਸ ਟੁੱਟ-ਭੱਜ ਦੀ ਪੀੜ ਬਿਆਨ ਕੀਤੀ ਹੈ।
ਬਲਦੇਵ ਸਿੰਘ ਵਿਰਕ, ਝੁਰੜ ਖੇੜਾ (ਅਬੋਹਰ)
ਵੱਡੇ ਖਿਡਾਰੀ ਅਤੇ ਨਵੀਂ ਪੀੜ੍ਹੀ
28 ਅਪਰੈਲ ਦੇ ਪੰਨਾ 5 ’ਤੇ ਭਾਰਤ ਦੇ ਚੋਟੀ ਦੇ ਤੈਰਾਕ ਅਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਸੀਆਰਪੀਐੱਫ ਦੇ ਉੱਚ ਅਧਿਕਾਰੀ ਖਜ਼ਾਨ ਸਿੰਘ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਬਰਖ਼ਾਸਤ ਕਰਨ ਸਬੰਧੀ ਛਪੀ ਖ਼ਬਰ ਪੜ੍ਹ ਕੇ ਬਹੁਤ ਦੁੱਖ ਹੋਇਆ। ਖੇਡਾਂ ਦੇ ਖੇਤਰ ਵਿਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਸਬੰਧਿਤ ਇਹ ਅਜਿਹਾ ਪਹਿਲਾਂ ਮਾਮਲਾ ਨਹੀਂ ਹੈ। ਕੁਸ਼ਤੀ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੇ ਪਹਿਲਵਾਨ ਅਤੇ ਪੁਲੀਸ ਵਿਚ ਉੱਚ ਅਧਿਕਾਰੀ ਦੇ ਅਹੁਦੇ ’ਤੇ ਤਾਇਨਾਤ ਜਗਦੀਸ਼ ਸਿੰਘ ਭੋਲਾ ਨੂੰ ਵੀ ਨਸ਼ਿਆਂ ਦੇ ਵਪਾਰ ਵਿਚ ਸ਼ਾਮਿਲ ਹੋਣ ਦੇ ਦੋਸ਼ਾਂ ਕਾਰਨ ਨੌਕਰੀ ਤੋਂ ਹਟਾਉਣ ਦੇ ਨਾਲ-ਨਾਲ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ। ਅਜਿਹੀਆਂ ਘਟਨਾਵਾਂ ਨਾਲ ਜਿੱਥੇ ਦੋਸ਼ੀ ਖਿਡਾਰੀਆਂ ਨੂੰ ਅਣਕਿਆਸੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਲੱਖਾਂ ਦੀ ਗਿਣਤੀ ਵਿਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਸਵੈ-ਗਿਲਾਨੀ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਵੱਡੇ ਖਿਡਾਰੀ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰੇ ਦਾ ਰੋਲ ਅਦਾ ਕਰਦੇ ਹਨ। ਬਲਬੀਰ ਸਿੰਘ, ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਪੀਟੀ ਊਸ਼ਾ ਤੇ ਰਾਜਬੀਰ ਕੌਰ ਜਿਹੀਆਂ ਸ਼ਖ਼ਸੀਅਤਾਂ ਅੱਜ ਵੀ ਨੌਜਵਾਨ ਖਿਡਾਰੀਆਂ ਦੇ ਰੋਲ ਮਾਡਲ ਹਨ।
ਅਵਤਾਰ ਸਿੰਘ ਭੁੱਲਰ, ਕਪੂਰਥਲਾ
ਅਮਰੀਕੀ ਵਿਦਿਆਰਥੀਆਂ ਦਾ ਰੋਹ
ਅਮਰੀਕੀ ਵਿਦਿਆਰਥੀ ਗਾਜ਼ਾ ਵਿਚ ਫ਼ਲਸਤੀਨੀਆਂ ਦੇ ਘਾਣ ਖ਼ਿਲਾਫ਼ ਰੋਸ ਪ੍ਰਗਟ ਕਰ ਰਹੇ ਹਨ। ਬਿਨਾਂ ਸ਼ੱਕ, ਇਜ਼ਰਾਈਲ ਉੱਥੇ ਵਧੀਕੀ ਕਰ ਰਿਹਾ ਹੈ। ਹੁਣ ਅਮਰੀਕੀ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਖਦੇੜਨ ਲਈ ਗ੍ਰਿਫ਼ਤਾਰੀਆਂ ਦੇ ਰਾਹ ਪੈ ਗਿਆ ਹੈ। ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਗ੍ਰਿਫ਼ਤਾਰੀਆਂ ਤੋਂ ਸਪਸ਼ਟ ਹੋ ਗਿਆ ਹੈ ਕਿ ਇਹ ਗ੍ਰਿਫ਼ਤਾਰੀਆਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ। ਅਮਰੀਕੀ ਸਰਕਾਰ ਨੂੰ ਮਨੁੱਖੀ ਹੱਕਾਂ ਅਤੇ ਨਿਆਂ ਦੇ ਹੱਕ ਵਿਚ ਖੜ੍ਹਨਾ ਚਾਹੀਦਾ ਹੈ। ਇਸ ਦੇ ਨਾਲ ਹੀ ਫ਼ਲਸਤੀਨੀਆ ਦਾ ਘਾਣ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ।
ਐੱਸਕੇ ਖੋਸਲਾ, ਚੰਡੀਗੜ੍ਹ
ਗ਼ਰੀਬਾਂ ਦੇ ਹਿੱਸੇ ਦੇ ਸੰਸਦ ਮੈਂਬਰ
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਦੀ ਰਿਪੋਰਟ ਅਨੁਸਾਰ ਲੋਕ ਸਭਾ ਦੇ 514 ਮੌਜੂਦਾ ਮੈਂਬਰਾਂ ਵਿਚੋਂ 25 ਨੇ ਆਪਣੀ ਜਾਇਦਾਦ 100 ਕਰੋੜ ਤੋਂ ਵੱਧ ਐਲਾਨੀ ਹੋਈ ਹੈ। ਇਹ ਵੇਰਵੇ ਇਨ੍ਹਾਂ ਆਗੂਆਂ ਨੇ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਵੇਲੇ ਹਲਫ਼ੀਆ ਬਿਆਨ ਵਿਚ ਦਿੱਤੇ ਹਨ। ਇਸੇ ਰਿਪੋਰਟ ਅਨੁਸਾਰ ਸਭ ਤੋਂ ਵੱਧ ਜਾਇਦਾਦ ਵਾਲੇ ਮੈਂਬਰ ਨੇ ਆਪਣੀ ਕੁੱਲ ਜਾਇਦਾਦ 660 ਕਰੋੜ ਤੋਂ ਜਿ਼ਆਦਾ ਦੱਸੀ ਹੈ। ਰਿਪੋਰਟ ਵਿਚ ਅੱਗੇ ਖੁਲਾਸਾ ਕੀਤਾ ਗਿਆ ਹੈ ਕਿ 2019 ਵਾਲੇ ਲੋਕ ਸਭਾ ਦੇ ਮੈਂਬਰਾਂ ਦੀ ਔਸਤ ਜਾਇਦਾਦ 20.71 ਕਰੋੜ ਹੈ। ਅਰਬਪਤੀ ਮੈਂਬਰ ਸਾਰੀਆਂ ਪਾਰਟੀਆਂ ਇੱਥੋਂ ਤੱਕ ਕਿ ਆਜ਼ਾਦ ਮੈਂਬਰਾਂ ਵਿਚੋਂ ਵੀ ਹਨ। ਸਾਡੇ ਦੇਸ਼ ਵਿਚ ਲੋਕਤੰਤਰ ਹੈ। ਨਾਲ-ਨਾਲ ਇਹ ਗ਼ਰੀਬਾਂ ਦਾ ਦੇਸ਼ ਵੀ ਹੈ। 81 ਕਰੋੜ ਲੋਕਾਂ ਦੇ ਘਰ ਰੋਟੀ ਤਾਂ ਪੱਕਦੀ ਹੈ ਜੇਕਰ ਉਨ੍ਹਾਂ ਨੂੰ ਰਾਸ਼ਨ ਮੁਫ਼ਤ ਮਿਲਦਾ ਹੈ। ਹੁਣ ਸਵਾਲ ਇਹ ਨਹੀਂ ਕਿ ਇਹ ਲੋਕ ਸਭਾ ਮੈਂਬਰ ਇੰਨੇ ਅਮੀਰ ਕਿਵੇਂ ਬਣੇ ਸਗੋਂ ਸਵਾਲ ਇਹ ਹੈ ਕਿ ਸਾਡੀ ਸਰਕਾਰ ਗ਼ਰੀਬਾਂ ਲਈ ਕੀ ਕਰਦੀ ਹੈ? ਇਨ੍ਹਾਂ ਗ਼ਰੀਬਾਂ ਦੇ ਹਿੱਸੇ ਦੇ ਸੰਸਦ ਮੈਂਬਰ ਕਿੱਥੇ ਹਨ?
ਜਗਦੇਵ ਸ਼ਰਮਾ, ਧੂਰੀ